ਸੁਖਜਿੰਦਰ ਮਾਨ
ਬਠਿੰਡਾ,29 ਦਸੰਬਰ: ਸਰਬੰਸ ਦਾਨੀ ਸ੍ਰੀ ਗੁਰੂ ਗੋਬਿੰਦ ਸਿੰਘ ਦੇ ਪ੍ਰਕਾਸ਼ ਉਤਸਵ ਦੇ ਸਬੰਧ ਵਿਚ ਗੁਰਦੁਆਰਾ ਸ਼ਰੋਮਣੀ ਪ੍ਰਬੰਧਕ ਕਮੇਟੀ ਵਲੋਂ ਸੰਗਤਾਂ ਦੇ ਸਹਿਯੋਗ ਨਾਲ ਦਸਵੀਂ ਪਾਤਿਸ਼ਾਹੀ ਦੇ 357ਵੇਂ ਪ੍ਰਕਾਸ਼ ਉਤਸਵ ਪੂਰਨ ਸ਼ਰਧਾ ਨਾਲ ਗੁਰਦੁਆਰਾ ਸਾਹਿਬ ਹਾਜੀ ਰਤਨ ਅਤੇ ਇਤਿਹਾਸਕ ਗੁਰਦੁਆਰਾ ਕਿਲ੍ਹਾ ਮੁਬਾਰਕ ਚਰਨ ਛੋਹ ਪਾਤਸ਼ਾਹੀ ਦਸਵੀਂ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਵਿਖੇ ਮਨਾਇਆ ਗਿਆ। ਸੰਗਤਾਂ ਨੇ ਗੁਰਦੁਆਰਾ ਸਾਹਿਬ ਹਾਜੀ ਰਤਨ ਪਵਿੱਤਰ ਸਰੋਵਰ ਵਿਚ ਭਾਰੀ ਧੁੰਦ ਅਤੇ ਸੀਤ ਲਹਿਰ ਭਰੀ ਠੰਡ ਦੇ ਬਾਵਜੂਦ ਵੀ ਸ਼ਰਧਾ ਨਾਲ ਇਸ਼ਨਾਨ ਕੀਤੇ। ਇਸ ਸਬੰਧ ਵਿਚ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਪ੍ਰਕਾਸ਼ 26 ਦਸੰਬਰ ਨੂੰ ਸ੍ਰੀ ਅਖੰਡ ਪਾਠ ਅਰੰਭ ਕੀਤੇ ਜਾਣ ਉਪਰੰਤ ਅੱਜ 29ਦਸੰਬਰ ਨੂੰ ਅੰਮ੍ਰਿਤ ਵੇਲੇ ਭੋਗ ਪਾਉਣ ਉਪਰੰਤ ਖੁੱਲ੍ਹੇ ਪੰਡਾਲ ’ਚ ਵਿਸ਼ਾਲ ਧਾਰਮਿਕ ਸਮਾਗਮ ਸਜਾਏ । ਜਿਨ੍ਹਾਂ ਵਿਚ ਹਜ਼ੂਰੀ ਰਾਗੀ ਅਤੇ ਸ੍ਰੀ ਦਰਬਾਰ ਸਾਹਿਬ ਦੇ ਹਜ਼ੁਰੀ ਰਾਗੀ ਤੋਂ ਇਲਾਵਾ ਸ੍ਰੋਮਣੀ ਕਮੇਟੀ ਦੇ ਢਾਡੀ ਜੱਥਿਆਂ ਵਲੋਂ ਇਤਿਹਾਸਕ ਵਾਰਾਂ ਅਤੇ ਕਵੀਸ਼ਰੀ ਜੱਥਿਆ ਵਲੋਂ ਵੀਰ ਰੱਸ ਭਰਪੂਰ ਕਾਵਿ ਸੁਨਣਾ ਕੇ ਸੰਗਤਾਂ ਨੂੰ ਗੁਰਮਤਿ ਗਿਆਨ ਅਤੇ ਇਤਿਹਾਸਕ ਸਾਖੀਆਂ ਨਾਲ ਨਿਹਾਲ ਕੀਤਾ ਗਿਆ । ਗੁਰਦੁਆਰਾ ਕਿਲ੍ਹਾ ਮੁਬਾਰਕ ਸਾਹਿਬ ਵਿਖੇ ਸੰਗਤਾਂ ਨੂੰ ਸੰਬੋਧਣ ਕਰਦਿਆਂ ਐਸਜੀਪੀਸੀ ਗੁਰਦੁਆਰਾ ਹਾਜੀ ਰਤਨ ਅਤੇ ਕਿਲ੍ਹਾ ਮੁਬਾਰਕ ਮੈਨੇਜਰ ਸੁਮੇਰ ਸਿੰਘ ਵਲੋਂ ਸੰਗਤਾਂ ਨੂੰ ਵਧਾਈਆ ਅਤੇ ਆਏ ਪ੍ਰਚਾਰਕਾਂ ਨੂੰ ਗੁਰੂ ਸਾਹਿਬ ਦੀ ਬਖ਼ਸ਼ ਸਿਰੋਪਾਓ ਭੇਂਟ ਕਰਕੇ ਸਨਮਾਨ ਕੀਤਾ ਗਿਆ। ਇਸ ਤੋਂ ਇਲਾਵਾ ਸ਼ਹਿਰ ਦੇ ਹਰ ਇਕ ਗੁਰੂ ਘਰ, ਸੇਵਾ ਸੁਸਾਇਟੀਆਂ ਅਤੇ ਸਮਾਜਿਕ ਸੰਸਥਾਵਾਂ ਵਲੋਂ ਵੀ ਧਾਰਮਿਕ ਸਮਾਗਮ ਅਤੇ ਗੁਰੂ ਕੇ ਲੰਗਰ ਆਯੋਜਿਤ ਕੀਤੇ ਗਏ। ਇਸ ਤੋਂ ਇਲਾਵਾ ਸ਼ਹਿਰ ਦੀਆਂ ਸੰਗਤਾਂ ਨੇ ਪੂਰੇ ਜਾਹੋ ਜਲਾਲ ਨਾਲ ਆਪਣੇ ਆਪਣੇ ਇਲਾਕੇ ’ਚ ਪ੍ਰਕਾਸ਼ ਦਿਵਸ ਮਨਾਇਆ। ਇਸੇ ਤਰ੍ਹਾਂ ਸ਼ਹੀਦ ਭਾਈ ਮਤੀ ਦਾਸ ਨਗਰ ਦੇ ਗੁਰਦੁਆਰਾ ਸਾਹਿਬ ਸ਼ਹੀਦ ਭਾਈ ਮਤੀ ਦਾਸ ਵਿਖੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਅਖੰਡ ਪਾਠ ਦੇ ਭੋਗ ਪਾਉਣ ਉਪਰੰਤ ਧਾਰਮਿਕ ਸਮਾਗਮ ਸਜਾਏ ਗਏ । ਜਿਸ ਵਿਚ ਮੁੱਖ ਗ੍ਰੰਥੀ ਭਾਈ ਸਤਪਾਲ ਸਿੰਘ ਵਲੋਂ ਕਥਾ ਵਿਚਾਰ, ਹਜੂਰੀ ਰਾਗੀ ਭਾਈ ਪਵਿੱਤਰ ਸਿੰਘ ’ਤੇ ਭਾਈ ਗੁਰਵੰਤ ਸਿੰਘ ਵਲੋਂ ਰਸਭਿੰਨੇ ਸਬਦ ਕੀਰਤਨ ਗਾਇਣ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਕੁਰਬਾਨੀਆਂ ਭਰੇ ਜੀਵਨ ਤੇ ਚਾਨਣਾ ਪਾਉਂਦਿਆਂ ਕਿਹਾ ਕਿ ਸ਼ਹੀਦ ਪਿਤਾ ਦੇ ਪੁੱਤਰ, ਸ਼ਹੀਦ ਪੁੱਤਰਾਂ ਦੇ ਪਿਤਾ ਦਸ਼ਮੇਸ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਅਜਿਹੀ ਅਦੁੱਤੀ ਸਖ਼ਸ਼ੀਅਤ ਦੀ ਮਿਸਾਲ ਦੁਨੀਆਂ ਭਰ ਦੇ ਇਤਿਹਾਸ ਵਿਚੋਂ ਕਿਧਰੇ ਵੀ ਨਹੀਂ ਮਿਲਦੀ ਹੈ। ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਪਿਛਲੇ ਡੇਢ ਮਹੀਨੇ ਪ੍ਰਭਾਤ ਫੇਰੀਆਂ ਵਿਚ ਹਾਜ਼ਰੀ ਲਗਾਉਣ ਵਾਲੀਆਂ ਬੀਬੀਆਂ ਅਤੇ ਗੱਤਕੇ ਅਖਾੜੇ ਵਾਲੀੇ ਬੱਚਿਆਂ ਨੂੰ ਸਨਮਾਨਤ ਕੀਤਾ ਗਿਆ। ਗੁਰੂ ਕਾ ਲੰਗਰ ਅਤੁੱਟ ਵਰਤਾਇਆ ਗਿਆ।
Share the post "ਸ਼ਹਿਰ ਦੀਆਂ ਸੰਗਤਾਂ ਨੇ ਪੂਰੇ ਜਾਹੋ ਜਲਾਲ ਨਾਲ ਆਪਣੇ ਆਪਣੇ ਇਲਾਕੇ ’ਚ ਮਨਾਇਆ ਪ੍ਰਕਾਸ਼ ਪੁਰਬ"