11 Views
ਸੁਖਜਿੰਦਰ ਮਾਨ
ਬਠਿੰਡਾ, 12 ਅਪਰੈਲ: ਮੌਜੂਦਾ ਸਰਕਾਰ ਸਿੱਖਿਆ ਅਤੇ ਸਿਹਤ ਦੇ ਏਜੰਡੇ ਨੂੰ ਲੈ ਕੇ ਹੋਂਦ ਵਿੱਚ ਆਈ ਸੀ ਪਰੰਤੂ ਅਪਰੈਲ ਮਹੀਨੇ ਦਾ ਲਗਪਗ ਅੱਧ ਬੀਤ ਜਾਣ ‘ਤੇ ਵੀ ਸਰਕਾਰੀ ਸਕੂਲਾਂ ਵਿੱਚ ਪੜ੍ਹ ਰਹੇ ਵਿਦਿਆਰਥੀਆਂ ਨੂੰ ਸਿੱਖਿਆ ਵਿਭਾਗ ਪੰਜਾਬ ਸਰਕਾਰ ਕਿਤਾਬਾਂ ਮੁਹੱਈਆ ਨਹੀਂ ਕਰਵਾ ਸਕਿਆ।ਸਮੇਂ ਸਿਰ ਵਿਦਿਆਰਥੀਆਂ ਨੂੰ ਕਿਤਾਬਾਂ ਨਾ ਮਿਲਣ ਕਾਰਨ ਸਰਕਾਰੀ ਸਕੂਲਾਂ ਵਿੱਚ ਨਵੇਂ ਦਾਖ਼ਲੇ ਪ੍ਰਭਾਵਿਤ ਹੋ ਰਹੇ ਹਨ ।ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਅਧਿਆਪਕਾਂ ਦੀ ਪ੍ਰਤੀਨਿਧ ਜਥੇਬੰਦੀ ਡੈਮੋਕਰੈਟਿਕ ਟੀਚਰਜ਼ ਫਰੰਟ ਪੰਜਾਬ ਦੇ ਸੂਬਾ ਪ੍ਰਧਾਨ ਦਿਗਵਿਜੈਪਾਲ ਸ਼ਰਮਾ ਤੇ ਸਕੱਤਰ ਸਰਵਣ ਸਿੰਘ ਔਜਲਾ ਨੇ ਕੀਤੀ ।ਸੂਬਾ ਵਿੱਤ ਸਕੱਤਰ ਜਸਵਿੰਦਰ ਸਿੰਘ ਬਠਿੰਡਾ ਸੂਬਾ ਕਮੇਟੀ ਮੈਂਬਰ ਨਵ ਚਰਨਪਰੀਤ ਨੇ ਕਿਹਾ ਕਿ ਚੋਣਾਂ ਸਮੇਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਨੌਜਵਾਨਾਂ ਹੱਥੋਂ ਟੀਕੇ ਖੋਹ ਕੇ ਟਿਫਨ ਫੜਾਉਣ ਦਾ ਵਾਇਦਾ ਕੀਤਾ ਸੀ ।ਇਹ ਤਾਂ ਹੀ ਸੰਭਵ ਹੋ ਸਕਦਾ ਹੈ ਜੇਕਰ ਸਰਕਾਰ ਸਕੂਲੀ ਸਿੱਖਿਆ ਨੂੰ ਮਜ਼ਬੂਤ ਕਰੇ।ਇਸ ਲਈ ਸਰਕਾਰ ਨਵੇਂ ਵਿੱਦਿਅਕ ਸੈਸ਼ਨ ਸ਼ੁਰੂ ਹੋਣ ਤੋਂ ਪਹਿਲਾਂ ਸਕੂਲਾਂ ਵਿੱਚ ਸਾਰੇ ਵਿਦਿਆਰਥੀਆਂ ਤਕ ਪਹੁੰਚਦੀ ਕਰ ਦਿੰਦੀ।ਪਿਛਲੇ ਸੈਸ਼ਨ ਦੌਰਾਨ ਵਿੱਦਿਅਕ ਸੈਸ਼ਨ ਸ਼ੁਰੂ ਹੋਣ ਦੇ ਪਹਿਲੇ ਹਫ਼ਤੇ ਵਿੱਚ ਕਈ ਵਿਸ਼ਿਆਂ ਦੀਆਂ ਕਿਤਾਬਾਂ ਬੱਚਿਆਂ ਨੂੰ ਵਿਭਾਗ ਵੱਲੋਂ ਉਪਲੱਬਧ ਹੋ ਜਾਂਦੀਆਂ ਸਨ ਪਰ ਇਹ ਇਸ ਵਾਰ ਸੰਭਵ ਨਹੀਂ ਹੋ ਸਕਿਆ ।ਬਠਿੰਡਾ ਜ਼ਿਲ੍ਹੇ ਦੇ ਪ੍ਰਧਾਨ ਰੇਸ਼ਮ ਸਿੰਘ ਸਕੱਤਰ ਬਲਜਿੰਦਰ ਸਿੰਘ ਅਤੇ ਵਿੱਤ ਸਕੱਤਰ ਅਨਿਲ ਭੱਟ ਨੇ ਕਿਹਾ ਕਿ ਪੰਜਵੀੰ ਅੱਠਵੀਂ ਅਤੇ ਦਸਵੀਂ ਦੀਆਂ ਬੋਰਡ ਪ੍ਰੀਖਿਆਵਾਂ ਲੇਟ ਹੋਣ ਕਾਰਨ ਪੁਰਾਣੇ ਵਿਦਿਆਰਥੀਆਂ ਤੋਂ ਕਿਤਾਬਾਂ ਸਕੂਲ ਵਿੱਚ ਜਮ੍ਹਾਂ ਨਹੀਂ ਕਰਵਾਈਆਂ ਜਾ ਸਕਦੀਆਂ ।ਜਿਸ ਕਰਕੇ ਨਵੇਂ ਸੈਸ਼ਨ ਦੀਆਂ ਬੋਰਡ ਦੀਆਂ ਕਲਾਸਾਂ ਦੇ ਵਿਦਿਆਰਥੀਆਂ ਨੂੰ ਸਕੂਲ ਅਧਿਆਪਕਾਂ ਵੱਲੋਂ ਪੁਰਾਣੀਆਂ ਕਿਤਾਬਾਂ ਵੀ ਮੁਹੱਈਆ ਕਰਵਾਉਣੀਆਂ ਅਸੰਭਵ ਹੋਣ ਕਾਰਨ ਵਿਦਿਆਰਥੀਆਂ ਦੇ ਨਵੇਂ ਸੈਸ਼ਨ ਦੇ ਮੁੱਢ ਵਿੱਚ ਹੀ ਪੜ੍ਹਾਈ ਪ੍ਰਭਾਵਿਤ ਹੋ ਰਹੀ ਹੈ ।ਡੈਮੋਕਰੈਟਿਕ ਟੀਚਰਜ਼ ਫਰੰਟ ਪੰਜਾਬ ਨੇ ਸਿੱਖਿਆ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ ਤੋਂ ਮੰਗ ਕੀਤੀ ਕਿ ਪਹਿਲ ਦੇ ਆਧਾਰ ਤੇ ਪੰਜਾਬ ਦੇ ਸਰਕਾਰੀ ਸਕੂਲਾਂ ਵਿੱਚ ਪੜ੍ਹਦੇ ਵਿਦਿਆਰਥੀਆਂ ਨੂੰ ਸਮੇਂ ਸਿਰ ਸਾਰੇ ਵਿਸ਼ਿਆਂ ਦੀਆਂ ਕਿਤਾਬਾਂ ਮੁਹੱਈਆ ਕਰਵਾਈਆਂ ਜਾਣ ਤਾਂ ਜੋ ਵਿਦਿਆਰਥੀ ਨਵੇਂ ਸੈਸ਼ਨ ਦੇ ਸ਼ੁਰੂ ਤੋਂ ਵਧੀਆ ਢੰਗ ਨਾਲ ਆਪਣੀ ਪਡ਼੍ਹਾਈ ਸ਼ੁਰੂ ਕਰ ਸਕਣ ।ਜਥੇਬੰਦੀ ਨੇ ਸਰਕਾਰ ਤੋਂ ਵਿਦਿਆਰਥੀਆਂ ਲਈ ਇਸ ਸੈਸ਼ਨ ਵਿੱਚ ਵਰਦੀਆਂ ਵੀ ਜਲਦੀ ਤੋਂ ਜਲਦੀ ਮੁਹੱਈਆ ਕਰਵਾਉਣ ਦੀ ਮੰਗ ਕੀਤੀ ।
Share the post "ਵਿਦਿਆਰਥੀਆਂ ਨੂੰ ਹੁਣ ਤੱਕ ਕਿਤਾਬਾਂ ਮੁਹੱਈਆ ਨਹੀਂ ਕਰਵਾ ਸਕੀ ਆਪ ਸਰਕਾਰ : ਡੀ ਟੀ ਐੱਫ"