ਸੁਖਜਿੰਦਰ ਮਾਨ
ਬਠਿੰਡਾ, 25 ਅਪ੍ਰੈਲ:ਪੰਜਾਬ ਕੇਂਦਰੀ ਯੂਨੀਵਰਸਿਟੀ ਬਠਿੰਡਾ ਦੇ ਸਕੂਲ ਆਫ਼ ਮੈਨੇਜਮੈਂਟ ਵੱਲੋਂ ਸੋਮਵਾਰ ਨੂੰ “ਸਮਾਜਿਕ ਵਿਗਿਆਨ ਵਿੱਚ ਖੋਜ ਵਿਧੀ ਅਤੇ ਅਕਾਦਮਿਕ ਰਾਈਟਿੰਗ’’ ਵਿਸ਼ੇ ਤੇ ਦੋ ਹਫਤਿਆਂ ਦੇ ਆਈਸੀਐੱਸਐੱਸਆਰ ਪ੍ਰਾਯੋਜਿਤ ਫੈਕਲਟੀ ਸਮਰੱਥਾ ਨਿਰਮਾਣ ਪ੍ਰੋਗਰਾਮ ਦਾ ਉਦਘਾਟਨੀ ਸਮਾਰੋਹ ਕਰਵਾਇਆ ਗਿਆ। ਇਹ ਪ੍ਰੋਗਰਾਮ ਵਾਈਸ ਚਾਂਸਲਰ ਪ੍ਰੋ. ਰਾਘਵੇਂਦਰ ਪੀ. ਤਿਵਾਰੀ ਦੀ ਸਰਪ੍ਰਸਤੀ ਹੇਠ 24 ਅਪ੍ਰੈਲ 2023 ਤੋਂ 6 ਮਈ 2023 ਤੱਕ ਆਯੋਜਿਤ ਕੀਤਾ ਜਾ ਰਿਹਾ ਹੈ। ਉਦਘਾਟਨੀ ਸਮਾਰੋਹ ਵਿੱਚ ਹਰਿਆਣਾ ਕੇਂਦਰੀ ਯੂਨੀਵਰਸਿਟੀ ਦੇ ਪ੍ਰੋ ਵਾਈਸ-ਚਾਂਸਲਰ ਪ੍ਰੋ. ਸੁਸ਼ਮਾ ਯਾਦਵ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ।ਉਦਘਾਟਨੀ ਸੈਸ਼ਨ ਦੀ ਸ਼ੁਰੂਆਤ ਵਿੱਚ ਸਕੂਲ ਆਫ਼ ਮੈਨੇਜਮੈਂਟ ਦੇ ਡੀਨ ਡਾ. ਆਨੰਦ ਠਾਕੁਰ ਨੇ ਸਭ ਦਾ ਸਵਾਗਤ ਕੀਤਾ। ਉਹਨਾਂ ਦੱਸਿਆ ਕਿ ਇਸ ਪ੍ਰੋਗਰਾਮ ਵਿੱਚ ਪੂਰੇ ਭਾਰਤ ਦੇ ਵੱਖ-ਵੱਖ ਉੱਚ ਸਿੱਖਿਆ ਸੰਸਥਾਵਾਂ ਤੋਂ ਲਗਭਗ 480 ਫੈਕਲਟੀ ਮੈਂਬਰਾਂ ਨੇ ਰਜਿਸਟਰ ਕੀਤਾ ਸੀ, ਜਿਸ ਵਿੱਚੋਂ ਸਿਰਫ 30 ਫੈਕਲਟੀ ਮੈਂਬਰਾਂ ਨੂੰ ਇਸ ਪ੍ਰੋਗਰਾਮ ਵਿੱਚ ਹਿੱਸਾ ਲੈਣ ਦਾ ਮੌਕਾ ਮਿਲਿਆ ਹੈ। ਡਾ. ਠਾਕੁਰ ਨੇ ਇਸ ਗੱਲ ’ਤੇ ਜ਼ੋਰ ਦਿੱਤਾ ਕਿ ਇਹ ਪ੍ਰੋਗਰਾਮ ਭਾਗੀਦਾਰਾਂ ਨੂੰ ਖੋਜ ਪ੍ਰਕਿਰਿਆ ਦੇ ਸਾਰੇ ਪੜਾਵਾਂ ਦੀ ਪੂਰੀ ਸਮਝ ਪ੍ਰਦਾਨ ਕਰੇਗਾ ਅਤੇ ਸਿਖਿਆਰਥੀਆਂ ਨੂੰ ਉਭਰ ਰਹੇ ਆਰਥਿਕ ਅਤੇ ਸਮਾਜਿਕ ਮੁੱਦਿਆਂ ’ਤੇ ਇਨ੍ਹਾਂ ਤਰੀਕਿਆਂ ਨੂੰ ਲਾਗੂ ਕਰਨ ਦੇ ਯੋਗ ਬਣਾਏਗਾ।ਉਦਘਾਟਨੀ ਸੈਸ਼ਨ ਦੇ ਮੁੱਖ ਮਹਿਮਾਨ ਪ੍ਰੋ. ਸੁਸ਼ਮਾ ਯਾਦਵ ਨੇ ਅਜ਼ਾਦੀ ਕਾ ਅੰਮ੍ਰਿਤ ਮਹੋਤਸਵ, ਜੀ-20, ਅਤੇ ਰਾਸ਼ਟਰੀ ਸਿੱਖਿਆ ਨੀਤੀ, 2020 ਰਾਹੀਂ ਉਭਰ ਰਹੇ ਮੌਕਿਆਂ ਨੂੰ ਉਜਾਗਰ ਕਰਦੇ ਹੋਏ ਵੱਖ-ਵੱਖ ਸਮਾਜਿਕ ਵਿਗਿਆਨ ਵਿਸ਼ਿਆਂ ਤੇ ਅੰਤਰ-ਅਨੁਸ਼ਾਸਨੀ ਅਤੇ ਬਹੁ-ਅਨੁਸ਼ਾਸਨੀ ਖੋਜ ਕਰਨ ਦੀ ਮਹੱਤਤਾ ’ਤੇ ਜ਼ੋਰ ਦਿੱਤਾ। ਉਹਨਾਂ ਨੇ ਜੋਰ ਦੇ ਕੇ ਕਿਹਾ ਕਿ ਖੋਜਕਰਤਾਵਾਂ ਨੂੰ ਗੁਣਾਤਮਕ ਖੋਜ ਕਰਦੇ ਸਮੇਂ ਠੋਸ ਅਨੁਮਾਨ ਪ੍ਰਾਪਤ ਕਰਨ ਲਈ ਭਾਰਤੀ ਗਿਆਨ ਪ੍ਰਣਾਲੀਆਂ ਅਤੇ ਮਨੁੱਖੀ ਕਦਰਾਂ-ਕੀਮਤਾਂ ਨੂੰ ਧਿਆਨ ਵਿੱਚ ਰੱਖਣਾ ਚਾਹੀਦਾ ਹੈ।ਆਪਣੇ ਸੰਬੋਧਨ ਵਿੱਚ ਵਾਈਸ ਚਾਂਸਲਰ ਪ੍ਰੋ. ਰਾਘਵੇਂਦਰ ਪ੍ਰਸਾਦ ਤਿਵਾਰੀ ਨੇ ਕਿਹਾ ਕਿ ਇਹ ਪ੍ਰੋਗਰਾਮ ਨੌਜਵਾਨ ਅਧਿਆਪਕਾਂ ਨੂੰ ਉੱਚ ਇਮਪੈਟ ਫੈਕਟਰ ਵਾਲੇ ਖੋਜ ਰਸਾਲਿਆਂ ਵਿੱਚ ਖੋਜ ਪੱਤਰ ਪ੍ਰਕਾਸ਼ਿਤ ਕਰਨ ਅਤੇ ਰੇਸ਼ਰਚ ਫੰਡਿੰਗ ਦੇ ਮੌਕਿਆਂ ਦਾ ਲਾਭ ਲੈਣ ਵਿੱਚ ਯੋਗ ਬਣਾਏਗਾ।ਇਸ ਮੌਕੇ ਕੰਟਰੋਲਰ ਪ੍ਰੀਖਿਆਵਾਂ ਅਤੇ ਕਾਰਜਕਾਰੀ ਰਜਿਸਟਰਾਰ ਪ੍ਰੋ: ਬੀ.ਪੀ. ਗਰਗ ਨੇ ਭਾਗੀਦਾਰਾਂ ਨੂੰ ਆਪਣੀਆਂ ਸ਼ੁੱਭ ਕਾਮਨਾਵਾਂ ਦਿੱਤੀਆਂ। ਉਦਘਾਟਨੀ ਸਮਾਰੋਹ ਦੇ ਅੰਤ ਵਿੱਚ, ਡਾ: ਬਾਵਾ ਸਿੰਘ, ਡੀਨ ਸਕੂਲ ਆਫ਼ ਇੰਟਰਨੈਸ਼ਨਲ ਸਟੱਡੀਜ਼ ਨੇ ਸਭ ਦਾ ਧੰਨਵਾਦ ਕੀਤਾ। ਉਦਘਾਟਨੀ ਸਮਾਰੋਹ ਵਿੱਚ ਯੂਨੀਵਰਸਿਟੀ ਦੇ ਵੱਖ-ਵੱਖ ਵਿਭਾਗਾਂ ਦੇ ਫੈਕਲਟੀ ਮੈਂਬਰ, ਰਿਸਰਚ ਸਕਾਲਰ ਅਤੇ ਵਿਦਿਆਰਥੀ ਸ਼ਾਮਲ ਹੋਏ।ਪਹਿਲੇ ਦਿਨ ਦੇ ਮਹਿਮਾਨ ਬੁਲਾਰੇ ਪ੍ਰੋ. ਭਗਤ ਓਨਮ, ਚੇਅਰਪਰਸਨ, ਸਕੂਲ ਆਫ ਸੋਸ਼ਲ ਸਾਇੰਸਿਜ਼, ਜੇਐਨਯੂ, ਨਵੀਂ ਦਿੱਲੀ, ਨੇ ‘‘ਸਮਾਜਿਕ ਵਿਗਿਆਨ ਖੋਜ ਅਤੇ ਦਾਰਸ਼ਨਿਕ ਪਿਛੋਕੜ ਦੀ ਪ੍ਰਕਿਰਤੀ’’ ’ਤੇ ਭਾਸ਼ਣ ਦਿੱਤਾ ਅਤੇ “ਸਿਧਾਂਤਾਂ ਦੇ ਇਤਿਹਾਸ” ਬਾਰੇ ਜਾਣਕਾਰੀ ਪ੍ਰਦਾਨ ਕੀਤੀ।ਇਸ ਦੋ ਹਫ਼ਤਿਆਂ ਦੀ ਵਰਕਸ਼ਾਪ ਦੌਰਾਨ ਭਾਗ ਲੈਣ ਵਾਲੇ ਅਧਿਆਪਕਾਂ ਨੂੰ 10 ਵੱਖ-ਵੱਖ ਮਾਡਿਊਲਾਂ ਬਾਰੇ ਸਿਖਲਾਈ ਪ੍ਰਾਪਤ ਕੀਤੀ ਜਾਵੇਗੀ। ਪ੍ਰੋਗਰਾਮ ਵਿੱਚ ਲਗਭਗ 18 ਉੱਘੇ ਬੁਲਾਰੇ ਰਿਸਰਚ ਕਿਸਮਾਂ, ਖੋਜ ਡਿਜ਼ਾਈਨ, ਡੇਟਾ ਇਕੱਠਾ ਕਰਨ ਦੇ ਢੰਗਾਂ, ਹਾਈਪੋਥੀਸਿਸ ਟੈਸਟਿੰਗ, ਮਲਟੀਵੈਰੀਏਟ ਡੇਟਾ ਵਿਸ਼ਲੇਸ਼ਣ, ਅਕਾਦਮਿਕ ਲੇਖਣ, ਖੋਜ ਪ੍ਰਸਤਾਵ ਲਿਖਤ ਅਤੇ ਹੋਰ ਵਿਸ਼ਿਆਂ ’ਤੇ ਜਾਣਕਾਰੀ ਪ੍ਰਦਾਨ ਕਰਨਗੇ। ਇਸ ਤੋਂ ਇਲਾਵਾ, ਭਾਗੀਦਾਰਾਂ ਨੂੰ ਲੋੜ ਅਨੁਸਾਰ ਐੱਸਪੀਐੱਸਐੱਸ, ਏਐਮਓਐਸ, ਆਰ ਅਤੇ ਹੋਰ ਨਵੀਨਤਮ ਸਾਫਟਵੇਅਰਾਂ ਦੀ ਵਰਤੋਂ ਕਰਕੇ ਸਿਖਲਾਈ ਦਿੱਤੀ ਜਾਵੇਗੀ। ਇਸ ਵਰਕਸ਼ਾਪ ਦਾ ਸਮਾਪਤੀ ਸੈਸ਼ਨ 6 ਮਈ, 2023 ਨੂੰ ਆਯੋਜਿਤ ਕੀਤਾ ਜਾਵੇਗਾ।
Share the post "ਪੰਜਾਬ ਕੇਂਦਰੀ ਯੂਨੀਵਰਸਿਟੀ ਵਿਖੇ ਖੋਜ ਵਿਧੀ ਅਤੇ ਅਕਾਦਮਿਕ ਰਾਈਟਿੰਗ ਉੱਤੇ ਸਮਰੱਥਾ ਨਿਰਮਾਣ ਪ੍ਰੋਗਰਾਮ ਸ਼ੁਰੂ"