Punjabi Khabarsaar
ਬਠਿੰਡਾ

ਬਠਿੰਡਾ ਪੱਟੀ ’ਚ ਬਲਜਿੰਦਰ ਕੌਰ,ਕੁਲਤਾਰ ਸੰਧਵਾਂ ਤੇ ਗੁਰਮੀਤ ਖੁੱਡੀਆ ਸਹਿਤ ਕਈਆਂ ਦੇ ਮੰਤਰੀ ਬਣਨ ਦੀ ਚਰਚਾ

ਮਾਨਸਾ ਤੋਂ ਬੁੱਧ ਰਾਮ ਤੇ ਮੁਕਤਸਰ ਤੋਂ ਗੁਰਮੀਤ ਖੁੱਡੀਆਂ ਨੂੰ ਵਜ਼ਾਰਤ ’ਚ ਲੈਣ ਦੀ ਸੰਭਾਵਨਾ
ਸੁਖਜਿੰਦਰ ਮਾਨ
ਬਠਿੰਡਾ, 15 ਮਾਰਚ: ਲੰਘੀ 10 ਮਾਰਚ ਨੂੰ ਆਏ ਪੰਜਾਬ ਵਿਧਾਨ ਸਭਾ ਚੋਣਾਂ ਦੇ ਨਜ਼ਦੀਕੀਆਂ ’ਚ 117 ਵਿਚੋਂ 92 ਸੀਟਾਂ ਜਿੱਤਣ ਵਾਲੀ ਆਮ ਆਦਮੀ ਪਾਰਟੀ ’ਚ ਹੁਣ ਮੰਤਰੀ ਮੰਡਲ ਦੇ ਗਠਨ ਨੂੰ ਲੈ ਕੇ ਚਰਚਾਵਾਂ ਸ਼ੁਰੂ ਹੋ ਗਈਆਂ ਹਨ। ਹਾਲਾਂਕਿ ਭਲਕੇ ਖ਼ਟਕੜ ਕਲਾਂ ’ਚ ਹੋਣ ਵਾਲੇ ਸਹੁੰ ਚੁੱਕ ਸਮਾਗਮ ਵਿਚ ਇਕੱਲੇ ਭਗਵੰਤ ਮਾਨ ਵਲੋਂ ਬਤੌਰ ਮੁੱਖ ਮੰਤਰੀ ਹੀ ਸਹੁੰ ਚੁੱਕੀ ਜਾ ਰਹੀ ਹੈ ਪ੍ਰੰਤੂ ਆਉਣ ਵਾਲੇ ਦਿਨਾਂ ’ਚ ਹੀ ਪਾਰਟੀ ਵਲੋਂ ਮੰਤਰੀ ਮੰਡਲ ਦਾ ਵਿਸਥਾਰ ਕੀਤਾ ਜਾਵੇਗਾ। ਚੱਲ ਰਹੀਆਂ ਚਰਚਾਵਾਂ ਮੁਤਾਬਕ ਬਠਿੰਡਾ ਜ਼ਿਲ੍ਹੇ ਵਿਚੋਂ ਤਲਵੰਡੀ ਸਾਬੋ ਹਲਕੇ ਤੋਂ ਦੂਜੀ ਵਾਰ ਜਿੱਤੀ ਬਲਜਿੰਦਰ ਕੌਰ ਦਾ ਕੈਬਨਿਟ ਮੰਤਰੀ ਬਣਨਾ ਤੈਅ ਹੈ, ਹਾਲਾਂਕਿ ਉਨ੍ਹਾਂ ਦਾ ਨਾਮ ਪੰਜਾਬ ਵਿਧਾਨ ਸਭਾ ਦੀ ਪਹਿਲੀ ਮਹਿਲਾ ਸਪੀਕਰ ਵਜੋਂ ਵੀ ਲਿਆ ਜਾ ਰਿਹਾ ਹੈ। ਦਸਣਾ ਬਣਦਾ ਹੈ ਕਿ ਬਲਜਿੰਦਰ ਕੌਰ ਪੰਜਾਬ ’ਚ ਪਾਰਟੀ ਦੇ ਮੁਢਲੇ ਦੌਰ ਤੋਂ ਜੁੜਣ ਦੇ ਇਲਾਵਾ ਹੁਣ ਤੱਕ ਝਾੜੂ ਦੇ ਚੋਣ ਨਿਸ਼ਾਨ ’ਤੇ ਚਾਰ ਵਾਰ ਚੌਣਾਂ ਵੀ ਲੜ ਚੁੱਕੀ ਹੈ, ਜਿਸ ਵਿਚੋਂ ਦੋ ਵਾਰ ਜਿੱਤ ਤੇ ਦੋ ਵਾਰ ਹਾਰ ਵੀ ਮਿਲੀ ਹੈ। ਇਸਤੋਂ ਇਲਾਵਾ ਉਹ ਪਾਰਟੀ ਦੀ ਮਹਿਲਾ ਵਿੰਗ ਦੀ ਪ੍ਰਧਾਨ ਵੀ ਰਹਿ ਚੁੱਕੇ ਹਨ। ਹਾਈਕਮਾਂਡ ਦੇ ਅਤਿ ਨਜਦੀਕੀ ਹੋਣ ਕਾਰਨ ਇੱਕ ਵਾਰ ਤਾਂ ਉਨ੍ਹਾਂ ਦਾ ਨਾਮ ਮੁੱਖ ਮੰਤਰੀ ਦੇ ਅਹੁੱਦੇ ਲਈ ਵੀ ਚਰਚਾ ਵਿਚ ਚੱਲਿਆ ਸੀ। ਅਜਿਹੀ ਹਾਲਾਤ ’ਚ ਬਲਜਿੰਦਰ ਕੌਰ ਨੂੰ ਕੈਬਨਿਟ ਵਜ਼ੀਰੀ ਦੇ ਨਾਲ-ਨਾਲ ਮਹੱਤਵਪੂਰਨ ਵਿਭਾਗ ਮਿਲਣ ਦੇ ਵੀ ਕਿਆਸੇ ਲਗਾਏ ਜਾ ਰਹੇ ਹਨ। ਦਸਣਾ ਬਣਦਾ ਹੈ ਕਿ ਬਠਿੰਡਾ ਤੇ ਮਾਨਸਾ ਜ਼ਿਲੇ੍ਹ ਵਿਚ ਪੈਂਦੀਆਂ 9 ਵਿਧਾਨ ਸਭਾ ਸੀਟਾਂ ’ਤੇ ਆਪ ਨੇ ਹੂੰਝਾਫ਼ੇਰ ਜਿੱਤ ਹਾਸਲ ਕੀਤੀ ਹੈ। ਸੂਚਨਾ ਮੁਤਾਬਕ ਮਾਨਸਾ ਜ਼ਿਲ੍ਹੇ ਵਿਚੋਂ ਪਿ੍ਰੰਸੀਪਲ ਬੁੱਧ ਰਾਮ ਵੀ ਦੂਜੀ ਦਫ਼ਾ ਅਪਣੇ ਹਲਕੇ ਤੋਂ ਜਿੱਤੇ ਹਨ। ਉਨ੍ਹਾਂ ਦਾ ਨਾਮ ਵੀ ਮੰਤਰੀ ਮੰਡਲ ਵਿਚ ਸ਼ਾਮਲ ਕੀਤੇ ਜਾਣ ਵਾਲਿਆਂ ਵਿਚ ਲਿਆ ਜਾ ਰਿਹਾ ਹੈ। ਇਸੇ ਤਰ੍ਹਾਂ ਸ਼੍ਰੀ ਮੁਕਤਸਰ ਸਾਹਿਬ ਜ਼ਿਲ੍ਹੇ ਵਿਚ ਪੈਂਦੇ ਪੰਜਾਬ ਦੇ ਸਭ ਤੋਂ ਚਰਚਿਤ ਵਿਧਾਨ ਸਭਾ ਹਲਕਾ ਲੰਬੀ ਵਿਚੋਂ ਬਾਦਲਾਂ ਦਾ ਅਜੇਤੂ ਕਿਲਾ ਢਾਹੁਣ ਵਾਲੇ ਗੁਰਮੀਤ ਸਿੰਘ ਖੁੱਡੀਆ ਨੂੰ ਵੀ ਵਜ਼ੀਰੀ ਦੇਣ ਦੀ ਸੰਭਾਵਨਾ ਜਤਾਈ ਜਾ ਰਹੀ ਹੈ। ਚਰਚਾ ਮੁਤਾਬਕ ਪਾਰਟੀ ਪੁਰਾਣਿਆਂ ਦੇ ਨਾਲ-ਨਾਲ ਵੱਡੇ ਆਗੂਆਂ ਨੂੰ ਹਰਾਉਣ ਵਾਲਿਆਂ ਨੂੰ ਵੀ ਮਾਣ-ਸਨਮਾਣ ਦੇਣ ਦੀ ਸੋਚ ਰਹੀ ਹੈ। ਇੰਨ੍ਹਾਂ ਵਿਚ ਪਟਿਆਲਾ ਤੋਂ ਕੈਪਟਨ ਅਮਰਿੰਦਰ ਸਿੰਘ ਨੂੰ ਹਰਾਉਣ ਵਾਲੇ ਅਜੀਤ ਪਾਲ ਸਿੰਘ ਕੋਹਲੀ ਤੇ ਬਠਿੰਡਾ ਤੋਂ ਮਨਪ੍ਰੀਤ ਸਿੰਘ ਬਾਦਲ ਨੂੰ ਮਾਤ ਦੇਣ ਵਾਲੇ ਜਗਰੂਪ ਗਿੱਲ ਦੀ ਵੀ ਕਿਸਮਤ ਚਮਕ ਸਕਦੀ ਹੈ। ਇਸਤੋਂ ਇਲਾਵਾ ਫ਼ਰੀਦਕੋਟ ਜ਼ਿਲ੍ਹੇ ਦੇ ਨਿਧੜਕ ਵਿਧਾਇਕ ਕੁਲਤਾਰ ਸਿੰਘ ਸੰਧਵਾ ਨੂੰ ਅਹਿਮ ਵਜ਼ੀਰੀ ਮਿਲਣੀ ਤੈਅ ਹੈ। ਚਰਚਾ ਮੁਤਾਬਕ ਉਕਤ ਚਾਰਾਂ ਆਗੂਆਂ ਦੇ ਇਲਾਵਾ ਮਨੋਨੀਤ ਮੁੱਖ ਮੰਤਰੀ ਭਗਵੰਤ ਮਾਨ ਦੇ ਜੱਦੀ ਖੇਤਰ ਸੰਗਰੂਰ ਤੇ ਬਰਨਾਲਾ ਜ਼ਿਲ੍ਹੇ ਵਿਚ ਵੀ ਵਿਰੋਧੀ ਧਿਰ ਦੇ ਨੇਤਾ ਹਰਪਾਲ ਸਿੰਘ ਚੀਮਾ, ਯੂਥ ਵਿੰਗ ਦੇ ਪ੍ਰਧਾਨ ਮੀਤ ਹੇਅਰ, ਪਾਰਟੀ ਦੇ ਸੀਨੀਅਰ ਆਗੂ ਅਮਨ ਅਰੋੜਾ ਵੀ ਮੰਤਰੀ ਮੰਡਲ ਦੀ ਸੰਭਾਵੀ ਸੂਚੀ ਵਿਚ ਸ਼ਾਮਲ ਹੋਣ ਵਾਲੇ ਚਿਹਰੇ ਹਨ। ਸੂਤਰਾਂ ਨੇ ਇਹ ਵੀ ਖ਼ੁਲਾਸਾ ਕੀਤਾ ਹੈ ਕਿ ਉਕਤ ਚਰਚਿਤ ਚੇਹਰਿਆਂ ਤੋਂ ਇਲਾਵਾ ਅਪਣੇ ਸੁਭਾਅ ਮੁਤਾਬਕ ਪਾਰਟੀ ਬਿਲਕੁੱਲ ਨਵੇਂ ਚਿਹਰਿਆਂ ਨੂੰ ਵੀ ਵਜ਼ਾਰਤ ਵਿਚ ਥਾਂ ਦੇ ਸਕਦੀ ਹੈ। ਜਿਸਦਾ ਖ਼ੁਲਾਸਾ ਆਉਣ ਵਾਲੇ ਦਿਨਾਂ ’ਚ ਹੋਣ ਦੀ ਸੰਭਾਵਨਾ ਹੈ।

Related posts

ਰਾਤ ਨੂੰ ਆਏ ਝੱਖੜ ਤੇ ਹਨੇਰੀ ਨੇ ਬਠਿੰਡਾ ਪੱਟੀ ’ਚ ਮਚਾਈ ਤਬਾਹੀ

punjabusernewssite

ਕੇਂਦਰੀ ਮੰਤਰੀ ਹਰਦੀਪ ਸਿੰਘ ਪੁਰੀ ਨੂੰ ਮੈਮੋਰੰਡਮ ਦੇ ਕੇ ਸੋਨੇ ਤੇ ਵਧਾਈ ਕਸਟਮ ਡਿਊਟੀ ਅਤੇ ਸਰਚਾਰਜ ਵਾਪਸ ਲੈਣ ਦੀ ਕੀਤੀ ਮੰਗ- ਕਰਤਾਰ ਜੌੜਾ

punjabusernewssite

8 ਦਸੰਬਰ ਨੂੰ ਚਰਨਜੀਤ ਸਿੰਘ ਚੰਨੀ ਤਖਤ ਸ਼੍ਰੀ ਦਮਦਮਾ ਸਾਹਿਬ ਵਿਖੇ ਹੋਣਗੇ ਨਤਮਸਤਕ

punjabusernewssite