ਚੰਡੀਗੜ ਦੇ ਗੇੜੇ ਮਾਰਕੇ ਹੰਭੇ ਅਧਿਆਪਕ,ਨਹੀਂ ਹੋ ਰਹੀ ਕੋਈ ਸੁਣਵਾਈ।
ਪੰਜ ਛੇ ਸਾਲ ਤੋਂ 200-250 ਕਿੱਲੋਮੀਟਰ ‘ਤੇ ਸੇਵਾਵਾਂ ਨਿਭਾ ਰਹੇ ਨੇ ਅਧਿਆਪਕ ਇਸ ਵਾਰ ਫਿਰ ਨਹੀਂ ਹੋਈ ਬਦਲੀ।
ਪੰਜਾਬੀ ਖ਼ਬਰਸਾਰ ਬਿਉਰੋ
ਚੰਡੀਗੜ੍ਹ, 7 ਨਵੰਬਰ:ਪਿਛਲੇ ਦਿਨੀਂ ਸਿੱਖਿਆ ਵਿਭਾਗ ਦੁਆਰਾ ਅਧਿਆਪਕਾਂ ਦੀਆਂ ਆਨਲਾਈਨ ਬਦਲੀਆਂ ਕੀਤੀਆਂ ਗਈਆਂ ਹਨ, ਉਹਨਾਂ ਵਿੱਚ ਵੱਡੀਆਂ ਊਣਤਾਈਆਂ ਹੋਣ ਕਾਰਨ ਸੂਬੇ ਦੇ ਅਧਿਆਪਕ ਖੱਜਲ ਖ਼ੁਆਰ ਹੋ ਰਹੇ ਹਨ। ਸੰਯੁਕਤ ਅਧਿਆਪਕ ਫਰੰਟ ਦੇ ਸੂਬਾਈ ਆਗੂਆਂ ਦਿਗਵਿਜੇਪਾਲ ਸ਼ਰਮਾ, ਗੁਰਜਿੰਦਰ ਸਿੰਘ ਫਤਹਿਗੜ,ਵਿਕਾਸ ਗਰਗ,ਰਾਜਪਾਲ ਖਨੌਰੀ, ਜੋਗਿੰਦਰ ਸਿੰਘ ਵਰ੍ਹੇ ਤੇ ਯੁੱਧਜੀਤ ਸਰਾਂ ਨੇ ਦੱਸਿਆ ਕਿ ਪਹਿਲੇ,ਦੂਜੇ ਰਾਊਂਡ ਵਿੱਚ ਜੋ ਬਦਲੀਆਂ ਕੀਤੀਆਂ ਗਈਆਂ ਹਨ ਉਹਨਾਂ ਵਿੱਚ ਬਹੁਤੇ ਅਧਿਆਪਕਾਂ ਨੂੰ ਜਿਸ ਸਟੇਸ਼ਨ ‘ਤੇ ਬਦਲੀ ਹੋਈ ਹੈ, ਉੱਥੇ ਜੁਆਇਨ ਨਹੀਂ ਕਰਵਾਇਆ ਜਾ ਰਿਹਾ। ਇਸ ਸਮੱਸਿਆ ਤੋਂ ਪੀੜਤ ਅਧਿਆਪਕ ਆਪਣੇ ਪਿੱਤਰੀ ਸਟੇਸ਼ਨਾਂ ਤੋਂ ਫ਼ਾਰਗ ਹੋ ਚੁੱਕੇ ਹਨ ਤੇ ਨਵੇਂ ਬਦਲੀ ਵਾਲੇ ਸਟੇਸ਼ਨ ‘ਤੇ ਜੁਆਇਨ ਨਾ ਹੋਣ ਕਾਰਨ ਉਹ ਹਵਾ ਵਿੱਚ ਲਟਕ ਰਹੇ ਹਨ। ਪੀੜਤ ਅਧਿਆਪਕ ਚੰਡੀਗੜ ਸਿੱਖਿਆ ਵਿਭਾਗ ਦੇ ਗੇੜੇ ਮਾਰ ਹੰਭ ਚੁੱਕੇ ਹਨ ਪਰ ਉਹਨਾਂ ਦੀ ਕੋਈ ਵੀ ਸੁਣਵਾਈ ਨਹੀਂ ਹੋ ਰਹੀ। ਆਗੂਆਂ ਨੇ ਮੰਗ ਕੀਤੀ ਕਿ ਉਪਰੋਕਤ ਸਮੱਸਿਆ ਤੋਂ ਪੀੜਤ ਅਧਿਆਪਕਾਂ ਨੂੰ ਤੁਰੰਤ ਪ੍ਰਭਾਵ ਨਾਲ ਸਟੇਸ਼ਨ ਚੋਣ ਕਰਵਾਕੇ ਅਡਜਸਟਮੈਂਟ ਕੀਤੀ ਜਾਵੇ। ਬਹੁਤੇ ਸਕੂਲਾਂ ਵਿੱਚ ਖਾਲ਼ੀ ਸਟੇਸ਼ਨ ਪਏ ਹਨ ਪਰ ਉਹਨਾਂ ‘ਤੇ ਬਦਲੀ ਹੀ ਨਹੀਂ ਕੀਤੀ ਗਈ। ਇਸੇ ਤਰ੍ਹਾਂ ਬਹੁਤੇ ਅਧਿਆਪਕਾਂ ਨੇ ਬਦਲੀ ਅਪਲਾਈ ਹੀ ਨਹੀਂ ਕੀਤੀ ਪਰ ਵਿਭਾਗ ਨੇ ਉਹਨਾਂ ਦੀ ਬਦਲੀ ਕਰਕੇ ਉਹਨਾਂ ਦੂਰ-ਦੁਰਾਡੇ ਜ਼ਿਲ੍ਹਿਆਂ ਵਿੱਚ ਡਾਟਾ ਸ਼ਿਫ਼ਟ ਕਰ ਦਿੱਤਾ ਹੈ ਜੋ ਕਿ ਸਿੱਖਿਆ ਵਿਭਾਗ ਦਾ ਬੜਾ ਹੀ ਹਾਸੋਹੀਣਾ ਕਾਰਨਾਮਾ ਹੈ। ਸੂਬਾਈ ਆਗੂ ਜਸਵਿੰਦਰ ਸਿੰਘ ਬਠਿੰਡਾ, ਜਗਤਾਰ ਸਿੰਘ ਝੱਬਰ,ਅਮਨਦੀਪ ਸਿੰਘ ਖਨੌਰੀ,ਸ਼ਾਮ ਕੁਮਾਰ ਪਾਤੜਾਂ ਨੇ ਦੱਸਿਆ ਕਿ ਪ੍ਰਾਇਮਰੀ ਕਾਡਰ ਦੇ ਹੈੰਡੀਕੇਪਟ ਅਧਿਆਪਕਾਂ ਦੀਆਂ ਜ਼ਿਲ੍ਹਿਆਂ ਵਿੱਚ ਪੋਸਟਾਂ ਖਾਲ਼ੀ ਹੋਣ ਦੇ ਬਾਵਜੂਦ ਵੀ ਬਦਲੀ ਨਹੀਂ ਕੀਤੀ ਗਈ। ਹਾਲਾਂਕਿ ਸਿੱਖਿਆ ਮੰਤਰੀ ਪੰਜਾਬ ਵੱਲੋਂ ਹੈਂਡੀਕੇਪਟ ਕੇਸਾਂ ਨੂੰ ਪਹਿਲ ਦੇਣ ਦੀ ਗੱਲ ਕੀਤੀ ਸੀ। ਪਿਛਲੇ ਪੰਜ-ਛੇ ਸਾਲ ਦੇ ਲੰਬੇ ਸਮੇਂ ਤੋਂ 6060,3582 ਮਾਸਟਰ ਕੇਡਰ ਤੇ ਈ.ਟੀ.ਟੀ. 6505 ਭਰਤੀਆਂ ਦੇ ਅਧਿਆਪਕ ਤਰਨਤਾਰਨ,ਗੁਰਦਾਸਪੁਰ,ਪਠਾਨਕੋਟ,ਅੰਮ੍ਰਿਤਸਰ ਸਰਹੱਦੀ ਖੇਤਰਾਂ ਵਿੱਚ ਆਪਣੇ ਪਿੱਤਰੀ ਜ਼ਿਲ੍ਹਿਆਂ ਤੋਂ 200-250 ਕਿੱਲੋਮੀਟਰ ਦੀ ਵਿੱਥ ‘ਤੇ ਸੇਵਾਵਾਂ ਨਿਭਾ ਰਹੇ ਹਨ ਉਹਨਾਂ ਦੀ ਇਸ ਵਾਰ ਫਿਰ ਬਦਲੀ ਨਹੀਂ ਹੋਈ, ਹਾਲਾਂਕਿ ਸਿੱਖਿਆ ਮੰਤਰੀ ਵੱਲੋਂ ਦੂਰੀ ਦੇ ਨੰਬਰ ਦੇ ਕੇ ਉਹਨਾਂ ਨੂੰ ਪਹਿਲ ਦੇਣ ਦੀ ਗੱਲ ਕਹੀ ਗਈ ਸੀ। ਆਗੂਆਂ ਨੇ ਮੰਗ ਕੀਤੀ ਕਿ 200-250 ਕਿਲੋਮੀਟਰ ‘ਤੇ ਸੇਵਾਵਾਂ ਨਿਭਾ ਰਹੇ ਅਧਿਆਪਕਾਂ ਨੂੰ ਪਹਿਲ ਦੇ ਅਧਾਰ ‘ਤੇ ਵੱਖਰਾ ਮੌਕਾ ਦਿੱਤਾ ਜਾਵੇ,ਇਸ ਤੋਂ ਇਲਾਵਾ ਪ੍ਰੋਬੇਸ਼ਨ ਦੀ ਆੜ ਵਿੱਚ ਰੋਕੇ 2392 ਤੇ 3704 ਮਾਸਟਰ ਕੇਡਰ ਭਰਤੀਆਂ ਦੇ ਅਧਿਆਪਕਾਂ ਨੂੰ ਵੀ ਬਦਲੀ ਦਾ ਮੌਕਾ ਦਿੱਤਾ ਜਾਵੇ। ਹਰ ਕਿਸਮ ਦੀ ਸਟੇਅ ਦੀ ਸ਼ਰਤ ਹਟਾਕੇ ਅਧਿਆਪਕਾਂ ਦੇ ਪਿੱਤਰੀ ਜ਼ਿਲ੍ਹਿਆਂ ਵਿੱਚ ਬਦਲੀ ਕੀਤੀ ਜਾਵੇ। ਆਗੂਆਂ ਨੇ ਚੇਤਾਵਨੀ ਦਿੰਦਿਆਂ ਕਿਹਾ ਕਿ ਜੇਕਰ ਸਰਕਾਰ ਉਪਰੋਕਤ ਮੰਗਾਂ ‘ਤੇ ਗ਼ੌਰ ਨਹੀਂ ਕਰਦੀ ਤਾਂ ਪੰਜਾਬ ਸਰਕਾਰ ਖਿਲਾਫ ਤਿੱਖਾ ਸੰਘਰਸ਼ ਵਿੱਢਿਆ ਜਾਵੇਗਾ।
Share the post "ਬਦਲੀ ਹੋਣ ‘ਤੇ ਜੁਆਇਨ ਨਾ ਕਰਵਾਉਣ ਕਾਰਨ ਅਧਿਆਪਕ ਹੰਢਾ ਰਹੇ ਨੇ ਮਾਨਸਿਕ ਸੰਤਾਪ"