ਡਿਪਟੀ ਕਮਿਸ਼ਨਰ ਨੇ ਗੋਲਡ ਤੇ ਸਿਲਵਰ ਮੈਡਲ ਜਿੱਤਣ ਵਾਲੀਆਂ ਖਿਡਾਰਨਾਂ ਨੂੰ ਕੀਤਾ ਸਨਮਾਨਿਤ
ਸੁਖਜਿੰਦਰ ਮਾਨ
ਬਠਿੰਡਾ, 26 ਮਈ : ਸੁਪਨੇ ਉਹ ਨਹੀਂ ਹੁੰਦੇ ਜੋ ਅਸੀਂ ਨੀਂਦ ਵਿੱਚ ਲੈਂਦੇ ਹਾਂ ਸੁਪਨੇ ਉਹ ਹੁੰਦੇ ਹਨ ਜੋ ਅਸੀਂ ਖੁੱਲ੍ਹੀਆਂ ਨਾਲ ਅੱਖਾਂ ਨਾਲ ਦੇਖ ਕੇ ਪੂਰੇ ਕਰਕੇ ਦੇਸ਼, ਆਪਣਾ ਤੇ ਆਪਣੇ ਮਾਪਿਆਂ ਦਾ ਨਾਮ ਰੌਸ਼ਨ ਕਰਦੇ ਹਾਂ। ਇਨ੍ਹਾਂ ਗੱਲਾਂ ਦਾ ਪ੍ਰਗਟਾਵਾਂ ਡਿਪਟੀ ਕਮਿਸ਼ਨਰ ਸ਼੍ਰੀ ਸ਼ੌਕਤ ਅਹਿਮਦ ਪਰੇ ਨੇ ਡੈਫ਼ ਐਂਡ ਡੰਮ ਸਕੂਲ ਵਿੱਚ ਜ਼ਿਲ੍ਹੇ ਦੀਆਂ ਹੋਣਹਾਰ ਖਿਡਾਰਣਾਂ ਵਲੋਂ ਨੈਸ਼ਨਲ ਪੱਧਰ ਪ੍ਰਾਪਤ ਕੀਤੇ ਗੋਲਡ ਤੇ ਸਿਲਵਰ ਮੈਡਲ ਸਬੰਧੀ ਕਰਵਾਏ ਗਏ ਸਨਮਾਨ ਸਮਾਰੋਹ ਮੌਕੇ ਸੰਬੋਧਨ ਕਰਦਿਆਂ ਕੀਤਾ।
ਇਸ ਮੌਕੇ ਡਿਪਟੀ ਕਮਿਸ਼ਨਰ ਸ਼੍ਰੀ ਸ਼ੌਕਤ ਅਹਿਮਦ ਪਰੇ ਨੇ ਬ੍ਰਾਜੀਲ ‘ਚ ਡੈਫ ਓਲੰਪਿਕ ਬੈਡਮਿੰਟਨ 2022 ‘ਚ ਗੋਲਡ ਮੈਡਲ ਜਿੱਤਣ ਵਾਲੀ ਸ੍ਰੇਆ ਸਿੰਗਲਾ ਅਤੇ ਤਾਮਿਲਨਾਡੂ ਵਿਖੇ ਹੋਏ ਖੇਡ ਮੁਕਾਬਲਿਆਂ ਡਿਸਕਸ ਥਰੋ ਅਤੇ 200 ਮੀਟਰ ਦੌੜ ਵਿੱਚ ਸਿਲਵਰ ਮੈਡਲ ਜਿੱਤਣ ਵਾਲੀ ਸਰਬਜੀਤ ਕੌਰ ਨੂੰ ਵਿਸ਼ੇਸ਼ ਤੌਰ ਤੇ ਸਨਮਾਨਿਤ ਕੀਤਾ। ਇਸ ਮੌਕੇ ਜਿੱਥੇ ਡਿਪਟੀ ਕਮਿਸ਼ਨਰ ਨੇ ਇਨ੍ਹਾਂ ਹੋਣਹਾਰ ਖਿਡਾਰਣਾਂ ਨੂੰ ਸ਼ੁਭਕਾਮਨਾਵਾਂ ਦਿੰਦਿਆਂ ਉਨ੍ਹਾਂ ਚੰਗੇ ਭਵਿੱਖ ਦੀ ਕਾਮਨਾ ਕੀਤੀ ਉੱਥੇ ਮੌਜੂਦ ਵਿਦਿਆਰਥੀਆਂ ਨੂੰ ਵੀ ਇਨ੍ਹਾਂ ਖਿਡਾਰਣਾਂ ਵਾਂਗ ਮਿਹਨਤ ਕਰਕੇ ਆਪਣੇ ਸੁਪਨੇ ਸਾਕਾਰ ਕਰਨ ਲਈ ਪ੍ਰੇਰਿਤ ਕੀਤਾ।
ਇਸ ਮੌਕੇ ਡਿਪਟੀ ਕਮਿਸ਼ਨਰ ਨੇ ਸਕੂਲੀ ਬੱਚਿਆਂ ਨੂੰ ਇਨਾਮ ਵੰਡ ਕੇ ਉਨ੍ਹਾਂ ਦੀ ਹੌਂਸਲਾਂ-ਅਫ਼ਜਾਈ ਵੀ ਕੀਤੀ। ਸਮਾਰੋਹ ਦੌਰਾਨ ਡਿਪਟੀ ਕਮਿਸ਼ਨਰ ਨੇ ਸਕੂਲੀ ਬੱਚਿਆਂ ਦੁਆਰਾ ਤਿਆਰ ਕੀਤੇ ਮੁਰੱਬੇ, ਅਚਾਰ ਅਤੇ ਪੇਟਿੰਗਾਂ ਨੂੰ ਵੀ ਨਿਹਾਰਿਆ। ਇਸ ਮੌਕੇ ਸਕੂਲੀ ਬੱਚਿਆਂ ਵਲੋਂ ਵੱਖ-ਵੱਖ ਤਰ੍ਹਾਂ ਦੀਆਂ ਦਿਲ ਖਿੱਚਵੀਆਂ ਸੱਭਿਆਚਾਰਕ ਵੰਨਗੀਆਂ ਵੀ ਪੇਸ਼ ਕੀਤੀਆਂ ਗਈਆਂ। ਸਮਾਗਮ ਦੌਰਾਨ ਸ੍ਰੇਆ ਸਿੰਗਲਾ ਅਤੇ ਸਰਬਜੀਤ ਕੌਰ ਨੇ ਉਨ੍ਹਾਂ ਦਾ ਵਿਸ਼ੇਸ਼ ਸਨਮਾਨ ਕਰਨ ਤੇ ਜ਼ਿਲ੍ਹਾ ਪ੍ਰਸ਼ਾਸ਼ਨ ਦਾ ਧੰਨਵਾਦ ਕੀਤਾ। ਇਸ ਮੌਕੇ ਉਨ੍ਹਾਂ ਸਕੂਲੀ ਵਿਦਿਆਰਥੀਆਂ ਨੂੰ ਵੱਧ ਤੋਂ ਵੱਧ ਮਿਹਨਤ ਕਰਨ ਲਈ ਪ੍ਰੇਰਿਤ ਵੀ ਕੀਤਾ ਤਾਂ ਜੋ ਉਹ ਵੀ ਕਿਸੇ ਨਾ ਕਿਸੇ ਮੁਕਾਮ ਤੇ ਪਹੁੰਚ ਕੇ ਆਪਣੇ ਦੇਸ਼, ਸ਼ਹਿਰ, ਸਕੂਲ ਤੇ ਮਾਤਾ-ਪਿਤਾ ਦਾ ਨਾਮ ਰੌਸ਼ਨ ਕਰ ਸਕਣ।
ਇਸ ਮੌਕੇ ਰੈਡ ਕਰਾਸ ਸੁਸਾਇਟੀ ਦੇ ਸੈਕਟਰੀ ਸ਼੍ਰੀ ਦਰਸ਼ਨ ਕੁਮਾਰ, ਅਸ਼ਟਾਵਕਰਾ ਡਿਸਏਬਲਡ ਵੈਲਫ਼ੇਅਰ ਸੁਸਾਇਟੀ (ਰਜਿ) ਰਾਮਪੁਰਾ ਦੇ ਨੁਮਾਇੰਦੇ ਸ਼੍ਰੀ ਕਰਨ ਗਰਗ ਅਤੇ ਹੋਣਹਾਰ ਖਿਡਾਰਣਾਂ ਨੂੰ ਵਿਸ਼ੇਸ਼ ਸਹਿਯੋਗ ਦੇ ਕੇ ਇਸ ਮੁਕਾਮ ਤੱਕ ਪਹੁੰਚਾਉਣ ਵਾਲੇ ਡਾ. ਤਰਸੇਮ ਗਰਗ, ਸ਼੍ਰੀ ਦਵਿੰਦਰ ਸਿੰਗਲਾ, ਡਾ. ਜਗਤਾਰ ਸਿੰਘ ਅਤੇ ਮੈਡਮ ਅਲਕਾ ਹਾਂਡਾ ਤੋਂ ਇਲਾਵਾ ਸਕੂਲ ਦੀ ਪਿ੍ਰੰਸੀਪਲ ਮਨਿੰਦਰ ਕੌਰ, ਸਕੂਲ ਦਾ ਸਟਾਫ਼, ਵਿਦਿਆਰਥੀਆਂ ਤੇ ਉਨ੍ਹਾਂ ਦੇ ਮਾਪੇ ਹਾਜ਼ਰ ਸਨ।
ਖੁੱਲ੍ਹੀਆਂ ਅੱਖਾਂ ਨਾਲ ਦੇਖੇ ਸੁਪਨੇ ਹੁੰਦੇ ਹਨ ਪੂਰੇ : ਡਿਪਟੀ ਕਮਿਸ਼ਨਰ
16 Views