ਬਠਿੰਡਾ ਨਿਵਾਸੀਆਂ ਵਲੋਂ ਦਿੱਤੇ ਪਿਆਰ ਤੇ ਸਤਿਕਾਰ ਦਾ ਕਰਜ਼ਾ ਕਦੇ ਨਹੀਂ ਚੁਕਾ ਸਕਦਾ: ਸਰੂਪ ਸਿੰਗਲਾ
ਸੁਖਜਿੰਦਰ ਮਾਨ
ਬਠਿੰਡਾ, 18 ਫ਼ਰਵਰੀ: ਅਕਾਲੀ ਬਸਪਾ ਗੱਠਜੋੜ ਦੇ ਉਮੀਦਵਾਰ ਤੇ ਸਾਬਕਾ ਵਿਧਾਇਕ ਸਰੂਪ ਚੰਦ ਸਿੰਗਲਾ ਦੀ ਅਗਵਾਈ ਵਿਚ ਅੱਜ ਚੋਣ ਪ੍ਰਚਾਰ ਦੇ ਆਖਰੀ ਦਿਨ ਸ਼ਹਿਰ ਵਿਚ ਇੱਕ ਪ੍ਰਭਾਵਸ਼ਾਲੀ ਰੋਡ ਸ਼ੋਅ ਕੀਤਾ ਗਿਆ ਜਿਸ ਨੂੰ ਸ਼ਹਿਰ ਵਾਸੀਆਂ ਤੇ ਖਾਸ ਕਰ ਵਪਾਰੀਆਂ ਦਾ ਵੱਡਾ ਸਮਰਥਨ ਮਿਲਿਆ। ਫਾਇਰ ਬਿਗ੍ਰੇਡ ਚੌਕ ਤੋਂ ਸ਼ੁਰੂ ਹੋਏ ਰੋਡ ਸ਼ੋਅ ਦੀ ਸਮਾਪਤੀ ਮੁਲਤਾਨੀਆ ਰੋਡ ਪੁਲ ਕੋਲ ਹੋਈ ਜਿੱਥੇ ਸਿੰਗਲਾ ਨੇ ਸ਼ਹਿਰ ਵਾਸੀਆਂ ਤੇ ਖਾਸਕਰ ਵਪਾਰੀਆਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਸ਼ਹਿਰ ਵਾਸੀਆਂ ਨੇ ਉਨ੍ਹਾਂ ਨੂੰ ਹਰ ਸਮੇਂ ਪਿਆਰ ਤੇ ਸਤਿਕਾਰ ਦਿੱਤਾ ਜਿਸ ਲਈ ਉਹ ਸਦਾ ਰਿਣੀ ਰਹਿਣਗੇ ਤੇ ਇਹ ਕਰਜ਼ ਕਦੇ ਵੀ ਚੁਕਾਇਆ ਨਹੀਂ ਜਾ ਸਕਦਾ। ਉਨ੍ਹਾਂ ਕਿਹਾ ਕਿ ਸਿੰਗਲਾ ਪਰਿਵਾਰ ਦਾ ਮਕਸਦ ਬਠਿੰਡਾ ਸ਼ਹਿਰ ਦਾ ਵਿਕਾਸ ਅਤੇ ਹਰ ਵਰਗ ਦੀ ਖੁਸ਼ਹਾਲੀ ਹੈ ,ਜਿਸ ਲਈ ਉਹ ਦਿਨ ਰਾਤ ਮਿਹਨਤ ਕਰਨਗੇ । ਸਿੰਗਲਾ ਨੇ ਅਕਾਲੀ ਬਸਪਾ ਗੱਠਜੋੜ ਲਈ ਵੋਟ ਦੀ ਮੰਗ ਕਰਦਿਆਂ ਵਿਸ਼ਵਾਸ ਦਿਵਾਇਆ ਕਿ ਅਕਾਲੀ ਬਸਪਾ ਸਰਕਾਰ ਬਣਨ ਤੇ ਬਠਿੰਡਾ ਤੋਂ ਉਨ੍ਹਾਂ ਦੀ ਜਿੱਤ ਨਾਲ ਸੂਬੇ ਦੀ ਤਕਦੀਰ ਬਦਲ ਕੇ ਰੱਖ ਦੇਵਾਂਗੇ । ਇਸ ਮੌਕੇ ਪਾਰਟੀ ਦੇ ਬੁਲਾਰੇ ਮੋਹਿਤ ਗੁਪਤਾ ਅਤੇ ਬਬਲੀ ਢਿੱਲੋਂ ਨੇ ਕਿਹਾ ਕਿ ਸਿੰਗਲਾ ਦੀ ਜਿੱਤ ਨਾਲ ਹੀ ਬਠਿੰਡਾ ਤਰੱਕੀ ਦੀ ਰਾਹ ਤੇ ਵਧੇਗਾ ਕਿਉਂਕਿ ਵਿਰੋਧੀ ਪਾਰਟੀਆਂ ਕੋਲ ਅੱਜ ਵੋਟਾਂ ਮੰਗਣ ਲਈ ਕੋਈ ਏਜੰਡਾ ਨਹੀਂ ਜਦੋਂ ਕਿ ਸ਼੍ਰੋਮਣੀ ਅਕਾਲੀ ਦਲ ਬਸਪਾ ਗੱਠਜੋੜ ਵੱਲੋਂ ਸਰਕਾਰ ਬਣਨ ਤੇ ਸੂਬੇ ਦੇ ਹਿੱਤ ਵਿੱਚ ਅਲੀਕੇ 13 ਨੁਕਾਤੀ ਪ੍ਰੋਗਰਾਮ ਹਰ ਵਰਗ ਦੀ ਖੁਸ਼ਹਾਲੀ ਤੇ ਤਰੱਕੀ ਲਈ ਮੀਲ ਪੱਥਰ ਸਾਬਤ ਹੋਣਗੇ ਜਿਸ ਲਈ ਅਕਾਲੀ ਬਸਪਾ ਗੱਠਜੋੜ ਸਰਕਾਰ ਸਮੇਂ ਦੀ ਲੋੜ ਹੈ । ਇਸ ਮੌਕੇ ਯੂਥ ਅਕਾਲੀ ਦਲ ਦੇ ਕੋਆਰਡੀਨੇਟਰ ਦੀਨਵ ਸਿੰਗਲਾ ,ਕਿਸਾਨ ਵਿੰਗ ਦੇ ਪ੍ਰਧਾਨ ਚਮਕੌਰ ਸਿੰਘ ਮਾਨ, ਸ਼ਹਿਰੀ ਪ੍ਰਧਾਨ ਰਾਜਵਿੰਦਰ ਸਿੰਘ, ਯੂਥ ਅਕਾਲੀ ਦਲ ਦੇ ਪ੍ਰਧਾਨ ਹਰਪਾਲ ਸਿੰਘ ਢਿੱਲੋਂ, ਮੈਂਬਰ ਪੀ ਏ ਸੀ ਦਲਜੀਤ ਸਿੰਘ ਬਰਾੜ, ਨਿਰਮਲ ਸਿੰਘ ਸੰਧੂ,ਯਾਦਵਿੰਦਰ ਸਿੰਘ ਯਾਦੀ ਸ਼੍ਰੋਮਣੀ ਕਮੇਟੀ ਮੈਂਬਰ ਬੀਬੀ ਜੋਗਿੰਦਰ ਕੌਰ ,ਵਪਾਰ ਵਿੰਗ ਦੇ ਪ੍ਰਧਾਨ ਅਮਰਜੀਤ ਸਿੰਘ ਵਿਰਦੀ ਸਮੇਤ ਅਕਾਲੀ ਲੀਡਰਸ਼ਿਪ ਨੇ ਕਿਹਾ ਕਿ ਅੱਜ ਦੇ ਰੋਡ ਸ਼ੋਅ ਨੂੰ ਮਿਲੇ ਸ਼ਹਿਰੀਆਂ ਦੇ ਸਮੱਰਥਨ ਨੇ ਸ੍ਰੀ ਸਿੰਗਲਾ ਦੀ ਜਿੱਤ ਤੇ ਮੋਹਰ ਲਾ ਦਿੱਤੀ ਹੈ 20 ਫਰਵਰੀ ਨੂੰ ਸ਼ਹਿਰ ਵਾਸੀ ਪਾਰਟੀਬਾਜੀ ਤੋਂ ਉੱਪਰ ਉੱਠ ਕੇ ਖਜਾਨਾ ਮੰਤਰੀ ਦੇ ਗੁੰਡਾ ਰਾਜ, ਕਾਂਗਰਸੀ ਉਮੀਦਵਾਰਾਂ ਦੀ ਮਿਲੀਭੁਗਤ ਦੇ ਖ਼ਿਲਾਫ਼ ਸ੍ਰੀ ਸਿੰਗਲਾ ਦੀ ਜਿੱਤ ਲਈ ਸਹਿਯੋਗ ਦੇਣਗੇ । ਇਸ ਮੌਕੇ ਸ਼ਹਿਰ ਵਾਸੀਆਂ ਵੱਲੋਂ ਜਿਥੇ ਸ੍ਰੀ ਸਿੰਗਲਾ ਦਾ ਫੁੱਲਾਂ ਦੇ ਹਾਰ ਪਾ ਕੇ ਸੁਆਗਤ ਕੀਤਾ ਗਿਆ ਉੱਥੇ ਹੀ ਜਗ੍ਹਾ ਜਗ੍ਹਾ ਤੇ ਫਲ ਫਰੂਟ ਪਾਣੀ ਚਾਹ ਦੇ ਲੰਗਰ ਵੀ ਲਾਏ ਗਏ ।ਇਸ ਮੌਕੇ ਅਕਾਲੀ ਬਸਪਾ ਗੱਠਜੋੜ ਦੀ ਲੀਡਰਸ਼ਿਪ ਸਮੇਤ ਵੱਡੀ ਗਿਣਤੀ ਵਿੱਚ ਵਰਕਰ ਹਾਜ਼ਰ ਸਨ ।
Share the post "ਅਕਾਲੀ ਉਮੀਦਵਰ ਸਰੂਪ ਚੰਦ ਸਿੰਗਲਾ ਨੇ ਸ਼ਹਿਰ ਵਿਚ ਕੱਢਿਆ ਪ੍ਰਭਾਵਸ਼ਾਲੀ ਰੋਡ ਸੋਅ"