14 Views
ਧਾਮੀ ਨੂੰ 118 ਤੇ ਸੰਤ ਘੁੰਨਸ ਨੂੰ ਮਿਲੀਆਂ ਸਿਰਫ਼ 17 ਵੋਟਾਂ
ਸ੍ਰੀ ਅੰਮ੍ਰਿਤਸਰ ਸਾਹਿਬ, 8 ਨਵੰਬਰ: ਸਿੱਖਾਂ ਦੀ ਮਿੰਨੀ ਪਾਰਲੀਮੈਂਟ ਵਜੋਂ ਜਾਣੀ ਜਾਂਦੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸ਼੍ਰੀ ਅੰਮ੍ਰਿਤਸਰ ਸਾਹਿਬ ਦੇ ਅਗਲੇ ਜਨਰਲ ਹਾਊਸ ਦੀ ਹੋਈ ਅੱਜ ਨਵੀਂ ਚੋਣ ਵਿੱਚ ਮੌਜੂਦਾ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਨੂੰ ਕਮੇਟੀ ਮੈਂਬਰਾਂ ਨੇ ਮੁੜ ਪ੍ਰਧਾਨ ਦੀ ਜਿੰਮੇਵਾਰੀ ਦੇ ਦਿੱਤੀ ਹੈ। ਸ਼੍ਰੋਮਣੀ ਅਕਾਲੀ ਦਲ ਵੱਲੋਂ ਹਰਜਿੰਦਰ ਸਿੰਘ ਧਾਮੀ ਅਤੇ ਵਿਰੋਧੀ ਅਕਾਲੀ ਦਲਾਂ ਵੱਲੋਂ ਸੰਤ ਬਲਵੀਰ ਸਿੰਘ ਘੁੰਨਸ ਨੂੰ ਉਮੀਦਵਾਰ ਬਣਾਇਆ ਹੋਇਆ ਸੀ।
ਚੋਣ ਨਤੀਜੇ ਮੁਤਾਬਕ ਪ੍ਰਧਾਨ ਧਾਮੀ ਨੂੰ 118 ਅਤੇ ਸੰਤ ਘੁੰਨਸ ਨੂੰ ਸਿਰਫ 17 ਵੋਟਾਂ ਹੀ ਮਿਲੀਆਂ। ਹਾਲਾਂਕਿ ਪਿਛਲੇ ਸਾਲ ਜਨਰਲ ਹਾਊਸ ਦੀ ਹੋਈ ਚੋਣ ਵਿੱਚ ਹਰਜਿੰਦਰ ਸਿੰਘ ਧਾਮੀ ਦੇ ਮੁਕਾਬਲੇ ਆਈ ਸਾਬਕਾ ਪ੍ਰਧਾਨ ਬੀਬੀ ਜਗੀਰ ਕੌਰ ਕਰੀਬ 40 ਵੋਟਾਂ ਲੈਣ ਵਿੱਚ ਸਫਲ ਰਹੀ ਸੀ। ਇਸ ਵਾਰ ਵੀ ਬੀਬੀ ਜਗੀਰ ਕੌਰ ਤੋਂ ਇਲਾਵਾ ਸੁਖਦੇਵ ਸਿੰਘ ਢੀਢਸਾ ਅਤੇ ਦੂਜੇ ਧੜੇ ਸੰਤ ਘੁੰਨਸ ਦੇ ਪਿੱਛੇ ਖੜੇ ਹੋਏ ਸਨ। ਜਿਨਾਂ ਨੇ ਸਮੂਹ ਪੰਥਕ ਧਿਰਾਂ ਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਬਾਦਲ ਪਰਿਵਾਰ ਦੇ ਕਬਜ਼ੇ ਵਿੱਚੋਂ ਕੱਢਣ ਲਈ ਸੰਤ ਘੁੰਨਸ ਨੂੰ ਵੋਟਾਂ ਪਾਉਣ ਦੀ ਅਪੀਲ ਕੀਤੀ ਸੀ।
ਅੱਜ ਤੇਜਾ ਸਿੰਘ ਸਮੁੰਦਰੀ ਹਾਲ ਵਿੱਚ ਹੋਈ ਚੋਣ ਦੌਰਾਨ ਇਸ ਦਾ ਫੈਸਲਾ ਲਿਆ ਗਿਆ। ਦੱਸਣਾ ਬਣਦਾ ਹੈ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸ਼੍ਰੀ ਅੰਮ੍ਰਿਤਸਰ ਸਾਹਿਬ ਦੀਆਂ ਚੋਣਾਂ ਨੂੰ ਲੈ ਕੇ ਵੀ ਤਿਆਰੀਆਂ ਚੱਲ ਰਹੀਆਂ ਹਨ। ਇਸ ਸਬੰਧ ਵਿੱਚ ਕੇਂਦਰ ਸਰਕਾਰ ਵੱਲੋਂ ਗੁਰਦੁਆਰਾ ਚੋਣ ਕਮਿਸ਼ਨਰ ਦੀ ਵੀ ਨਿਯੁਕਤੀ ਕੀਤੀ ਜਾ ਚੁੱਕੀ ਹੈ ਅਤੇ ਹੇਠਲੇ ਪੱਧਰ ਤੇ ਵੋਟਾਂ ਬਣਾਈਆਂ ਜਾ ਰਹੀਆਂ ਹਨ। ਪਿਛਲੇ ਕਾਫੀ ਲੰਬੇ ਸਮੇਂ ਤੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸ਼੍ਰੀ ਅੰਮ੍ਰਿਤਸਰ ਸਾਹਿਬ ਉੱਪਰ ਅਕਾਲੀ ਦਲ ਬਾਦਲ ਦਾ ਦਬਦਬਾ ਚੱਲਿਆ ਆ ਰਿਹਾ ਹੈ।