ਐਨ.ਡੀ.ਡੀ.ਬੀ ਦੇ ਸਹਿਯੋਗਾ ਨਾਲ ਸੂਬੇ ਵਿਚ 900 ਕਰੋੜ ਰੁਪਏ ਦੇ ਨਿਵੇਸ਼ ਨਾਲ 12 ਮਿਲਕ ਪਲਾਂਟ ਸਥਾਪਟ ਕੀਤੇ ਜਾਣਗੇ : ਕੁਲਦੀਪ ਧਾਲੀਵਾਲ
ਮੁੱਖ ਉਦੇਸ਼ ਡੇਅਰੀ ਫਾਰਮਿੰਗ ਨੂੰ ਹੁਲਾਰਾ ਦੇ ਕੇ ਸੂਬੇ ਦੇ ਕਿਸਾਨਾਂ ਦੀ ਆਮਦਨ ਵਧਾਉਣਾ
ਡੇਅਰੀ ਕਿਸਾਨਾਂ ਨੂੰ ਸਸਤੀ ਪਸ਼ੂ ਖ਼ੁਰਾਕ ਮੁਹੱਈਆ ਕਰਾਉਣ ਲਈ 80 ਕਰੋੜ ਦੀ ਲਾਗਤ ਨਾਲ ਅੰਮ੍ਰਿਤਸਰ ਵਿੱਚ ਸਥਾਪਿਤ ਕੀਤਾ ਜਾਵੇਗਾ ਟੀ.ਐਮ.ਆਰ. ਪਲਾਂਟ
ਪੰਜਾਬ ਦੇ ਪਸ਼ੂ ਪਾਲਣ ਅਤੇ ਡੇਅਰੀ ਵਿਕਾਸ ਮੰਤਰੀ ਨੇ ਐਨ.ਡੀ.ਡੀ.ਬੀ. ਦੇ ਚੇਅਰਮੈਨ ਨਾਲ ਲਗਾਤਾਰ ਦੋ ਦਿਨ ਮੀਟਿੰਗਾਂ ਕੀਤੀਆਂ
ਸੁਖਜਿੰਦਰ ਮਾਨ
ਚੰਡੀਗੜ/ਅਨੰਦ ਸ਼ਹਿਰ(ਗੁਜਰਾਤ) 21 ਅਪ੍ਰੈਲ: ਪੰਜਾਬ ਦੇ ਕਿਸਾਨਾਂ ਨੂੰ ਵਿੱਤੀ ਸੰਕਟ ਤੋਂ ਉਭਾਰਨ ਅਤੇ ਪੰਜਾਬ ਨੂੰ ਇੱਕ ਹੋਰ ਚਿੱਟੀ ਕਰਾਂਤੀ ਦੇ ਮੋਹਰੀ ਵਜੋਂ ਪੇਸ਼ ਕਰਨ ਦੇ ਮੱਦੇਨਜ਼ਰ ਰਾਸ਼ਟਰੀ ਡੇਅਰੀ ਵਿਕਾਸ ਬੋਰਡ ਦੇ ਮੁੱਖ ਦਫ਼ਤਰ, ਅਨੰਦ ਸ਼ਹਿਰ, ਗੁਜਰਾਤ ਵਿਖੇ ਸੂਬੇ ਦੇ ਪਸ਼ੂ ਪਾਲਣ, ਡੇਅਰੀ ਵਿਕਾਸ ਅਤੇ ਮੱਛੀ ਪਾਲਣ ਮੰਤਰੀ ਕੁਲਦੀਪ ਧਾਲੀਵਾਲ ਨਾਲ ਦੋ ਦਿਨ ਲੰਮੀਆਂ ਵਿਚਾਰ ਚਰਚਾਵਾਂ ਕਰਨ ਤੋਂ ਬਾਅਦ ਐਨ.ਡੀ.ਡੀ.ਬੀ. ਦੇ ਚੇਅਰਮੈਨ ਮਨੀਸ਼ ਸ਼ਾਹ ਨੇ ਕਿਹਾ ਕਿ ਪੰਜਾਬ ਸਕਰਾਰ ਨੂੰ ਸੂਬੇ ਵਿੱਚ ਲਗਭਗ 900 ਕਰੋੜ ਰੁਪਏ ਦੀ ਲਾਗਤ ਵਾਲੇ 12 ਮਿਲਕ ਪਲਾਂਟਾਂ ਨੂੰ ਸਥਾਪਤ ਕਰਨ ਲਈ ਵਿੱਤੀ ਸਹਾਇਤਾ ਕੀਤੀ ਜਾਵੇਗੀ ਅਤੇ ਪੂਰਨ ਤਕਨੀਕੀ ਸਹਿਯੋਗ ਦਿੱਤਾ ਜਾਵੇਗਾ।
ਮੀਟਿੰਗਾਂ ਦੌਰਾਨ ਹੋਈ ਵਿਚਾਰ ਚਰਚਾ ਬਾਰੇ ਜਾਣਕਾਰੀ ਦਿੰਦਿਆਂ ਕੁਲਦੀਪ ਧਾਲੀਵਾਲ ਨੇ ਦੱਸਿਆ ਕਿ ਐਨ.ਡੀ.ਡੀ.ਬੀ, ਪੰਜਾਬ ਸਰਕਾਰ ਨੂੰ ਵਿੱਤੀ ਸਹਾਇਤਾ ਅਤੇ ਲੋੜੀਂਦੀ ਤਕਨੀਕੀ ਸਹਾਇਤਾ ਮੁਹੱਈਆ ਕਰਾਉਣ ਲਈ ਪੰਜਾਬ ਸਰਕਾਰ ਨਾਲ ਮਿਲ ਕੇ ਕੰਮ ਕਰੇਗਾ। ਉਨਾਂ ਕਿਹਾ ਕਿ ਸੂਬੇ ਦੇ 6,000 ਪਿੰਡਾਂ ਨੂੰ ਕਵਰ ਕਰਨ ਲਈ ਪਹਿਲਾਂ ਹੀ 11 ਮਿਲਕ ਪਲਾਂਟ ਮੌਜੂਦ ਹਨ, ਇਸ ਕਦਮ ਨਾਲ ਪੰਜਾਬ ਵਿੱਚ ਮਿਲਕ ਪਲਾਂਟਾਂ ਦੀ ਗਿਣਤੀ 23 ਹੋ ਜਾਵੇਗੀ ਅਤੇ ਸੂਬੇ ਦੇ ਕੁੱਲ 12,000 ਪਿੰਡਾਂ ਨੂੰ ਕਵਰ ਕੀਤਾ ਜਾਵੇਗਾ। ਇਸ ਨਾਲ ਰੋਜ਼ਾਨਾ 10 ਲੱਖ ਲੀਟਰ ਵਾਧੂ ਦੁੱਧ ਦੀ ਖਰੀਦ ਕੀਤੀ ਜਾਵੇਗੀ।
ਕੁਲਦੀਪ ਧਾਲੀਵਾਲ ਨੇ ਦੱਸਿਆ ਕਿ ਇਸ ਸਹਾਇਤਾ ਤੋਂ ਇਲਾਵਾ ਪ੍ਰਦੂਸ਼ਣ ਦੀ ਸਮੱਸਿਆ ਨਾਲ ਨਜਿੱਠਣ ਅਤੇ ਡੇਅਰੀ ਕਿਸਾਨਾਂ ਨੂੰ ਸਸਤੀ ਫੀਡ ਮੁਹੱਈਆ ਕਰਵਾਉਣ ਲਈ ਪੰਜਾਬ ਸਰਕਾਰ ਵਲੋਂ ਗੰਗਾਨਗਰ ਅਤੇ ਕੋਲਹਾਪੁਰ ਵਿਖੇ ਸਫਲਤਾਪੂਰਵਕ ਚੱਲ ਰਹੇ ਦੋ ਪਲਾਂਟਾਂ ਦੀ ਤਰਜ ‘ਤੇ ਅੰਮ੍ਰਿਤਸਰ ਵਿਖੇ 80 ਕਰੋੜ ਰੁਪਏ ਦੇ ਅਨੁਮਾਨਿਤ ਖਰਚੇ ਵਾਲਾ ਟੋਟਲ ਮਿਕਸਡ ਰਾਸ਼ਨ ਪਲਾਂਟ (ਟੀ.ਐਮ.ਆਰ) ਸਥਾਪਤ ਕੀਤਾ ਜਾਵੇਗਾ । ਐਨ.ਡੀ.ਡੀ.ਬੀ ਇਸ ਲਈ ਹਰ ਲੋੜੀਂਦੀ ਸਹਾਇਤਾ ਪ੍ਰਦਾਨ ਕਰੇਗਾ ਅਤੇ ਇਸ ਨਾਲ ਫਸਲੀ ਰਹਿੰਦ-ਖੂੰਹਦ ਨੂੰ ਸਾੜਨ ਦੀ ਸਮੱਸਿਆ ਵੀ ਹੱਲ ਹੋ ਜਾਵੇਗੀ।
ਪੰਜਾਬ ਦੇ ਪਸ਼ੂ ਪਾਲਣ ਅਤੇ ਡੇਆਰੀ ਵਿਕਾਸ ਮੰਤਰੀ ਨੇ ਅੱਗੇ ਕਿਹਾ ਕਿ ਐੱਨ.ਡੀ.ਆਰ.ਆਈ. ਦੀ ਤਰਜ ‘ਤੇ ਡੇਅਰੀ ਫਾਰਮਿੰਗ ਸਬੰਧੀ ਸਿੱਖਿਲਾਈ ਦੇਣ ਲਈ, ਐਨ.ਡੀ.ਡੀ.ਬੀ ਨੇ ਪੰਜਾਬ ਵਿੱਚ ਅਜਿਹੀ ਸੰਸਥਾ ਸਥਾਪਤ ਕਰਨ ਲਈ ਪੂਰਨ ਸਹਿਯੋਗ ਦਾ ਭਰੋਸਾ ਵੀ ਦਿੱਤਾ ਹੈ।
ਪੰਜਾਬ ਦੇ ਪਸੂ ਪਾਲਣ ਅਤੇ ਡੇਅਰੀ ਵਿਕਾਸ ਮੰਤਰੀ ਨੇ ਸੂਬੇ ਦੀ ਬਿਹਤਰੀ ਵਾਲੇ ਇਹਨਾਂ ਪ੍ਰੋਜੈਕਟਾਂ ਦੀ ਸਥਾਪਨਾ ਲਈ ਸਹਾਇਤਾ ਅਤੇ ਪੂਰਨ ਸਹਿਯੋਗ ਦਾ ਭਰੋਸਾ ਦੇਣ ਲਈ ਐਨ.ਡੀ.ਡੀ.ਬੀ. ਦੇ ਚੇਅਰਮੈਨ ਦਾ ਧੰਨਵਾਦ ਕੀਤਾ ਹੈ।
ਡੇਅਰੀ ਵਿਕਾਸ ਨੂੰ ਪੰਜਾਬ ਵਿਚ ਮਿਲੇਗਾ ਵੱਡਾ ਹੁਲਾਰਾ
7 Views