ਸੁਖਜਿੰਦਰ ਮਾਨ
ਬਠਿੰਡਾ, 13 ਮਾਰਚ: ਕੁੱਝ ਸਾਲ ਪਹਿਲਾਂ ਜ਼ਿਲ੍ਹੇ ਦੇ ਕੋਟਭਾਰਾ ਪਿੰਡ ਵਿਚ ਇੱਕ ਪ੍ਰਵਾਰ ਵਲੋਂ ਔਲਾਦ ਪ੍ਰਾਪਤੀ ਲਈ ਤਾਂਤਰਿਕ ਨਾਲ ਮਿਲਕੇ ਮਾਸੂਮ ਦਲਿਤ ਦੋ ਸਕੇ ਭੈਣ ਭਰਾ ਦੀ ਬਲੀ ਦੇਣ ਦੇ ਮਾਮਲੇ ਦੀ ਸੁਣਵਾਈ ਹੁਣ ਆਖ਼ਰੀ ਪੜਾਅ ’ਤੇ ਪੁੱਜ ਗਈ ਹੈ। ਇਸ ਕਾਂਡ ਦੇ ਮੁੱਖ ਮੁਜਰਮ ਮੰਨੇ ਜਾਂਦੇ ਲਖਵਿੰਦਰ ਸਿੰਘ ਲੱਖੀ ਦੀ ਗੈਰ ਹਾਜ਼ਰੀ ਨੂੰ ਗੰਭੀਰਤਾ ਨਾਲ ਲੈਂਦਿਆਂ ਵਧੀਕ ਸੈਸਨ ਜੱਜ ਬਲਜਿੰਦਰ ਸਿੰਘ ਸਰ੍ਹਾਂ ਦੀ ਅਦਾਲਤ ਨੇ ਉਸਦੇ ਗ੍ਰਿਫਤਾਰੀ ਵਾਰੰਟ ਜਾਰੀ ਕਰਦਿਆ ਥਾਣਾ ਕੋਟਫ਼ੱਤਾ ਦੀ ਪੁਲਿਸ ਨੂੰ ਭਲਕੇ ਮੁਜਰਮ ਨੂੰ ਅਦਾਲਤ ਵਿਚ ਪੇਸ਼ ਕਰਨ ਦੇ ਹੁਕਮ ਦਿੱਤੇ ਹਨ। ਪਤਾ ਲੱਗਿਆ ਹੈ ਕਿ ਅਦਾਲਤ ਦੀ ਸੁਣਵਾਈ ਤੋਂ ਪਹਿਲਾਂ ਕਥਿਤ ਮੁਜਰਮ ਅਦਾਲਤ ਵਿਚ ਹਾਜ਼ਰ ਹੋਇਆ ਪ੍ਰੰਤੂ ਬਾਅਦ ਵਿਚ ਗਾਇਬ ਹੋ ਗਿਆ ਸੀ। ਅਦਾਲਤ ’ਚ ਪੇਸ਼ ਵਕੀਲ ਚਰਨਪਾਲ ਸਿੰਘ ਬਰਾੜ ਨੇ ਦਸਿਆ ਕਿ ਹੁਣ ਇਸ ਕੇਸ ਦੀ ਅਗਲੀ ਸੁਣਵਾਈ 14 ਮਾਰਚ ’ਤੇ ਰੱਖੀ ਗਈ ਹੈ। ਜ਼ਿਕਰਯੋਗ ਹੈ ਕਿ ਕਿ ਛੇ ਸਾਲ ਪਹਿਲਾ 8 ਮਾਰਚ 2017 ਦੀ ਰਾਤ ਨੂੰ ਤਾਂਤਰਿਕ ਲਖਵਿੰਦਰ ਉਰਫ਼ ਲੱਖੀ ਵੱਲੋਂ ਉਤਸਾਹਿਤ ਕਰਨ ’ਤੇ ਅੱਠ ਸਾਲਾਂ ਮਾਸੂਮ ਰਣਜੋਧ ਸਿੰਘ ਤੇ ਉਸ ਦੀ ਤਿੰਨ ਸਾਲਾਂ ਭੈਣ ਅਨਾਮਿਕਾ ਕੌਰ ਦੀ ਉਹਨਾਂ ਦੇ ਘਰ ਪਰਿਵਾਰ ਵੱਲੋਂ ਬੇਰਿਹਮੀ ਨਾਲ ਬਲੀ ਦੇ ਦਿੱਤੀ ਗਈ ਸੀ। ਮਾਸੂਮਾਂ ਦੀ ਇਹ ਬਲੀ ਉਹਨਾਂ ਦੀ ਭੂਆ ਅਮਨਦੀਪ ਕੌਰ ਦੇ ਔਲਾਦ ਨਾ ਹੋਣ ਕਾਰਣ ਦਿੱਤੀ ਗਈ ਸੀ। ਇਸ ਦੂਹਰੇ ਕਤਲ ਕਾਂਡ ’ਚ ਦੋਸ਼ੀ ਤਾਂਤਰਿਕ ਲੱਖੀ, ਅਮਨਦੀਪ ਕੌਰ, ਬੱਚਿਆਂ ਦੀ ਦਾਦੀ ਨਿਰਮਲ, ਉਹਨਾਂ ਦਾ ਪਿਤਾ ਅਤੇ ਮੌਕੇ ’ਤੇ ਮੌਜੂਦ ਹੋਰ ਦੋਸ਼ੀਆਂ ਨੂੰ ਨਾਮਜਦ ਕੀਤਾ ਹੋਇਆ ਹੈ, ਜਿਹਨਾਂ ਵਿਚੋਂ ਕਈ ਜੇਲ੍ਹ ਦੀਆਂ ਸਲਾਖ਼ਾਂ ਪਿੱਛੇ ਹਨ।
Share the post "ਦਲਿਤ ਬੱਚਿਆਂ ਦਾ ਬਲੀ ਕਾਂਡ: ਅਦਾਲਤ ਵਲੋਂ ਮੁੱਖ ਮੁਲਜ਼ਮ ਦੇ ਗ੍ਰਿਫਤਾਰੀ ਵਰੰਟ ਜਾਰੀ"