ਸੁਖਜਿੰਦਰ ਮਾਨ
ਬਠਿੰਡਾ, 30 ਮਾਰਚ: ਪੇਂਡੂ ਸਾਹਿਤ ਸਭਾ ਰਜਿ: ਬਾਲਿਆਂਵਾਲੀ ਵੱਲੋਂ ਕਵੀਸ਼ਰ ਮਾਘੀ ਸਿੰਘ ਗਿੱਲ ਯਾਦਗਾਰੀ ਲਾਇਬਰੇਰੀ ਵਿਖੇ ਪ੍ਰਵਾਸੀ ਲੇਖਕ ਤੇ ਮੈਗਜੀਨ ਚਰਚਾ ਦੇ ਸੰਪਾਦਕ ਸ੍ਰ: ਦਰਸ਼ਨ ਸਿੰਘ ਢਿੱਲੋਂ ਯੂ ਕੇ ਦਾ ਰੂਬਰੂ ਤੇ ਸਨਮਾਨ ਅਤੇ ਪੁਸਤਕ ਰਿਲੀਜ ਸਮਾਗਮ ਕਰਵਾਇਆ ਗਿਆ। ਸਮਾਗਮ ਦੀ ਪ੍ਰਧਾਨਗੀ ਸ੍ਰੀ ਗੁਰਦੇਵ ਖੋਖਰ ਨੇ ਕੀਤੀ ਅਤੇ ਮੁੱਖ ਮਹਿਮਾਨ ਸ੍ਰ: ਦਰਸਨ ਸਿੰਘ ਢਿੱਲੋਂ ਤੋਂ ਇਲਾਵਾ ਮੰਚ ਤੇ ਸ੍ਰ: ਜੀਤ ਸਿੰਘ ਚਹਿਲ, ਸ੍ਰੀ ਜਗਮੇਲ ਸਿੰਘ ਜਠੌਲ ਤੇ ਸ੍ਰੀ ਸੁਰਿੰਦਰਪ੍ਰੀਤ ਸਿੰਘ ਘਣੀਆ ਵੀ ਹਾਜਰ ਸਨ। ਸਮਾਗਮ ਦੇ ਸੁਰੂਆਤ ਵਿੱਚ ਸਭਾ ਦੇ ਜਨਰਲ ਸਕੱਤਰ ਸ੍ਰੀ ਸੁਖਦਰਸ਼ਨ ਗਰਗ ਨੇ ਮਹਿਮਾਨਾਂ ਨੂੰ ਜੀ ਆਇਆ ਕਿਹਾ ਅਤੇ ਫਿਰ ਵਿਛੜ ਚੁੱਕੇ ਸਾਹਿਤਕਾਰਾਂ ਨੂੰ ਸਰਧਾਂਜਲੀ ਭੇਂਟ ਕੀਤੀ ਗਈ। ਉਸਤੋਂ ਬਾਅਦ ਸ੍ਰੀ ਬਲਵਿੰਦਰ ਸਿੰਘ ਭੁੱਲਰ ਦਾ ਕਾਵਿ ਸੰਗ੍ਰਹਿ ‘ਸ਼ਾਇਰ ਉਦਾਸ ਹੈ’, ਡਾ: ਬਲਜਿੰਦਰ ਤੇ ਡਾ: ਅਜੀਤਪਾਲ ਸਿੰਘ ਦੀ ਪੁਸਤਕ ‘ਭਾਰਤ ਦੀ ਜਾਤੀ ਪਾਤੀ ਵਿਵਸਥਾ ਵਿਗਿਆਨਕ ਵਿਸ਼ਲੇਸਣ’ ਅਤੇ ਮੰਗਤ ਕੁਲਜਿੰਦ ਦੀ ਪੁਸਤਕ ‘ ਕਲੀਨ ਚਿੱਟ ਦੇ ਦਿਓ ਜੀ’ ਰਿਲੀਜ਼ ਕੀਤੀਆਂ ਗਈਆਂ। ਬਜੁਰਗ ਸਾਹਿਤਕਾਰ ਸ੍ਰ: ਅਜਮੇਰ ਸਿੰਘ ਦੀਵਾਨਾ ਨੇ ਕਾਵਿ ਸੰਗ੍ਰਹਿ ਤੇ ਖੁਲ੍ਹ ਕੇ ਚਰਚਾ ਕਰਦਿਆਂ ਕਿਹਾ ਕਿ ਕਵਿਤਾਵਾਂ ਵਿੱਚ ਭਾਵੇਂ ਕੁਝ ਰਚਨਾਵਾ ਪਿਆਰ ਨਾਲ ਵੀ ਸਬੰਧਿਤ ਹਨ, ਪਰ ਬਹੁਤੀਆਂ ਰਚਨਾਵਾਂ ਲੋਕ ਪੱਖੀ, ਔਰਤ ਦੀ ਆਜ਼ਾਦੀ, ਸੰਘਰਸ਼ ਅਤੇ ਵਿਗਿਆਨ ਨਾਲ ਸਬੰਧ ਰਖਦੀਆਂ ਹਨ। ਉਹਨਾਂ ਕਿਹਾ ਕਿ ਇਹੋ ਜਿਹਾ ਸਾਹਿਤ ਹੀ ਰਚਨਾ ਚਾਹੀਦਾ ਹੈ। ਇਸ ਚਰਚਾ ਵਿੱਚ ਸ੍ਰੀ ਜਗਨ ਨਾਥ, ਸੁਖਦਰਸ਼ਨ ਗਰਗ, ਦਰਸਨ ਸਿੰਘ ਜੋਗਾ ਹੋਰਾਂ ਵੀ ਹਿੱਸਾ ਲਿਆ। ਇਸ ਉਪਰੰਤ ਰੂਬਰੂ ਦੇ ਦੌਰ ਵਿੱਚ ਸ੍ਰ: ਦਰਸਨ ਸਿੰਘ ਢਿੱਲੋਂ ਨੇ ਆਪਣੀ ਜਿੰਦਗੀ ਦੇ ਅਨੁਭਵ ਤੇ ਹਾਲਾਤਾਂ ਬਾਰੇ ਦਸਦਿਆਂ ਕਿਹਾ ਕਿ ਪੰਜਾਬ ਦੇ ਕਾਲੇ ਦੌਰ ਸਮੇਂ ਪ੍ਰਵਾਸ਼ ਕਰਨ ਸਬੰਧੀ ਜਾਣਕਾਰੀ ਦਿੱਤੀ, ਜਿਸਦਾ ਕਾਰਨ ਉਹਨਾਂ ਦੀ ਸੋਚ ਸੀ ਜੋ ਕੱਟੜਤਾ ਵਿਰੋਧੀ ਸੀ। ਉਹਨਾਂ ਦੱਸਿਆ ਕਿ ਕੁੱਝ ਹਮਦਰਦ ਦੋਸਤਾਂ ਨੇ ਹੀ ਉਸਨੂੰ ਪ੍ਰਵਾਸ਼ ਕਰਨ ਲਈ ਜੋਰ ਪਾਇਆ ਸੀ। ਉਹਨਾਂ ਦੱਸਿਆ ਕਿ ਸਕੂਲ ’ਚ ਪੜ੍ਹਦਿਆਂ ਹੀ ਉਹਨਾਂ ਗੀਤ ਲਿਖਣੇ ਸੁਰੂ ਕਰ ਦਿੱਤੇ ਸਨ, ਹੁਣ ਤੱਕ ਉਹ ਸਾਹਿਤ ਰਚ ਰਹੇ ਹਨ ਅਤੇ ਮੈਗਜੀਨ ਦੇ ਸੰਪਾਦਕ ਵਜੋਂ ਸੇਵਾਵਾਂ ਨਿਭਾ ਰਹੇ ਹਨ।ਸੁਆਲਾਂ ਦੇ ਜਵਾਬ ਦਿੰਦਿਆਂ ਉਹਨਾਂ ਕਿਹਾ ਕਿ ਦੁਨੀਆਂ ਦੇ ਹਰ ਦੇਸ਼ ਵਿੱਚ ਬੈਠੇ ਪੰਜਾਬੀ ਸਾਹਿਤ ਰਚ ਰਹੇ ਹਨ। ਵਿਦੇਸ਼ਾਂ ਵਿਚਲੇ ਸਾਹਿਤਕਾਰਾਂ ਦਾ ਉਹਨਾਂ ਦੀਆਂ ਰਚਨਾਵਾਂ ਵਿੱਚ ਉੱਥੋਂ ਦੇ ਸੱਭਿਆਚਾਰ ਦਾ ਪ੍ਰਭਾਵ ਤਾਂ ਦਿਸਦਾ ਹੈ, ਪਰ ਪੰਜਾਬੀ ਸਾਹਿਤ ਦੂਜੀਆਂ ਭਾਸ਼ਾਵਾਂ ਨਾਲੋਂ ਕਿਸੇ ਪੱਖ ਤੋਂ ਘੱਟ ਨਹੀਂ ਹੈ। ੳਹਨਾਂ ਆਪਣੀ ਇੱਕ ਰਚਨਾ ‘ਗੀਤ’ ਵੀ ਪੇਸ ਕੀਤਾ। ਉਹਨਾਂ ਕਿਹਾ ਕਿ ਜਿਹੜਾ ਸਾਹਿਤ ਵਿਗਿਆਨ ਤੋਂ ਵਿਰਬਾ ਹੋਵੇਗਾ ਤੇ ਲੋਕ ਪੱਖੀ ਨਹੀਂ ਹੋਵੇਗਾ, ਆਖ਼ਰ ਉਹ ਮਰ ਜਾਵੇਗਾ। ਉਹਨਾਂ ਸਾਹਿਤਕਾਰਾਂ ਨੂੰ ਲੋਕ ਪੱਖੀ ਸਾਹਿਤ ਰਚਣ ਦੀ ਲੋੜ ਤੇ ਜੋਰ ਦਿੱਤਾ।ਕਵੀਸ਼ਰ ਸੱਤਪਾਲ ਸਿੰਘ ਨੇ ਲੜਕੀਆਂ ਦੀ ਪੜ੍ਹਾਈ ਨੂੰ ਜਰੂਰੀ ਕਰਾਰ ਦੇਣ ਵਾਲੀ ਮਾਘੀ ਸਿੰਘ ਗਿੱਲ ਦੀ ਰਚਨਾ ਪੁਰਾਤਨ ਵਿਧਾ ਛੰਦ ਵਿੱਚ ਪੇਸ਼ ਕੀਤੀ। ਸ੍ਰੀ ਗੁਰਦੇਵ ਖੋਖਰ ਨੇ ਰਿਲੀਜ ਪੁਸਤਕਾਂ ਬਾਰੇ ਚਰਚਾ ਕੀਤੀ। ਭਾਰਤ ਦੀ ਜਾਤੀ ਪਾਤੀ ਵਿਵਸਥਾ ਵਿਗਿਆਨਕ ਵਿਸ਼ਲੇਸਣ ਤੇ ਲੰਬੀ ਗੱਲ ਕਰਦਿਆਂ ਇਸ ਪੁਸਤਕ ਨੂੰ ਇਤਿਹਾਸਕ ਲਿਖਤ ਕਿਹਾ। ਅੰਤ ਵਿੱਚ ਸ੍ਰੀ ਅਜਮੇਰ ਸਿੰਘ ਦੀਵਾਨਾ ਨੇ ਮਹਿਮਾਨਾਂ ਤੇ ਸਰੋਤਿਆਂ ਦਾ ਧੰਨਵਾਦ ਕੀਤਾ। ਇਸ ਮੌਕੇ ਸਟੇਟ ਐਵਾਰਡੀ ਸ੍ਰੀ ਅਮਰਜੀਤ ਸਿੰਘ ਪੇਂਟਰ, ਬੋਘੜ ਸਿੰਘ ਖੋਖਰ, ਹਰਮਿੰਦਰ ਸਿੰਘ ਢਿੱਲੋਂ ਆਦਿ ਵੀ ਹਾਜ਼ਰ ਸਨ। ਸ੍ਰੀ ਜਗਨ ਨਾਥ ਨੇ ਸਟੇਜ ਸਕੱਤਰ ਦੀ ਭੂਮਿਕਾ ਬਾਖੂਬੀ ਨਿਭਾਈ।
Share the post "ਪੇਂਡੂ ਸਾਹਿਤ ਸਭਾ ਬਾਲਿਆਂਵਾਲੀ ਵੱਲੋਂ ਰੂਬਰੂ ਤੇ ਪੁਸਤਕ ਰਿਲੀਜ ਸਮਾਗਮ ਕਰਵਾਇਆ ਗਿਆ"