ਵਿਭਾਗ ਦੀਆਂ ਟੀਮਾਂ ਵਲੋਂ ਜ਼ਿਲ੍ਹੇ ਦੀਆਂ ਵੱਖ-ਵੱਖ ਮੰਡੀਆਂ ’ਚ ਵਿਸੇਸ ਚੈਕਿੰਗ
ਸੁਖਜਿੰਦਰ ਮਾਨ
ਬਠਿੰਡਾ, 17 ਨਵੰਬਰ : ਸੂਬੇ ’ਚ ਇੰਨ੍ਹੀਂ ਦਿਨੀਂ ਡੀਏਵੀ ਖ਼ਾਦ ਦੀ ਕਮੀ ਦੇ ਚੱਲਦਿਆਂ ਕੁੱਝ ਡੀਲਰਾਂ ਵਲੋਂ ਕਥਿਤ ਤੌਰ ‘ਤੇ ਕਿਸਾਨਾਂ ਦੀ ਲੁੱਟ ਕਰਨ ਅਤੇ ਮਾੜੀ ਖਾਦ ਦੀ ਸਪਲਾਈ ਕਰਨ ਵਿਰੁਧ ਸਖ਼ਤ ਕਾਰਵਾਈ ਦੀ ਚੇਤਾਵਨੀ ਦਿੰਦਿਆਂ ਖੇਤੀਬਾੜੀ ਵਿਭਾਗ ਨੇ ਜ਼ਿਲ੍ਹੇ ਦੀਆਂ ਮੰਡੀਆਂ ’ਚ ਵਿਸੇਸ ਚੈਕਿੰਗ ਮੁਹਿੰਮ ਚਲਾਈ ਹੈ। ਅੱਜ ਇਸ ਸਬੰਧ ਵਿਚ ਜਾਣਕਾਰੀ ਦਿੰਦਿਆਂ ਮੁੱਖ ਖੇਤੀਬਾੜੀ ਅਫ਼ਸਰ ਡਾ ਪਾਖ਼ਰ ਸਿੰਘ ਨੇ ਦਸਿਆ ਕਿ ‘‘ ਖੇਤੀਬਾੜੀ ਮੰਤਰੀ ਰਣਦੀਪ ਸਿੰਘ ਨਾਭਾ ਦੀਆਂ ਸਪੱਸ਼ਟ ਹਿਦਾਇਤਾਂ ਹਨ ਕਿ ਕਿਸਾਨਾਂ ਨਾਲ ਧੱਕੇਸ਼ਾਹੀ ਕਰਨ ਵਾਲੇ ਕਿਸੇ ਵੀ ਵਿਅਕਤੀ ਨੂੰ ਬਖ਼ਸਿਆ ਨਾ ਜਾਵੇ, ਜਿਸਦੇ ਚੱਲਦੇ ਬਾਜ਼ ਨਾ ਆਉਣ ਵਾਲਿਆਂ ਵਿਰੁਧ ਪਰਚੇ ਦਰਜ਼ ਕਰਵਾਏ ਜਾ ਰਹੇ ਹਨ। ’’ ਉੁਨ੍ਹਾਂ ਅੱਗੇ ਦਸਿਆ ਕਿ ਕੁੱਝ ਥਾਵਾਂ ‘ਤੇ ਡੀਲਰਾਂ ਵਲੋਂ ਬਲੈਕ ’ਚ ਖਾਦ ਵੇਚਣ ਜਾਂ ਖ਼ਾਦ ਦੇ ਨਾਲ ਕਿਸਾਨਾਂ ਨੂੰ ਜਬਰੀ ਹੋਰ ਸਮਾਨ ਵੇਚਣ ਦੀਆਂ ਸਿਕਾਇਤਾਂ ਦੀ ਗੰਭੀਰਤਾ ਨਾਲ ਪੜਤਾਲ ਕੀਤੀ ਜਾ ਰਹੀ ਹੈ। ਡਾ ਪਾਖ਼ਰ ਸਿੰਘ ਮੁਤਾਬਕ ਪੰਜਾਬ ਸਰਕਾਰ ਕਿਸਾਨਾਂ ਨੂੰ ਖ਼ਾਦ ਮੁਹੱਈਆਂ ਕਰਵਾਉਣ ਲਈ ਵੱਡੇ ਕਦਮ ਚੁੱਕ ਰਹੀ ਹੈ, ਜਿਸਦੇ ਤਹਿਤ ਅੱਜ ਵੀ ਜ਼ਿਲ੍ਹੇ ਵਿਚ ਦੋ ਰੈਕ ਲੱਗੇ ਹਨ। ਉਨ੍ਹਾਂ ਕਿਸਾਨਾਂ ਨੂੰ ਕਿਸੇ ਕਿਸਮ ਦੀ ਘਬਰਾਹਟ ਵਿਚ ਨਾ ਆਉਣ ਦੀ ਅਪੀਲ ਕਰਦਿਆਂ ਕਿਹਾ ਕਿ ਆਉਣ ਵਾਲੇ ਤਿੰਨ-ਚਾਰ ਦਿਨਾਂ ਵਿਚ ਖ਼ਾਦ ਦੀ ਕਿੱਲਤ ਮੁਕੰਮਲ ਤੌਰ ’ਤੇ ਖ਼ਤਮ ਹੋ ਜਾਵੇਗਾ, ਜਿਸਦੇ ਚੱਲਦੇ ਉਹ ਬੇਲੋੜੀ ਖਾਦ ਨੂੰ ਸਟਾਕ ਨਾ ਕਰਨ। ਮੁੱਖ ਖੇਤੀਬਾੜੀ ਅਫ਼ਸਰ ਨੇ ਦਸਿਆ ਕਿ ਵਿਸੇਸ ਟੀਮਾਂ ਬਣਾ ਕੇ ਗੋਨਿਆਣਾ, ਭੁੱਚੋਂ ਮੰਡੀ, ਰਾਮਪੁਰਾ ਤੇ ਮੋੜ ਆਦਿ ਖੇਤਰਾਂ ਵਿਚ ਡੀਲਰਾਂ ਦਾ ਸਟਾਕ ਤੇ ਗੋਦਾਮਾਂ ਦੀ ਚੈਕਿੰਗ ਕੀਤੀ ਜਾ ਰਹੀ ਹੈ। ਇਸ ਮੌਕੇ ਉਨ੍ਹਾਂ ਨਾਲ ਡਾ ਡੂੰਘਰ ਸਿੰਘ ਬਰਾੜ ਬਲਾਕ ਖੇਤੀਬਾੜੀ ਅਫ਼ਸਰ ਮੋੜ, ਡਾ ਜਗਦੀਸ ਸਿੰਘ ਬਠਿੰਡਾ, ਸੁਖਵੀਰ ਸਿੰਘ ਸੋਢੀ, ਚੰਨਪ੍ਰੀਤ ਸਿੰਘ, ਗੁਰਚਰਨਜੀਤ ਸਿੰਘ ਆਦਿ ਵੀ ਹਾਜ਼ਰ ਸਨ।
Share the post "ਡੀਏਪੀ ਖ਼ਾਦ ਦੀ ਬਲੈਕ ਕਰਨ ਵਾਲੇ ਨੂੰ ਬਖਸਿਆਂ ਨਹੀਂ ਜਾਵੇਗਾ: ਮੁੱਖ ਖੇਤੀਬਾੜੀ ਅਫ਼ਸਰ"