ਸੁਖਜਿੰਦਰ ਮਾਨ
ਚੰਡੀਗੜ੍ਹ, 10 ਫਰਵਰੀ – ਹਰਿਆਣਾ ਦੇ ਡਿਪਟੀ ਮੁੱਖ ਮੰਤਰੀ ਸ੍ਰੀ ਦੁਸ਼ਯੰਤ ਚੌਟਾਲਾ ਨਾਲ ਅੱਜ ਨਵੀਂ ਦਿੱਲੀ ਵਿਚ ਪਦਮਸ੍ਰੀ ਅਵਾਰਡੀ ਅਤੇ ਰਿਯੋ ਪੈਰਾਲੰਪਿਕ ਵਿਚ ਸ਼ਾਟਪੁੱਟ ਵਿਚ ਸਿਲਵਰ ਮੈਡਲ ਜਿੱਤਣ ਵਾਲੀ ਦੀਪਾ ਮਲਿਕ ਨੇ ਮੁਲਾਕਾਤ ਕੀਤੀ। ਇਸ ਮੌਕੇ ‘ਤੇ ਉਨ੍ਹਾਂ ਦੇ ਨਾਲ ਟੋਕਿਓ ਪੈਰਾਲੰਪਿਕ ਵਿਚ ਟੇਬਲ ਟੈਨਿਸ ਵਿਚ ਸਿਲਵਰ ਮੈਡਲ ਜਿੱਤਣ ਵਾਲੀ ਗੁਜਰਾਤ ਦੀ ਭਾਵਿਨਾ ਪਟੇਲ ਵੀ ਨਾਲ ਸੀ। ਡਿਪਟੀ ਸੀਐਮ, ਜੋ ਟੇਬਲ ਟੈਨਿਸ ਫੈਡਰੇਸ਼ਨ ਆਫ ਇੰਡੀਆ ਦੇ ਚੇਅਰਮੈਨ ਵੀ ਹਨ, ਨੇ ਦੋਵਾਂ ਪੈਰਾਲੰਪਿਕ ਮੈਡਲਿਸਟ ਦਾ ਸਵਾਗਤ ਕਰਦੇ ਹੋਏ ਕਿਹਾ ਕਿ ਸਾਡੇ ਖਿਡਾਰੀਆਂ ਨੇ ਓਲੰਪਿਕ ਤੇ ਪੈਰਾਲੰਪਿਕ ਸਮੇਤ ਹੋਰ ਕੌਮਾਂਤਰੀ ਮੁਕਾਬਲਿਆਂ ਵਿਚ ਮੈਡਲ ਜਿੱਤ ਕੇ ਦੇਸ਼ ਤੇ ਸੂਬੇ ਦਾ ਨਾਂਅ ਰੋਸ਼ਨ ਕੀਤਾ ਹੈ। ਇਹ ਸੱਭ ਸਾਡੇ ਖਿਡਾਰੀਆਂ ਦੀ ਲਗਨ ਤੇ ਮਿਹਨਤ ਅਤੇ ਸਰਕਾਰ ਦੀ ਖੇਡ ਨੀਤੀ ਦਾ ਨਤੀਜਾ ਹੈ। ਉਨ੍ਹਾਂ ਨੇ ਦਸਿਆ ਕਿ ਹਰਿਆਣਾ ਮੈਡਲ ਜਿੱਤਣ ਵਾਲੇ ਖਿਡਾਰੀਆਂ ਨੂੰ ਪੁਰਸਕਾਰ ਵਜੋ ਦੇਸ਼ ਵਿਚ ਸੱਭ ਤੋਂ ਵੱਧ ਨਗਦ ਰਕਮ ਦਿੰਦਾ ਹੈ। ਓਲੰਪਿਕ ਦੀ ਤਿਆਰੀ ਦੇ ਲਈ 5 ਲੱਖ ਰੁਪਏ ਦੀ ਏਡਵਾਂਸ ਪੋ੍ਰਤਸਾਹਨ ਰਕਮ ਦੇਣ ਵਾਲਾ ਹਰਿਆਣਾ ਦੇਸ਼ ਦਾ ਪਹਿਲਾ ਰਾਜ ਹੈ। ਖਿਡਾਰੀਆਂ ਦੇ ਲਈ ਰੁਜਗਾਰ ਯਕੀਨੀ ਕਰਨ ਦੇ ਉਦੇਸ਼ ਨਾਲ ਖੇਡ ਵਿਭਾਗ ਵਿਚ 550 ਨਵੇਂ ਅਹੁਦੇ ਵੀ ਬਣਾਏ ਗਏ ਹਨ।
Share the post "ਦੁਸ਼ਯੰਤ ਚੌਟਾਲਾ ਨੇ ਸ਼ਾਟਪੁੱਟ ਵਿਚ ਸਿਲਵਰ ਮੈਡਲ ਜਿੱਤਣ ਵਾਲੀ ਦੀਪਾ ਮਲਿਕ ਨਾਲ ਮੁਲਾਕਾਤ ਕੀਤੀ"