ਪੁਲਿਸ ਨੇ ਗੋਲੀ ਕਾਂਡ ’ਚ ਸ਼ਾਮਲ ਪੰਜ ਨੌਜਵਾਨਾਂ ਦੀ ਕੀਤੀ ਪਹਿਚਾਣ, ਜਲਦ ਹੋਵੇਗਾ ਖ਼ੁਲਾਸਾ
ਮਰੀਜ਼ ਬਣਕੇ ਆਏ ਦੋ ਨੌਜਵਾਨਾਂ ਨੇ ਚਲਾਈਆਂ ਸਨ ਤਲਵੰਡੀ ਸਾਬੋ ਦੇ ਡਾਕਟਰ ’ਤੇ ਗੋਲੀਆਂ
ਸੁਖਜਿੰਦਰ ਮਾਨ
ਬਠਿੰਡਾ, 15 ਜਨਵਰੀ: ਬੀਤੀ ਦੇਰ ਰਾਤ ਇਤਿਹਾਸਿਕ ਅਤੇ ਧਾਰਮਿਕ ਕਸਬੇ ਤਲਵੰਡੀ ਸਾਬੋ ’ਚ ਸਥਿਤ ਇਕ ਪ੍ਰਾਈਵੇਟ ਹਸਪਤਾਲ ਵਿਚ ਮਰੀਜ਼ ਬਣਕੇ ਆਏ ਦੋ ਨੌਜਵਾਨਾਂ ਵੱਲੋਂ ਮਸ਼ਹੂਰ ਡਾਕਟਰ ਦਿਨੇਸ਼ ਬਾਂਸਲ ਉਪਰ ਗੋਲੀਆਂ ਚਲਾਉਣ ਦੇ ਮਾਮਲੇ ’ਚ ਵੱਡੇ ਗੈਂਗਸਟਰਾਂ ਦਾ ਨਾਮ ਜੁੜਣ ਲੱਗਾ ਹੈ। ਇਸ ਮਾਮਲੇ ਵਿਚ ਜਿੱਥੇ ਪੁਲਿਸ ਵਲੋਂ ਕੇਸ ਨੂੰ ਲਗਭਗ ਹੱਲ ਕਰ ਲਿਆ ਹੈ, ਉਥੇ ਜਖ਼ਮੀ ਡਾਕਟਰ ਦੀ ਹਾਲਾਤ ਖ਼ਤਰੇ ਤੋਂ ਬਾਹਰ ਦੱਸੀ ਜਾ ਰਹੀ ਹੈ, ਜੋ ਬਠਿੰਡਾ ਦੇ ਮੈਕਸ ਹਸਪਤਾਲ ਵਿਚ ਅਪਣਾ ਇਲਾਜ਼ ਕਰਵਾ ਰਿਹਾ ਹੈ। ਪੁਲਿਸ ਵਿਭਾਗ ਦੇ ਉੱਚ ਸੂਤਰਾਂ ਮੁਤਾਬਕ ਇਸ ਕਾਂਡ ਨੂੰ ਅੰਜਾਮ ਦੇਣ ਵਿਚ ਅੱਧੀ ਦਰਜ਼ਨ ਵਿਅਕਤੀ ਸ਼ਾਮਲ ਹਨ, ਜਿੰਨ੍ਹਾਂ ਵਿਚੋਂ ਦੋ ਗੋਲੀਆਂ ਚਲਾਉਣ ਵਾਲੇ ਅਤੇ ਹਸਪਤਾਲ ਦੇ ਬਾਹਰ ਖੜੇ ਮੋਟਰਸਾਈਕਲ ਵਾਲਾ ਨੌਜਵਾਨ, ਤੋਂ ਇਲਾਵਾ ਦੋ-ਤਿੰਨ ਵਿਅਕਤੀ ਅਜਿਹੇ ਹਨ, ਜਿੰਨ੍ਹਾਂ ਵਲੋਂ ਇਸ ਸਾਰੀ ਘਟਨਾ ਨੂੰ ਅੰਜਾਮ ਦੇਣ ਲਈ ਯੋਜਨਾ ਬਣਾਈ ਗਈ। ਇਸ ਸਬੰਧ ਵਿਚ ਜਿੱਥੇ ਪੁਲਿਸ ਵਲੋਂ ਹਸਪਤਾਲ ਦੀ ਸੀਸੀਟੀਵੀ ਫ਼ੁਟੇਜ਼ ਦਾ ਸਹਾਰਾ ਲਿਆ ਗਿਆ, ਉਥੇ ਮੋਬਾਇਲ ਤਕਨੀਕ ਦੀ ਵਰਤੋਂ ਕਰਕੇ ਇਸ ਕੇਸ ਨੂੰ ਹੱਲ ਕੀਤਾ ਹੈ। ਮੁਢਲੀ ਪੜਤਾਲ ਮੁਤਾਬਕ ਇਹ ਮਾਮਲਾ ਫ਼ਿਰੌਤੀ ਦਾ ਹੈ ਅਤੇ ਇਸਨੂੰ ਕੁਲਵੀਰ ਨਰੂਆਣਾ ਕਤਲ ਕਾਂਡ ’ਚ ਜੇਲ ਵਿਚ ਬੰਦ ਗੈਂਗਸਟਰ ਮਨਪ੍ਰੀਤ ਮੰਨੇ ਨਾਲ ਜੋੜ ਕੇ ਵੇਖਿਆ ਜਾ ਰਿਹਾ ਹੈ। ਪੁਲਿਸ ਸੂਤਰਾਂ ਨੇ ਖ਼ੁਲਾਸਾ ਕੀਤਾ ਹੈ ਕਿ ਇਸ ਕੇਸ ਨੂੰ ਲਗਭਗ ਹੱਲ ਕਰ ਲਿਆ ਹੈ ਤੇ ਕੁੱਝ ਇੱਕ ਮੁਜਰਮਾਂ ਨੂੰ ਹਿਰਾਸਤ ਵਿਚ ਵੀ ਲਿਜਾ ਜਾ ਚੁੱਕਿਆ ਹੈ ਤੇ ਜਲਦੀ ਹੀ ਇਸ ਮਾਮਲੇ ਦਾ ਪਰਦਾਫ਼ਾਸ ਕੀਤਾ ਜਾਵੇਗਾ। ਗੌਰਤਲਬ ਹੈ ਕਿ ਜਖਮੀ ਡਾਕਟਰ ਦਿਨੇਸ਼ ਬਾਂਸਲ ਤਲਵੰਡੀ ਸਾਬੋ ਦੇ ਨੱਤ ਰੋਡ ਉਪਰ ਰਾਜ ਨਰਸਿੰਗ ਹੋਮ ਦੇ ਨਾਂ ਹੇਠ ਹਸਪਤਾਲ ਚਲਾਉਂਦਾ ਹੈ। ਇਸ ਦੌਰਾਨ ਬੀਤੀ ਦੇਰ ਸ਼ਾਮ ਕਰੀਬ ਸਾਢੇ ਸੱਤ ਵਜਂੇ ਦੋ ਨੌਜਵਾਨ ਹਸਪਤਾਲ ਵਿਚ ਪੁੱੱਜੇ ਅਤੇ ਉਨ੍ਹਾਂ ਪਰਚੀ ਕਟਵਾਉਣ ਤੋਂ ਬਾਅਦ ਡਾਕਟਰ ਦੇ ਸਾਹਮਣੇ ਹੁੰਦਿਆਂ ਹੀ ਉਸਨੂੰ ਗੋਲੀਆਂ ਚਲਾ ਕੇ ਗੰਭੀਰ ਰੂਪ ਵਿਚ ਜਖ਼ਮੀ ਕਰ ਦਿੱਤਾ।
Share the post "ਡਾਕਟਰ ’ਤੇ ਗੋਲੀਆਂ ਚਲਾਉਣ ਵਾਲੇ ਨਿਕਲੇ ਗੈਂਗਸਟਰਾਂ ਦੇ ਬੰਦੇ, ਮਾਮਲਾ ਫ਼ਿਰੌਤੀ ਦਾ!"