ਸ਼ਾਮਲਾਟ ਜਮੀਨਾਂ ’ਤੇ ਕਾਬਜ਼ ਤੇ ਨਿਗਮ ਦੇ ਕਿਰਾਏਦਾਰਾਂ ਨੂੰ ਮਿਲੇਗੀ ਦੁਕਾਨਾਂ ਦੀ ਮਾਲਕੀ
ਸੁਖਜਿੰਦਰ ਮਾਨ
ਬਠਿੰਡਾ, 27 ਅਸਗਤ –ਕਰੀਬ ਅੱਠ ਸਾਲਾਂ ਬਾਅਦ ਸਥਾਨਕ ਨਗਰ ਨਿਗਮ ਦੀ ਹੱਦ ਵਧਾਉਣ ਦੀਆਂ ਤਿਆਰੀਆਂ ਸ਼ੁਰੂ ਹੋ ਗਈਆਂ ਹਨ। ਮੌਜੂਦਾ ਸਮੇਂ ਨਿਗਮ ਦੀ ਹੱਦ ਮਾਨਸਾ ਰੋਡ ’ਤੇ ਜੱਸੀ ਚੌਕ, ਫ਼ਰੀਦਕੋਟ ਰੋਡ ’ਤੇ ਪਿੰਡ ਗਿੱਲਪਤੀ, ਬਾਦਲ-ਡੱਬਵਾਲੀ ਰੋਡ ’ਤੇ ਗਿਆਨੀ ਜੈਲ ਸਿੰਘ ਕਾਲਜ਼ ਅਤੇ ਮਲੋਟ-ਮੁਕਤਸਰ ਰੋਡ ਉਪਰ ਰਿੰਗ ਰੋਡ ਤੱਕ ਫੈਲੀ ਹੋਈ ਹੈ। ਨਿਗਮ ਹਾਊਸ ਵਿਚ ਅੱਜ ਇਸ ਫੈਸਲੇ ਨੂੰ ਲਾਗੂ ਕਰਨ ਲਈ ਕਮੇਟੀ ਬਣਾਉਣ ਦਾ ਐਲਾਨ ਕੀਤਾ ਗਿਆ। ਨਵੀਂ ਬਣਨ ਵਾਲੀ ਕਮੇਟੀ ਨਿਗਮ ਦਾ ਖੇਤਰ ਵਧਾਉਣ ਲਈ ਫੈਸਲਾ ਲਵੇਗੀ। ਜਿਕਰਯੋਗ ਹੈ ਕਿ ਇਸਤੋਂ ਪਹਿਲਾਂ ਸਾਬਕਾ ਮੇਅਰ ਬਲਜੀਤ ਸਿੰਘ ਬੀੜ ਬਹਿਮਣ ਦੀ ਅਗਵਾਈ ਵਾਲੀ ਹਾਊਸ ਵਲੋਂ ਸਾਲ 2013 ਵਿਚ ਨਿਗਮ ਦੀ ਹੱਦ ਵਿਚ ਵਾਧਾ ਕੀਤਾ ਗਿਆ ਸੀ। ਉਜ ਇਸ ਨਵੇਂ ਹਾਊਸ ਦੇ ਗਠਨ ਤੋਂ ਐਨ ਪਹਿਲਾਂ ਬਠਿੰਡਾ ਦੇ ਬੰਦ ਕੀਤੇ ਥਰਮਲ ਦੀ ਜਮੀਨ ਨੂੰ ਇਸਦੀ ਹੱਦ ਵਿਚੋਂ ਕੱਢਿਆ ਗਿਆ ਸੀ। ਉਧਰ ਅੱਜ ਨਿਗਮ ਦੇ ਜਨਰਲ ਹਾਉੂਸ ਦੀ ਹੋਈ ਮੀਟਿੰਗ ਵਿਚ ਪੰਜਾਬ ਸਰਕਾਰ ਦੀਆਂ ਹਿਦਾਇਤਾਂ ’ਤੇ ਨਿਗਮ ਦੀਆਂ ਦੁਕਾਨਾਂ ਦੇ ਕਿਰਾਏਦਾਰਾਂ ਨੂੰ ਮਾਲਕੀ ਹੱਕ ਦੇਣ ਦੀ ਵੀ ਹਰੀ ਝੰਡੀ ਦੇ ਦਿੱਤੀ ਗਈ। ਨਿਗਮ ਦੀਆਂ ਮੌਜੂਦਾ ਸਮੇਂ 403 ਦੁਕਾਨਾਂ-ਵਪਾਰਕ ਸਥਾਨ ਕਿਰਾਏ ਉਪਰ ਹਨ। ਨਿਯਮਾਂ ਤਹਿਤ 12 ਸਾਲਾਂ ਤੋਂ ਕਾਬਜ਼ ਦੁਕਾਨਦਾਰਾਂ ਨੂੰ ਕੁਲੈਕਟਰ ਰੇਟਾਂ ਉਪਰ ਮਾਲਕੀ ਦਿੱਤੀ ਜਾਵੇਗੀ। ਇਸੇ ਤਰ੍ਹਾਂ ਸ਼ਹਿਰ ਅੰਦਰ ਹਜ਼ਾਰਾਂ ਏਕੜ ਸ਼ਾਮਲਾਟ ਜਮੀਨਾਂ ’ਤੇ ਕਬਜ਼ਾਧਾਰੀਆਂ ਲਈ ਵੀ ਨਿਗਮ ਨੇ ਵੱਡੀ ਦਰਿਆਦਿਲੀ ਦਿਖਾਉਂਦਿਆਂ ਉਨ੍ਹਾਂ ਨੂੰ ਵੀ ਕੁਲੈਕਟਰ ਰੇਟ ਭਰਵਾ ਕੇ ਮਾਲਕੀ ਹੱਕ ਦੇਣ ਦਾ ਫੈਸਲਾ ਕੀਤਾ ਹੈ। ਇਸਤੋਂ ਇਲਾਵਾ ਇੱਕ ਹੋਰ ਮਹੱਤਵਪੂਰਨ ਫੈਸਲੇ ਤਹਿਤ ਹੁਣ ਬੀਡੀਏ ਕੋਲ ਸਥਿਤ ਸ਼ਹਿਰ ਦੇ ਮਹੱਤਵਪੂਰਨ ਸਥਾਨਾਂ ’ਤੇ ਸਥਿਤ ਜਾਇਦਾਦਾਂ ਅਤੇ ਫ਼ੇਜ 4 ਤੇ 5, ਪੁਰਾਣੀ ਜੇਲ੍ਹ ਵਾਲੀ ਥਾਂ ਬਣੀ ਨਿਰਵਾਣਾ ਅਸਟੇਟ, ਮਿਲਕ ਪਲਾਂਟ ਸਾਈਟ, ਪੁਰਾਣਾ ਤਹਿਸੀਲ ਕੰਪਲੈਕਸ, ਪਾਵਰ ਹਾਊਸ ਰੋਡ ’ਤੇ ਸਥਿਤ ਵਪਾਰਕ ਸਾਈਟ ਆਦਿ 14 ਥਾਵਾਂ ਦੀ ਦੇਖਭਾਲ ਨਿਗਮ ਵਲੋਂ ਕੀਤੀ ਜਾਵੇਗੀ। ਇਸਦੇ ਲਈ ਬੀਡੀਏ ਵਲੋਂ ਸਵਾ ਚਾਰ ਕਰੋੜ ਰੁਪਏ ਵੀ ਨਿਗਮ ਨੂੰ ਦਿੱਤੇ ਹਨ। ਇੱਕ ਹੋਰ ਫੈਸਲੇ ਰਾਹੀਂ ਸ਼ਹਿਰ ਦੀਆਂ ਸੱਤ 40 ਫੁੱਟੀ ਸੜਕਾਂ ਨੂੰ ਵਪਾਰਕ ਖੇਤਰ ਐਲਾਨਣ ਲਈ ਵੀ ਮਤਾ ਪਾਸ ਕਰਕੇ ਸਰਕਾਰ ਨੂੰ ਭੇਜਿਆ ਗਿਆ ਹੈ। ਜਿਸ ਵਿਚ ਮਹਾਂਵੀਰ ਦਲ ਦੇ ਪਿੱਛੇ ਸਥਿਤ ਸੜਕ, ਡਾ ਬਖ਼ਸੀ ਤੋਂ ਮਹੇਸ਼ਵਰੀ ਚੌਕ ਤੇ ਸੰਤਪੁਰਾ ਰੋਡ ਆਦਿ ਸ਼ਾਮਲ ਹਨ। ਇੱਕ ਹੋਰ ਮਤੇ ਰਾਹੀਂ ਜੋਗਰ ਪਾਰਕ ’ਚ ਬਣੇ ਕਮਿਊਨਟੀ ਸੈਂਟਰ ਨੂੰ ਹਜੂਰਾ-ਕਪੂਰਾ ਕਲੌਨੀ ’ਚ ਨਵੀਂ ਬਣੀ ਸੋਸਾਇਟੀ ਨੂੰ ਸੋਂਪ ਦਿੱਤਾ ਗਿਆ ਹੈ। ਇਸਤੋਂ ਇਲਾਵਾ ਮੀਟਿੰਗ ਵਿਚ ਕਾਂਗਰਸੀ ਕੋਂਸਲਰਾਂ ਵਿੱਕੀ ਨੰਬਰਦਾਰ ਤੇ ਬਲਰਾਜ ਪੱਕਾ ਵਲੋਂ ਬਰਨਾਲਾ ਬਾਈਪਾਸ ਤੋਂ ਆਈ.ਟੀ.ਆਈ ਚੌਕ ਤੱਕ ਬਣਨ ਵਾਲੀ ਰਿੰਗ ਰੋਡ ਦੇ ਉਪਰ ਪਟਿਆਲਾ ਫ਼ਾਟਕ ਤੋਂ ਬਾਅਦ ਨਜਾਇਜ਼ ਉਸਾਰੀਆਂ ਦਾ ਮੁੱਦਾ ਚੁੱਕਿਆ ਗਿਆ। ਕੋਂਸਲਰਾਂ ਨੇ ਨਿਗਮ ਅਧਿਕਾਰੀਆਂ ਨੂੰ ਤੁਰੰਤ ਸਖ਼ਤ ਕਾਰਵਾਈ ਕਰਨ ਦੀ ਮੰਗ ਕੀਤੀ।
ਬਾਕਸ
ਜਨਮ ਅਸਟਮੀ ਮੌਕੇ ਨਵੀਂ ਦੁਲਹਨ ਵਾਂਗ ਸਜ਼ੇਗਾ ਬਠਿੰਡਾ
ਬਠਿੰਡਾ: ਆਗਾਮੀ 30 ਅਗਸਤ ਨੂੰ ਮਨਾਏ ਜਾ ਰਹੇ ਜਨਮ ਅਸਟਮੀ ਉਤਸਵ ਮੌਕੇ ਨਗਰ ਨਿਗਮ ਬਠਿੰਡਾ ਸ਼ਹਿਰ ਨੂੰ ਨਵੀਂ ਦੁਲਹਨ ਵਾਂਗ ਸਜ਼ਾਏਗਾ। ਇਸਦੇ ਲਈ ਅੱਜ ਸ਼ਹਿਰ ਵਿਚ ਰੰਗ ਰੋਗਣ ਕਰਨ, ਲੜੀਆਂ ਤੇ ਲੇਜ਼ਰ ਲਾਈਟਾਂ ਲਗਾਉਣ, ਫੁੱਲਾਂ ਦੀ ਸਜ਼ਾਵਟ ਤੇ ਚੌਕਾਂ ਆਦਿ ਨੂੰ ਸਜ਼ਾਉਣ ਲਈ ਸੱਤ ਲੱਖ ਰੁਪਏ ਦਾ ਪ੍ਰਬੰਧ ਕਰਨ ਦਾ ਫੈਸਲਾ ਲਿਆ ਗਿਆ ਹੈ।
ਅੱਠ ਸਾਲਾਂ ਬਾਅਦ ਮੁੜ ਵਧੇਗੀ ਬਠਿੰਡਾ ਨਗਰ ਨਿਗਮ ਦੀ ਹੱਦ
7 Views