ਨੁੱਕੜ ਨਾਟਕਾਂ ਰਾਹੀਂ ਵਾਤਾਵਰਣ ਨੂੰ ਸੰਭਾਲਣ ਸਬੰਧੀ ਪਾਇਆ ਗਿਆ ਚਾਨਣਾ
ਸੁਖਜਿੰਦਰ ਮਾਨ
ਬਠਿੰਡਾ, 1 ਅਪ੍ਰੈਲ : ਭਾਸ਼ਾ ਵਿਭਾਗ ਪੰਜਾਬ ਦੇ ਸਥਾਨਕ ਦਫ਼ਤਰ ਵੱਲੋਂ ਵਿਸ਼ਵ ਰੰਗਮੰਚ ਦਿਵਸ ਮਨਾਉਂਦੇ ਹੋਏ ਪਿਛਲੇ ਚਾਰ ਦਿਨਾਂ ਤੋਂ ਲਗਾਤਾਰ ਨਾਟਿਅਮ ਥੀਏਟਰ ਗਰੁੱਪ ਦੇ ਸਹਿਯੋਗ ਨਾਲ ਜ਼ਿਲ੍ਹੇ ਦੇ ਵੱਖ-ਵੱਖ ਪਿੰਡਾਂ ਵਿਚ ਨੁੱਕੜ ਨਾਟਕ ’ਵਾਤਾਵਰਣ ਦੀ ਕਰੀਏ ਸੰਭਾਲ’ ਦੀਆਂ ਪੇਸ਼ਕਾਰੀਆਂ ਕੀਤੀਆਂ ਗਈਆਂ। ਇਸ ਸਬੰਧੀ ਜਾਣਕਾਰੀ ਦਿੰਦਿਆਂ ਜ਼ਿਲ੍ਹਾ ਭਾਸ਼ਾ ਅਫ਼ਸਰ ਕੀਰਤੀ ਕਿਰਪਾਲ ਨੇ ਦੱਸਿਆ ਕਿ ਸ਼ਮਿੰਦਰ ਸੰਨੀ ਦੁਆਰਾ ਲਿਖੇ ਨੁੱਕੜ ਨਾਟਕ ’ਵਾਤਾਵਰਣ ਦੀ ਕਰੀਏ ਸੰਭਾਲ’ ਨੂੰ ਪਹਿਲੇ ਦਿਨ ਸਪੋਰਟਕਿੰਗ ਫੈਕਟਰੀ ਜੀਦਾ ਵਿਖੇ ਖੇਡਿਆ ਗਿਆ। ਇਸ ਨਾਟਕ ਵਿੱਚ ਵਾਤਾਵਰਣ ਨੂੰ ਸੰਭਾਲਣ ਲਈ ਸਾਨੂੰ ਸਭ ਨੂੰ ਸਾਂਝਾ ਉੱਦਮ ਕਰਨ ਦੀ ਜ਼ਰੂਰਤ ਹੈ ਬਾਰੇ ਚਾਨਣਾ ਪਾਇਆ ਗਿਆ। ਨਾਟਕ ਦੀ ਪੇਸ਼ਕਾਰੀ ਦੌਰਾਨ ਐਮ.ਡੀ.ਸਪੋਰਟਕਿੰਗ ਕੈਪਟਨ ਰਾਜੀਵ ਕੁਮਾਰ ਸਮੇਤ ਫੈਕਟਰੀ ਦੇ ਹੋਰ ਅਹੁਦੇਦਾਰ ਤੇ ਸਟਾਫ਼ ਮੈਂਬਰ ਮੌਜੂਦ ਰਹੇ। ਦੂਸਰੇ ਦਿਨ ਨੁੱਕੜ ਨਾਟਕ ਦੀ ਪੇਸ਼ਕਾਰੀ ਸਥਾਨਕ ਮੈਰੀਟੋਰੀਅਸ ਸਕੂਲ ਵਿਖੇ ਕੀਤੀ ਗਈ, ਜਿੱਥੇ ਮਹਾਰਾਜਾ ਰਣਜੀਤ ਸਿੰਘ ਤਕਨੀਕੀ ਯੂਨੀਵਰਸਿਟੀ ਤੋਂ ਰਜਿਸਟਰਾਰ ਡਾ.ਜੀ.ਪੀ.ਐਸ. ਬਰਾੜ , ਪ੍ਰੋਫੈਸਰ ਵਿਵੇਕ ਕੌਂਡਲ, ਸਕੂਲ ਪ੍ਰਿੰਸੀਪਲ ਅਤੇ ਸਮੂਹ ਸਟਾਫ ਹਾਜ਼ਰ ਸਨ । ਇਸੇ ਤਰ੍ਹਾਂ ਹੀ ਤੀਜੇ ਦਿਨ ਨੁੱਕੜ ਨਾਟਕ ਦਾ ਕਾਫ਼ਲਾ ਪਿੰਡ ਘੁੱਦਾ ਪਹੁੰਚਿਆ, ਜਿੱਥੋਂ ਸਰਕਾਰੀ ਸਕੂਲ ਦੇ ਵਿਦਿਆਰਥੀਆਂ ਨੂੰ ਨਾਲ ਲੈ ਕੇ ਪਿੰਡ ਦੀ ਸਾਂਝੀ ਥਾਂ ‘ਤੇ ਨਾਟਕ ਦੀ ਪੇਸ਼ਕਾਰੀ ਕੀਤੀ ਗਈ। ਇਸ ਮੌਕੇ ਲੈਕਚਰਾਰ ਕੁਲਵਿੰਦਰ ਸਿੰਘ, ਐਸ.ਐਮ.ਸੀ. ਚੇਅਰਮੈਨ, ਵਿਦਿਆਰਥੀ ਅਤੇ ਪਿੰਡ ਦੇ ਪਤਵੰਤੇ ਸੱਜਣ ਹਾਜ਼ਰ ਸਨ। ਪ੍ਰੋਗਰਾਮ ਦੇ ਚੌਥੇ ਤੇ ਆਖ਼ਰੀ ਦਿਨ ਨੁੱਕੜ ਨਾਟਕ ਦੀ ਪੇਸ਼ਕਾਰੀ ਪਿੰਡ ਨਰੂਆਣਾ ਵਿਖੇ ਕੀਤੀ ਗਈ, ਜਿੱਥੇ ਪਿੰਡ ਦੇ ਸਰਪੰਚ, ਪੰਚਾਇਤ ਮੈਂਬਰ, ਪਤਵੰਤੇ ਸੱਜਣ ਅਤੇ ਮਹਾਰਾਜਾ ਰਣਜੀਤ ਸਿੰਘ ਤਕਨੀਕੀ ਯੂਨੀਵਰਸਿਟੀ ਦੀ ਟੀਮ ਵੀ ਮੌਜੂਦ ਸੀ। ਇਸ ਚਾਰ ਰੋਜ਼ਾ ਸਮਾਗਮ ਦੌਰਾਨ ਖੇਡੇ ਨੁੱਕੜ ਨਾਟਕ ਵਿੱਚ ਨਾਟਿਅਮ ਥੀਏਟਰ ਗਰੁੱਪ ਦੇ ਕਲਾਕਾਰਾਂ ਦੀ ਬਾਕਮਾਲ ਪੇਸ਼ਕਾਰੀ ਦੀ ਖੂਬ ਪ੍ਰਸ਼ੰਸਾ ਕੀਤੀ ਗਈ।
Share the post "ਵਿਸ਼ਵ ਰੰਗਮੰਚ ਦਿਵਸ ਨੂੰ ਸਮਰਪਿਤ ਚਾਰ ਦਿਨ ਲਗਾਤਾਰ ਕੀਤੀਆਂ ਨੁੱਕੜ ਨਾਟਕ ਦੀਆਂ ਪੇਸ਼ਕਾਰੀਆਂ"