15 Views
ਪੰਜਾਬ ਸਰਕਾਰ ਕੇਂਦਰ ਨੂੰ ਸੈਲਰ ਮਾਲਕਾਂ ਦੀਆਂ ਮੁਸ਼ਕਲਾਂ ਸਬੰਧੀ ਲਿਖੇਗੀ ਪੱਤਰ
ਚੰਡੀਗੜ੍ਹ, 20 ਅਕਤੂਬਰ: ਕੇਂਦਰ ਸਰਕਾਰ ਵੱਲੋਂ ਪੰਜਾਬ ਦੇ ਸੈਲਰ ਮਾਲਕਾਂ ਨੂੰ ਪਾਈਆਂ ਪਨੈਲਟੀਆਂ ਦੇ ਵਿਰੋਧ ਵਿੱਚ ਪਿਛਲੇ ਦਸ ਦਿਨਾਂ ਤੋਂ ਸੈਲਰ ਮਾਲਕਾਂ ਦੀ ਚੱਲੀ ਆ ਰਹੀ ਹੜਤਾਲ ਅੱਜ ਖਤਮ ਹੋ ਗਈ ਹੈ। ਸੈਲਰ ਮਾਲਕਾਂ ਦੀ ਹੜਤਾਲ ਕਾਰਨ ਮੰਡੀਆਂ ਵਿੱਚ ਝੋਨੇ ਦੀ ਲਿਫਟਿੰਗ ਦਾ ਕੰਮ ਬਿਲਕੁਲ ਠੱਪ ਹੋ ਗਿਆ ਸੀ ਜਿਸਦੇ ਚਲਦੇ ਆਉਣ ਵਾਲੇ ਦਿਨਾਂ ਵਿੱਚ ਖਰੀਦ ਦਾ ਕੰਮ ਪ੍ਰਭਾਵਿਤ ਹੋਣ ਦੀ ਚਿੰਤਾ ਸਤਾ ਰਹੀ ਸੀ। ਹਾਲਾਂਕਿ ਜਿਸ ਮੁੱਦੇ ਨੂੰ ਲੈ ਕੇ ਸ਼ੈਲਰ ਮਾਲਕਾਂ ਵੱਲੋਂ ਇਹ ਹੜਤਾਲ ਸ਼ੁਰੂ ਕੀਤੀ ਗਈ ਸੀ ਉਹ ਮਸਲਾ ਹਾਲੇ ਤੱਕ ਜਿਉਂ ਦਾ ਤਿਉਂ ਹੀ ਖੜਾ ਹੈ ਪ੍ਰੰਤੂ ਪੰਜਾਬ ਸਰਕਾਰ ਨੇ ਪੰਜਾਬ ਸੈਲਰ ਐਸੋਸੀਏਸ਼ਨ ਦੇ ਅਹੁਦੇਦਾਰਾਂ ਨੂੰ ਇਹ ਭਰੋਸਾ ਦਿੱਤਾ ਹੈ ਕਿ ਉਹਨਾਂ ਦੀ ਲੜਾਈ ਉਹ ਕੇਂਦਰ ਤੱਕ ਲੜਨਗੇ।
ਅੱਜ ਇਸ ਹੜਤਾਲ ਨੂੰ ਖੋਲਣ ਦੀ ਜਾਣਕਾਰੀ ਦਿੰਦਿਆਂ ਪੰਜਾਬ ਸੈਲਰ ਐਸੋਸੀਏਸ਼ਨ ਦੇ ਪ੍ਰਧਾਨ ਭਾਰਤ ਭੂਸ਼ਣ ਬਿੰਟਾ ਅਤੇ ਤਰਸੇਮ ਸੈਣੀ ਆਦਿ ਨੇ ਦੱਸਿਆ ਕਿ ਇਸ ਸਬੰਧ ਵਿੱਚ ਪਿਛਲੇ ਕੁਝ ਦਿਨਾਂ ਤੋਂ ਪੰਜਾਬ ਸਰਕਾਰ ਦੇ ਚਾਰ ਵਿਧਾਇਕ ਅਤੇ ਅਧਿਕਾਰੀ ਲਗਾਤਾਰ ਉਹਨਾਂ ਦੇ ਸੰਪਰਕ ਵਿੱਚ ਸਨ, ਜਿਨਾਂ ਭਰੋਸਾ ਦਿਵਾਇਆ ਹੈ ਕਿ ਸੋਮਵਾਰ ਨੂੰ ਐਫਆਰਕੇ ਦੇ ਮੁੱਦੇ ‘ਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਕੇਂਦਰੀ ਮੰਤਰੀ ਪਿਊਸ ਗੋਇਲ ਨੂੰ ਇੱਕ ਪੱਤਰ ਲਿਖਣਗੇ ਜਿਸਦੇ ਵਿੱਚ ਇਸ ਮਸਲੇ ਦੇ ਹੱਲ ਦੀ ਮੰਗ ਕੀਤੀ ਜਾਵੇਗੀ। ਇਸ ਤੋਂ ਇਲਾਵਾ ਸੈਂਪਲ ਲੈਣ ਸਬੰਧੀ ਕੇਂਦਰ ਵੱਲੋਂ ਲਏ ਨਵੇਂ ਫੈਸਲੇ ਦੇ ਹੱਲ ਲਈ ਸੈਲਰ ਮਾਲਕਾ ਅਤੇ ਪੰਜਾਬ ਸਰਕਾਰ ਦੇ ਮੰਤਰੀਆਂ ਤੇ ਵਿਧਾਇਕਾਂ ਦੀ ਇੱਕ ਸਾਂਝੀ ਕਮੇਟੀ ਬਣੇਗੀ ਜੋ ਇਸ ਮਸਲੇ ਦਾ ਹੱਲ ਕਰੇਗੀ।
ਸੈਲਰ ਐਸੋਸੀਏਸ਼ਨ ਦੇ ਪ੍ਰਧਾਨ ਭਾਰਤ ਭੂਸ਼ਣ ਬਿੰਟਾ ਨੇ ਪੰਜਾਬ ਦੇ ਸਮੂਹ ਸੈਲਰ ਮਾਲਕਾਂ ਨੂੰ ਹੜਤਾਲ ਖਤਮ ਹੋਣ ਦਾ ਐਲਾਨ ਕਰਦਿਆਂ ਆਪਣੇ ਸੈਲਰਾਂ ਵਿੱਚ ਝੋਨੇ ਨੂੰ ਲਵਾਉਣ ਲਈ ਕਿਹਾ ਹੈ। ਇੱਥੇ ਦੱਸਣਾ ਬਣਦਾ ਹੈ ਕਿ ਪਿਛਲੇ 10 ਦਿਨਾਂ ਤੋਂ ਚੱਲ ਰਹੀ ਹੜਤਾਲ ਦੇ ਕਾਰਨ ਮੰਡੀਆਂ ਵਿੱਚ ਝੋਨੇ ਦੀ ਖਰੀਦ ਦਾ ਕੰਮ ਪ੍ਰਭਾਵਿਤ ਹੋਣ ਲੱਗਿਆ ਸੀ ਕਿਉਂਕਿ ਲਿਫਟਿੰਗ ਨਾ ਹੋਣ ਕਾਰਨ ਸਮੱਸਿਆ ਆ ਰਹੀ ਸੀ। ਇਸ ਦੇ ਨਾਲ ਆੜਤੀਆਂ ਅਤੇ ਕਿਸਾਨਾਂ ਨੂੰ ਵੀ ਵੱਡੀਆਂ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਸੀ। ਹੁਣ ਇੱਕ ਵਾਰ ਪੰਜਾਬ ਸਰਕਾਰ ਨੇ ਇਸ ਮਸਲੇ ਵਿੱਚ ਦਖਲ ਕਰਦਿਆਂ ਕੇਂਦਰ ਤੱਕ ਸੈਲਰ ਮਾਲਕਾਂ ਦੇ ਮਸਲੇ ਪਹੁਚਾਉਣ ਅਤੇ ਇਸ ਨੂੰ ਹੱਲ ਕਰਨ ਵਿੱਚ ਸਹਿਯੋਗ ਦਾ ਭਰੋਸਾ ਦਵਾਇਆ ਹੈ।
ਇੱਥੇ ਦੱਸਣਾ ਬਣਦਾ ਹੈ ਕਿ ਪਿਛਲੇ ਸਾਲ ਕੇਂਦਰ ਸਰਕਾਰ ਵੱਲੋਂ ਸ਼ੁਰੂ ਕੀਤੀ ਨਵੀਂ ਯੋਜਨਾ ਦੇ ਤਹਿਤ ਸ਼ੈਲਰ ਮਾਲਕਾਂ ਨੂੰ ਹੁਣ ਆਪਣੇ ਵੱਲੋਂ ਤਿਆਰ ਕੀਤੇ ਜਾਣ ਵਾਲੇ ਚਾਵਲ ਵਿੱਚ ਫੋਰਟੀਫਾਈਡ ਚਾਵਲ ਮਿਲਾਉਣ ਦੇ ਹੁਕਮ ਦਿੱਤੇ ਗਏ ਹਨ ਪ੍ਰੰਤੂ ਪਿਛਲੇ ਦਿਨੀ ਜਦੋਂ ਕੁਝ ਅਲਾਟ ਦੇ ਕੇਂਦਰੀ ਏਜੰਸੀਆਂ ਵੱਲੋਂ ਸੈਂਪਲ ਲਏ ਗਏ ਸਨ ਤਾਂ ਉਹ ਸੈਂਪਲ ਫੇਲ ਹੋ ਗਏ ਸਨ। ਜਿਸ ਦੇ ਚਲਦੇ ਕੇਂਦਰ ਨੇ ਇਹ ਪੂਰੇ ਦੇ ਪੂਰੇ ਅਲਾਟ ਰੱਦ ਕਰਦਿਆਂ ਸ਼ੈਲਰਾਂ ਦੀ ਅਲਾਟਮੈਂਟ ਰੋਕਣ ਅਤੇ ਉਹਨਾਂ ਨੂੰ ਲੱਖਾਂ ਰੁਪਏ ਦੀਆਂ ਪਨੈਲਟੀਆਂ ਪਾ ਦਿੱਤੀਆਂ ਸਨ। ਜਿਸਦੇ ਕਾਰਨ ਸੈਲਰ ਮਾਲਕਾਂ ਵਿੱਚ ਰੋਸ ਫੈਲ ਗਿਆ ਸੀ ਅਤੇ ਉਨਾਂ ਹੜਤਾਲ ਕਰਦਿਆਂ ਆਪਣੇ ਸੈਲਰਾਂ ਵਿੱਚ ਝੋਨਾ ਲਗਾਉਣ ਤੋਂ ਸਾਫ ਇਨਕਾਰ ਕਰ ਦਿੱਤਾ ਸੀ।
Share the post "ਸੈਲਰ ਮਾਲਕਾਂ ਨੇ ਹੜਤਾਲ ਕੀਤੀ ਖਤਮ, ਸਰਕਾਰ ਤੇ ਆੜਤੀਆਂ ਨੇ ਲਿਆ ਸੁੱਖ ਦਾ ਸਾਹ"