14 Views
ਸੁਖਜਿੰਦਰ ਮਾਨ
ਬਠਿੰਡਾ, 4 ਨਵੰਬਰ: ਪਿਛਲੇ ਲੰਮੇ ਸਮੇਂ ਤੋਂ ਹੀ ਵਿਵਾਦਾਂ ਦੇ ਘੇਰੇ ਵਿੱਚ ਰਹੇ ਬਠਿੰਡਾ ਸ਼ਹਿਰ ਦੇ ਅਜੀਤ ਰੋਡ ‘ਤੇ ਸਥਿਤ ਗੁਰਦੁਆਰਾ ਬੀਬੀ ਵਾਲਾ ਸਾਹਿਬ ਦੇ ਨਜ਼ਦੀਕ ਚੱਲ ਰਹੇ ਏਬੀਐਮ ਇੰਟਰਨੈਸ਼ਨਲ ਇਮੀਗਰੇਸ਼ਨ ਸੈਂਟਰ ਦੀ ਇਮਾਰਤ ਉੱਪਰ ਲੱਗੇ ਹੋਏ ਬੋਰਡ ਨੂੰ ਬੀਤੇ ਕੱਲ ਜਿਲਾ ਪ੍ਰਸ਼ਾਸਨ ਨੇ ਪੁਲਿਸ ਦੀ ਮਦਦ ਨਾਲ ਉਖਾੜ ਦਿੱਤਾ ਹੈ। ਇਸ ਇੰਸਟੀਚਿਊਟ ਦਾ ਕੁਝ ਮਹੀਨੇ ਪਹਿਲਾਂ ਹੀ ਪ੍ਰਸ਼ਾਸਨ ਵੱਲੋਂ ਇਮੀਗ੍ਰੇਸ਼ਨ ਲਾਈਸਂੰਸ ਵੀ ਰੱਦ ਕੀਤਾ ਜਾ ਚੁੱਕਿਆ ਹੈ। ਇਸ ਤੋਂ ਇਲਾਵਾ ਇਸਦੇ ਪ੍ਰਬੰਧਕਾਂ ਵਿਰੁੱਧ ਲੋਕਾਂ ਨਾਲ ਧੋਖਾਧੜੀ ਕਰਨ ਦੇ ਦੋਸਾਂ ਹੇਠ ਕਈ ਪਰਚੇ ਵੀ ਦਰਜ ਹੋ ਚੁੱਕੇ ਹਨ।
ਪੁਲਿਸ ਅਧਿਕਾਰੀਆਂ ਨੇ ਦੱਸਿਆ ਕਿ ਇਮੀਗ੍ਰੇਸ਼ਨ ਸੈਂਟਰ ਦਾ ਲਾਈਸੰਸ ਰੱਦ ਹੋਣ ਦੇ ਬਾਵਜੂਦ ਵੀ ਸੂਚਨਾ ਮਿਲੀ ਸੀ ਕਿ ਇਸ ਦੇ ਪ੍ਰਬੰਧਕਾਂ ਵੱਲੋਂ ਲੁਕਵੇਂ ਢੰਗ ਦੇ ਨਾਲ ਇਸਦਾ ਸੰਚਾਲਨ ਕੀਤਾ ਜਾ ਰਿਹਾ ਹੈ। ਜਿਸ ਦੇ ਚਲਦੇ ਇਹਨਾਂ ਵੱਲੋਂ ਪਿਛਲੇ ਸਮੇਂ ਦੌਰਾਨ ਕੀਤੀਆਂ ਧੋਖਾਧੜੀਆਂ ਦੇ ਸ਼ਿਕਾਰ ਲੋਕ ਇੱਥੇ ਅਕਸਰ ਹੀ ਧਰਨਾ ਲਗਾਉਣ ਆ ਜਾਂਦੇ ਹਨ ਜਿਸ ਕਾਰਨ ਆਮ ਰਾਹਗੀਰਾਂ ਨੂੰ ਵੀ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ।
ਇਸ ਦੀ ਪੁਸ਼ਟੀ ਕਰਦਿਆਂ ਡੀਐਸਪੀ ਸਿਟੀ ਗੁਰਪ੍ਰੀਤ ਸਿੰਘ ਨੇ ਦੱਸਿਆ ਕਿ ਲਾਈਸੰਸ ਰੱਦ ਹੋਣ ਤੋਂ ਬਾਅਦ ਇੱਥੇ ਗਤੀਵਿਧੀਆਂ ਚੱਲਦੀ ਚਲਦੇ ਹੋਣ ਦੀ ਸੂਚਨਾ ਮਿਲਣ ‘ਤੇ ਇਹ ਕਾਰਵਾਈ ਕੀਤੀ ਗਈ ਹੈ। ਡੀਐਸਪੀ ਨੇ ਇਹ ਵੀ ਖੁਲਾਸਾ ਕੀਤਾ ਕਿ ਇਸ ਇਮਾਰਤ ਦੇ ਮਾਲਕ ਬਾਰੇ ਵੀ ਪਤਾ ਕੀਤਾ ਜਾ ਰਿਹਾ ਹੈ ਤਾਂ ਕਿ ਉਹਨਾਂ ਨੂੰ ਵੀ ਇਸ ਦੇ ਬਾਰੇ ਸੂਚਿਤ ਕੀਤਾ ਜਾ ਸਕੇ। ਉਹਨਾਂ ਦੱਸਿਆ ਕਿ ਬੀਤੇ ਕੱਲ ਇਸਦਾ ਬੋਰਡ ਉਤਾਰ ਦਿੱਤਾ ਗਿਆ ਹੈ ਅਤੇ ਜੇਕਰ ਹੁਣ ਵੀ ਇੱਥੇ ਇਸ ਤਰ੍ਹਾਂ ਦਾ ਕੰਮ ਕੀਤੇ ਜਾਣ ਬਾਰੇ ਜਾਣਕਾਰੀ ਮਿਲੀ ਤਾਂ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।
ਦੱਸਣਾ ਬਣਦਾ ਹੈ ਕਿ ਬਠਿੰਡਾ ਸ਼ਹਿਰ ਵਿੱਚ ਖੁੰਭਾਂ ਵਾਂਗ ਖੁੱਲੇ ਹੋਏ ਇਮੀਗਰੇਸ਼ਨ ਤੇ ਆਈਲੈਂਟਸ ਸੈਂਟਰਾਂ ਵਿੱਚੋਂ ਕੁਝ ਕੁ ਵੱਲੋਂ ਗਲਤ ਤਰੀਕੇ ਦੇ ਨਾਲ ਵਿਦਿਆਰਥੀਆਂ ਤੇ ਉਹਨਾਂ ਦੇ ਮਾਪਿਆਂ ਨੂੰ ਗੁਮਰਾਹ ਕਰਨ ਦੀਆਂ ਸ਼ਿਕਾਇਤਾਂ ਅਕਸਰ ਹੀ ਸੁਣਾਈ ਦਿੰਦੀਆਂ ਹਨ। ਜਿਸਦੇ ਕਾਰਨ ਲੱਖਾਂ ਰੁਪਈਆਂ ਦੀ ਠੱਗੀ ਵੱਜਣ ਤੋਂ ਬਾਅਦ ਪੀੜਤ ਲੋਕਾਂ ਵੱਲੋਂ ਜ਼ਿਲ੍ਹਾ ਪ੍ਰਸ਼ਾਸਨ ਕੋਲ ਕਾਰਵਾਈ ਦੀ ਮੰਗ ਕੀਤੀ ਜਾਂਦੀ ਹੈ। ਇਸ ਦੌਰਾਨ ਧਰਨੇ ਅਤੇ ਪ੍ਰਦਰਸ਼ਨ ਵੀ ਹੁੰਦੇ ਹਨ ਪ੍ਰੰਤੂ ਠੱਗੀ ਦੇ ਮਾਹਰ ਅਜਿਹੇ ਲੋਕ ਇਸ ਦੇ ਬਾਵਜੂਦ ਵੀ ਆਪਣੀਆਂ ਕਾਰਵਾਈਆਂ ਨੂੰ ਅੰਜਾਮ ਦਿੰਦੇ ਰਹਿੰਦੇ ਹਨ। ਜਿਸ ਦੇ ਚਲਦੇ ਹੁਣ ਪ੍ਰਸ਼ਾਸਨ ਵੱਲੋਂ ਵੀ ਸਖਤੀ ਦਿਖਾਈ ਜਾ ਰਹੀ ਹੈ।
ਇਸ ਸਬੰਧ ਵਿੱਚ ਪਿਛਲੇ ਦਿਨਾਂ ਦੇ ਦੌਰਾਨ ਜ਼ਿਲਾ ਪ੍ਰਸ਼ਾਸਨ ਵੱਲੋਂ ਪੁਲਿਸ ਦੀ ਮਦਦ ਨਾਲ ਸ਼ਹਿਰ ਵਿੱਚ ਚੱਲ ਰਹੇ ਆਈਲੈਟਸ ਤੇ ਇਮੀਗ੍ਰੇਸ਼ਨ ਸੈਂਟਰਾਂ ਦੀ ਫਿਜੀਕਲ ਵੈਰੀਫਿਕੇਸ਼ਨ ਵੀ ਕਰਵਾਈ ਗਈ ਸੀ ਅਤੇ ਇੱਥੇ ਉਹਨਾਂ ਕੋਲੇ ਮੌਜੂਦ ਦਸਤਾਵੇਜਾਂ ਦੀ ਵੀ ਚੈਕਿੰਗ ਕੀਤੀ ਗਈ ਸੀ। ਜਿਨਾਂ ਸੈਂਟਰਾਂ ਕੋਲ ਦਸਤਾਵੇਜ਼ ਮੌਜੂਦ ਨਹੀਂ ਸਨ ਉਹਨਾਂ ਵਿਰੁੱਧ ਪਰਚੇ ਵੀ ਦਰਜ ਕੀਤੇ ਗਏ ਸਨ। ਇਸ ਤੋਂ ਇਲਾਵਾ ਗਲਤ ਕੰਮ ਕਰਨ ਵਾਲਿਆਂ ਦੇ ਵੀ ਲਗਾਤਾਰ ਲਾਈਸੰਸ ਰੱਦ ਕੀਤੇ ਜਾ ਰਹੇ ਹਨ। ਹਾਲਾਂਕਿ ਕਾਨੂੰਨ ਦੇ ਦਾਇਰੇ ਵਿੱਚ ਰਹਿ ਕੇ ਸਾਫ ਸੁਥਰਾ ਕੰਮ ਕਰਨ ਵਾਲੇ ਆਈਲੈਟਸ ਅਤੇ ਇਮੀਗ੍ਰੇਸ਼ਨ ਸੈਂਟਰਾਂ ਵੱਲੋਂ ਪ੍ਰਸ਼ਾਸਨ ਦੀ ਇਸ ਕਾਰਵਾਈ ਦਾ ਸਵਾਗਤ ਕਰਦਿਆਂ ਅਜਿਹੇ ਠੱਗਾਂ ਵਿਰੁੱਧ ਪਹਿਲਾਂ ਤੋਂ ਹੀ ਸਖਤ ਕਾਰਵਾਈ ਦੀ ਮੰਗ ਕੀਤੀ ਜਾਂਦੀ ਰਹੀ ਹੈ।
Share the post "ਪੁਲਿਸ ਨੇ ਬਠਿੰਡਾ ਸ਼ਹਿਰ ਦੇ ਵਿਵਾਦਤ ‘ਇਮੀਗ੍ਰੇਸ਼ਨ’ ਸੈਂਟਰ ਦਾ ਬੋਰਡ ਉਤਾਰਿਆ"