ਖੇਤ ਮਜਦੂਰ ਯੂਨੀਅਨ ਵਲੋਂ ਪਰਚਾ ਦਰਜ਼ ਕਰਵਾਉਣ ਦੀ ਮੰਗ ਨੂੰ ਲੈ ਕੇ ਧਰਨਾ ਜਾਰੀ
ਕਿਸਾਨ ਯੂਨੀਅਨ ਉਗਰਾਹਾ ਨੇ ਵੀ ਹਿਮਾਇਤ ਦਾ ਕੀਤਾ ਐਲਾਨ
ਸੁਖਜਿੰਦਰ ਮਾਨ
ਬਠਿੰਡਾ, 18 ਫਰਵਰੀ : ਇੱਕ ਦਲਿਤ ਔਰਤ ਅਮਰਜੀਤ ਕੌਰ ਨੂੰ ਕਥਿਤ ਤੌਰ ’ਤੇ ਜਾਤੀ ਸੂਚਕ ਗਾਲਾਂ ਕੱਢਣ ਦੇ ਮਾਮਲੇ ਵਿਚ ਪੁਲਿਸ ਨੇ ਮਜਦੂਰਾਂ ਵਲੋਂ ਵਿੱਢੇ ਸੰਘਰਸ਼ ਤੋਂ ਬਾਅਦ ਮੁੜ ਪੜਤਾਲ ਸ਼ੁਰੂ ਕਰ ਦਿੱਤੀ ਹੈ। ਇਸ ਸਬੰਧ ਵਿਚ ਅੱਜ ਪੁਲਿਸ ਵਲੋਂ ਪੀੜਤ ਔਰਤ ਅਮਰਜੀਤ ਕੌਰ ਅਤੇ ਮੌਕੇ ਦੇ ਗਵਾਹ ਗੁਲਾਬ ਸਿੰਘ ਦੇ ਬਿਆਨ ਦਰਜ ਕੀਤੇ ਗਏ। ਇਸ ਕੇਸ ਨੂੰ ਲੈ ਕੇ ਖੇਤ ਮਜਦੂਰ ਯੂਨੀਅਨ ਵਲੋਂ ਪਿਛਲੇ ਕਈ ਦਿਨਾਂ ਤੋਂ ਮਿੰਨੀ ਸਕੱਤਰੇਤ ਅੱਗੇ ਧਰਨਾ ਲਗਾਇਆ ਹੋਇਆ ਹੈ। ਇਸਤੋਂ ਇਲਾਵਾ ਹੁਣ ਮਜਦੂਰਾਂ ਦੀ ਹਿਮਾਇਤ ਵਿਚ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾ ਨੇ ਵੀ ਆਉਣ ਦਾ ਐਲਾਨ ਕਰ ਦਿੱਤਾ ਹੈ। ਇਸ ਮਾਮਲੇ ਵਿਚ ਅੱਜ ਮਜਦੂਰ ਤੇ ਕਿਸਾਨ ਆਗੂਆਂ ਦਾ ਇੱਕ ਵਫ਼ਦ ਐਸ ਪੀ ਡੀ ਸ੍ਰੀ ਅਜੇ ਗਾਂਧੀ ਨੂੰ ਵੀ ਮਿਲਿਆ, ਜਿੰਨ੍ਹਾਂ ਇਨਸਾਫ਼ ਦੇਣ ਦਾ ਭਰੋਸਾ ਦਿੱਤਾ। ਇਸੇ ਤਰਾਂ ਬੀਤੇ ਕੱਲ ਵੀ ਪਿੰਡ ਜੀਦਾ ਦੇ ਜਗਸੀਰ ਸਿੰਘ ਦੇ ਖੇਤ ਦਾ ਪਾਣੀ ਤੇ ਰਾਹ ਰੋਕਣ ਵਾਲੇ ਕਿਸਾਨ ਨੂੰ ਵੀ ਪੁਲਿਸ ਅਧਿਕਾਰੀ ਨੇ ਬੁਲਾਕੇ ਪੜਤਾਲ ਕੀਤੀ। ਅਧਿਕਾਰੀਆਂ ਨਾਲ ਗੱਲ ਕਰਨ ਮਗਰੋਂ ਧਰਨੇ ਵਿੱਚ ਸਾਮਲ ਮਜ਼ਦੂਰਾਂ ਨੂੰ ਸਬੋਧਨ ਕਰਦੇ ਹੋਏ ਮਜ਼ਦੂਰ ਆਗੂ ਜੋਰਾ ਸਿੰਘ ਨਸਰਾਲੀ , ਮਨਦੀਪ ਸਿੰਘ ਸਿਵੀਆ ਤੇ ਕਿਸਾਨ ਆਗੂ ਜਗਸੀਰ ਸਿੰਘ ਝੁੰਬਾ ਤੇ ਗੁਲਾਬ ਸਿੰਘ ਜਿਉਂਦ ਨੇ ਪੁਲਿਸ ਪ੍ਰਸਾਸ਼ਨ ’ਤੇ ਦੋਸ਼ ਲਾਉਦਿਆਂ ਕਿਹਾ ਕਿ ਉਹ ਅਕਾਲੀ ਸਿਆਸਤਦਾਨਾਂ ਦੇ ਦਬਾਅ ਹੇਠ ਮੁਜ਼ਰਮਾਂ ਨੂੰ ਹੱਥ ਪਾਉਣ ਤੋਂ ਬਚਿਆ ਜਾ ਰਿਹਾ ਹੈ। ਉਨ੍ਹਾਂ ਹਲਕੇ ਦੇ ਵਿਧਾਇਕ ਮਾਸਟਰ ਜਗਸੀਰ ਸਿੰਘ ਉਪਰ ਵੀ ਪੀੜਤ ਪਰਿਵਾਰ ਦੀ ਸਹਾਇਤਾ ਕਰਨ ਦੀ ਬਜਾਏ ਮੂਕ ਦਰਸ਼ਕ ਬਣਨ ਦਾ ਦੋਸ਼ ਲਗਾਇਆ। ਇਸ ਦੌਰਾਨ 20 ਫਰਵਰੀ ਨੂੰ ਵੱਡਾ ਇਕੱਠ ਕਰਨ ਦਾ ਵੀ ਫੈਸਲਾ ਲਿਆ ਗਿਆ। ਇਸ ਮੌਕੇ ਨਛੱਤਰ ਸਿੰਘ ਚੱਠੇਵਾਲਾ , ਬਿੱਕਰ ਸਿੰਘ ਚਨਾਰਥਲ , ਚੰਨਾ ਸਿੰਘ ਜਿਉਦ ਤੇ ਬਸੰਤ ਸਿੰਘ ਕੋਠਾ ਗੁਰੂ ਨੇ ਵੀ ਸਬੋਧਨ ਕੀਤਾ ।
Share the post "ਮਜ਼ਦੂਰ ਵਿਰੁਧ ਜਾਤੀ ਸੂਚਕ ਸਬਦ ਬੋਲਣ ਦੇ ਮਾਮਲੇ ਵਿਚ ਪੁਲਿਸ ਵਲੋਂ ਮੁੜ ਪੜਤਾਲ ਸੁਰੂ"