ਸੁਖਜਿੰਦਰ ਮਾਨ
ਬਠਿੰਡਾ,14 ਫ਼ਰਵਰੀ: ਖੇਤੀ ਵਿਰੋਧੀ ਤਿੰਨੇ ਕਾਲੇ ਕਾਨੂੰਨ ਵਾਪਸ ਲੈਣ ਮੌਕੇ ਮੋਦੀ ਸਰਕਾਰ ਵੱਲੋਂ ਸੰਯੁਕਤ ਕਿਸਾਨ ਮੋਰਚੇ ਨੂੰ ਬਾਕੀ ਰਹਿੰਦੀਆਂ ਮੰਗਾਂ ਜਲਦੀ ਪੂਰੀਆਂ ਕਰਨ ਦੇ ਦਿੱਤੇ ਭਰੋਸੇ ਦੇ ਉਲਟ ਲਖੀਮਪੁਰ (ਯੂਪੀ ) ਕਾਂਡ ਦੇ ਕਥਿਤ ਦੋਸ਼ੀ ਨੂੰ ਪੁਲਿਸ ਦੀ ਢਿੱਲੀ ਕਾਰਵਾਈ ਦੇ ਚੱਲਦਿਆਂ ਮਿਲੀ ਜਮਾਨਤ ਦੇ ਵਿਰੋਧ ਵਿਚ ਅੱਜ ਵੱਖ ਵੱਖ ਥਾਵਾਂ ’ਤੇ ਕਿਸਾਨਾਂ ਵਲੋਂ ਸਰਕਾਰ ਦੇ ਪੁਤਲੇ ਫ਼ੂਕੇ ਗਏ। ਕਿਸਾਨ ਆਗੂਆਂ ਨੇ ਦੋਸ਼ ਲਗਾਇਆ ਕਿ ਉਕਤ ਕਾਂਡ ’ਚ ਸਿੱਧੇ ਤੌਰ ’ਤੇ ਜਿੰਮੇਵਾਰ ਕੇਂਦਰੀ ਰਾਜ ਮੰਤਰੀ ਅਜੈ ਮਿਸ਼ਰਾ ਦੇ ਬੇਟੇ ਅਸ਼ੀਸ਼ ਮਿਸ਼ਰਾ ਜੋ ਚਾਰ ਕਿਸਾਨਾਂ ਸਮੇਤ ਪੰਜ ਲੋਕਾਂ ’ਤੇ ਸਿੱਧੀ ਗੱਡੀ ਚੜ੍ਹਾ ਕੇ ਉਨ੍ਹਾਂ ਦੇ ਕਤਲ ਦਾ ਦੋਸ਼ੀ ਹੈ, ਨੂੰ ਭਾਜਪਾ ਸਰਕਾਰ ਦੀ ਸ਼ਹਿ ਹੋਣ ’ਤੇ ਪੁਲੀਸ ਵੱਲੋਂ ਵਰਤੀ ਗਈ ਢਿੱਲੀ ਕਾਰਵਾਈ ਕਾਰਨ ਅਦਾਲਤ ਚੋਂ ਜਮਾਨਤ ਮਿਲ ਗਈ। ਅੱਜ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਜ਼ਿਲ੍ਹਾ ਇਕਾਈ ਵਲੋਂ ਜ਼ਿਲ੍ਹੇ ਦੇ 79 ਪਿੰਡਾਂ ਵਿਚ ਕੇਂਦਰ ਦੀ ਮੋਦੀ ਸਰਕਾਰ ਦੀਆਂ ਅਰਥੀਆਂ ਸਾੜੀਆਂ। ਅੱਜ ਦੇ ਇਕੱਠਾਂ ਨੂੰ ਸੰਬੋਧਨ ਕਰਦਿਆਂ ਜ਼ਿਲ੍ਹਾ ਪ੍ਰਧਾਨ ਸ਼ਿੰਗਾਰਾ ਸਿੰਘ ਮਾਨ, ਮੋਠੂ ਸਿੰਘ ਕੋਟੜਾ, ਬਸੰਤ ਸਿੰਘ ਕੋਠਾ ਗੁਰੂ, ਦਰਸ਼ਨ ਸਿੰਘ ਮਾਈਸਰਖਾਨਾ ,ਜਗਸੀਰ ਸਿੰਘ ਝੁੰਬਾ, ਜਗਦੇਵ ਸਿੰਘ ਜੋਗੇਵਾਲਾ ਅਤੇ ਔਰਤ ਜੱਥੇਬੰਦੀ ਦੇ ਸੂਬਾ ਆਗੂ ਹਰਿੰਦਰ ਕੌਰ ਬਿੰਦੂ ,ਪਰਮਜੀਤ ਕੌਰ ਪਿੱਥੋ ,ਹਰਪ੍ਰੀਤ ਕੌਰ ਜੇਠੂਕੇ ਅਤੇ ਪਰਮੀਤ ਕੌਰ ਕੋਟੜਾ ਨੇ ਕਿਹਾ ਕਿ ਕੇਂਦਰ ਸਰਕਾਰ ਵੱਲੋਂ ਲਿਆਂਦੇ ਤਿੰਨ ਖੇਤੀ ਵਿਰੋਧੀ ਕਾਲੇ ਕਾਨੂੰਨ ,ਬਿਜਲੀ ਸੋਧ ਬਿੱਲ 2020 ਅਤੇ ਵਾਤਾਵਰਣ ਰੱਖਿਆ ਹੇਠ ਕਿਸਾਨਾਂ ਨੂੰ ਪਰਾਲੀ ਸਾੜਨ ਤੇ ਕਰੋੜਾਂ ਰੁਪਏ ਦੇ ਜੁਰਮਾਨੇ ਅਤੇ ਸਜ਼ਾਵਾਂ ਸਬੰਧੀ ਕਾਨੂੰਨ ਨੂੰ ਰੱਦ ਕਰਵਾਉਣ ਲਈ ਦਿੱਲੀ ਦੇ ਸਰਹੱਦਾਂ ਤੇ ਇਕ ਸਾਲ ਤੋਂ ਵੀ ਵੱਧ ਸਮੇਂ ਤੱਕ ਚੱਲੇ ਦੇਸ਼ ਦੇ ਕਿਸਾਨਾਂ ਦੇ ਅੰਦੋਲਨ ਜਿਸ ਵਿਚ ਦੇਸ਼ ਦੇ ਲਗਪਗ ਸੱਤ ਸੌ ਤੋਂ ਜਿਆਦਾ ਕਿਸਾਨ ਸ਼ਹੀਦ ਹੋ ਚੁੱਕੇ ਹਨ, ਦੇ ਦਬਾਅ ਸਦਕਾ ਪ੍ਰਧਾਨਮੰਤਰੀ ਵੱਲੋਂ 19 ਨਵੰਬਰ 2021 ਨੂੰ ਕਾਲੇ ਕਾਨੂੰਨ ਰੱਦ ਕਰ ਦਿੱਤੇ ਸਨ। ਇਸ ਤੋਂ ਬਿਨਾਂ 9 ਦਸੰਬਰ 2021 ਨੂੰ ਖੇਤੀ ਅਤੇ ਕਿਸਾਨ ਭਲਾਈ ਮੰਤਰਾਲੇ ਦੇ ਸਕੱਤਰ ਸੰਜੇ ਅਗਰਵਾਲ ਦੇ ਦਸਤਖ਼ਤਾਂ ਹੇਠ ਕਿਸਾਨਾਂ ਦੀਆਂ ਰਹਿੰਦੀਆਂ ਮੰਗਾਂ ਅਤੇ ਅੰਦੋਲਨ ਦੌਰਾਨ ਉੱਭਰੀਆਂ ਮੰਗਾਂ ਨੂੰ ਲਾਗੂ ਕਰਨ ਦਾ ਲਿਖਤੀ ਭਰੋਸਾ ਵੀ ਦਿੱਤਾ ਸੀ ਪ੍ਰੰਤੂ ਹੁਣ ਸਰਕਾਰ ਇੰਨ੍ਹਾਂ ਮੰਗਾਂ ਪੂਰੀਆਂ ਕਰਨ ਤੋਂ ਭੱਜ ਰਹੀ ਹੈ।
ਮੋਦੀ ਸਰਕਾਰ ਦੀ ਵਾਅਦਾਖਿਲਾਫ਼ੀ ਵਿਰੁਧ ਉਗਰਾਹਾ ਜਥੇਬੰਦੀ ਨੇ ਫ਼ੂਕੇ ਪੁਤਲੇ
14 Views