ਸੁਖਜਿੰਦਰ ਮਾਨ
ਬਠਿੰਡਾ, 27 ਮਈ : ਜ਼ਿਲ੍ਹੇ ਦੇ ਪਿੰਡ ਬੁਰਜ ਮਹਿਮਾ ਵਿਚ ਬੀਤੀ ਦੇਰ ਰਾਤ ਇੱਕ ਮਾਮੂਲੀ ਤਕਰਾਰ ਤੋਂ ਬਾਅਦ ਹੋਈ ਲੜਾਈ ਦੌਰਾਨ ਵੱਡੇ ਭਰਾ ਨੇ ਅਪਣੇ ਛੋਟੇ ਭਰਾ ਨੂੰ ਕਤਲ ਕਰ ਦਿੱਤਾ। ਦਲਿਤ ਪ੍ਰਵਾਰ ਨਾਲ ਸਬੰਧਤ ਇਹ ਭਰਾ ਮਜਦੂਰੀ ਕਰਕੇ ਅਪਣੇ ਪ੍ਰਵਾਰਾਂ ਦਾ ਪੇਟ ਪਾਲਦੇ ਸਨ ਪ੍ਰੰਤੂ ਹੁਣ ਦੋਨਾਂ ਦੇ ਘਰ ਪੱਟੇ ਗਏ। ਮਿਲੀ ਸੂਚਨਾ ਮੁਤਾਬਕ ਪਿੰਡ ’ਚ ਤਿੰਨ ਸਕੇ ਭਰਾ ਤੇਜੀ, ਰਾਜੂ ਤੇ ਗੁਰਮੇਲ ਬਿਲਕੁੱਲ ਨਾਲ-ਨਾਲ ਇੱਕ-ਇੱਕ, ਦੇੋ-ਦੋ ਕਮਰਿਆਂ ਦੇ ਮਕਾਨਾਂ ਵਿਚ ਅਪਣੇ ਪ੍ਰਵਾਰਾਂ ਸਹਿਤ ਰਹਿੰਦੇ ਸਨ। ਇੰਨ੍ਹਾਂ ਦਾ ਬਾਪ ਗੰਗਾ ਸਿੰਘ ਤੇ ਮਾਤਾ ਅਲੱਗ ਤੌਰ ’ਤੇ ਇੱਥੇ ਹੀ ਅਲੱਗ ਕਮਰੇ ਵਿਚ ਰਹਿੰਦੇ ਸਨ। ਪੁਲਿਸ ਅਧਿਕਾਰੀਆਂ ਮੁਤਾਬਕ ਸਾਰਿਆਂ ਦੇ ਘਰਾਂ ਵਿਚਕਾਰ ਦੋ-ਤਿੰਨ ਫੁੱਟਾਂ ਦੀਆਂ ਕੰਧਾਂ ਕੱਢੀਆਂ ਹੋਈਆਂ ਸਨ। ਬੀਤੇ ਕੱਲ ਗੰਗਾ ਸਿੰਘ ਨੇ ਅਪਣੇ ਤੇ ਤੇਜੀ ਦੇ ਘਰ ਵਿਚਕਾਰ ਕੱਢੀ ਕੰਧ ਉਪਰ ਕੰਡਿਆਲੀ ਤਾਰ ਲਗਾ ਦਿੱਤੀ। ਜਦ ਰਾਤ ਨੂੰ ਤੇਜੀ ਅਪਣੇ ਕੰਮ ਤੋਂ ਵਾਪਸ ਆਇਆ ਤਾਂ ਉਸਨੇ ਇਸਦਾ ਬੁਰਾ ਜਤਾਇਆ। ਜਿਸਦੇ ਚੱਲਦੇ ਪਿਊ-ਪੁੱਤ ਵਿਚ ਤਕਰਾਰ ਹੋ ਗਈ ਤੇ ਇਸ ਤਕਰਾਰਬਾਜੀ ਵਿਚ ਤੇਜੀ ਦਾ ਵੱਡਾ ਭਰਾ ਰਾਜੂ ਵੀ ਆ ਕੁੱਦਿਆਂ, ਜਿਸਨੇ ਲੱਕੜ ਵੱਢਣ ਵਾਲੇ ਤਿੱਖੇ ਦਾਤ ਨਾਲ ਤੇਜੀ ਉੱਤੇ ਹਮਲਾ ਕਰ ਦਿੱਤਾ। ਤੇਜੀ ਨੇ ਬਚਣ ਵਾਸਤੇ ਅਪਣੀ ਖੱਬੀ ਬਾਂਹ ਅੱਗੇ ਕਰ ਲਈ, ਜਿਹੜੀ ਇਸ ਹਮਲੇ ਵਿਚ ਵੱਡੀ ਗਈ। ਇਸ ਦੌਰਾਨ ਹੋਰ ਵੀ ਸੱਟਾਂ ਲੱਗੀਆਂ ਤੇ ਤੇਜੀ ਦੀ ਪਤਨੀ ਤੇ ਦੂਜਾ ਭਰਾ ਗੁਰਮੇਲ ਉਸਨੂੰ ਬਠਿੰਡਾ ਦੇ ਹਸਪਤਾਲ ਲੈ ਕੇ ਪੁੱਜੇ ਤਾਂ ਜਿਆਦਾ ਖੂਨ ਵਗਣ ਕਾਰਨ ਉਸਦੀ ਮੌਤ ਹੋ ਗਈ। ਥਾਣਾ ਸਦਰ ਅਧੀਨ ਆਉਂਦੀ ਕਿਲੀ ਨਿਹਾਲ ਸਿੰਘ ਵਾਲਾ ਦੀ ਪੁਲਿਸ ਨੇ ਮ੍ਰਿਤਕ ਤੇਜੀ ਦੀ ਪਤਨੀ ਅਮਨਦੀਪ ਕੌਰ ਦੇ ਬਿਆਨਾਂ ਉਪਰ ਉਸਦੇ ਜੇਠ ਰਾਜੂ ਸਿੰਘ ਵਿਰੁਧ ਧਾਰਾ 302 ਤਹਿਤ ਕੇਸ ਦਰਜ਼ ਕਰ ਲਿਆ ਹੈ। ਚੌਕੀ ਇੰਚਾਰਜ਼ ਥਾਣੇਦਾਰ ਰਾਜਪਾਲ ਸਿੰਘ ਨੇ ਇਸ ਘਟਨਾ ਦੀ ਪੁਸ਼ਟੀ ਕਰਦਿਆਂ ਦਸਿਆ ਕਿ ਕਥਿਤ ਦੋਸੀ ਹਾਲੇ ਤੱਕ ਫ਼ਰਾਰ ਹੈ, ਜਿਸਨੂੰ ਫ਼ੜਣ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ।
ਬਠਿੰਡਾ ’ਚ ਮਾਮੂਲੀ ਤਕਰਾਰ ਦੌਰਾਨ ਭਰਾ ਵਲੋਂ ਭਰਾ ਦਾ ਕਤਲ
15 Views