ਕਮਲ ਦੇ ਚੋਣ ਨਿਸ਼ਾਨ ’ਤੇ ਲੜਕੇ ਬਠਿੰਡਾ ‘ਚੋਂ ਮਨਪ੍ਰੀਤ ਬਾਦਲ ਨੂੰੂ ਭਜਾਂਵਗਾ: ਰਾਜ ਨੰਬਰਦਾਰ
ਸੁਖਜਿੰਦਰ ਮਾਨ
ਬਠਿੰਡਾ, 24 ਜਨਵਰੀ: ਬੀਤੇ ਕੱਲ ਪੰਜਾਬ ਲੋਕ ਕਾਂਗਰਸ ਪਾਰਟੀ ਵਲੋਂ ਬਠਿੰਡਾ ਸ਼ਹਿਰੀ ਹਲਕੇ ਤੋਂ ਐਲਾਨੇਂ ਉਮੀਦਵਾਰ ਰਾਜ ਨੰਬਰਦਾਰ ਦੇ ਹੱਕ ’ਚ ਡਟਦਿਆਂ ਸ਼ਹਿਰੀ ਭਾਜਪਾ ਨੇ ਚੋਣ ਮੁਹਿੰਮ ਵਿੱਢ ਦਿੱਤੀ ਹੈ। ਸਥਾਨਕ ਇੱਕ ਹੋਟਲ ਵਿਚ ਸਮੂਹ ਸ਼ਹਿਰ ਦੀ ਭਾਜਪਾ ਲੀਡਰਸ਼ਿਪ ਵਲੋਂ “ਨਾ ਡਰ, ਨਾ ਭਿ੍ਰਸ਼ਟਾਚਾਰ, ਇਸ ਵਾਰ ਬਠਿੰਡਾ ਤੋਂ ਰਾਜ ਨੰਬਰਦਾਰ“ ਦਾ ਨਾਅਰਾ ਬੁਲੰਦ ਕਰਦੇ ਹੋਏ ਬਠਿੰਡਾ ਤੋਂ ਕਾਂਗਰਸ ਉਮੀਦਵਾਰ ਮਨਪ੍ਰੀਤ ਸਿੰਘ ਬਾਦਲ ਨੂੰ ਹਰਾ ਕੇ ਮੁੜ ਵਾਪਸ ਭੇਜਣ ਦਾ ਐਲਾਨ ਕੀਤਾ ਹੈ। ਇਸ ਦੌਰਾਨ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਉਮੀਦਵਾਰ ਰਾਜ ਨੰਬਰਦਾਰ ਨੇ ਐਲਾਨ ਕੀਤਾ ਕਿ ਉਹ ਬਠਿੰਡਾ ਸ਼ਹਿਰੀ ਹਲਕੇ ਤੋਂ ਕਮਲ ਦੇ ਚੋਣ ਨਿਸ਼ਾਨ ਉਪਰ ਚੋਣ ਲੜਣਗੇ। ਭਾਜਪਾ ਦੇ ਜ਼ਿਲ੍ਹਾ ਪ੍ਰਧਾਨ ਵਿਨੋਦ ਬਿੰਟਾ, ਸੀਨੀਅਰ ਆਗੂ ਮੋਹਨ ਲਾਲ ਗਰਗ, ਸੁਖਪਾਲ ਸਰਾਂ, ਸੁਨੀਲ ਸਿੰਗਲਾ, ਅਸੋਕ ਬਾਲਿਆਵਾਲੀ, ਸ਼ਾਮ ਲਾਲ ਬਾਂਸਲ, ਨਰਿੰਦਰ ਮਿੱਤਲ, ਨਵੀਨ ਸਿੰਗਲਾ, ਰਾਜੇਸ਼ ਨੌਨੀ, ਕੰਚਨ ਜਿੰਦਲਾ, ਬਬੀਤਾ ਰਾਣੀ, ਪਰਮਿੰਦਰਕੌਰ, ਉਮੇਸ਼ ਗਰਗ, ਸੰਦੀਪ ਅਗਰਵਾਲ, ਆਸੂਤੋਸ਼ ਤੋਂ ਇਲਾਵਾ ਸੰਯੁਕਤ ਅਕਾਲੀ ਦਲ ਦੇ ਜ਼ਿਲ੍ਹਾ ਪ੍ਰਧਾਨ ਛਿੰਦਰਪਾਲ ਸਿੰਘ ਬਰਾੜ ਤੋਂ ਇਲਾਵਾ ਭਾਜਪਾ, ਪੰਜਾਬ ਲੋਕ ਕਾਂਗਰਸ ਅਤੇ ਸੰਯੁਕਤ ਅਕਾਲੀ ਦਲ ਦੇ ਸਾਰੇ ਅਹੁਦੇਦਾਰ ਅਤੇ ਵਰਕਰ ਮੌਜੂਦ ਸਨ। ਇਸ ਦੌਰਾਨ ਵਿਨੋਦ ਬਿੰਟਾ ਨੇ ਕਿਹਾ ਕਿ ਪੰਜਾਬ ਵਿੱਚ ਡਰ ਅਤੇ ਭਿ੍ਰਸ਼ਟਾਚਾਰ ਮੁਕਤ ਸਰਕਾਰ ਜਰੂਰੀ ਹੈ ਅਤੇ ਭਾਜਪਾ ਦੀ ਅਗਵਾਈ ਹੇਠ ਗੱਠਜੋੜ ਵਲੋਂ ਨਵਾਂ ਪੰਜਾਬ ਬਣਾਇਆ ਜਾਵੇਗਾ। ਉਨ੍ਹਾਂ ਨੇ ਕਿਹਾ ਕਿ ਬਠਿੰਡਾ ਸ਼ਹਿਰੀ ਸੀਟ ਤੋਂ ਸਹਿਯੋਗੀ ਪਾਰਟੀ ਪੰਜਾਬ ਲੋਕ ਕਾਂਗਰਸ ਦੁਆਰਾ ਰਾਜ ਨੰਬਰਦਾਰ ਨੂੰ ਮੈਦਾਨ ਵਿੱਚ ਉਤਾਰਿਆ ਗਿਆ ਹੈ ਅਤੇ ਸਾਰੀ ਭਾਰਤੀ ਜਨਤਾ ਪਾਰਟੀ ਇਸ ਫੈਸਲੇ ਦਾ ਸਵਾਗਤ ਕਰਦੀ ਹੈ ਅਤੇ ਰਾਜ ਨੰਬਰਦਾਰ ਦੀ ਜਿੱਤ ਲਈ ਇੱਕਜੁਟ ਹੋਕੇ ਆਮ ਜਨਤਾ ਤੋਂ ਵੋਟਾਂ ਦੀ ਮੰਗ ਕਰਦੀ ਹੈ। ਇਸ ਦੌਰਾਨ ਰਾਜ ਨੰਬਰਦਾਰ ਨੇ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਨੇ ਪੰਜਾਬ ਦਾ ਹਮੇਸ਼ਾ ਹੀ ਭਲਾ ਸੋਚਿਆ ਅਤੇ ਮੋਦੀ ਸਰਕਾਰ ਦੀ ਪੰਜਾਬ ਪੱਖੀ ਨੀਤੀਆਂ ਨੂੰ ਵੇਖਦੇ ਹੋਏ ਹੀ ਇਹ ਸਮੱਝੌਤਾ ਕੀਤਾ ਗਿਆ ਹੈ। ਉਨ੍ਹਾਂ ਨੇ ਮਨਪ੍ਰੀਤ ਸਿੰਘ ਬਾਦਲ ’ਤੇ ਤੰਜ ਕਸਦੇ ਹੋਏ ਕਿਹਾ ਕਿ ਉਨ੍ਹਾਂ ਤੇ ਉਸਦੇ ਰਿਸ਼ਤੇਦਾਰ ਨੇ ਕਾਂਗਰਸ ਪਾਰਟੀ ਹੀ ਖਤਮ ਕਰ ਦਿੱਤੀ ਅਤੇ ਬਠਿੰਡਾ ਤਾਂ ਕੀ ਪੂਰੇ ਪੰਜਾਬ ਵਿੱਚ ਲੁੱਟ-ਖਸੁੱਟ ਅਤੇ ਦਹਿਸ਼ਤ ਦਾ ਮਾਹੌਲ ਬਣਿਆ ਹੋਇਆ ਹੈ। ਉਨ੍ਹਾਂ ਨੇ ਕਿਹਾ ਕਿ ਬਠਿੰਡਾ ਨੰਬਰ ਇੱਕ ਵੱਲ ਜਾ ਰਿਹਾ ਸੀ, ਜਿਸ ਨੂੰ ਮਨਪ੍ਰੀਤ ਬਾਦਲ ਨੇ ਬਿਲਕੁੱਲ ਖਤਮ ਕਰਣ ਦੇ ਕਗਾਰ ਤੇ ਪਹੁੰਚਾ ਦਿੱਤਾ ਅਤੇ ਇਹੀ ਕਾਰਨ ਰਿਹਾ ਕਿ ਕੈਪਟਨ ਅਮਰਿੰਦਰ ਸਿੰਘ ਅਤੇ ਉਨ੍ਹਾਂ ਨੇ ਕਾਂਗਰਸ ਤੋਂ ਕਿਨਾਰਾ ਕੀਤਾ। ਰਾਜ ਨੰਬਰਦਾਰ ਨੇ ਕਿਹਾ ਕਿ ਕਾਂਗਰਸ ਵਿੱਚ ਬਠਿੰਡਾ ਦੇ ਕਿਸੇ ਵੀ ਕਾਂਗਰਸੀ ਦੀ ਪੁੱਛ ਪੜਤਾਲ ਨਹੀਂ ਹੈ, ਇੱਥੋਂ ਤੱਕ ਦੀ ਚੁਣੇ ਹੋਏ ਕੌਂਸਲਰਾਂ ਦੀ ਵੀ ਪ੍ਰਸ਼ਾਸਨ ਵੱਲੋਂ ਕੋਈ ਸੁਣਵਾਈ ਨਹੀਂ ਕੀਤੀ ਜਾਂਦੀ। ਉਨ੍ਹਾਂ ਨੇ ਕਿਹਾ ਕਿ ਉਨ੍ਹਾਂ ਦਾ ਸੁਫ਼ਨਾ ਬਠਿੰਡਾ ਨੂੰ ਨੰਬਰ ਇੱਕ ਬਣਾਉਣਾ ਅਤੇ ਬਠਿੰਡਾ ਦੇ ਨੌਜਵਾਨਾਂ ਨੂੰ ਰੋਜਗਾਰ ਯੁਕਤ ਬਣਾਉਣਾ ਹੈ ਅਤੇ ਇਹ ਸੁਫ਼ਨਾ ਪੰਜਾਬ ਲੋਕ ਕਾਂਗਰਸ, ਭਾਜਪਾ ਅਤੇ ਸੰਯੁਕਤ ਅਕਾਲੀ ਦਲ ਦੀ ਗੱਠਜੋੜ ਸਰਕਾਰ ਦੁਆਰਾ ਹੀ ਪੂਰਾ ਕੀਤਾ ਜਾਵੇਗਾ। ਉਨ੍ਹਾਂ ਨੇ ਆਮ ਆਦਮੀ ਪਾਰਟੀ ਦੇ ਸੀਐਮ ਉਮੀਦਵਾਰ ਭਗਵੰਤ ਮਾਨ ਤੇ ਤੰਜ ਕਸਦੇ ਹੋਏ ਕਿਹਾ ਕਿ ਮਦਾਰੀ ਨੂੰ ਪੰਜਾਬ ਦੇ ਨਿਵਾਸੀ ਕਦੇ ਵੀ ਸੀਐਮ ਦੀ ਕੁਰਸੀ ਨਹੀਂ ਸੌਂਪਣਗੇ। ਉਨ੍ਹਾਂ ਨੇ ਕਿਹਾ ਕਿ ਬਠਿੰਡਾ ਨਿਵਾਸੀਆਂ ਤੋਂ ਉਹ ਵੋਟਾਂ ਦੀ ਮੰਗ ਬਠਿੰਡਾ ਨੂੰ ਨੰਬਰ ਇੱਕ ਬਣਾਉਣ ਲਈ ਕਰ ਰਹੇ ਹਨ ਅਤੇ ਬਠਿੰਡਾ ਨਿਵਾਸੀ ਉਨ੍ਹਾਂ ਨੂੰ ਇਸ ਵਾਰ ਮੌਕਾ ਜਰੂਰ ਦੇਣਗੇ। ਉਨ੍ਹਾਂ ਨੇ ਕਿਹਾ ਕਿ ਬਠਿੰਡਾ ਲਈ ਕਿਸੇ ਤਰ੍ਹਾਂ ਦਾ ਕੋਈ ਵੱਖ ਮੇਨਿਫੇਸਟੋ ਤਿਆਰ ਨਹੀਂ ਕੀਤਾ ਜਾਵੇਗਾ, ਸਗੋਂ ਬਠਿੰਡਾ ਦੇ ਵਿਜਨ ਨੂੰ ਉਨ੍ਹਾਂ ਵੱਲੋਂ ਮੇਨਿਫੇਸਟੋ ਵਿੱਚ ਹੀ ਦਰਜ ਕਰਵਾ ਦਿੱਤਾ ਗਿਆ ਹੈ ਅਤੇ ਛੇਤੀ ਹੀ ਪੰਜਾਬ ਲੋਕ ਕਾਂਗਰਸ, ਭਾਜਪਾ ਅਤੇ ਸੰਯੁਕਤ ਅਕਾਲੀ ਦਲ ਦੁਆਰਾ ਮੇਨਿਫੇਸਟੋ ਦਾ ਐਲਾਨ ਕਰ ਦਿੱਤਾ ਜਾਵੇਗਾ।
ਬਠਿੰਡਾ ’ਚ ਰਾਜ ਨੰਬਰਦਾਰ ਦੇ ਹੱਕ ’ਚ ਇੱਕ ਜੁਟ ਹੋਈ ਭਾਜਪਾ
6 Views