ਸੁਖਜਿੰਦਰ ਮਾਨ
ਬਠਿੰਡਾ, 13 ਜੁਲਾਈ :ਪਿਛਲੇ ਦਿਨਾਂ ’ਚ ਨਰਮੇ ਦੀ ਫ਼ਸਲ ਉਪਰ ਗੁਲਾਬੀ ਸੁੰਡੀ ਦੇ ਹਮਲੇ ਤੋਂ ਬਾਅਦ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਦੇ ਮਾਹਿਰਾਂ ਵੱਲੋਂ ਲਗਾਤਾਰ ਨਰਮੇ ਦੀ ਫ਼ਸਲ ਦਾ ਸਰਵੇਖਣ ਕੀਤਾ ਜਾ ਰਿਹਾ ਹੈ। ਯੂਨੀਵਰਸਿਟੀ ਦੇ ਨਿਰਦੇਸ਼ਕ ਪਸਾਰ ਸਿੱਖਿਆ ਡਾ. ਗੁਰਮੀਤ ਸਿੰਘ ਬੁੱਟਰ ਨੇ ਦਸਿਆ ਕਿ ਨਰਮੇ ਦੇ ਜਿਨ੍ਹਾਂ ਖੇਤਾਂ ਵਿੱਚ ਫੁੱਲ ਡੋਡੀ ਲੱਗਈ ਸ਼ੁਰੂ ਹੋ ਗਈ ਹੈ, ਉਥੇ ਕਿਸਾਨ ਵੀਰਾਂ ਨੂੰ ਸਲਾਹ ਹੈ ਕਿ ਉਹ ਖੁਦ ਆਪਣੇ ਨਰਮੇ ਦੇ ਖੇਤਾਂ ਦਾ ਲਗਾਤਾਰ ਸਰਵੇਖਣ ਕਰਦੇ ਰਹਿਣ ਅਤੇ ਹਫ਼ਤੇ ਦੇ ਵਕਫ਼ੇ ਤੇ ਤੰਬੀਰੀ ਬਣੇ ਫੁੱਲਾਂ ਅਤੇ ਹਰੇ ਟਿੱਡਿਆਂ ਨੂੰ ਵੀ ਜਰੂਰ ਧਿਆਨ ਨਾਲ ਵੇਖਿਆ ਜਾਵੇ। ਉਨ੍ਹਾਂ ਕਿਹਾ ਕਿ ਇਸਦੇ ਲਈ ਕਿਸਾਨ ਅਪਣੇ ਖੇਤ ਵਿੱਚੋਂ ਅਲੱਗ ਅਲੱਗ ਜਗਾ ਤੋਂ 100 ਫੁੱਲਾਂ ਦੀ ਜਾਂਚ ਕਰਨ ਅਤੇ ਜੇਕਰ ਇਹਨਾਂ ਵਿਚੋਂ ਤੰਬੀਰੀ ਬਣੇ ਫੁੱਲ ਅਤੇ ਸੁੰਡੀ ਦੁਆਰਾ ਨੁਕਸਾਨ ਕੀਤੇ ਗਏ 5 ਫੁੱਲ ਮਿਲਦੇ ਹਨ ਤਾਂ ਮਾਹਰਾਂ ਵਲੋਂ ਸਿਫਾਰਸ਼ ਕੀਤੀਆਂ ਕੀਟਨਾਸ਼ਕਾਂ ਦਾ ਹੀ ਛਿੜਕਾਅ ਕੀਤਾ ਜਾਵੇ। ਡਾ ਬੁੱਟਰ ਨੇ ਕਿਹਾ ਕਿ ਹਮਲੇ ਵਾਲੇ ਤੰਬੀਰੀ ਫੁੱਲਾਂ ਨੂੰ ਸਰਵੇਖਣ ਦੌਰਾਨ ਹੀ ਨਸ਼ਟ ਕਰ ਦੇਣਾ ਚਾਹੀਦਾ ਹੈ ਤੇ ਇਸ ਸੁੰਡੀ ਦੀ ਰੋਕਥਾਮ ਲਈ 100 ਗਰਾਮ ਪਰੋਕਲੇਮ 5 ਐਸ ਜੀ (ਐਮਾਮੈਕਟੀਨ ਬੈਨਜੋਏਟ) ਜਾਂ 200 ਮਿਲੀਲਿਟਰ ਕਿਉਰਾਕਰਾਨ 50 ਈ ਸੀ (ਡੀਨਰੇਸ) ਜਾਂ 200 ਮਿਲੀਲਿਟਰ ਅਵਾਦ 14.5 ਐਸ ਸੀ (ਇੰਡੋਕਾਕਾਰਥ) ਜਾਂ 250 ਗਰਾਮ ਲਾਰਵਿਨ 75 ਡਬਲਯੂ ਪੀ (ਥਾਇਓਡੀਕਾਰਬ ਜਾਂ ਮਿਲੀਲਿਟਰ ਸਮਾਇਟ 50 ਈ ਸੀ (ਇਥੀਓਨ) ਕੀਟਨਾਸ਼ਕਾਂ ਦਾ 7 ਤੋਂ 10 ਦਿਨਾਂ ਬਾਅਦ ਛਿੜਕਾਅ ਕਰਦੇ ਰਹਿਣਾ ਚਾਹੀਦਾ ਹੈ। ਇਸਤੋਂ ਇਲਾਵਾ ਜੇਕਰ ਬੀ.ਟੀ. ਨਰਮੇ ਉੱਤੇ ਗੁਲਾਬੀ ਸੁੰਡੀ ਦਾ ਹਮਲਾ ਜਿਆਦਾ ਵਿਖਾਈ ਦੇਵੇ ਤਾਂ ਤੁਰੰਤ ਆਪਣੇ ਇਲਾਕੇ ਦੇ ਕ੍ਰਿਸ਼ੀ ਵਿਗਿਆਨ ਕੇਂਦਰ ਜਾਂ ਫਾਰਮ ਸਲਾਹਕਾਰ ਸੇਵਾ ਕੇਂਦਰ ਜਾਂ ਖੇਤਰੀ ਖੋਜ ਕੇਂਦਰ ਦੇ ਸਾਇੰਸਦਾਨਾ ਨਾਲ ਸੰਪਰਕ ਕਰਨਾ ਚਾਹੀਦਾ ਹੈ।
Share the post "ਨਰਮੇ ਵਿੱਚ ਗਲਾਬੀ ਸੁੰਡੀ ਦੀ ਰੋਕਥਾਮ ਲਈ ਖੇਤੀਬਾੜੀ ਯੂਨੀਵਰਸਿਟੀ ਦੇ ਮਾਹਰਾਂ ਨੇ ਦਿੱਤੇ ਸੁਝਾਅ"