ਖਰੀਦਣ ਤੇ ਵੇਚਣ ਵਾਲਾ ਦੋਨੋਂ ਕੀਤੇ ਨਾਮਜਦ, ਇੱਕ ਕੀਤਾ ਗ੍ਰਿਫਤਾਰ
ਸੁਖਜਿੰਦਰ ਮਾਨ
ਬਠਿੰਡਾ, 11 ਅਗਸਤ: ਲੰਘੀ 11 ਅਗਸਤ ਦੀ ਸਵੇਰ ਕਰੀਬ ਸਵਾ ਤਿੰਨ ਵਜੇਂ ਸਥਾਨਕ ਬਰਨਾਲਾ ਰੋਡ ’ਤੇ ਸਥਿਤ ਥਾਣਾ ਕੈਂਟ ਦੇ ਇੱਕ ਪੁਲਿਸ ਮੁਲਾਜਮ ਦੀ ਰਾਈਫ਼ਲ ਖੋਹ ਕੇ ਭੱਜਣ ਦੇ ਮਾਮਲੇ ਵਿਚ ਹੁਣ ਨਵਾਂ ਮੋੜ ਆ ਗਿਆ ਹੈ। ਹਾਲਾਂਕਿ ਬੀਤੀ ਰਾਤ ਰਾਈਫ਼ਲ ਬਰਾਮਦ ਹੋਣ ਤੋਂ ਬਾਅਦ ਪਿਛਲੇ ਤਿੰਨ ਦਿਨਾਂ ਤੋਂ ‘ਸੂਲੀ’ ’ਤੇ ਟੰਗੀ ਪੁਲਿਸ ਨੂੰ ਰਾਹਤ ਜਰੂਰ ਮਿਲ ਗਈ ਹੈ ਪ੍ਰੰਤੂ ਜੋ ਕਹਾਣੀ ਸਾਹਮਣੇ ਆਈ ਹੈ, ਉਸਨੇ ਪੁਲਿਸ ਅਧਿਕਾਰੀਆਂ ਦੇ ਹੋਸ਼ ਉਡਾ ਦਿੱਤੇ ਹਨ। ਮਿਲੀ ਸੂਚਨਾ ਮੁਤਾਬਕ ਘਟਨਾ ਤੋਂ ਬਾਅਦ ਇਹ ਰਾਈਫ਼ਲ ਜੋਕਿ ਪੁਲਿਸ ਦਾ ਨਾਕਾ ਤੋੜ ਕੇ ਭੱਜੇ ਨੌਜਵਾਨਾਂ ਦੀ ਸਕੋਡਾ ਕਾਰ ਦੇ ਬੋਰਨਟ ਵਿਚ ਫ਼ਸ ਗਈ ਸੀ, ਭੱਜਦਿਆਂ ਹੋਇਆ ਰਾਸਤੇ ਵਿਚ ਹੀ ਡਿੱਗ ਪਈ ਸੀ। ਜਿਸਦੇ ਬਾਰੇ ਕਾਰ ’ਚ ਸਵਾਰ ਬਦਮਾਸ਼ਾਂ ਨੂੰ ਵੀ ਪਤਾ ਨਹੀਂ ਲੱਗਿਆ ਸੀ। ਹਾਲਾਂਕਿ ਪੁਲਿਸ ਨੇ ਇਸ ਘਟਨਾ ਦੇ ਕੁੱਝ ਹੀ ਘੰਟਿਆਂ ਬਾਅਦ ਕਾਰ ’ਚ ਸਵਾਰ ਪੰਜ ਨੌਜਵਾਨਾਂ ਵਿਚੋਂ ਚਾਰ ਨੂੰ ਕਾਬੂ ਕਰ ਲਿਆ ਸੀ ਅਤੇ ਇਸ ਘਟਨਾ ਵਿਚ ਵਰਤੀ ਗਈ ਕਾਲੇ ਰੰਗ ਦੀ ਸਕੋਡਾ ਕਾਰ ਨੂੰ ਵੀ ਬਰਾਮਦ ਕਰ ਲਿਆ ਸੀ।
ਖ਼ੁਸਖਬਰ: ਸਾਢੇ ਤਿੰਨ ਸਾਲ ਬਾਅਦ ਬਠਿੰਡਾ ਤੋਂ ਦਿੱਲੀ ਲਈ ਮੁੜ ਸ਼ੁਰੂ ਹੋਵੇਗੀ ਹਵਾਈ ਸੇਵਾ
ਪ੍ਰੰਤੂ ਘਟਨਾ ਬੀਤਣ ਦੇ ਤਿੰਨ ਦਿਨ ਬਾਅਦ ਵੀ ਪੁਲਿਸ ਨੂੰ ਖੋਹੀ ਗਈ ਸਰਕਾਰੀ ਐਸਐਲਆਰ ਰਾਈਫ਼ਲ ਬਰਾਮਦ ਨਹੀਂ ਹੋ ਰਹੀ ਸੀ। ਪੁਲਿਸ ਵਲੋਂ ਕੀਤੀ ਭੱਜ ਦੋੜ ਤੋਂ ਬਾਅਦ ਪਤਾ ਲੱਗਿਆ ਕਿ ਇਹ ਰਾਈਫ਼ਲ ਬਸੰਤ ਵਿਹਾਰ ਵਿਚ ਰਹਿਣ ਵਾਲੇ ਅਮਰੂ ਨਾਂ ਦੇ ਨੌਜਵਾਨ ਦੇ ਹੱਥ ਲੱਗ ਗਈ ਸੀ, ਜਿਸਨੇ ਇਸਨੂੰ ਕੱਪੜੇ ਵਿਚ ਲੁਕੋ ਕੇ ਰੱਖ ਲਿਆ। ਇਸਤੋਂ ਬਾਅਦ ਉਸਨੇ ਇਸ ਰਾਈਫ਼ਲ ਦੀ ਜਾਣਕਾਰੀ ਬਾਬਾ ਫ਼ਰੀਦ ਨਗਰ ਵਿਚ ਰਹਿਣ ਵਾਲੇ ਕਾਲਾ ਨਾਂ ਦੇ ਨੌਜਵਾਨ ਨੂੰ ਦਿੱਤੀ। ਫ਼ਿਲਹਾਲ ਪੂਲਿਸ ਨੇ ਅਮਰੂ ਨੂੰ ਗ੍ਰਿਫਤਾਰ ਕਰਕੇ ਉਸਦੇ ਕੋਲੋਂ ਇਹ ਰਾਈਫ਼ਲ ਬਰਾਮਦ ਕਰਵਾ ਕੇ ਇੰਨ੍ਹਾਂ ਦੋਨਾਂ ਨੌਜਵਾਨਾਂ ਵਿਰੁਧ ਅਲੱਗ ਤੋਂ ਥਾਣਾ ਕੈਂਟ ਵਿਚ ਮੁਕੱਦਮਾ ਨੰਬਰ 16 ਅਧੀਨ ਧਾਰਾ 25 ਆਰਮਜ ਐਕਟ 1989 ਅਧੀਨ ਮੁਕੱਦਮਾ ਦਰਜ਼ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ, ਕਿ ਇੰਨ੍ਹਾਂ ਵਲੋਂ ਇਸ ਰਾਈਫ਼ਲ ਦਾ ਅੱਗੇ ਕੀ ਕੀਤਾ ਜਾਣਾ ਸੀ। ਇਸਤੋਂ ਇਲਾਵਾ ਇਸ ਮਾਮਲੇ ਵਿਚ ਲੋੜੀਦੇ ਪੰਜ ਬਦਮਾਸ਼ਾਂ ਵਿਚੋਂ ਚਾਰਾਂ ਨੂੰ ਪੁਲਿਸ ਨੇ ਪਹਿਲਾਂ ਹੀ ਗ੍ਰਿਫਤਾਰ ਕਰ ਲਿਆ ਸੀ ਜਦ ਕਿ ਪੰਜਵੇਂ ਫ਼ਰਾਰ ਵਿਸਾਲ ਨੂੰ ਵੀ ਹੁਣ ਗ੍ਰਿਫਤਾਰ ਕਰ ਲਿਆ ਗਿਆ ਹੈ।
ਕੋਵਿਡ ਸੈਂਟਰ ਦਾ ਮਾਮਲਾ: ਡੀਸੀ ਨੇ ਸੁਸਾਇਟੀ ਨੂੰ 20 ਲੱਖ ਜਮ੍ਹਾਂ ਕਰਵਾਉਣ ਦਾ ਕੱਢਿਆ ਨੋਟਿਸ
ਇਸ ਮਾਮਲੇ ਵਿਚ ਅੱਜ ਐਸਐਸਪੀ ਗੁਲਨੀਤ ਸਿੰਘ ਖੁਰਾਣਾ ਵਲੋਂ ਇੱਕ ਪ੍ਰੈਸ ਕਾਨਫਰੰਸ ਕਰਕੇ ਵੱਡੇ ਖੁਲਾਸੇ ਕਰਦਿਆਂ ਦਸਿਆ ਕਿ 11 ਅਗਸਤ ਨੂੰ ਨਾਕਾ ਤੋੜ ਕੇ ਫ਼ਰਾਰ ਹੋਣ ਦੀ ਘਟਨਾ ਵਿਚ ਸ਼ਾਮਲ ਪੰਜਵਾਂ ਕਥਿਤ ਦੋਸ਼ੀ ਵਿਸਾਲ ਲਾਲਾ ਵੀ ਗ੍ਰਿਫਤਾਰ ਕਰ ਲਿਆ ਗਿਆ ਹੈ। ਇਸ ਮਾਮਲੇ ਵਿਚ ਪਹਿਲਾਂ ਹੀ ਚਾਰ ਦੋਸ਼ੀ ਗ੍ਰਿਫਤਾਰ ਹੋ ਚੁੱਕੇ ਹਨ। ਇੰਨ੍ਹਾਂ ਦੋਸੀਆਂ ਕੋਲੋ ਪੁਲਿਸ ਨੇ ਤਿੰਨ ਪਿਸਤੌਲ ਵੀ ਬਰਾਮਦ ਕਰਵਾਏ ਹਨ। ਐਸਐਸਪੀ ਨੇ ਦਸਿਆ ਕਿ ਕਥਿਤ ਦੋਸ਼ੀਆਂ ਦੇ ਸਬੰਧ ਬੰਬੀਹਾ ਗੈਂਗ ਦੇ ਸੰਦੀਪ ਢਿੱਲੋਂ ਨਾਲ ਹਨ। ਵਿਸਾਲ ਲਾਲ ਵਿਰੁਧ ਥਾਣਾ ਕੈਨਾਲ ਕਲੌਨੀ ਵਿਚ ਹੀ ਚਾਰ ਪਰਚੇ ਦਰਜ਼ ਹਨ। ਇਸੇ ਤਰ੍ਹਾਂ ਵਿਵੇਵ ਉਰਫ਼ ਚੋਚਾ ਵਿਰੁਧ ਕੋਤਵਾਲੀ ਅਤੇ ਕੈਨਾਲ ਕਲੌਨੀ ਵਿਚ ਤਿੰਨ, ਹਨੀ ਉਰਫ਼ ਵਿਰੁਧ ਕੈਨਾਲ ਕਲੌਨੀ ਵਿਚ ਦੋ ਅਤੇ ਹਰਮਨਪ੍ਰੀਤ ਵਿਰੁਧ ਕੋਤਵਾਲੀ ਥਾਣੇ ’ਚ ਇੱਕ ਮੁਕੱਦਮਾ ਦਰਜ਼ ਹੈ। ਦਸਣਾ ਬਣਦਾ ਹੈ ਕਿ ਘਟਨਾ ਵਾਲੀ ਰਾਤ ਕਥਿਤ ਦੋਸ਼ੀਆਂ ਨੇ ਭੁੱਚੋਂ ਰੋਡ ’ਤੇ ਪਹਿਲਾਂ ਇੱਕ ਡਾਕਟਰ ਦੀ ਕਾਰ ਖੋਹਣ ਦੀ ਕੋਸਿਸ ਕੀਤੀ ਸੀ ਪ੍ਰੰਤੂ ਸਫ਼ਲ ਨਹੀਂ ਹੋ ਸਕੇ। ਇਸਤੋਂ ਇਲਾਵਾ ਇੱਕ ਹੋਰ ਕਾਰ ਸਵਾਰਾਂ ਨੂੰ ਵੀ ਲੁੱਟਣ ਦੀ ਕੋਸਸ ਕੀਤੀ ਪਰ ਇੱਥੇ ਵੀ ਸਫ਼ਲ ਨਹੀਂ ਹੋ ਸਕੇ, ਜਿਸਤੋਂ ਬਾਅਦ ਇਹ ਸਕੋਡਾ ਕਾਰ ’ਤੇ ਸਵਾਰ ਨੌਜਵਾਨ ਰਾਮੁਪਰਾ ਵੱਲ ਚਲੇ ਗਏ ਪ੍ਰੰਤੂ ਕੁੱਝ ਹੀ ਸਮੇਂ ਬਾਅਦ ਮੁੜ ਇਸੇ ਰੋਡ ਬਠਿੰਡਾ ਵੱਲ ਚੱਲ ਪਏ। ਇਸ ਦੌਰਾਨ ਇੱਕ ਵਿਅਕਤੀ ਨੇ ਇਸ ਕਾਰ ਨੂੰ ਪਹਿਚਾਣ ਲਿਆ ਤੇ ਅੱਗੇ ਥਾਣਾ ਕੈਂਟ ਦੀ ਪੁਲਿਸ ਨੂੰ ਸੂਚਿਤ ਕਰ ਦਿੱਤਾ।
ਜੀਦਾ ਟੋਲ ਪਲਾਜ਼ੇ ਵਾਲਿਆਂ ਦੀ ਗੁੰਡਾਗਰਦੀ: ਕਿਸਾਨ ਆਗੂ ਦੀ ਪੱਗ ਲਾਹੀ, ਹੋਇਆ ਪਰਚਾ ਦਰਜ਼
ਥਾਣਾ ਕੈਂਟ ਵਿਚ ਉਸ ਸਮਂੇ ਮੌਜੂਦ ਡਿਊਟੀ ਮੁਨਸ਼ੀ ਤੋਂ ਇਲਾਵਾ ਹੌਲਦਾਰ ਹਰਪ੍ਰੀਤ ਸਿੰਘ, ਹੋਮਗਾਰਡ ਜਵਾਨ ਇਕਬਾਲ ਸਿੰਘ ਤੇ ਸੰਤਰੀ ਦਵਿੰਦਰ ਸਿੰਘ ਨੇ ਮੇਨ ਹਾਈਵੇ ਉਪਰ ਨਾਕਾ ਲਗਾ ਲਿਆ ਸੀ ਪ੍ਰੰਤੂ ਕਥਿਤ ਦੋਸੀ ਨਾਕੇ ’ਤੇ ਗੱਡੀ ਰੋਕਣ ਤੋਂ ਬਾਅਦ ਅਚਾਨਕ ਸਪੀਡ ਕਰਕੇ ਗੱਡੀ ਭਜਾ ਕੇ ਲਿਜਾਣ ਵਿਚ ਸਫ਼ਲ ਰਹੇ। ਇਸ ਦੌਰਾਨ ਕਾਰ ਅੱਗੇ ਰਾਈਫ਼ਲ ਲੈ ਕੇ ਖੜਾ ਸੰਤਰੀ ਦਵਿੰਦਰ ਸਿੰਘ ਜਖਮੀ ਹੋ ਗਿਆ ਤੇ ਉਸਦੀ ਐਸਐਲਆਰ ਰਾਈਫ਼ਲ ਕਾਰ ਦੇ ਬੋਰਨਟ ਵਿਚ ਫ਼ਸ ਗਈ। ਜਿਸਤੋਂ ਬਾਅਦ ਇਹ ਸਕੋਡਾ ਕਾਰ ਸਵਾਰ ਨੌਜਵਾਨ ਬਰਨਾਲਾ ਬਾਈਪਾਸ ਹੁੰਦੇ ਹੋਏ ਭੱਟੀ ਰੋਡ ਰਾਹੀਂ ਸ਼ਹਿਰ ਵਿਚ ਵੜ ਗਏ ਸਨ। ਇਸ ਦੌਰਾਨ ਇਹ ਬਦਮਾਸ਼ ਪ੍ਰੇਗਾਮਾ ਹਸਪਤਾਲ ਦੇ ਨਜਦੀਕ ਕਾਰ ਖ਼ਾਲੀ ਪਲਾਟ ਵਿਚ ਖੜੀ ਕਰਕੇ ਭੱਜ ਗਏ। ਜਿੰਨ੍ਹਾਂ ਵਿਚੋਂ ਹਰਮਨ ਗਹਿਰੀ ਸ਼ਹਿਰ ਵਿਚ ਚਲਾ ਗਿਆ ਤੇ ਵਿਸਾਲ ਲਾਲਾ ਹੋਰ ਪਾਸੇ ਚਲਾ ਲਿਅ ਗਿਆ। ਜਦ ਕਿ ਵਿਵੇਕ ਕੁਮਾਰ ਉਰਫ ਜੋਗਾ ਵਾਸੀ ਗਲੀ ਨੰਬਰ 2 ਪਰਸ ਰਾਮ ਨਗਰ ਬਠਿੰਡਾ, ਹਨੀ ਸਿੰਘ ਉਰਫ ਬੱਬੂ ਵਾਸੀ ਜੋਗੀ ਨਗਰ ਬਠਿੰਡਾ , ਸੁਰਜੀਤ ਸਿੰਘ ਉਰਫ ਸੋਨੂੰ ਵਾਸੀ ਜੋਗੀ ਨਗਰ ਬਠਿੰਡਾ ਰੇਲਵੇ ਸਟੇਸ਼ਨ ਵੱਲ ਭੱਜ ਗਏ, ਜਿਹੜੇ ਅੱਗੇ ਦਿੱਲੀ ਵਾਲੀ ਟਰੈਨ ਵਿਚ ਚੜ ਗਏ। ਇੰਨ੍ਹਾਂ ਤਿੰਨਾਂ ਬਦਮਾਸਾਂ ਨੂੰ ਜੀਆਰਪੀ ਦੀ ਮੱਦਦ ਨਾਲ ਪੁਰਾਣੀ ਦਿੱਲੀ ਦੇ ਰੇਲਵੇ ਸਟੈਸ਼ਨ ਤੋਂ ਸੀਆਈਏ-1 ਦੀ ਟੀਮ ਨੈ ਕਾਬੂ ਕੀਤਾ ਸੀ। ਇਸਤੋਂ ਇਲਾਵਾ ਹਰਮਨ ਨੂੰ ਬਠਿੰਡਾ ’ਚ ਸਪੈਸ਼ਲ ਸਟਾਫ਼ ਅਤੇ ਫ਼ਰਾਰ ਹੋਏ ਪੰਜਵੇਂ ਨੌਜਵਾਨ ਵਿਸਾਲ ਨੂੰ ਕੈਂਟ ਪੁਲਿਸ ਨੇ ਗ੍ਰਿਫਤਾਰ ਕਰ ਲਿਆ ਸੀ।ਐਸਐਸਪੀ ਗੁਲਨੀਤ ਸਿੰਘ ਖੁਰਾਣਾ ਮੁਤਾਬਕ ਮੁਜਰਮਾਂ ਨੂੰ ਫੜਨ ਅਤੇ ਕੇਸ ਨੂੰ ਸੁਲਝਾਉਣ ਵਿਚ ਸੀਆਈਏ 1 ਅਤੇ 2 ਵਿੰਗ ਤੋਂ ਇਲਾਵਾ ਸਪੈਸ਼ਲ ਸਟਾਫ, ਥਾਣਾ ਕੈਂਟ,ਸਿਵਲ ਲਾਈਨ ਅਤੇ ਕੋਤਵਾਲੀ ਦੇ ਮੁਲਾਜ਼ਮਾਂ ਦਾ ਵੀ ਯੋਗਦਾਨ ਰਿਹਾ।
Share the post "ਥਾਣਾ ਕੈਂਟ ਦੀ ਪੁਲਿਸ ਕੋਲੋਂ ਖੋਹੀ ਰਾਈਫ਼ਲ ਬਰਾਮਦ, ਪੁਲਿਸ ਨਾਕਾ ਤੋੜਣ ਵਾਲਾ ਫ਼ਰਾਰ ਪੰਜਵਾਂ ਨੌਜਵਾਨ ਵੀ ਕਾਬੁੂ"