ਮੁਹਿੰਮ ਤਹਿਤ ਵਾਰਡ ਨੰਬਰ 48 ਚ ਕੀਤੀ ਗਈ ਸਾਫ਼-ਸਫ਼ਾਈ
ਸੁਖਜਿੰਦਰ ਮਾਨ
ਬਠਿੰਡਾ, 9 ਸਤੰਬਰ : ਸੂਬਾ ਸਰਕਾਰ ਵਲੋਂ “ਮੇਰਾ ਸ਼ਹਿਰ ਮੇਰਾ ਮਾਨ“ ਤਹਿਤ ਚਲਾਈ ਗਈ ਮੁਹਿੰਮ ਦੌਰਾਨ ਨਗਰ ਨਿਗਮ ਵੱਲੋਂ ਅੱਜ ਸਥਾਨਕ ਅਰਜਨ ਨਗਰ, ਵਾਰਡ ਨੰਬਰ 48 ਵਿੱਚ ਸਾਫ਼-ਸਫਾਈ ਕਰਵਾਈ ਗਈ। ਇਸ ਮੌਕੇ ਬਠਿੰਡਾ ਸ਼ਹਿਰੀ ਤੋਂ ਵਿਧਾਇਕ ਸ. ਜਗਰੂਪ ਸਿੰਘ ਗਿੱਲ ਅਤੇ ਕਮਿਸ਼ਨਰ ਨਗਰ ਨਿਗਮ ਮੈਡਮ ਪੱਲਵੀ ਵੱਲੋਂ ਸ਼ਿਰਕਤ ਕੀਤੀ ਗਈ। ਇਸ ਮੌਕੇ ਸ. ਜਗਰੂਪ ਸਿੰਘ ਗਿੱਲ ਨੇ ਆਪਣੇ ਸੰਬੋਧਨ ਦੌਰਾਨ ਕਿਹਾ ਕਿ ਇਸ ਮੁਹਿੰਮ ਦਾ ਮੁੱਖ ਮਕਸਦ ਬਠਿੰਡਾ ਸ਼ਹਿਰ ਦੀ ਸਾਫ਼-ਸਫ਼ਾਈ ਅਤੇ ਸੁੰਦਰੀਕਰਨ ਕਰਨਾ ਹੈ। ਉਨ੍ਹਾਂ ਦੱਸਿਆ ਕਿ ਵਾਰਡ ਦੀਆਂ ਗਲੀਆਂ ਆਦਿ ਦੀ ਸਫ਼ਾਈ ਕਰਨ ਉਪਰੰਤ ਕੂੜਾ ਕਰਕਟ ਟਰਾਲੀਆਂ ਰਾਹੀਂ ਚੁੱਕ ਕੇ ਕਿਸੇ ਢੁਕਵੀਂ ਥਾਂ ਤੇ ਸੁੱਟਿਆ ਜਾਵੇਗਾ। ਉਨ੍ਹਾਂ ਇਹ ਵੀ ਕਿਹਾ ਕਿ ਸਾਨੂੰ ਸਭ ਨੂੰ ਪਲਾਸਟਿਕ ਦੀ ਵਰਤੋਂ ਕਰਨ ਤੋਂ ਪ੍ਰਹੇਜ਼ ਕਰਨਾ ਚਾਹੀਦਾ ਹੈ ਅਤੇ ਖਰੀਦਦਾਰੀ ਦੌਰਾਨ ਜੂਟ ਦੇ ਬੈਗਾਂ ਦੀ ਵੱਧ ਤੋਂ ਵੱਧ ਵਰਤੋਂ ਕਰਨੀ ਚਾਹੀਦੀ ਹੈ।
ਵਿਧਾਇਕ ਸ. ਗਿੱਲ ਨੇ ਇਸ ਮੌਕੇ ਕਿਹਾ ਕਿ ਬਠਿੰਡਾ ਸ਼ਹਿਰ ਦਾ ਸੁੰਦਰੀਕਰਨ ਚ ਕੋਈ ਕਸਰ ਬਾਕੀ ਨਹੀਂ ਛੱਡੀ ਜਾਵੇਗੀ। ਉਨ੍ਹਾਂ ਇਹ ਵੀ ਕਿਹਾ ਕਿ ਸ਼ਹਿਰ ਦੇ ਵਾਤਾਵਰਣ ਦੀ ਸ਼ੁੱਧਤਾ ਨੂੰ ਮੁੱਖ ਰੱਖਦਿਆਂ ਅਤੇ ਹਰਿਆ-ਭਰਿਆ ਬਣਾਉਣ ਲਈ ਵੱਧ ਤੋਂ ਵੱਧ ਪੌਦੇ ਲਗਾਏ ਜਾਣਗੇ। ਇਸ ਮੌਕੇ ਉਨ੍ਹਾਂ ਮੌਜੂਦ ਆਮ ਲੋਕਾਂ ਨੂੰ ਵੀ ਸਾਫ਼-ਸਫ਼ਾਈ ਰੱਖਣ ਸਬੰਧੀ ਪ੍ਰੇਰਿਆ ਅਤੇ ਅਪੀਲ ਕੀਤੀ ਕਿ ਜਿੱਥੇ ਕਿਤੇ ਵੀ ਸਾਫ਼-ਸਫ਼ਾਈ ਸਬੰਧੀ ਕੋਈ ਕਮੀ ਸਾਹਮਣੇ ਆਉਂਦੀ ਹੈ ਤਾਂ ਉਸ ਨੂੰ ਮੇਰੇ ਜਾਂ ਨਗਰ ਨਿਗਮ ਦੇ ਅਧਿਕਾਰੀਆਂ ਦੇ ਧਿਆਨ ਵਿੱਚ ਲਿਆਂਦਾ ਜਾਵੇ ਤਾਂ ਜੋ ਉਸ ਦਾ ਸਮੇਂ-ਸਿਰ ਹੱਲ ਕੀਤਾ ਜਾ ਸਕੇ। ਇਸ ਦੌਰਾਨ ਕਮਿਸ਼ਨਰ ਨਗਰ ਨਿਗਮ ਮੈਡਮ ਪਲਵੀ ਨੇ ਇਸ ਮੁਹਿੰਮ ਸਬੰਧੀ ਹੋਰ ਜਾਣਕਾਰੀ ਦਿੰਦਿਆਂ ਦੱਸਿਆ ਕਿ “ਮੇਰਾ ਸ਼ਹਿਰ ਮੇਰਾ ਮਾਨ“ ਮੁਹਿੰਮ ਦਾ ਮੁੱਖ ਮੰਤਵ ਸ਼ਹਿਰ ਅੰਦਰ ਸਾਫ਼-ਸਫ਼ਾਈ ਬਰਕਰਾਰ ਰੱਖਣਾ ਹੈ। ਇਸ ਮੌਕੇ ਮੌਜੂਦ ਲੋਕਾਂ ਨੂੰ ਕੱਪੜੇ ਤੋਂ ਬਣਾਏ ਗਏ ਥੈਲਿਆਂ ਦੀ ਵੀ ਵੰਡ ਕੀਤੀ ਗਈ ਅਤੇ ਵਾਤਾਵਰਣ ਦੀ ਸ਼ੁੱਧਤਾ ਲਈ ਪੌਦੇ ਵੀ ਲਗਾਏ ਗਏ।
Share the post "“ਮੇਰਾ ਸ਼ਹਿਰ ਮੇਰਾ ਮਾਨ“ ਮੁਹਿੰਮ ਤਹਿਤ ਗਤੀਵਿਧੀਆਂ ਕੀਤੀਆਂ ਜਾਣਗੀਆਂ ਤੇਜ਼ : ਜਗਰੂਪ ਗਿੱਲ"