ਚੰਡੀਗੜ੍ਹ, 27 ਸਤੰਬਰ: ਪੰਜਾਬ ਸਰਕਾਰ ਨੇ ਮੰਗਲਵਾਰ ਨੂੰ ਡਾ: ਸੰਗੀਤਾ ਤੂਰ ਨੂੰ ਪਸ਼ੂ ਪਾਲਣ ਵਿਭਾਗ ਦੀ ਡਾਇਰੈਕਟਰ ਨਿਯੁਕਤ ਕੀਤਾ ਹੈ। ਇਸ ਨਾਲ ਡਾ: ਤੂਰ ਵਿਭਾਗ ਦੇ ਇਤਿਹਾਸ ਵਿੱਚ ਪਹਿਲੀ ਮਹਿਲਾ ਡਾਇਰੈਕਟਰ ਬਣ ਗਈ ਹੈ। ਇਸ ਤੋਂ ਪਹਿਲਾਂ ਉਹ ਸੰਯੁਕਤ ਡਾਇਰੈਕਟਰ ਪਸ਼ੂ ਪਾਲਣ (ਯੋਜਨਾ ਅਤੇ ਵਿਕਾਸ) ਵਜੋਂ ਸੇਵਾਵਾਂ ਨਿਭਾਅ ਰਹੇ ਸਨ। ਡਾ: ਸੰਗੀਤਾ ਤੂਰ ਨੇ ਮੁੱਖ ਮੰਤਰੀ ਭਗਵੰਤ ਮਾਨ ਅਤੇ ਪਸ਼ੂ ਪਾਲਣ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਦਾ ਉਹਨਾਂ ਨੂੰ ਇਹ ਜਿੰਮੇਵਾਰੀ ਸੌਂਪਣ ਅਤੇ ਵਿਭਾਗ ਦੀ ਅਗਵਾਈ ਕਰਨ ਦੀ ਉਹਨਾਂ ਦੀ ਕਾਬਲੀਅਤ ਵਿੱਚ ਵਿਸ਼ਵਾਸ ਜਤਾਉਣ ਲਈ ਧੰਨਵਾਦ ਕੀਤਾ।
ਉਸਨੇ ਕਿਹਾ ਕਿ ਵੱਖ-ਵੱਖ ਚੱਲ ਰਹੇ ਪ੍ਰੋਜੈਕਟਾਂ ’ਤੇ ਕੰਮ ਕਰਨ ਤੋਂ ਇਲਾਵਾ, ਉਸਦਾ ਧਿਆਨ ਪੰਜਾਬ ਵੈਟਰਨਰੀ ਵੈਕਸੀਨ ਇੰਸਟੀਚਿਊਟ ਲੁਧਿਆਣਾ ਨਾਲ ਸਬੰਧਤ ਮੁੱਦਿਆਂ ਨੂੰ ਹੱਲ ਕਰਨ ’ਤੇ ਹੋਵੇਗਾ। ਉਸਨੇ ਅੱਗੇ ਕਿਹਾ ਕਿ ਇੱਕ ਮਜ਼ਬੂਤ ਵੈਕਸੀਨ ਦਾ ਉਤਪਾਦਨ ਮੁਰਗੀਆਂ ਸਮੇਤ ਪਸ਼ੂਆਂ ਵਿੱਚ ਵੱਖ-ਵੱਖ ਛੂਤ ਦੀਆਂ ਬਿਮਾਰੀਆਂ ਦੇ ਨਿਯੰਤਰਣ ਨੂੰ ਯਕੀਨੀ ਬਣਾਏਗਾ। ਵੈਟਰਨਰੀ ਅਫਸਰਾਂ, ਵੈਟਰਨਰੀ ਇੰਸਪੈਕਟਰ ਅਤੇ ਹੋਰ ਸਟਾਫ ਦੀਆਂ ਖਾਲੀ ਅਸਾਮੀਆਂ ਨੂੰ ਭਰਨ ਦੇ ਨਾਲ-ਨਾਲ ਪਸ਼ੂ ਹਸਪਤਾਲਾਂ ਵਿੱਚ ਮਿਆਰੀ ਦਵਾਈਆਂ ਮੁਹੱਈਆ ਕਰਵਾਉਣਾ ਦੂਜੀ ਅਹਿਮ ਤਰਜੀਹ ਹੋਵੇਗੀ।
“ਪਸ਼ੂ ਪਾਲਣ ਵਿਭਾਗ ਦੀ ਪਹਿਲੀ ਮਹਿਲਾ ਨਿਰਦੇਸ਼ਕ ਹੋਣ ਦੇ ਨਾਤੇ, ਮੇਰਾ ਉਦੇਸ਼ ਪਸ਼ੂਆਂ ਦੇ ਡਾਕਟਰਾਂ ਨੂੰ ਵਿਸ਼ੇਸ਼ ਤੌਰ ’ਤੇ ਲੇਡੀ ਵੈਟਰਨਰੀਅਨਾਂ ਨੂੰ ਤਬਦੀਲੀ ਅਤੇ ਨਵੀਨਤਾ ਲਈ ਆਗੂ ਬਣਨ ਲਈ ਪ੍ਰੇਰਿਤ ਕਰਨਾ ਹੋਵੇਗਾ। ਪੰਜਾਬ ਵਿੱਚ ਡੇਅਰੀ ਫਾਰਮਿੰਗ, ਪੋਲਟਰੀ ਫਾਰਮਿੰਗ, ਬੱਕਰੀ ਪਾਲਣ ਆਦਿ ਦੇ ਖੇਤਰ ਵਿੱਚ ਬਹੁਤ ਸਾਰੀਆਂ ਸੰਭਾਵਨਾਵਾਂ ਹਨ ਅਤੇ ਮੇਰੀ ਕੋਸ਼ਿਸ਼ ਰਹੇਗੀ ਕਿ ਕਿਸਾਨਾਂ ਨੂੰ ਮਿਆਰੀ ਵੈਟਰਨਰੀ ਸੇਵਾਵਾਂ ਦੀ ਸਹੂਲਤ ਦਿੱਤੀ ਜਾਵੇ, ”ਡਾ ਤੂਰ ਨੇ ਕਿਹਾ।
ਥਾਣੇਦਾਰ ਦੀ ਕਾਰ ਲੈ ਕੇ ਫ਼ਰਾਰ ਹੋਣ ਵਾਲਾ ‘ਲੁਟੇਰਾ’ ਹਰਿਆਣਾ ਵਿਚੋਂ ਕਾਬੂ
ਡਾ: ਸੰਗੀਤਾ ਤੂਰ ਅਕਤੂਬਰ 1988 ਵਿੱਚ ਪਸ਼ੂ ਪਾਲਣ ਵਿਭਾਗ ਵਿੱਚ ਸ਼ਾਮਲ ਹੋਈ ਅਤੇ ਡਿਪਟੀ ਡਾਇਰੈਕਟਰ ਦੇ ਅਹੁਦੇ ਤੱਕ ਪਹੁੰਚ ਗਈ। ਉਸ ਨੂੰ ਬਾਅਦ ਵਿੱਚ ਦਸੰਬਰ 2022 ਵਿੱਚ ਸੰਯੁਕਤ ਡਾਇਰੈਕਟਰ ਦੇ ਅਹੁਦੇ ’ਤੇ ਤਰੱਕੀ ਦਿੱਤੀ ਗਈ। ਉਹ ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਲੁਧਿਆਣਾ ਦੀ ਗ੍ਰੈਜੂਏਟ ਹੈ।