ਜਲ ਸਰੋਤ ਵਿਭਾਗ ਪੰਜਾਬ ਦੇ ਸਮੂਹ ਫੀਲਡ ਮੁਲਾਜਮਾਂ ਨੂੰ ਐਮ ਸੇਵਾ ਐਪ ਤੇ ਆਨਲਾਈਨ ਹਾਜਰੀ ਸਬੰਧੀ ਫੀਲਡ ਮੁਲਾਜਮਾਂ ਨੂੰ ਆ ਰਹੀਆਂ ਮੁਸਕਿਲਾਂ ਅਤੇ ਰੈਵੀਨਿਊ ਜਮਾਤ ਨੂੰ ਦਰਪੇਸ਼ ਮੁਸ਼ਕਲਾਂ ਸੰਬੰਧੀ ਹੋਈ ਵਿਚਾਰ ਚਰਚਾ ਤੇ ਪ੍ਰਮੁੱਖ ਸਕੱਤਰ ਨੇ ਜਲਦ ਤੋਂ ਜਲਦ ਹੱਲ ਕਰਨ ਦਾ ਦਿੱਤਾ ਭਰੋਸਾ
ਪੰਜਾਬੀ ਖ਼ਬਰਸਾਰ ਬਿਉਰੋ
ਚੰਡੀਗੜ੍ਹ, 27 ਅਗਸਤ:ਨਹਿਰੀ ਪਟਵਾਰ ਯੂਨੀਅਨ ਰਜਿ: ਜਲ ਸਰੋਤ ਵਿਭਾਗ ਪੰਜਾਬ ਦੇ ਸੂਬਾ ਪ੍ਰਧਾਨ ਜਸਕਰਨ ਸਿੰਘ ਗਹਿਰੀ ਬੁੱਟਰ ਦੀ ਅਗਵਾਈ ਹੇਠ ਇਕ ਉਚ ਪੱਧਰੀ ਵਫਦ ਵੱਲੋ ਸ੍ਰੀ ਕਿ੍ਰਸ਼ਨ ਕੁਮਾਰ ਪ੍ਰਮੁੱਖ ਸਕੱਤਰ ਪੰਜਾਬ ਸਰਕਾਰ ਜਲ ਸਰੋਤ ਵਿਭਾਗ ਪੰਜਾਬ ਦੇ ਸਮੂਹ ਰੈਵੀਨਿਊ ਸਟਾਫ ਨੂੰ ਦਰਪੇਸ਼ ਮੁਸ਼ਕਲਾਂ ਸੰਬੰਧੀ ਇਕ ਰਸਮੀ ਮੀਟਿੰਗ ਉਨ੍ਹਾਂ ਦੇ ਦਫਤਰ ਚੰਡੀਗੜ੍ਹ ਵਿਖੇ ਕੀਤੀ ਗਈ।ਜਿਸ ਵਿੱਚ ਐੱਮ ਸੇਵਾ ਐਪ ਰਾਹੀਂ ਆੱਨਲਾਇਨ ਹਾਜ਼ਰੀ ਲਗਾਉਣ ‘ਚ ਫੀਲਡ ਸਟਾਫ ਨੂੰ ਆ ਰਹੀਆਂ ਮੁਸਕਲਾ ਅਤੇ ਵਿਭਾਗ ਦੇ ਸਮੂਹ ਫੀਲਡ ਮੁਲਾਜਮਾਂ ਅਤੇ ਨਹਿਰੀ ਪਟਵਾਰੀਆਂ ਦੇ ਹੋਰ ਅਹਿਮ ਮੁੱਦਿਆਂ ਤੇ ਬਹੁਤ ਹੀ ਵਧੀਆ ਤੇ ਸੁਚੱਜੇ ਢੰਗ ਨਾਲ ਵਾਰਤਾਲਾਪ ਕੀਤੀ ਗਈ।ਇਸ ਦੌਰਾਨ ਪ੍ਰਮੁੱਖ ਸਕੱਤਰ ਵੱਲੋਂ ਜਲ ਸਰੋਤ ਵਿਭਾਗ ਦੇ ਫੀਲਡ ਸਟਾਫ ਲਈ ਐੱਮ ਸੇਵਾ ਐਪ ਵਿੱਚ ਜਲਦੀ ਹੀ ਸੁਧਾਰ ਕਰਕੇ ਰਾਹਤ ਦੇਣ ਦਾ ਭਰੋਸਾ ਦਿੰਦੇ ਹੋਏ ਕਿਹਾ ਮੁੱਖ ਦਫਤਰ ਚੰਡੀਗੜ੍ਹ ਵੱਲੋਂ ਅੱਜ ਤੋਂ ਹੀ ਇਸ ਸੰਬੰਧੀ ਕਾਰਵਾਈ ਅਰੰਭ ਦਿਤੀ ਜਾਵੇਗੀ,ਅਗਰ ਫਿਰ ਵੀ ਫੀਲਡ ਸਟਾਫ ਨੂੰ ਇਸ ਸਬੰਧ ਵਿੱਚ ਕਿਸੇ ਕਿਸਮ ਦੀ ਕੋਈ ਦਿੱਕਤ ਪੇਸ ਆਵੇਗੀ ਤਾਂ ਉਸ ਦਾ ਵੀ ਜਲਦ ਤੋ ਜਲਦ ਹੱਲ ਕੀਤਾ ਜਾਵੇਗਾ।ਕਰਮਚਾਰੀਆਂ ਦੀਆਂ ਬਦਲੀਆਂ ਸਬੰਧੀ ਉਨ੍ਹਾਂ ਕਿਹਾ ਕਿ ਜਲਦ ਹੀ ਇਕ ਪਾਰਦਰਸਤਾ ਨੀਤੀ ਅਪਣਾ ਕੇ ਘਰਾਂ ਤੋਂ ਦੂਰ ਕੰਮ ਕਰ ਰਹੇ ਨਹਿਰੀ ਪਟਵਾਰੀਆਂ ਦੀਆਂ ਬਦਲੀਆਂ ਵੀ ਉਨ੍ਹਾਂ ਦੇ ਘਰਾਂ ਨਜ਼ਦੀਕ ਕਰ ਦਿੱਤੀਆਂ ਜਾਣਗੀਆਂ।ਇਸ ਮੌਕੇ ਯੂਨੀਅਨ ਵਫਦ ਵੱਲੋ ਜ਼ਿਲੇਦਾਰੀ ਦਫਤਰਾਂ ਵਿੱਚ ਆ ਰਹੀਆਂ ਦਿੱਕਤਾਂ ਜਿਵੇਂ ਫਰਨੀਚਰ ਦੀ ਕਮੀ,ਕਮਰਿਆਂ ਦੀ ਸਫੈਦੀ/ਮੁਰੰਮਤ ਕਰਵਾਉਣ ,ਬਾਥਰੂਮਾਂ ਦਾ ਨਾ ਹੋਣਾ, ਜਿੰਮੀਦਾਰਾਂ ਦੇ ਬੈਠਣ ਲਈ ਪ੍ਰਬੰਧ ਕਰਨ,ਸਾਫ ਸੁਥਰੇ ਪੀਣ ਵਾਲੇ ਪਾਣੀ ਦਾ ਪ੍ਰਬੰਧ ਕਰਨ ਅਤੇ ਦਰਜਾ ਚਾਰ ਸਟਾਫ ਦੀ ਕਮੀਂ ਆਦਿ ਬਾਰੇ ਰੱਖੀ ਮੰਗ ਸੰਬੰਧੀ ਵੀ ਜਲਦ ਹਲ ਕਰਨ ਦਾ ਉਨ੍ਹਾਂ ਭਰੋਸਾ ਦਿੱਤਾ ਹੈ।ਇਸ ਤੋਂ ਇਲਾਵਾ ਜੀ.ਪੀ.ਐੱਫ. ਸਬੰਧੀ ਆ ਰਹੀਆਂ ਦਿੱਕਤਾਂ ਤੇ ਉਨ੍ਹਾਂ ਕਿਹਾ ਕਿ ਮੁੱਖ ਦਫਤਰ ਤੋਂ ਰਿਪੋਰਟ ਮੰਗੀ ਗਈ ਹੈ ਤੇ ਵਿਚਾਰ ਕਰਨ ਉਪਰੰਤ ਜੀ ਪੀ ਐੱਫ ਦੇ ਖਾਤੇ ਵੀ ਮੰਡਲ ਦਫਤਰ ਪੱਧਰ ਤੇ ਭੇਜਣ ਬਾਰੇ ਵਿਚਾਰ ਕੀਤਾ ਜਾਵੇਗਾ।ਯੂਨੀਅਨ ਆਗੂਆਂ ਨੂੰ ਪ੍ਰਮੁੱਖ ਸਕੱਤਰ ਜਲ ਸਰੋਤ ਵਿਭਾਗ ਪੰਜਾਬ ਵਲੋਂ ਇਹ ਵੀ ਭਰੋਸਾ ਦਿੱਤਾ ਗਿਆ ਕਿ ਰੈਵੀਨਿਊ ਸਟਾਫ ਪੂਰੀ ਤਨ ਦੇਹੀ ਅਤੇ ਲਗਨ ਨਾਲ ਕੰਮ ਕਰੇ ਉਨ੍ਹਾਂ ਨੂੰ ਭਵਿੱਖ ਵਿੱਚ ਕੋਈ ਦਿੱਕਤ ਨਹੀਂ ਆਉਣ ਦਿੱਤੀ ਜਾਵੇਗੀ, ਮਹਿਕਮੇਂ ਵਿੱਚ ਇਮਾਨਦਾਰੀ ਨਾਲ ਕੰਮ ਕਰਨ ਤੇ ਉਨ੍ਹਾਂ ਨੂੰ ਬਣਦਾ ਮਾਣ ਸਤਿਕਾਰ ਵੀ ਦਿੱਤਾ ਜਾਏਗਾ।ਇਸ ਮੌਕੇ ਵਫਦ ਵਿੱਚ ਜੱਥੇਬੰਦੀ ਦੇ ਸੂਬਾ ਪ੍ਰਧਾਨ ਜਸਕਰਨ ਸਿੰਘ ਗਹਿਰੀ ਬੁੱਟਰ ਤੋਂ ਇਲਾਵਾ ਸੀਨੀਅਰ ਮੀਤ ਪ੍ਰਧਾਨ ਕਿਰਪਾਲ ਸਿੰਘ ਪੰਨੂੰ,ਰਾਜਦੀਪ ਸਿੰਘ ਚੰਦੀ ਅਤੇ ਅਵਤਾਰ ਸਿੰਘ ਮਾਨਸਾ,ਸੀਨੀ: ਮੀਤ ਪ੍ਰਧਾਨ ਜੰਡਿਆਲਾ ਮੰਡਲ ਬਲਦੇਵ ਸਿੰਘ ਫੌਜੀ, ਮੀਤ ਪ੍ਰਧਾਨ ਆਈ ਬੀ ਸਰਕਲ ਪਟਿਆਲਾ ਸੁਮਿਤ ਗੰਗਵਾਲ ਆਦਿ ਵੀ ਹਾਜ਼ਰ ਸਨ।
Share the post "ਨਹਿਰੀ ਪਟਵਾਰ ਯੂਨੀਅਨ ਦੇ ਵਫਦ ਵੱਲੋ ਪ੍ਰਮੁੱਖ ਸਕੱਤਰ ਕਿ੍ਰਸ਼ਨ ਕੁਮਾਰ ਨਾਲ ਮੀਟਿੰਗ"