ਸੁਖਜਿੰਦਰ ਮਾਨ
ਬਠਿੰਡਾ, 13 ਮਈ : ਨੌਜਵਾਨਾਂ ਨੂੰ ਨਸ਼ਿਆਂ ਦੀ ਦਲਦਲ ਵਿਚੋਂ ਕੱਢਣ ਅਤੇ ਸਿੱਖੀ ਨਾਲ ਜੋੜਨ ਲਈ ਸ਼ੁਰੂ ਕੀਤੀ ‘‘ਖਾਲਸਾ ਵਹੀਰ’’ ਦੇ ਅਗਲੇ ਪੜਾਅ ਤਹਿਤ ਦਮਦਮੀ ਟਕਸਾਲ ਸੰਗਰਾਵਾਂ ਦੇ ਬਾਬਾ ਰਾਮ ਸਿੰਘ ਅਤੇ ਭਾਈ ਅੰਮ੍ਰਿਤਪਾਲ ਸਿੰਘ ਖਾਲਸਾ ਦੀ ਮਾਤਾ ਬਲਵਿੰਦਰ ਕੌਰ ਵੱਲੋਂ ਸ੍ਰੀ ਮੁਕਤਸਰ ਸਾਹਿਬ ਦੀ ਧਰਤੀ ਤੋਂ ਸ਼ੁਰੂ ਕੀਤੀ ਖਾਲਸਾ ਵਹੀਰ ਸ਼ੁਰੂ ਦਾ ਅੱਜ ਬਠਿੰਡਾ ਪੁੱਜਣ ’ਤੇ ਥਾਂ-ਥਾਂ ਸਿੱਖ ਜਥੇਬੰਦੀਆਂ ਵਲੋ ਭਰਵਾਂ ਸਵਾਗਤ ਕੀਤਾ ਗਿਆ। ਇਹ ਵਹੀਰ ਵੱਖ ਵੱਖ ਥਾਵਾਂ ਤੋਂ ਹੁੰਦੀ ਹੋਈ ਤਖ਼ਤ ਸ਼੍ਰੀ ਦਮਦਮਾ ਸਾਹਿਬ ਦੀ ਧਰਤੀ ਤੇ ਸੰਪੂਰਨ ਕੀਤੀ ਗਈ। ਬਠਿੰਡਾ ਸ਼ਹਿਰ ਵਿਚ ਇਸ ਵਹੀਰ ਦੇ ਪੁੱਜਣ ‘ਤੇ ਯੂਨਾਈਟਿਡ ਅਕਾਲੀ ਦਲ ਦੇ ਆਗੂ ਭਾਈ ਗੁਰਦੀਪ ਸਿੰਘ ਬਠਿੰਡਾ ਅਤੇ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਜ਼ਿਲ੍ਹਾ ਪ੍ਰਧਾਨ ਪਰਮਿੰਦਰ ਸਿੰਘ ਬਾਲਿਆਂਵਾਲੀ ਦੀ ਅਗਵਾਈ ਹੇਠ ਬਾਬਾ ਰਾਮ ਸਿੰਘ ਤੇ ਭਾਈ ਅਮ੍ਰਿਤਪਾਲ ਸਿੰਘ ਦੀ ਮਾਤਾ ਬਲਵਿੰਦਰ ਕੌਰ ਨੂੰ ਸਿਰੋਪਾਓ ਦੇ ਕੇ ਸਨਮਾਨਿਤ ਕੀਤਾ ਗਿਆ। ਇਸਤੋਂ ਇਲਾਵਾ ਖਾਲਸਾ ਵਹੀਰ ਵਿਚ ਸ਼ਾਮਲ ਸੰਗਤਾਂ ਨੂੰ ਠੰਢੇ ਜਲ ਤੇ ਉਨ੍ਹਾਂ ਦੇ ਖਾਣ-ਪੀਣ ਦੀਆਂ ਵਸਤੂਆਂ ਮੁਹੱਈਆਂ ਕਰਵਾਈਆਂ ਗਈਆਂ। ਗੌਰਤਲਬ ਹੈ ਕਿ ਇਸ ਖ਼ਾਲਸਾ ਵਹੀਰ ਦੀ ਅਗਵਾਈ ਪਾਲਕੀ ਸਾਹਿਬ ਵਿੱਚ ਸੁਸੋਭਿਤ ਸ਼੍ਰੀ ਗੁਰੂ ਗ੍ਰੰਥ ਸਾਹਿਬ ਅਤੇ ਇਸਦੇ ਅੱਗੇ ਬਠਿੰਡਾ ਪੰਜ ਪਿਆਰਿਆਂ ਵਲੋਂ ਕੀਤੀ ਜਾ ਰਹੀ ਹੈ। ਜਿਸਦੇ ਪਿੱਛੇ ਵੱਡੀ ਗਿਣਤੀ ਵਿਚ ਸੰਗਤਾਂ ਦੇ ਕਾਫ਼ਲੇ ਵਾਹਨਾਂ ਵਿਚ ਚੱਲ ਰਹੇ ਹਨ। ਇਸ ਦੌਰਾਨ ਪੁਲਿਸ ਵਲੋਂ ਵੀ ਟਰੈਫ਼ਿਕ ਦੇ ਪ੍ਰਬੰਧ ਕੀਤੇ ਹੋਏ ਸਨ। ਇਸ ਮੌਕੇ ਬਾਬਾ ਰਾਮ ਸਿੰਘ ਸੰਗਰਾਵਾਂ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਖਾਲਸਾ ਵਹੀਰ ਦਾ ਮੁੱਖ ਮਕਸਦ ਨੌਜਵਾਨਾਂ ਨੂੰ ਨਸ਼ਿਆਂ ਤੇ ਪਤਿਤਪੁਣੇ ਵਿੱਚੋਂ ਕੱਢ ਕੇ ਗੁਰਮਤਿ ਨਾਲ ਜੋੜਨਾ ਹੈ। ਉਨ੍ਹਾਂ ਇਹ ਵੀ ਕਿਹਾ ਕਿ ਆਉਣ ਵਾਲੇ ਸਮੇਂ ਵਿਚ ਵਹੀਰ ਲਗਾਤਾਰ ਚੱਲਦੀ ਰਹੇਗੀ। ਉਨ੍ਹਾਂ ਸਰਕਾਰ ਉਪਰ ਭਾਈ ਅੰਮ੍ਰਿਤਪਾਲ ਸਿੰਘ ਨਾਲ ਜਿਆਦਤੀ ਕਰਨ ਦਾ ਵੀ ਦੋਸ਼ ਲਗਾਇਆ। ਇਸ ਮੌਕੇ ਯਾਦਵਿੰਦਰ ਸਿੰਘ ਬਰਾੜ,ਸਿਮਰਨਜੋਤ ਸਿੰਘ ਖ਼ਾਲਸਾ, ਰਮਨਦੀਪ ਸਿੰਘ , ਮਹਿੰਦਰ ਸਿੰਘ ਖ਼ਾਲਸਾ ਆਦਿ ਵੀ ਹਾਜ਼ਰ ਸਨ।
ਖ਼ਾਲਸਾ ਵਹੀਰ ਦਾ ਬਠਿੰਡਾ ਪੁੱਜਣ ’ਤੇ ਕੀਤਾ ਭਰਵਾਂ ਸਵਾਗਤ
7 Views