ਪੰਜਾਬੀ ਖ਼ਬਰਸਾਰ ਬਿਉਰੋ
ਬਠਿੰਡਾ, 21 ਅਗਸਤ: ਰਾਮ ਕਰਨ ਸਿੰਘ ਰਾਮਾ ਸੂਬਾ ਮੁੱਖ ਸਕੱਤਰ ਜਨਰਲ ਬੀ ਕੇ ਯੂ ਲੱਖੋਵਾਲ ਟਿਕੈਤ ਨੇ ਕਿਹਾ ਕਿ ਚਿੱਟੇ ਮੱਛਰਾਂ ,ਹਰੇ ਤੇਲੇ ਤੇ ਸੁੰਡੀ ਕਾਰਨ ਫਸਲ ਨਾਂ ਹੁੰਦੀ ਵੇਖ ਕੇ ਮਜਬੂਰੀ ਵੱਸ ਕਿਸਾਨ ਪੁੱਤਾਂ ਵਾਂਗ ਪਾਲੀ ਨਰਮੇ ਦੀ ਫਸਲ ਨੂੰ ਵਾਹੁਣ ਲਈ ਮਜਬੁੂਰ ਹੋ ਰਹੇ ਹਨ। ਇਸੇ ਤਰ੍ਹਾਂ ਕਿਸਾਨ ਜਗਤਾਰ ਸਿੰਘ ਪੁੱਤਰ ਅਜੈਬ ਸਿੰਘ ਪਿੰਡ ਬਰਕੰਦੀ ਜਿਲ੍ਹਾ ਬਠਿੰਡਾ ਨੇ ਪੰਜ ਏਕੜ ਨਰਮੇ ਦੀ ਫ਼ਸਲ ਨੂੰ ਵਾਹ ਦਿੱਤਾ ਹੈ। ਕਿਸਾਨ ਆਗੂ ਮੁਤਾਬਕ ਸੱਤ ਸਪਰੇਅ ਕਰਨ ’ਤੇ ਵੀ ਚਿੱਟਾ ਮੱਛਰ ਖ਼ਤਮ ਨਹੀਂ ਹੋਇਆ, ਜਿਸ ਕਾਰਨ ਕਿਸਾਨ ਨੂੰ ਇਹ ਕਦਮ ਚੁੱਕਣ ਲਈ ਮਜਬੂਰ ਹੋਣਾ ਪਿਆ। ਕਿਸਾਨ ਆਗੂ ਰਾਮਾ ਨੇ ਕਿਹਾ ਕਿ ਕਿਸਾਨ ਪਹਿਲਾਂ ਹੀ ਆਰਥਿਕ ਪੱਖੋਂ ਕਮਜੋਰ ਹਨ ਕਿਉਂਕਿ ਪਿਛਲੇ ਸਾਲ ਲਾਲ ਸੁੰਡੀ ਨੇ ਨਰਮੇ ਦੀ ਫਸਲ ਦਾ ਨੁਕਸਾਨ ਕੀਤਾ ਤੇ ਫੇਰ ਕਣਕ ਦਾ ਝਾੜ ਘੱਟ ਗਿਆਂ । ਹੁਣ ਤੀਜੀ ਫਸਲ ਨਰਮਾ ਮੂੰਗੀ ਆਦਿ ਮਰ ਗਈਆਂ। ਇਸੇ ਤਰ੍ਹਾਂ ਪਸੂਧੰਨ ਨੂੰ ਵੀ ਲੰਪੀ ਸਕਿੱਨ ਦੀ ਬਿਮਾਰੀ ਪੈ ਗਈ। ਜਿਸ ਕਾਰਨ ਧੜਾਧੜ ਕੀਮਤੀ ਪਸੂ ਮਰ ਰਹੇ ਹਨ ਪ੍ਰੰਤੂ ਪੰਜਾਬ ਸਰਕਾਰ ਕਿਸਾਨਾਂ ਦੀ ਇਸ ਮੁਸੀਬਤ ਵਿਚ ਵੀ ਕੋਈ ਬਾਂਹ ਨਹੀਂ ਫ਼ੜ ਰਹੀ। ਉਨ੍ਹਾਂ ਮੰਗ ਕੀਤੀ ਕਿ ਸਰਵੇ ਕਰਵਾਕੇ ਪੰਜਾਬ ਸਰਕਾਰ ਕਿਸਾਨਾਂ ਦੇ ਹੋਏ ਪਸੂਧੰਨ ਤੇ ਫਸਲ ਦੇ ਹੋਏ ਨੁਕਸਾਨ ਦਾ ਮੁਆਵਜਾ ਦੇਵੇ ਜੇ ਕਰ ਸਰਕਾਰ ਨੇ ਇਸ ਪਾਸੇ ਧਿਆਨ ਨਾ ਦਿੱਤਾ ਤਾਂ ਪੰਜਾਬ ਸਰਕਾਰ ਦੇ ਖਿਲਾਫ ਕਿਸਾਨ ਜਥੇਬੰਦੀ ਸੰਘਰਸ ਵਿੱਢੇਗੀ।
ਪੰਜਾਬ ਸਰਕਾਰ ਕਿਸਾਨਾਂ ਦੀ ਬਾਂਹ ਫ਼ੜੇ: ਰਾਮਕਰਨ ਰਾਮਾ
8 Views