ਬਾਰ ਕੋਂਸਲ ਦੀਆਂ ਹਿਦਾਇਤਾਂ ’ਤੇ ਦੂਹਰੀ ਵੋਟ ਬਣਾਉਣ ਵਾਲਿਆਂ ਵਿਰੁਧ ਚੋਣ ਅਧਿਕਾਰੀਆਂ ਨੇ ਕੀਤੀ ਕਾਰਵਾਈ
ਵੋਟਾਂ 16 ਦਸੰਬਰ ਨੂੰ ਹੋਣਗੀਆਂ, ਪੰਜ ਅਹੁੱਦਿਆਂ ਲਈ 15 ਉਮੀਦਵਾਰ ਮੈਦਾਨ ’ਚ
ਸੁਖਜਿੰਦਰ ਮਾਨ
ਬਠਿੰਡਾ, 12 ਦਸੰਬਰ: ਮਾਲਵਾ ਦੇ ਵਕੀਲਾਂ ਦੀ ਸਭ ਤੋਂ ਵੱਡੀ ਸੰਸਥਾ ਵਜੋਂ ਜਾਣੀ ਜਾਂਦੀ ਬਠਿੰਡਾ ਬਾਰ ਐਸੋਸੀਏਸ਼ਨ ਦੀਆਂ ਆਗਾਮੀ 16 ਦਸੰਬਰ ਨੂੰ ਹੋ ਰਹੀਆਂ ਚੋਣਾਂ ‘ਚ ਵੋਟਰ ਸੂਚੀ ਵਿਚ ਸ਼ਾਮਲ 21 ਵਕੀਲ ਅਪਣੀ ਵੋਟ ਨਹੀਂ ਪਾ ਸਕਣਗੇ। ਦੂਹਰੀ ਵੋਟ ਬਣਾਉਣ ਦੇ ਮਾਮਲੇ ਵਿਚ ਬਾਰ ਕੋਂਸਲ ਦੀਆਂ ਹਿਦਾਇਤਾਂ ’ਤੇ ਕਾਰਵਾਈ ਕਰਦੇ ਹੋਏ ਬਾਰ ਚੋਣਾਂ ਲਈ ਨਿਯੁਕਤ ਕੀਤੇ ਚੋਣ ਅਧਿਕਾਰੀਆਂ ਨੇ ਇਹ ਕਾਰਵਾਈ ਕੀਤੀ ਹੈ। ਜਿਸਦੇ ਚੱਲਦੇ ਹੁਣ ਆਖ਼ਰੀ ਵੋਟ ਸੂਚੀ ਤਿਆਰ ਹੋਣ ਤੋਂ ਬਾਅਦ ਕੁੱਲ 1596 ਵਕੀਲ ਇੰਨ੍ਹਾਂ ਚੋਣਾਂ ’ਚ ਅਪਣੀ ਵੋਟ ਦਾ ਇਸਤੇਮਾਲ ਕਰ ਸਕਣਗੇ। ਅੱਜ ਇਸ ਮਾਮਲੇ ਦੀ ਜਾਣਕਾਰੀ ਦਿੰਦਿਆਂ ਚੋਣ ਅਧਿਕਾਰੀ ਐਡਵੋਕੇਟ ਰਾਜਨ ਗਰਗ ਤੋਂ ਇਲਾਵਾ ਸਹਾਇਕ ਚੋਣ ਅਧਿਕਾਰੀਆਂ ਹਰਰਾਜ ਸਿੰਘ ਚੰਨੂੰ ਅਤੇ ਚੰਦਰ ਮੋਹਨ ਨੇ ਦਸਿਆ ਕਿ ‘‘ ਬਾਰ ਕੋਂਸਲ ਨੇ ਕੁੱਲ 122 ਵੋਟਰਾਂ ਦੀ ਵੋਟ ਦੀ ਮੁੜ ਪੜਤਾਲ ਕਰਨ ਦੀਆਂ ਹਿਦਾਇਤਾਂ ਦਿੱਤੀਆਂ ਸਨ। ਜਿੰਨ੍ਹਾਂ ਵਿਚੋਂ ਇਹ 21 ਵੋਟਰਾਂ ਦੇ ਵੋਟ ਕੱਟੇ ਗਏ ਹਨ। ’’ ਉਨ੍ਹਾਂ ਦਸਿਆ ਕਿ ਦੁਬਾਰਾ ਕੀਤੀ ਗਈ ਪੜਤਾਲ ਦੌਰਾਨ 67 ਵੋਟਰਾਂ ਦੀ ਵੋਟ ਸਹੀ ਪਾਈ ਗਈ, ਜਦੋਂਕਿ 34 ਵਕੀਲ ਪਹਿਲਾਂ ਹੀ ਬਠਿੰਡਾ ਬਾਰ ਐਸੋਸੀਏਸ਼ਨ ਦੇ ਵੋਟਰ ਨਹੀਂ ਸਨ। ਜਿਸਤੋਂ ਬਾਅਦ 21 ਦੂਹਰੀ ਵੋਟ ਵਾਲੇ ਵਕੀਲਾਂ ਨੂੰ ਜਦ ਨੋਟਿਸ ਕੱਢੇ ਗਏ ਤਾਂ 15 ਨੇ ਜਵਾਬ ਵਿਚ ਕੋਈ ਇਤਰਾਜ਼ ਨਹੀਂ ਦਿੱਤਾ ਤੇ 6 ਵੋਟਰਾਂ ਨੈ ਬਠਿੰਡਾ ਦੀ ਬਜਾਏ ਹੋਰਨਾਂ ਥਾਵਾਂ ‘ਤੇ ਚੋਣ ਪਾਉਣ ਨੂੰ ਤਰਜੀਹ ਦਿੱਤੀ। ਜਿਸਤੋਂ ਬਾਅਦ ਹੁਣ ਦੁਬਾਰਾ ਵੋਟਰ ਲਿਸਟ ਤਿਆਰ ਕੀਤੀ ਜਾ ਰਹੀ ਹੈ।
ਪੰਜ ਅਹੁੱਦਿਆਂ ਲਈ ਕੁੱਲ 15 ਉਮੀਦਵਾਰ ਹਨ ਮੈਦਾਨ ’ਚ
ਬਠਿੰਡਾ: ਆਗਾਮੀ 16 ਦਸੰਬਰ ਨੂੰ ਹੋਣ ਜਾ ਰਹੀ ਚੋਣ ਵਿਚ ਬਾਰ ਐਸੋਸੀਏਸ਼ਨ ਦੇ ਪੰਜ ਅਹੁੱਦਿਆਂ (ਪ੍ਰਧਾਨ, ਮੀਤ ਪ੍ਰਧਾਨ, ਸੈਕਟਰੀ, ਜੁਆਇੰਟ ਸਕੱਤਰ ਤੇ ਖ਼ਜਾਨਚੀ ) ਲਈ ਕੁੱਲ 15 ਉਮੀਦਵਾਰ ਮੈਦਾਨ ਵਿਚ ਹਨ। ਇੰਨ੍ਹਾਂ ਵਿਚੋਂ ਪ੍ਰਧਾਨ ਲਈ ਰੋਹਿਤ ਰੋਮਾਣਾ, ਗੁਰਵਿੰਦਰ ਸਿੰਘ ਮਾਨ ਤੇ ਲਕਵਿੰਦਰ ਸਿੰਘ ਭਾਈਕਾ ਵਿਚਕਾਰ ਸਖ਼ਤ ਮੁਕਾਬਲਾ ਹੈ। ਇਸਤੋਂ ਇਲਾਵਾ ਉਪ ਪ੍ਰਧਾਨ ਲਈ ਗੁਰਵਿੰਦਰ ਸਿੰਘ ਬਰਾੜ ਤੇ ਮਨਪ੍ਰੀਤ ਸਿੰਘ ਵਿਚਕਾਰ ਆਹਮੋ-ਸਾਹਮਣੇ ਦੀ ਟੱਕਰ ਹੈ। ਇਸੇ ਤਰ੍ਹਾਂ ਪ੍ਰਧਾਨ ਤੋਂ ਬਾਅਦ ਵਕਾਰੀ ਅਹੁੱਦੇ ਸਕੱਤਰ ਲਈ ਤਿੰਨ ਉਮੀਦਵਾਰ ਕੁਲਦੀਪ ਸਿੰਘ ਜੀਦਾ, ਸੁਖਪਾਲ ਸਿੰਘ ਢਿੱਲੋਂ ਅਤੇ ਥਾਮਸ ਵੈਨਗਾਨ ਵਿਚਕਾਰ ਤਿਕੌਣੀ ਟੱਕਰ ਹੈ। ਜੁਆਇੰਟ ਸਕੱਤਰ ਲਈ ਵਿਕਾਸ ਫੁਟੇਲਾ, ਅਮਨਦੀਪ ਮਿੱਤਲ ਅਤੇ ਯਸਪਿੰਦਰਪਾਲ ਸਿੰਘ ਮੈਦਾਂਨ ਵਿਚ ਹਨ। ਜਦੋਂਕਿ ਖ਼ਜਾਨਚੀ ਦੇ ਅਹੁੱਦੇ ਲਈ ਪਹਿਲੀ ਵਾਰ ਚਾਰ ਮਹਿਲਾ ਵਕੀਲ ਇੱਕ ਦੂਜੇ ਨੂੰ ਸਖ਼ਤ ਮੁਕਾਬਲਾ ਦੇ ਰਹੀਆਂ ਹਨ। ਇੰਨ੍ਹਾਂ ਵਿਚ ਤਮੰਨਾ, ਬਲਜੀਤ ਕੌਰ, ਨਵਪ੍ਰੀਤ ਕੌਰ ਤੇ ਡਿੰਪਲ ਜਿੰਦਲ ਸ਼ਾਮਲ ਹਨ।
ਪਹਿਲੀ ਵਾਰ ਆਮ ਵੋਟਾਂ ਦੀ ਤਰ੍ਹਾਂ ਉਂਗਲ ਦੇ ਲੱਗਣਗੇ ਸਿਆਹੀ ਦੇ ਚਿੰਨ
ਬਠਿੰਡਾ: ਉਧਰ ਦੋ ਥਾਵਾਂ ’ਤੇ ਵੋਟਾਂ ਪਾਉਣ ਤੋਂ ਰੋਕਣ ਲਈ ਚੋਣ ਅਧਿਕਾਰੀਆਂ ਨੇ ਬਾਰ ਚੋਣਾਂ ਦੇ ਇਤਿਹਾਸ ’ਚ ਪਹਿਲੀ ਵਾਰ ਵੋਟ ਪਾਉਣ ਦੌਰਾਨ ਆਮ ਚੋਣਾਂ ਦੀ ਤਰ੍ਹਾਂ ਉਂਗਲ ’ਤੇ ਸਿਆਹੀ ਦੇ ਚਿੰਨ ਲਗਾਉਣ ਦਾ ਫੈਸਲਾ ਕੀਤਾ ਹੈ। ਚੋਣ ਅਧਿਕਾਰੀ ਰਾਜਨ ਗਰਗ ਨੇ ਇਸਦੀ ਪੁਸ਼ਟੀ ਕਰਦਿਆਂ ਦਸਿਆ ਕਿ ‘‘ ਚੋਣ ਅਮਲ ਨੂੰ ਪਾਰਦਰਸ਼ੀ ਬਣਾਉਣ ਤੇ ਬਾਰ ਕੋਂਸਲ ਦੀਆਂ ਹਿਦਾਇਤਾਂ ਤਹਿਤ ਇੱਕ ਵਕੀਲ, ਇੱਕ ਥਾਂ ਵੋਟ ਦੇ ਨਾਅਰੇ ’ਤੇ ਅਮਲ ਕਰਨ ਲਈ ਇਹ ਫੈਸਲਾ ਲਿਆ ਗਿਆ ਹੈ। ’’ ਦਸਣਾ ਬਣਦਾ ਹੈ ਕਿ ਬਾਰ ਕੋਂਸਲ ਆਫ਼ ਪੰਜਾਬ, ਹਰਿਆਣਾ ਤੇ ਚੰਡੀਗੜ੍ਹ ਵਲੋਂ ਇਸ ਨਾਅਰੇ ਤਹਿਤ ਪਿਛਲੇ ਕੁੱਝ ਸਮੇਂ ਤੋਂ ਇੱਕ ਵਕੀਲ ਦੇ ਇੱਕ ਬਾਰ ਐੋਸੋਸੀਏਸ਼ਨ ਵਿਚ ਵੋਟ ਪਾਉਣ ਦੇ ਅਮਲ ਨੂੰ ਸਖ਼ਤੀ ਨਾਲ ਲਾਗੂ ਕਰਨ ਲਈ ਪੂਰੇ ਸੂਬੇ ਵਿਚ ਹਰ ਬਾਰ ਐਸੋਸੀਏਸ਼ਨ ਦੀਆਂ ਇੱਕ ਦਿਨ ਹੀ ਚੋਣਾਂ ਕਰਵਾਈਆਂ ਜਾਂਦੀਆਂ ਹਨ।
ਬਠਿੰਡਾ ’ਚ ਪਹਿਲੀ ਵਾਰ ਰਿਕਾਰਡ 500 ਦੇ ਕਰੀਬ ਵੋਟਰ ਇੱਕ ਸਾਲ ’ਚ ਵਧੇ
ਬਠਿੰਡਾ: ਇੰਨ੍ਹਾਂ ਚੋਣਾਂ ਦੇ ਅਮਲ ਦੌਰਾਨ ਵੱਡੀ ਗੱਲ ਇਹ ਵੀ ਦੇਖਣ ਨੂੰ ਮਿਲੀ ਹੈ ਕਿ ਬਾਰ ਐਸੋਸੀਏਸ਼ਨ ਦੇ ਇਤਿਹਾਸ ਵਿਚ ਇਸ ਵਾਰ ਵਕੀਲ ਵੋਟਰਾਂ ਦੀ ਗਿਣਤੀ ਵਿਚ ਵਾਧਾ ਹੋਇਆ ਹੈ। ਪਿਛਲੇ ਸਾਲ ਹੋਈਆਂ ਚੋਣਾਂ ਵਿਚ ਬਠਿੰਡਾ ਬਾਰ ਦੇ ਕੁੱਲ ਯੋਗ ਵੋਟਰਾਂ ਦੀ ਗਿਣਤੀ 1147 ਸੀ, ਜਿਹੜੀ ਇਸ ਵਾਰ ਵਧ ਕੇ 1617 ਤੱਕ ਪੁੱਜ ਗਈ। ਬਾਰ ਐੋਸੋਸੀਏਸਨ ਦੇ ਪੁਰਾਣੇ ਵਕੀਲਾਂ ਨੇ ਦਸਿਆ ਕਿ ਹੁਣ ਤੱਕ ਕਦੇ ਵੀ ਹਰ ਸਾਲ ਵਕੀਲ ਵੋਟਰਾਂ ਦੀ ਗਿਣਤੀ 100-150 ਤੋਂ ਵੱਧ ਕਦੇ ਵੀ ਨਹੀਂ ਵਧੀ ਹੈ ਪ੍ਰੰਤੂ ਇਸ ਵਾਰ ਇਹ ਹੈਰਾਨੀਜਨਕ ਵਾਧਾ ਹੈ। ਗੌਰਤਲਬ ਹੈ ਕਿ ਇਸ ਬਾਰ ਦੇ ਇਕੱਲੇ ਵੋਟਰਾਂ ਦੀ ਗਿਣਤੀ 1617 ਹੈ ਜਦੋਂਕਿ ਬਾਰ ਦੇ ਮੈਂਬਰਾਂ ਦੀ ਗਿਣਤੀ 2500 ਤੋਂ ਵੀ ਵੱਧ ਦੱਸੀ ਜਾ ਰਹੀ ਹੈ।