ਸੁਖਜਿੰਦਰ ਮਾਨ
ਬਠਿੰਡਾ, 3 ਨਵੰਬਰ: ਐੱਨ ਆਈ ਏ ਦੇ ਛਾਪਿਆ ਵਿਰੁੱਧ ਬਠਿੰਡਾ ਦੇ ਵਕੀਲਾਂ ਨੇ ਮੁੜ ਮੋਰਚਾ ਖੋਲਦਿਆ ਅਣਮਿਥੇ ਸਮੇਂ ਲਈ ਹੜਤਾਲ ਸ਼ੁਰੂ ਕਰ ਦਿੱਤੀ ਹੈ। ਜਿਸਦੇ ਨਾਲ ਕਚਹਿਰੀਆਂ ਦਾ ਕੰਮ ਕਾਜ ਪੂਰੀ ਤਰ੍ਹਾਂ ਠੱਪ ਹੋ ਗਿਆ ਹੈ ਅਤੇ ਕੋਈ ਵਕੀਲ ਅਦਾਲਤ ਵਿੱਚ ਪੇਸ ਨਹੀਂ ਹੋ ਰਿਹਾ ਹੈ। ਇੱਥੇ ਦੱਸਣਾ ਬਣਦਾ ਹੈ ਕਿ ਲੰਘੀ 18 ਅਕਤੂਬਰ ਨੂੰ ਐੱਨਆਈਏ ਦੀ ਟੀਮ ਵੱਲੋਂ ਪੰਜਾਬ ਸਹਿਤ ਹਰਿਆਣਾ ਤੇ ਹੋਰਨਾਂ ਕਈ ਸੂਬਿਆਂ ਵਿੱਚ ਗੈਂਗਸਟਰਾਂ ਅਤੇ ਉਨ੍ਹਾਂ ਦੇ ਕੇਸ ਲੜਨ ਵਾਲੇ ਵਕੀਲਾਂ ਦੇ ਘਰਾਂ ਵਿੱਚ ਛਾਪੇਮਾਰੀ ਕੀਤੀ ਗਈ ਸੀ । ਇਸ ਦੌਰਾਨ ਹੀ ਬਠਿੰਡਾ ਕਚਹਿਰੀ ਕੰਪਲੈਕਸ ਕੰਮ ਕਰਦੇ ਸੀਨੀਅਰ ਵਕੀਲ ਗੁਰਪ੍ਰੀਤ ਸਿੰਘ ਸਿੱਧੂ ਦੇ ਘਰ ਕੀਤੀ ਛਾਪੇਮਾਰੀ ਬ੍ਰਾਂਡ ਨਾ ਸਿਰਫ ਉਸ ਦਾ ਮੋਬਾਇਲ ਜ਼ਬਤ ਕਰ ਲਿਆ ਸੀ ਬਲਕਿ ਉਨ੍ਹਾਂ ਵਿਰੁੱਧ ਕਾਨੂੰਨੀ ਕਾਰਵਾਈ ਦਾ ਅਮਲ ਵੀ ਸ਼ੁਰੂ ਕਰ ਦਿੱਤਾ ਸੀ। ਐਨ ਆਈ ਏ ਦੀ ਇਸ ਕਾਰਵਾਈ ਨੂੰ ਦੇਖਦੇ ਹੋਏ ਵਕੀਲਾਂ ਵਿਚ ਗੁੱਸੇ ਦੀ ਲਹਿਰ ਫੈਲ ਗਈ ਸੀ ਜਿਸ ਦੇ ਚੱਲਦੇ ਛਾਪੇਮਾਰੀ ਤੋਂ ਬਾਅਦ ਨਾ ਸਿਰਫ ਕਈ ਦਿਨ ਅਦਾਲਤੀ ਕੰਮਕਾਜ ਠੱਪ ਰੱਖਿਆ ਗਿਆ ਬਲਕਿ ਉੱਚ ਅਧਿਕਾਰੀਆਂ ਨੂੰ ਮੰਗ ਪੱਤਰ ਵੀ ਦਿੱਤੇ ਗਏ ਪ੍ਰੰਤੂ ਇਸਦੇ ਬਾਵਜੂਦ ਅੇਨ ਆਈ ਏ ਵਲੋਂ ਹਾਲੇ ਤੱਕ ਨਾ ਤਾਂ ਵਕੀਲ ਗੁਰਪ੍ਰੀਤ ਸਿੱਧੂ ਨੂੰ ਕਲੀਨ ਚਿੱਟ ਦਿੱਤੀ ਗਈ ਹੈ ਅਤੇ ਨਾ ਹੀ ਜੁਰਮ ਬਾਰੇ ਦਸਿਆ ਗਿਆ ਹੈ। ਜਿਸਦੇ ਚੱਲਦੇ ਅੱਜ ਮੁੜ ਬਾਰ ਕੌਸਲ ਆਫ ਪੰਜਾਬ ਅੇਡ ਹਰਿਆਣਾ ਦੇ ਸੱਦੇ ਤਹਿਤ ਮੁੜ ਅਦਾਲਤੀ ਕੰਮਕਾਜ ਠੱਪ ਰੱਖਿਆ ਬਲਕਿ ਕਚਹਿਰੀਆਂ ਦੇ ਮੁੱਖ ਗੇਟ ਤੇ ਧਰਨਾ ਦਿੰਦੇ ਹੋਏ ਅੇਨ ਆਈ ਏ ਵਿਰੁੱਧ ਨਾਅਰੇਬਾਜੀ ਕੀਤੀ ਗਈ।
ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਬਾਰ ਐਸੋਸੀਏਸ਼ਨ ਬਠਿੰਡਾ ਦੇ ਪ੍ਰਧਾਨ ਐਡਵੋਕੇਟ ਵਰਿੰਦਰ ਸ਼ਰਮਾ ਨੇ ਦੋਸ਼ ਲਗਾਇਆ ਕਿ ਐੱਨਆਈਏ ਅਜਿਹੀਆਂ ਕਾਰਵਾਈਆਂ ਕਰਕੇ ਵਕੀਲਾਂ ਨੂੰ ਡਰਾਉਣਾ ਚਾਹੁੰਦੀ ਹੋ ਤਾਂ ਕਿ ਉਹ ਆਮ ਲੋਕਾਂ ਦੀ ਅਵਾਜ ਅਦਾਲਤਾਂ ਤਕ ਨਾ ਪੁੱਜਦੀ ਕਰ ਸਕਣ।ਐਡਵੋਕੇਟ ਸ਼ਰਮਾ ਨੇ ਇੱਥੇ ਕਿਹਾ ਕਿ ਉਹ ਵਕੀਲ ਗੁਰਪ੍ਰੀਤ ਸਿੰਘ ਸਿੱਧੂ ਨੂੰ ਮਿਲਣ ਤੱਕ ਆਪਣਾ ਸੰਘਰਸ਼ ਜਾਰੀ ਰੱਖਣਗੇ। ਇਸ ਦੌਰਾਨ ਐਡਵੋਕੇਟ ਗੁਰਪ੍ਰੀਤ ਸਿੱਧੂ ਨੇ ਕਿਹਾ ਕਿ ਹਾਲੇ ਤੱਕ ਐਨਆਈਏ ਵੱਲੋਂ ਨਾ ਤਾਂ ਉਸਦਾ ਮੋਬਾਇਲ ਵਾਪਸ ਕੀਤਾ ਗਿਆ ਹੈ ਅਤੇ ਨਾ ਹੀ ਉਸ ਨੂੰ ਕੇਸ ਬਾਰੇ ਕੁਝ ਜਾਣਕਾਰੀ ਦਿੱਤੀ ਜਾ ਰਹੀ ਹੈ।
ਐੱਨ ਆਈ ਏ ਦੇ ਛਾਪਿਆ ਵਿਰੁੱਧ ਬਠਿੰਡਾ ਦੇ ਵਕੀਲਾਂ ਨੇ ਮੁੜ ਮੋਰਚਾ ਖੋਲਿਆ
10 Views