ਰੰਗ ਕਰਮੀ ਕੀਰਤੀ ਕਿਰਪਾਲ ਬਣੇ ਪ੍ਰਧਾਨ ਜਦਕਿ ਹਰਦੀਪ ਸਿੰਘ ਤੱਗੜ ਸਕੱਤਰ ਨਿਯੁਕਤ
ਪੰਜਾਬੀ ਖ਼ਬਰਸਾਰ ਬਿਉਰੋ
ਬਠਿੰਡਾ, 6 ਫ਼ਰਵਰੀ: ਕਲਾ ਅਤੇ ਰੰਗ ਮੰਚ ਨਾਲ ਜੁੜੀ 78 ਸਾਲ ਪਹਿਲਾਂ ਹੌਂਦ ਵਿਚ ਆਈ ਸੰਸਥਾ ਇਪਟਾ – ਇੰਡੀਅਨ ਪੀਪਲਜ਼ ਥੀਏਟਰ ਐਸੋਸ਼ੀਏਸ਼ਨ ਦੀ ਬਠਿੰਡਾ ਇਕਾਈ ਦੀ ਕਮੇਟੀ ਦੀ ਚੋਣ ਕਰ ਲਈ ਗਈ ਹੈ। ਜਿਸ ਵਿਚ ਰੰਗ ਕਰਮੀ ਅਤੇ ਨਿਰਦੇਸ਼ਕ ਕੀਰਤੀ ਕਿਰਪਾਲ ਪ੍ਰਧਾਨ, ਸਾਬਕਾ ਸਿਖਿਆ ਸ਼ਾਸਤਰੀ ਹਰਦੀਪ ਸਿੰਘ ਤੱਗੜ ਸਕੱਤਰ, ਸੀਨੀਅਰ ਲੇਖਕ ਤੇ ਆਲੋਚਕ ਲਛਮਣ ਸਿੰਘ ਮਲੂਕਾ ਵਿੱਤ ਸਕੱਤਰ ਅਤੇ ਨੌਜਵਾਨ ਲੇਖਕ ਤੇ ਕਲਾਕਾਰ ਜਸਪ੍ਰੀਤ ਸਿੰਘ ਨੂੰ ਪ੍ਰੈੱਸ ਸਕੱਤਰ ਨਿਯੁਕਤ ਕੀਤਾ ਗਿਆ ਹੈ। ਜਦਕਿ ਆਗਾਜ਼ਬੀਰ ਅਤੇ ਅਮਨ ਦਾਤੇਵਾਸੀਆਂ ਨੂੰ ਕਾਰਜਕਾਰੀ ਸੰਮਤੀ ਦਾ ਮੈਂਬਰ ਨਿਯੁਕਤ ਕੀਤਾ ਗਿਆ ਹੈ। ਇਸ ਮੌਕੇ ਜਾਣਕਾਰੀ ਦਿੰਦੇ ਹੋਏ ਕੀਰਤਿ ਕਿਰਪਾਲ ਨੇ ਕਿਹਾ ਕਿ ਇਪਟਾ ਸੰਸਥਾ ਦਾ ਨਾਂ ਮਹਾਨ ਵਿਗਿਆਨੀ ਹੋਮੀ ਜਹਾਂਗੀਰ ਭਾਬਾ ਨੇ ਸੁਝਾਇਆ ਸੀ ਅਤੇ ਲੌਗੋ ਮਸ਼ਹੂਰ ਚਿੱਤਰਕਾਰ ਚਿੱਤ ਪ੍ਰਸ਼ਾਦ ਨੇ ਤਿਆਰ ਕੀਤਾ ਸੀ। ਮਾਰਵਾੜੀ ਸਕੂਲ ਮੁੰਬਈ ਵਿਖੇ 25 ਮਈ 1943 ਨੂੰ ਹੋਏ ਇਪਟਾ ਦੇ ਪਲੇਠੇ ਮਹਾਂ ਸੰਮੇਲਨ ਦੀ ਪ੍ਰਧਾਨਗੀ ਐੱਚ. ਐੱਮ. ਜੋਸ਼ੀ ਨੇ ਕੀਤੀ ਅਤੇ ਪਹਿਲੇ ਪ੍ਰਧਾਨ ਵੀ ਐੱਚ. ਐੱਮ. ਜੋਸ਼ੀ ਥਾਪੇ ਗਏ, ਜਦਕਿ ਪਹਿਲੇ ਮੀਤ ਪ੍ਰਧਾਨ ਅਨਿਲ ਡੀ. ਸਿਲਵਾ ਸਨ। ਉਨ੍ਹਾਂ ਦੱਸਿਆ ਕਿ ਇਪਟਾ ਕੇਵਲ ਇਕ ਸੰਸਥਾ ਹੀ ਨਹੀਂ ਸਗੋਂ ਆਧੁਨਿਕ ਭਾਰਤ ਦਾ ਪਹਿਲੇ ਸਭਿਆਚਾਰਕ ਅੰਦੋਲਨ ਦਾ ਅਗ਼ਾਜ਼ ਸੀ। ਜੋ ਅੱਜ ਵੀ ਕਈ ਸ਼ਕਲਾਂ, ਰੂਪਾਂ ਅਤੇ ਸਰੂਪਾਂ ਵਿਚ ਦੇਸ਼ ਭਰ ਵਿਚ ਵੇਖਿਆ ਅਤੇ ਮਹਿਸੂਸ ਕੀਤਾ ਜਾ ਸਕਦਾ ਹੈ। ਹਰਦੀਪ ਸਿੰਘ ਤੱਗੜ ਅਤੇ ਲਛਮਣ ਸਿੰਘ ਮਲੂਕਾ ਨੇ ਕਿਹਾ ਕਿ ਇਪਟਾ ਦੇ ਸਿਧਾਂਤ ਮੁਤਾਬਿਕ ਕਲਾ ਦੇ ਸਮਾਜਿਕ ਸਰੋਕਾਰ ਹੋਣੇ ਲਾਜ਼ਮੀ ਸ਼ਰਤ ਹੈ। ਇਸਤੋਂ ਇਲਾਵਾ ਕਲਾ ਦੀ ਦੁਨੀਆਂ ਦੇ ਸਿਰਮੌਰ ਹਸਤਾਖਰ ਪ੍ਰਿਥਵੀ ਰਾਜ ਕਪੂਰ, ਬਲਰਾਜ ਸਾਹਨੀ, ਨਰਗਿਸ ਦੱਤ, ਏ.ਕੇ. ਹੰਗਲ, ਉਤਪਲਦੱਤ, ਦੁਰਗਾ ਖੋਟੇ, ਕੈਫ਼ੀ ਆਜ਼ਮੀ, ਸੰਜੀਵ ਕੁਮਾਰ, ਹੇਮੰਤ ਕੁਮਾਰ, ਮਨਾ ਡੇ, ਸਾਹਿਰ ਲੁਧਿਆਣਵੀ, ਮੁਲਕ ਰਾਜ ਆਨੰਦ, ਭੀਸ਼ਮ ਸਾਹਨੀ, ਭੁਪੇਨ ਹਜ਼ਾਰੀਕਾ, ਹਬੀਬ ਤਨਵੀਰ, ਪੰਡਿਤ ਰਵੀ ਸ਼ੰਕਰ, ਕ੍ਰਿਸ਼ਨ ਚੰਦਰ, ਪੀ.ਸੀ. ਜੋਸ਼ੀ, ਮਜ਼ਰੂਹ ਸੁਲਤਾਨ ਪੁਰੀ, ਸ਼ੰਭੂ ਮਿੱਤਰਾ ਵਰਗੇ ਅਣਗਿਣਤ ਅੰਤਰਰਾਸ਼ਟਰੀ ਅਤੇ ਰਾਸ਼ਟਰੀ ਪ੍ਰਸਿੱਧੀ ਦੇ ਫਨਕਾਰ ਇਪਟਾ ਨਾਲ ਜੁੜੇ, ਜਿਨ੍ਹਾਂ ਭਾਰਤੀ ਫਿਲਮਾਂ, ਰੰਗਮੰਚ, ਗੀਤ/ਸੰਗੀਤ ਅਤੇ ਨ੍ਰਿਤ ਵਿਚ ਅਪਣਾ ਨਿੱਘਰ ਤੇ ਜ਼ਿਕਰਯੋਗ ਹਿੱਸਾ ਪਾਇਆ। ਜਸਪ੍ਰੀਤ ਸਿੰਘ ਨੇ ਕਿਹਾ ਕਿ ਇਪਟਾ ਕੇਵਲ ਫਨਕਾਰਾਂ/ਕਲਾਕਾਰਾਂ ਦਾ ਮੰਚ ਨਾ ਹੋ ਕੇ ਹਰ ਅਜਿਹੇ ਸਖਸ਼ ਦਾ ਮੰਚ ਬਣਿਆਂ, ਜੋ ਲੋਕ-ਹਿਤੈਸ਼ੀ ਸਭਿਆਚਾਰ ਦੇ ਨਾਲ-ਨਾਲ ਸਮਾਜਿਕ ਸਰੋਕਾਰਾਂ ਦਾ ਹਾਮੀ ਹੋ ਨਿਬੜਿਆ, ਭਾਂਵੇ ਬੰਗਾਲ ਦਾ ਹਿਰਦਾ-ਹਿਲਾਊ ਕਾਲ ਹੋਵੇ ਜਾਂ ਅਜ਼ਾਦੀ ਦੀ ਲੜਾਈ; ਇਪਟਾ ਦੇ ਕਾਰਕੁਨਾ ਨੇ ਹਮੇਸ਼ਾਂ ਹੀ ਆਪਣੀ ਜ਼ੁੰਮੇਵਾਰੀ ਇਮਾਨਦਾਰੀ ਅਤੇ ਗੰਭੀਰਤਾ ਨਾਲ ਨਿਭਾਈ।
ਇੰਡੀਅਨ ਪੀਪਲਜ਼ ਥੀਏਟਰ ਐਸੋਸ਼ੀਏਸ਼ਨ ਦੀ ਬਠਿੰਡਾ ਇਕਾਈ ਦੀ ਕਮੇਟੀ ਦੀ ਹੋਈ ਚੋਣ
22 Views