ਅਗਲੇ 2 ਦਿਨਾਂ ਦੇ ਅੰਦਰ-ਅੰਦਰ ਪੈਡਿੰਗ ਸ਼ਿਕਾਇਤਾਂ ਦਾ ਕੀਤਾ ਜਾਵੇ ਨਿਪਟਾਰਾ
ਅਧਿਕਾਰੀ ਰੋਜ਼ਾਨਾ ਚੈੱਕ ਕਰਨ ਆਪੋ-ਆਪਣਾ ਸ਼ਿਕਾਇਤ ਪੋਰਟਲ
ਸੁਖਜਿੰਦਰ ਮਾਨ
ਬਠਿੰਡਾ, 14 ਦਸੰਬਰ : ਜਨਤਕ ਸ਼ਿਕਾਇਤ ਨਿਵਾਰਣ ਪ੍ਰਣਾਲੀ (ਪੀਜੀਆਰਐੱਸ) ਪੋਰਟਲ ’ਤੇ ਬਕਾਇਆ ਪਈਆਂ ਸ਼ਿਕਾਇਤਾਂ ਦਾ ਅਗਲੇ 2 ਦਿਨਾਂ ਦੇ ਅੰਦਰ-ਅੰਦਰ ਨਿਪਟਾਰਾ ਕਰਨਾ ਯਕੀਨੀ ਬਣਾਇਆ ਜਾਵੇ। ਇਨ੍ਹਾਂ ਗੱਲਾਂ ਦਾ ਪ੍ਰਗਟਾਵਾਂ ਡਿਪਟੀ ਕਮਿਸ਼ਨਰ ਸ੍ਰੀ ਸ਼ੌਕਤ ਅਹਿਮਦ ਪਰੇ ਨੇ ਸਥਾਨਕ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਦੇ ਮੀਟਿੰਗ ਹਾਲ ਵਿਖੇ ਵੱਖ-ਵੱਖ ਵਿਭਾਗਾਂ ਨਾਲ ਸਬੰਧਤ ਅਧਿਕਾਰੀਆਂ ਨੂੰ ਆਮ ਲੋਕਾਂ ਵੱਲੋਂ ਪੀਜੀਆਰਐਸ ਪੋਰਟਲ ਰਾਹੀਂ ਭੇਜੀਆਂ ਜਾਂਦੀਆਂ ਵੱਖ-ਵੱਖ ਤਰ੍ਹਾਂ ਦੀਆਂ ਸ਼ਿਕਾਇਤਾਂ ਸਬੰਧੀ ਕੀਤੀ ਗਈ ਸਮੀਖਿਆ ਬੈਠਕ ਦੀ ਪ੍ਰਧਾਨਗੀ ਕਰਦਿਆਂ ਕੀਤਾ। ਬੈਠਕ ਦੀ ਪ੍ਰਧਾਨਗੀ ਕਰਦਿਆਂ ਡਿਪਟੀ ਕਮਿਸ਼ਨਰ ਨੇ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਕਿਸੇ ਵੀ ਵਿਭਾਗ ਵੱਲੋਂ ਈ ਸੇਵਾ ਜਾਂ ਪੀਜੀਆਰਐਸ ਪੋਰਟਲ ’ਤੇ ਅਰਜ਼ੀਆਂ/ਸ਼ਿਕਾਇਤਾਂ ਬਕਾਇਆ ਨਾ ਰੱਖੀਆਂ ਜਾਣ। ਉਨ੍ਹਾਂ ਕਿਹਾ ਕਿ ਬਕਾਇਆ ਸ਼ਿਕਾਇਤਾਂ ਦਾ ਜਲਦੀ ਤੋਂ ਜਲਦੀ ਨਿਪਟਾਰਾ ਕਰਨਾ ਯਕੀਨੀ ਬਣਾਇਆ ਜਾਵੇ ਤੇ ਭਵਿੱਖ ਚ ਪ੍ਰਾਪਤ ਹੋਣ ਵਾਲੀਆਂ ਸ਼ਿਕਾਇਤਾਂ ਨੂੰ ਤੈਅ ਸਮੇਂ ਅਨੁਸਾਰ ਹੱਲ ਕੀਤਾ ਜਾਵੇ। ਇਸ ਦੌਰਾਨ ਡਿਪਟੀ ਕਮਿਸ਼ਨਰ ਨੇ ਕਿਹਾ ਕਿ ਜੇਕਰ ਕਿਸੇ ਵਿਭਾਗ ਕੋਲ ਸ਼ਿਕਾਇਤ ਕਰਤਾ ਵੱਲੋਂ ਗਲਤੀ ਨਾਲ ਆਨਲਾਈਨ ਸ਼ਿਕਾਇਤ ਭੇਜ ਦਿੱਤੀ ਜਾਂਦੀ ਹੈ ਤਾਂ ਉਸ ਸ਼ਿਕਾਇਤ ਨੂੰ ਸਬੰਧਤ ਵਿਭਾਗ ਨੂੰ ਭੇਜਿਆ ਜਾਵੇ ਤਾਂ ਜੋ ਸ਼ਿਕਾਇਤ ਕਰਤਾ ਦੀ ਸ਼ਿਕਾਇਤ ਦਾ ਸਮੇਂ-ਸਿਰ ਨਿਪਟਾਰਾ ਕੀਤਾ ਜਾ ਸਕੇ। ਉਨ੍ਹਾਂ ਇਹ ਵੀ ਕਿਹਾ ਕਿ ਅਧਿਕਾਰੀ ਆਪੋ-ਆਪਣਾ ਪੋਰਟਲ ਰੋਜ਼ਾਨਾ ਪਹਿਲ ਦੇ ਆਧਾਰ ਤੇ ਚੈੱਕ ਤੇ ਪੋਰਟਲ ਤੇ ਪ੍ਰਾਪਤ ਸ਼ਿਕਾਇਤ ਦਾ ਨਿਪਟਾਰਾ ਕਰਨਾ ਯਕੀਨੀ ਬਣਾਉਣ। ਉਨ੍ਹਾਂ ਅਧਿਕਾਰੀਆਂ ਨੂੰ ਇਹ ਵੀ ਕਿਹਾ ਕਿ ਅਧਿਕਾਰੀ ਪ੍ਰਾਪਤ ਸ਼ਿਕਾਇਤ ਨੂੰ ਅੱਗੇ ਭੇਜਣ ਤੋਂ ਪਹਿਲਾਂ ਸ਼ਿਕਾਇਤ ਕਰਤਾ ਦੀ ਸ਼ਿਕਾਇਤ ਨੂੰ ਸੁਨਣਾ ਲਾਜ਼ਮੀ ਬਣਾਉਣ। ਇਸ ਮੌਕੇ ਐਸਡੀਐਮ ਰਾਮਪੁਰਾ ਓਮ ਪ੍ਰਕਾਸ਼, ਸਹਾਇਕ ਕਮਿਸ਼ਨਰ ਸ਼ਿਕਾਇਤਾਂ (ਜਨਰਲ) ਸ. ਸਾਰੰਗ ਪ੍ਰੀਤ ਸਿੰਘ ਔਜਲਾ, ਡੀਐਸਪੀ ਗੁਰਦੀਪ ਸਿੰਘ ਤੋਂ ਇਲਾਵਾ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀਆਂ ਤੇ ਉਹਨਾਂ ਦੇ ਨੁਮਾਇੰਦੇ ਹਾਜ਼ਰ ਸਨ।
Share the post "ਅਧਿਕਾਰੀ ਪੋਰਟਲ ਤੇ ਪ੍ਰਾਪਤ ਸ਼ਿਕਾਇਤ ਦਾ ਤਰੁੰਤ ਨਿਪਟਾਰਾ ਕਰਨਾ ਬਣਾਉਣ ਯਕੀਨੀ : ਡਿਪਟੀ ਕਮਿਸ਼ਨਰ"