ਸੁਖਜਿੰਦਰ ਮਾਨ
ਚੰਡੀਗੜ੍ਹ, 15 ਨਵੰਬਰ: ਸਿੱਖ ਕੌਮ ਦੀਆਂ ਲੰਮੀਆਂ ਅਰਦਾਸਾਂ ਤੋਂ ਬਾਅਦ ਦੋ ਸਾਲ ਪਹਿਲਾਂ 9 ਅਕਤੂਬਰ 2019 ਨੂੰ ਭਾਰਤ-ਪਾਕਿਸਤਨ ਵਿਚਕਾਰ ਖੋਲੇ ਗਏ ਕਰਤਾਰਪੁਰ ਲਾਂਘੇ ਦੇ ਪਿਛਲੇ ਡੇਢ ਸਾਲ ਤੋਂ ਕਰੋਨਾ ਕਾਰਨ ਬੰਦ ਹੋਣ ਦੌਰਾਨ ਹੁਣ ਮੁੜ ਖ਼ੁਸੀ ਵਾਲੀ ਖ਼ਬਰ ਸਾਹਮਣੇ ਆਈ ਹੈ। ਵਿਰੋਧੀ ਧਿਰਾਂ ਸਹਿਤ ਭਾਜਪਾ ਵਲੋਂ ਕੀਤੀ ਮੰਗ ਤੋਂ ਬਾਅਦ ਭਾਰਤ ਸਰਕਾਰ ਨੇ ਇਸ ਲਾਂਘੇ ਨੂੰ 17 ਨਵੰਬਰ ਨੂੰ ਖੋਲਣ ਦਾ ਫੈਸਲਾ ਲਿਆ ਹੈ। ਬਕਾਇਦਾ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਟਵੀਟ ਕਰਕੇ ਇਸ ਦੀ ਸੂਚਨਾ ਦਿੱਤੀ ਹੈ। ਭਾਜਪਾ ਦੇ ਪ੍ਰਧਾਨ ਅਸਵਨੀ ਸ਼ਰਮਾ ਤਂੋ ਇਲਾਵਾ ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ, ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ, ਪੰਜਾਬ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ, ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਤੇ ਸ਼ੋ੍ਰਮਣੀ ਗੁਰਦੂਆਰਾ ਪ੍ਰਬੰਧਕ ਕਮੇਟੀ ਦੀ ਪ੍ਰਧਾਨ ਬੀਬੀ ਜੰਗੀਰ ਕੌਰ ਸਹਿਤ ਸਮੂਹ ਪੰਜਾਬੀਆਂ ਨੇ ਇਸ ਫੈਸਲੇ ’ਤੇ ਖ਼ੁਸੀ ਜ਼ਾਹਰ ਕੀਤੀ ਹੈ। ਪਤਾ ਲੱਗਿਆ ਹੈ ਕਿ ਭਲਕੇ ਬੁੱਧਵਾਰ ਤੋਂ ਇਸ ਲਾਂਘੇ ਰਾਹੀ ਜਾਣ ਵਾਲੇ ਸ਼ਰਧਾਲੂਆਂ ਲਈ ਮੁੜ ਰਜਿਸਟ੍ਰੇਸਨ ਦਾ ਕੰਮ ਸ਼ੁਰੂ ਹੋ ਜਾਵੇਗਾ। ਇਹ ਵੀ ਸੂਚਨਾ ਮਿਲੀ ਹੈ ਕਿ ਪਹਿਲੇ ਜਥੇ ਵਿਚ ਸਿਰਫ਼ 250 ਸ਼ਰਧਾਲੂ ਹੀ ਜਾਣਗੇ। ਇਸ ਦੌਰਾਨ ਹੀ ਪਹਿਲੇ ਜਥੇ ਵਿਚ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਅਪਣੀ ਕੈਬਨਿਟ ਸਹਿਤ ਨਤਮਤਸਕ ਹੋਣ ਦਾ ਐਲਾਨ ਕੀਤਾ ਹੈ। ਇੱਥੇ ਦਸਣਾ ਬਣਦਾ ਹੈ ਕਿ ਸਾਲ 2018 ਵਿਚ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਦੀ ਤਾਜ਼ਪੋਸੀ ’ਚ ਉਨ੍ਹਾਂ ਦੇ ਦੋਸ਼ ਵਜੋਂ ਗਏ ਨਵਜੋਤ ਸਿੰਘ ਸਿੱਧੂ ਵਲੋਂ ਸਭ ਤੋਂ ਪਹਿਲਾਂ ਇਹ ਮੰਗ ਰੱਖੀ ਗਈ ਸੀ। ਜਿਸਨੂੰ ਪਾਕਿਸਤਾਨ ਤੇ ਭਾਰਤ ਸਰਕਾਰ ਨੇ ਮਿਲਕੇ ਪੂਰਾ ਕਰ ਦਿੱਤਾ। ਭਾਰਤ ਵਾਲੇ ਪਾਸੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਪਾਕਿਸਤਾਨ ਵਾਲੇ ਪਾਸੇ ਇਮਰਾਨ ਖ਼ਾਨ ਨੇ ਇਸ ਲਾਂਘੇ ਦਾ ਉਦਘਾਟਨ ਕੀਤਾ ਸੀ। ਜਿਕਰਯੋਗ ਹੈ ਕਿ 1947 ਦੀ ਵੰਡ ਦੌਰਾਨ ਪਾਕਿਸਤਾਨ ਵਾਲੇ ਇਲਾਕੇ ਵਿਚ ਰਹਿ ਗਿਆ ਇਹ ਪਵਿੱਤਰ ਸਥਾਨ ਸਿੱਖਾਂ ਦੇ ਪਹਿਲੇ ਗੁਰੂ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਨਾਲ ਸਬੰਧਤ ਹੈ, ਜਿੱਥੇ ਚਾਰ ਉਦਾਸੀਆਂ ਤੋਂ ਬਾਅਦ ਉਨ੍ਹਾਂ ਲੰਮਾ ਸਮਾਂ ਇੱਥੇ ਰਹਿ ਕੇ ਸਿੱਖੀ ਦਾ ਪ੍ਰਚਾਰ ਕੀਤਾ ਤੇ ਖੇਤੀਬਾੜੀ ਕੀਤੀ। ਇਹ ਇਤਿਹਾਸਕ ਸਥਾਨਕ ਭਾਰਤੀ ਸਰਹੱਦ ਤੋਂ ਮਹਿਜ਼ 4.7 ਕਿਲੋਮੀਟਰ ਦੀ ਦੂਰੀ ’ਤੇ ਹੈ। ਪਾਕਿਸਤਾਨੀ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਨੇ ਵੀ ਇਸ ਸਥਾਨ ਨੂੰ ਕਾਫ਼ੀ ਵਿਕਸਤ ਕੀਤਾ ਹੈ ਤੇ ਇਥੇ ਦੁਨੀਆ ਦਾ ਸਭ ਤੋਂ ਵੱਡਾ ਗੁਰਦੂਆਰਾ ਸਾਹਿਬ ਬਣਾਉਣ ਤੋਂ ਇਲਾਵਾ ਆਸਪਾਸ ਦੇ ਖੇਤਰ ਵਿਚ ਤਰੱਕੀ ਕਰਵਾਈ ਹੈ।
ਡੇਢ ਸਾਲ ਦੇ ਵਕਫ਼ੇ ਬਾਅਦ ਭਲਕੇ ਖੁੱਲੇਗਾ ਕਰਤਾਰਪੁਰ ਲਾਂਘਾ
8 Views