ਲੋਕ ਮੋਰਚਾ ਪੰਜਾਬ ਵੱਲੋਂ ਲੋਕ ਪੱਖੀ ਖੇਤੀ ਨੀਤੀ ਦੇ ਮੁੱਦਿਆਂ ‘ਤੇ ਜਨਤਕ ਮੁਹਿੰਮ ਦਾ ਆਗਾਜ਼
ਵਿਸਥਾਰੀ ਨੁਕਤਿਆਂ ਵਾਲਾ ਪੈਂਫਲਿਟ ਉੱਘੀਆਂ ਜਨਤਕ ਸਖਸ਼ੀਅਤਾਂ ਵੱਲੋਂ ਜਾਰੀ ਕੀਤਾ ਗਿਆ
ਸੁਖਜਿੰਦਰ ਮਾਨ
ਬਠਿੰਡਾ, 2 ਮਾਰਚ : ਲੋਕ ਮੋਰਚਾ ਪੰਜਾਬ ਨੇ ਅੱਜ ਟੀਚਰਜ਼ ਹੋਮ ਬਠਿੰਡਾ ‘ਚ ਪੰਜਾਬ ਦੀ ਨਵੀਂ ਖੇਤੀ ਨੀਤੀ ਦੇ ਮੁੱਦੇ ‘ਤੇ ਸੂਬਾਈ ਕਨਵੈਨਸ਼ਨ ਕਰਦਿਆਂ ਪੰਜਾਬ ਅੰਦਰ ਜਨਤਕ ਮੁਹਿੰਮ ਦੀ ਸ਼ੁਰੂਆਤ ਕੀਤੀ ਜਿਸ ਮੁਹਿੰਮ ਦੌਰਾਨ ਬਦਲਵੀਂ ਲੋਕ ਪੱਖੀ ਖੇਤੀ ਨੀਤੀ ਦੇ ਮੁੱਦੇ ਲੋਕਾਂ ਵਿੱਚ ਉਭਾਰੇ ਜਾਣਗੇ। ਪੰਜਾਬ ਦੇ ਵੱਖ ਵੱਖ ਖੇਤਰਾਂ ‘ਚੋਂ ਪੁੱਜੇ ਕਾਰਕੁੰਨਾਂ ਦੀ ਕਨਵੈਨਸ਼ਨ ਨੂੰ ਸੰਬੋਧਨ ਕਰਦਿਆਂ ਸੰਗਠਨ ਦੇ ਸੂਬਾਈ ਆਗੂਆਂ ਜਗਮੇਲ ਸਿੰਘ, ਸ਼ੀਰੀਂ ਤੇ ਗੁਰਦੀਪ ਸਿੰਘ ਨੇ ਕਿਹਾ ਕਿ ਬਦਲਵੀਂ ਲੋਕ ਪੱਖੀ ਖੇਤੀ ਨੀਤੀ ਦੇ ਮੂਲ ਨੁਕਤੇ, ਖੇਤੀ ਖੇਤਰ ‘ਚੋਂ ਜਗੀਰੂ ਤੇ ਸਾਮਰਾਜੀ ਲੁੱਟ ਦਾ ਖਾਤਮਾ ਕਰਨਾ ਹੈ ਜਿਹੜੀ ਖੇਤੀ ਖੇਤਰ ਦੇ ਵਿਕਾਸ ਨੂੰ ਬੰਨ੍ਹ ਮਾਰ ਕੇ ਰੱਖ ਰਹੀ ਹੈ ਤੇ ਕਿਸਾਨਾਂ-ਖੇਤ ਮਜ਼ਦੂਰਾਂ ਦੀ ਕਿਰਤ ਨਿਚੋੜ ਰਹੀ ਹੈ।ਅਸਲ ਲੋਕ ਪੱਖੀ ਖੇਤੀ ਨੀਤੀ ਇਨਕਲਾਬੀ ਜ਼ਮੀਨੀ ਸੁਧਾਰ ਕਰਨ, ਸ਼ਾਹੂਕਾਰਾ ਕਰਜ਼ ਪ੍ਰਬੰਧ ਦਾ ਖਾਤਮਾ ਕਰਕੇ ਸਸਤੇ ਬੈਂਕ ਕਰਜ਼ਿਆਂ ਦਾ ਇੰਤਜ਼ਾਮ ਕਰਨ, ਸਭਨਾਂ ਫਸਲਾਂ ਦੀ ਸਰਕਾਰੀ ਖਰੀਦ ਦੀ ਗਰੰਟੀ ਕਰਨ ਤੇ ਸੰਸਾਰ ਵਪਾਰ ਸੰਸਥਾ ‘ਚੋਂ ਬਾਹਰ ਆਉਣ, ਪੰਜਾਬ ਦੇ ਵਾਤਾਵਰਨ ਦੇ ਅਨਕੂਲ ਰਵਾਇਤੀ ਫ਼ਸਲਾਂ ਨੂੰ ਉਤਸ਼ਾਹਿਤ ਕਰਨ ਤੇ ਖੇਤੀ ਵਿੱਚ ਵੱਡਾ ਸਰਕਾਰੀ ਨਿਵੇਸ਼ ਕਰਨ ਦੇ ਮੁੱਦਿਆਂ ਦੁਆਲੇ ਬਣਨੀ ਚਾਹੀਦੀ ਹੈ।ਇਹ ਨੀਤੀ ਸ਼ਾਹੂਕਾਰਾਂ, ਜਗੀਰਦਾਰਾਂ ਤੇ ਸਾਮਰਾਜੀ ਕੰਪਨੀਆਂ ਦੇ ਹਿੱਤਾਂ ਦੀ ਕੀਮਤ ‘ਤੇ ਗਰੀਬ ਕਿਸਾਨਾਂ ਤੇ ਖੇਤ ਮਜ਼ਦੂਰਾਂ ਦੇ ਹਿੱਤ ਪੂਰਨ ਵਾਲੀ ਹੋਣੀ ਚਾਹੀਦੀ ਹੈ। ਪੰਜਾਬ ਦੇ ਵਾਤਾਵਰਨ, ਪਾਣੀ ਸੋਮਿਆਂ ਤੇ ਮਿੱਟੀ ਦੀ ਉਪਜਾਊ ਸ਼ਕਤੀ ਦੀ ਸੰਭਾਲ ਦੇ ਸਰੋਕਾਰਾਂ ਨੂੰ ਸੰਬੋਧਿਤ ਹੋਣੀ ਚਾਹੀਦੀ ਹੈ। ਆਗੂਆਂ ਨੇ ਕਿਹਾ ਕਿ ਖੇਤੀ ਖੇਤਰ ‘ਚ ਵੱਡਾ ਸਰਕਾਰੀ ਨਿਵੇਸ਼ ਕਰਨ ਲਈ ਕਾਰਪੋਰੇਟਾਂ ਅਤੇ ਵੱਡੀਆਂ ਪੇਂਡੂ ਜਾਇਦਾਦਾਂ ‘ਤੇ ਭਾਰੀ ਟੈਕਸ ਲਾ ਕੇ ਖਜ਼ਾਨਾ ਭਰਨਾ ਚਾਹੀਦਾ ਹੈ ਤੇ ਕਿਸਾਨਾਂ-ਖੇਤ ਮਜ਼ਦੂਰਾਂ ਵੱਲ ਨੂੰ ਸੇਧਤ ਕਰਨਾ ਚਾਹੀਦਾ ਹੈ। ਉਹਨਾਂ ਕਿਹਾ ਕਿ ਇਹਨਾਂ ਮੁੱਦਿਆਂ ਨੂੰ ਲੋਕਾਂ ‘ਚ ਉਭਾਰਨ ਲਈ ਤੇ ਇਹਨਾਂ ‘ਤੇ ਸੰਘਰਸ਼ ਉਸਾਰਨ ਦਾ ਹੋਕਾ ਦੇਣ ਲਈ ਲੋਕ ਮੋਰਚਾ ਪੰਜਾਬ ਮਾਰਚ ਮਹੀਨੇ ‘ਚ ਜਨਤਕ ਮੀਟਿੰਗਾਂ ਤੇ ਇਕੱਤਰਤਾਵਾਂ ਦੀ ਮੁਹਿੰਮ ਹੱਥ ਲੈ ਰਿਹਾ ਹੈ। ਕਨਵੈਨਸ਼ਨ ਵਿੱਚ ਉੱਘੇ ਕਿਸਾਨ ਆਗੂ ਝੰਡਾ ਸਿੰਘ ਜੇਠੂਕੇ, ਮਜ਼ਦੂਰ ਆਗੂ ਜ਼ੋਰਾ ਸਿੰਘ ਨਸਰਾਲੀ ਤੇ ਉੱਘੀ ਜਮਹੂਰੀ ਸ਼ਖ਼ਸੀਅਤ ਐਡਵੋਕੇਟ ਐਨ ਕੇ ਜੀਤ ਨੇ ਮੋਰਚੇ ਵੱਲੋਂ ਬਦਲਵੀਂ ਖੇਤੀ ਨੀਤੀ ਬਾਰੇ ਪ੍ਰਕਾਸ਼ਿਤ ਕੀਤਾ ਗਿਆ ਪੈਂਫਲਿਟ ਜਾਰੀ ਕੀਤਾ ਤੇ ਮੁਹਿੰਮ ਨੂੰ ਸਹਿਯੋਗ ਦੇਣ ਦਾ ਐਲਾਨ ਕੀਤਾ। ਉਹਨਾਂ ਇਸ ਮੁਹਿੰਮ ਨੂੰ ਵੇਲੇ ਸਿਰ ਲਿਆ ਗਿਆ ਲੋੜੀਂਦਾ ਕਦਮ ਕਰਾਰ ਦਿੱਤਾ ਅਤੇ ਲੋਕਾਂ ਨੂੰ ਸੱਦਾ ਦਿੱਤਾ ਕਿ ਉਹ ਲੋਕ ਪੱਖੀ ਖੇਤੀ ਨੀਤੀ ਦੇ ਮੁੱਦਿਆਂ ਲਈ ਸੰਘਰਸ਼ਾਂ ਦਾ ਝੰਡਾ ਬੁਲੰਦ ਕਰਨ ਤੇ ਇਸ ਨੂੰ ਆਪਣੇ ਏਜੰਡੇ ਵਜੋਂ ਹਕੂਮਤਾਂ ਸਾਹਮਣੇ ਰੱਖਣ। ਕਨਵੈਨਸ਼ਨ ਦੌਰਾਨ ਮੰਚ ਦਾ ਸੰਚਾਲਨ ਸੂਬਾ ਕਮੇਟੀ ਮੈਂਬਰ ਸੁਖਵਿੰਦਰ ਸਿੰਘ ਨੇ ਕੀਤਾ।
Share the post "“ਕੀ ਹੋਵੇ ਪੰਜਾਬ ਦੀ ਖੇਤੀ ਨੀਤੀ”ਵਿਸ਼ੇ’ਤੇ ਬਠਿੰਡਾ ਟੀਚਰਜ਼ ਹੋਮ’ਚ ਹੋਈ ਸੂਬਾਈ ਕਨਵੈਨਸ਼ਨ"