ਪ੍ਰਦਰਸ਼ਨ ਦੌਰਾਨ ਬਹਿਸਬਾਜੀ ਨੂੰ ਲੈ ਕੇ ਮਾਮਲਾ ਥਾਣੇ ਪੁੱਜਿਆ
ਸੁਖਜਿੰਦਰ ਮਾਨ
ਬਠਿੰਡਾ, 15 ਜੂਨ : ਸਥਾਨਕ ਸ਼ਹਿਰ ਦੇ ਬਲਰਾਜ ਨਗਰ ’ਚ ਪਿਛਲੇ ਕੁੱਝ ਦਿਨਾਂ ਤੋਂ ਸੀਵਰੇਜ ਦੇ ਗੰਦੇ ਪਾਣੀ ਦੀ ਨਿਕਾਸੀ ਨਾ ਹੋਣ ਤੋਂ ਦੁਖੀ ਇਲਾਕੇ ਦੇ ਕੌਂਸਲਰ ਵਿਕਰਮ ਕ੍ਰਾਂਤੀ ਵੱਲੋਂ ਗੰਦੇ ਪਾਣੀ ਵਿਚ ਬੈਠ ਕੇ ਅਨੌਖਾ ਰੋਸ ਪ੍ਰਦਰਸ਼ਨ ਕੀਤਾ ਗਿਆ। ਇਸ ਮੌਕੇ ਉਨ੍ਹਾਂ ਨਾਲ ਵੱਡੀ ਗਿਣਤੀ ਵਿਚ ਸਥਾਨਕ ਮਹੱਲਾ ਵਾਸੀ ਵੀ ਹਾਜ਼ਰ ਸਨ, ਜਿੰਨ੍ਹਾਂ ਦੇ ਨਾਲ ਮਿਲਕੇ ਕੋਂਸਲਰ ਨੇ ਨਗਰ ਨਿਗਮ ਅਤੇ ਸੀਵਰੇਜ ਬੋਰਡ ਖ਼ਿਲਾਫ਼ ਨਾਅਰੇਬਾਜ਼ੀ ਕਰਦਿਆਂ ਐਲਾਨ ਕੀਤਾ ਕਿ ਜੇਕਰ 15 ਦਿਨਾਂ ਵਿਚ ਗੰਦੇ ਪਾਣੀ ਦਾ ਮਸਲਾ ਹੱਲ ਨਾ ਕੀਤਾ ਗਿਆ ਤਾਂ ਉਹ ਮਰਨ ਵਰਤ ਤੇ ਬੈਠਣ ਲਈ ਮਜਬੂਰ ਹੋਣਗੇ। ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਾਂਗਰਸੀ ਕੌਂਸਲਰ ਵਿਕਰਮ ਕ੍ਰਾਂਤੀ, ਜਸੋਧਾ ਦੇਵੀ, ਜੈ ਬੀਰ ਸਿੰਘ, ਗੇਂਦਾ ਰਾਮ, ਸੁਲੇਖ ਕੁਮਾਰ ਆਦਿ ਨੇ ਦਸਿਆ ਕਿ ਮਹੱਲਾ ਵਾਸੀ ਬੀਤੇ 4 ਸਾਲਾਂ ਤਂੋ ਨਗਰ ਨਿਗਮ ਤੇ ਸੀਵਰੇਜ ਬੋਰਡ ਦੀ ਲਾਪਰਵਾਹੀ ਦੇ ਕਾਰਨ ਨਰਕ ਭਰੀ ਜ਼ਿੰਦਗੀ ਜਿਊਣ ਲਈ ਮਜਬੂਰ ਹਨ। ਉਨ੍ਹਾਂ ਦੋਸ਼ ਲਗਾਏ ਕਿ ਨਿਗਮ ਵੱਲੋਂ ਜਾਣ ਬੁਝ ਕਿ ਨੇੜੇ ਦੀ ਕੈਨਾਲ ਕਾਲੋਨੀ ਦੇ ਗੰਦੇ ਪਾਣੀ ਦੇ ਵਹਾਅ ਬਲਰਾਜ ਨਗਰ ਵੱਲ ਧੱਕਿਆ ਜਾ ਰਿਹਾ ਹੈ । ਜਦੋਂ ਮਹੱਲੇ ਦਾ ਸੀਵਰੇਜ ਪਹਿਲਾ ਹੀ ਜਾਮ ਚੱਲ ਰਿਹਾ ਹੈ। ਉਨ੍ਹਾਂ ਦਸਿਆ ਕਿ ਮਹੱਲੇ ਦੀਆਂ ਅੱਧੀ ਦਰਜਨ ਗਲੀਆਂ ਵਿਚ ਪਾਣੀ ਇਸ ਪੱਧਰ ’ਤੇ ਫੈਲ ਚੁੱਕਿਆ ਹੈ ਕਿ ਲੋਕ ਬਿਮਾਰੀਆਂ ਦਾ ਸ਼ਿਕਾਰ ਹੋ ਰਹੇ ਹਨ। ਪਰ ਨਗਰ ਨਿਗਮ ਦਫ਼ਤਰ ਨੂੰ ਵਾਰ ਵਾਰ ਮੰਗ ਪੱਤਰ ਦੇਣ ਦੇ ਬਾਵਜੂਦ ਵੀ ਕੰਨਾਂ ਦੇ ਜੂੰ ਨਹੀਂ ਸਰਕ ਰਹੀ। ਉਧਰ ਬਾਅਦ ਵਿਚ ਪਤਾ ਚੱਲਿਆ ਕਿ ਇਸ ਪ੍ਰਦਰਸ਼ਨ ਦੌਰਾਨ ਇਲਾਕੇ ਦੇ ਹੀ ਇੱਕ ਵਿਅਕਤੀ ਅਸਰਫ਼ ਨਾਲ ਕੋਂਸਲਰ ਵਿਕਰਮ ਕ੍ਰਾਂਤੀ ਦੀ ਹੋਈ ਕਥਿਤ ਬਹਿਸਬਾਜੀ ਦਾ ਮਾਮਲਾ ਥਾਣੇ ਪੁੱਜ ਗਿਆ। ਇਸ ਸਬੰਧ ਵਿਚ ਵਰਧਮਾਨ ਚੌਕੀ ਵਲੋਂ ਕੋਂਸਲਰ ਨੂੰ ਥਾਣੇ ਵਿਚ ਬੁਲਾਇਆ ਗਿਆ, ਜਿੱਥੇ ਉਸਦੇ ਵਲੋਂ ਵੀ ਸਿਕਾਇਤ ਦਿੱਤੀ ਗਈ। ਬਾਅਦ ਵਿਚ ਦੋਨਾਂ ਧਿਰਾਂ ਵਿਚਕਾਰ ਰਾਜ਼ੀਨਾਮਾ ਹੋ ਗਿਆ।
Share the post "ਬਲਰਾਜ ਨਗਰ ਵਿਚ ਸੀਵਰੇਜ ਦੇ ਪਾਣੀ ਦੀ ਸਮਸਿਆ ਨੂੰ ਲੈ ਕੇ ਕੋਂਸਲਰ ਨੇ ਕੀਤਾ ਅਨੌਖਾ ਪ੍ਰਦਰਸ਼ਨ"