ਸਭ ਤੋਂ ਵੱਧ ਵਾਰ ਮੁੱਖ ਮੰਤਰੀ ਬਣਨ ਦਾ ਮਾਣ ਵੀ ਮਹਰੂਮ ਆਗੂ ਦੇ ਹਿੱਸੇ ਆਇਆ
ਸੁਖਜਿੰਦਰ ਮਾਨ
ਬਠਿੰਡਾ, 25 ਅਪ੍ਰੈਲ : ਸੂਬੇ ਦੇ ਸਭ ਤੋਂ ਵੱਧ ਵਾਰ ਮੁੱਖ ਮੰਤਰੀ ਬਣਨ ਦਾ ਮਾਣ ਹਾਸਲ ਕਰਨ ਵਾਲੇ ਪ੍ਰਕਾਸ਼ ਸਿੰਘ ਬਾਦਲ ਅੱਜ ਨਹੀਂ ਰਹੇ। ਪੰਜਾਬ ਦੀ ਹੀ ਨਹੀਂ, ਦੇਸ ਦੀ ਸਿਆਸਤ ’ਚ ਸਭ ਤੋਂ ਵੱਡੇ ਦਿਸਹਿੱਦੇ ਕਾਇਮ ਕਰਨ ਵਾਲੇ ਸ: ਬਾਦਲ ਦੇ ਜੇਕਰ ਪੰਜਾਬ ਵਿਚ ਰਿਕਾਰਡ ਕਾਇਮ ਕਰਨ ਦੀ ਗੱਲ ਕੀਤੀ ਜਾਵੇ ਤਾਂ ਉਹ ਸੂਬੇ ਦੇ ਸਭ ਤੋਂ ਛੋਟੀ ਉਮਰ ਦੇ ਪਹਿਲੇ ਮੁੱਖ ਮੰਤਰੀ ਸਨ। 1970 ਤੋਂ ਲੈ ਕੇ 2017 ਤੱਕ ਵੱਖ ਵੱਖ ਸਮਿਆਂ ’ਚ ਪੰਜ ਵਾਰ ਪੰਜਾਬ ਦੇ ਮੁੱਖ ਮੰਤਰੀ ਰਹੇ ਸ: ਬਾਦਲ ਨੂੰ ਸਿਆਸਤ ਦਾ ਬਾਬਾ ਬੋਹੜ ਵੀ ਕਿਹਾ ਜਾਂਦਾ ਰਿਹਾ ਹੈ। 1927 ਵਿਚ ਜਨਮੇ ਸ: ਬਾਦਲ ਸਿਰਫ਼ 43 ਸਾਲ ਦੀ ਉਮਰ ਵਿਚ ਪਹਿਲੀ ਵਾਰ 1970 ’ਚ ਪੰਜਾਬ ਦੇ ਮੁੱਖ ਮੰਤਰੀ ਬਣੇ ਸਨ, ਜਿੱਥੇ ਉਹ ਇਸ ਅਹੁੱਦੇ ਉਪਰ ਸਿਰਫ਼ ਇੱਕ ਸਾਲ ਹੀ ਰਹੇ। ਦੂਜੀ ਵਾਰ 1977 ਤੋਂ 1980 ਤੱਕ ਪ੍ਰਕਾਸ ਸਿੰਘ ਬਾਦਲ ਨੂੰ ਮੁੱਖ ਮੰਤਰੀ ਬਣਨ ਦਾ ਮਾਣ ਹਾਸਲ ਹੋਇਆ। ਵੱਡੀ ਗੱਲ ਇਹ ਵੀ ਕਹੀ ਜਾ ਸਕਦੀ ਹੈ ਕਿ ਠਰੰਮੇ ਤੇ ਸਬਰ ਸੰਤੋਖ਼ ਨਾਲ ਭਰੇ ਸ: ਬਾਦਲ ਨੇ ਕਦੇ ਵੀ ਸਿਆਸਤ ਵਿਚ ਧੀਰਜ਼ ਨਹੀਂ ਛੱਡਿਆ, ਜਿਸਦੇ ਚੱਲਦੇ ਕਦੇ ਪੰਜਾਬ ਵਿਚ ਗਰਮ ਖਿਆਲੀ ਹਵਾ ਚੱਲਣ ਦੇ ਕਰਨ ਸਿਆਸੀ ਤੌਰ ’ਤੇ ਹਾਸੀਏ ਉਪਰ ਜਾਣ ਦੇ ਬਾਵਜੂਦ ਅਪਣੀ ਚਾਲ ਚੱਲਣ ਵਾਲੇ ਪ੍ਰਕਾਸ਼ ਸਿੰਘ ਬਾਦਲ 20 ਸਾਲਾਂ ਬਾਅਦ 1997 ਵਿਚ ਤੀਜ਼ੀ ਵਾਰ ਮੁੱਖ ਮੰਤਰੀ ਬਣੇ। ਇਸਤੋਂ ਪੰਜ ਸਾਲਾਂ ਬਾਅਦ ਉਹ ਲਗਾਤਾਰ ਦਸ ਸਾਲ ਮੁੱਖ ਮੰਤਰੀ ਰਹੇ। ਗੱਲ ਇੱਥੇ ਹੀ ਖ਼ਤਮ ਨਹੀਂ ਹੁੰਦੀ, ਉਹ ਕੇਂਦਰ ਵਿਚ ਖੇਤੀਬਾੜੀ ਮੰਤਰੀ ਵੀ ਰਹੇ। ਪ੍ਰਵਾਰਕ ਮੈਂਬਰਾਂ ਮੁਤਾਬਕ 1927 ਵਿਚ ਜਨਮੇ ਪ੍ਰਕਾਸ਼ ਸਿੰਘ ਬਾਦਲ ਲਾਹੌਰ ਦੇ ਕਾਲਜ਼ ਤੋਂ ਗਰੇਜੂਏਸ਼ਨ ਕਰਨ ਤੋਂ ਬਾਅਦ ਮਾਲ ਵਿਭਾਗ ਵਿਚ ਤਹਿਸੀਲਦਾਰ ਭਰਤੀ ਹੋਣ ਦੇ ਚਾਹਵਾਨ ਸਨ ਪ੍ਰੰਤੂ ਉਨ੍ਹਾਂ ਦੇ ਚਾਚਾ ਮਹਰੂਮ ਤੇਜਾ ਸਿੰਘ ਬਾਦਲ ਨੇ ਉਨ੍ਹਾਂ ਨੂੰ ਸਿਆਸਤ ਦੀ ਅਜਿਹੀ ਚੇਟਕ ਲਗਾਈ ਕਿ ਪਿੰਡ ਦੀ ਸਰਪੰਚੀ ਤੋਂ ਲੈਕੇ ਉਹ ਪੰਜਾਬ ਦੇ ਸਭ ਤੋਂ ਵੱਧ ਮੁੱਖ ਮੰਤਰੀ ਰਹੇ। ਜੇਕਰ ਉਹ ਅਪਣੀ ਆਖ਼ਰੀ ਚੋਣ 2022 ਵਿਚ ਨਾ ਹਾਰਦੇ ਤਾਂ ਸਾਰੀ ਉਮਰ ਹਰ ਚੋਣ ਜਿੱਤਣ ਦਾ ਰਿਕਾਰਡ ਵੀ ਉਨ੍ਹਾਂ ਦੇ ਨਾਮ ਹੀ ਹੋਣਾ ਸੀ। ਅਪਣੀ ਹਲੀਮੀ ਤੇ ਸਬਦਾਵਾਲੀ ਦੇ ਕਾਰਨ ਵਿਰੋਧੀਆਂ ਨੂੰ ਵੀ ਮੋਹ ਲੈਣ ਵਾਲੇ ਪ੍ਰਕਾਸ਼ ਸਿੰਘ ਬਾਦਲ ਇਕੱਲੇ ਪੰਜਾਬ ਦੇ ਹੀ ਨਹੀਂ, ਬਲਕਿ ਕੌਮੀ ਪੱਧਰ ਦੇ ਲੀਡਰ ਸਨ ਤੇ ਵਿਰੋਧੀ ਧਿਰਾਂ ਵਿਚ ਵੀ ਉਨ੍ਹਾਂ ਦਾ ਪੂਰਾ ਸਤਿਕਾਰ ਸੀ। ਹਾਲਾਂਕਿ ਇਹ ਵੱਖਰੀ ਗੱਲ ਹੈ ਕਿ ਕਈ ਅਕਾਲੀ ਆਗੂ ਉਨ੍ਹਾਂ ਦੇ ਨਾਲ ਵਖਰੇਵਿਆਂ ਦੇ ਕਾਰਨ ਅਲੱਗ ਹੋ ਗਏ ਸਨ।
Share the post "ਪੰਜਾਬ ਦੇ ‘ਸਭ ਤੋਂ ਛੋਟੀ ਤੇ ਵੱਡੀ ਉਮਰ’ ਦੇ ਮੁੱਖ ਮੰਤਰੀ ਰਹੇ ਪ੍ਰਕਾਸ਼ ਸਿੰਘ ਬਾਦਲ"