ਲੁਧਿਆਣਾ, 1 ਨਵੰਬਰ: ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਐਸਵਾਈਐਲ ਮੁੱਦੇ ਸਹਿਤ ਸੂਬੇ ਦੇ ਹੋਰਨਾਂ ਚਰਚਿਤ ਮੁੱਦਿਆਂ ‘ਤੇ ਵਿਰੋਧੀਆਂ ਨੂੰ ਦਿੱਤੀ ਡਿਬੇਟ ਦੀ ਚੁਣੌਤੀ ਦੇ ਤਹਿਤ ਅੱਜ ਸਥਾਨਕ ਖੇਤੀਬਾੜੀ ਯੂਨੀਵਰਸਿਟੀ ਵਿੱਚ ਪੰਜਾਬ ਸਰਕਾਰ ਵੱਲੋਂ ਤਿਆਰੀਆਂ ਮੁਕੰਮਲ ਕਰ ਲਈਆਂ ਹਨ। ਪਰੰਤੂ ਇਸ ਦੌਰਾਨ ਕਨਸੋਆਂ ਹਨ ਕਿ ਵਿਰੋਧੀਆਂ ਵੱਲੋਂ ਇਸ ਬਹਿਸ ਵਿੱਚ ਸ਼ਾਮਿਲ ਹੋਣ ਤੋਂ ਕਿਨਾਰਾ ਕਰ ਲਿਆ ਗਿਆ ਹੈ। ਮਿਲੀ ਸੂਚਨਾ ਮੁਤਾਬਿਕ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ, ਭਾਜਪਾ ਦੇ ਪ੍ਰਧਾਨ ਸੁਨੀਲ ਜਾਖੜ, ਕਾਂਗਰਸ ਪਾਰਟੀ ਵੱਲੋਂ ਵਿਧਾਨ ਸਭਾ ਵਿੱਚ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਤੇ ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਦੀ ਇਸ ਮਹਾਂ ਡਿਬੇਟ ਵਿੱਚ ਸ਼ਾਮਿਲ ਹੋਣ ਦੀ ਘੱਟ ਹੀ ਸੰਭਾਵਨਾ ਹੈ।
ਮਨਪ੍ਰੀਤ ਬਾਦਲ ਨੇ ਭੁਗਤੀ ਵਿਜੀਲੈਂਸ ਦੀ ਪੇਸ਼ੀ, ਕੇਸ ਸੀਬੀਆਈ ਨੂੰ ਸੌਪਣ ਦੀ ਕੀਤੀ ਮੰਗ
ਹਾਲਾਂਕਿ ਸੱਤਾਧਾਰੀ ਆਮ ਆਦਮੀ ਪਾਰਟੀ ਵੱਲੋਂ ਵਿਰੋਧੀਆਂ ਉੱਪਰ ਇਸ ਬੈਂਸ ਵਿੱਚੋਂ ਭੱਜਣ ਦੇ ਦੋਸ਼ ਲਗਾਏ ਜਾ ਰਹੇ ਹਨ ਪ੍ਰੰਤੂ ਵਿਰੋਧੀਆਂ ਵੱਲੋਂ ਇਸ ਬਹਿਸ ਦੇ ਨਾਂ ‘ਤੇ ਪੰਜਾਬ ਸਰਕਾਰ ਉੱਪਰ ਸਿਆਸੀ ਨਿਸ਼ਾਨੇ ਬਿੰਨੇ ਜਾ ਰਹੇ ਹਨ ਅਤੇ ਦਾਅਵਾ ਕੀਤਾ ਜਾ ਰਿਹਾ ਹੈ ਕਿ ਜੇਕਰ ਪੰਜਾਬ ਸਰਕਾਰ ਸੱਚਮੁੱਚ ਹੀ ਇਸ ਮੁੱਦੇ ‘ਤੇ ਗੰਭੀਰ ਹੈ ਤਾਂ ਉਹਨਾਂ ਨੂੰ ਓਪਨ ਦੇ ਵਿੱਚ ਇਹ ਡਿਬੇਟ ਕਰਵਾਉਣੀ ਚਾਹੀਦੀ ਸੀ। ਜਿੱਥੇ ਸਾਰਾ ਮੀਡੀਆ ਅਤੇ ਪੰਜਾਬ ਦੇ ਲੋਕ ਖੁੱਲੇ ਤੌਰ ‘ਤੇ ਇਸ ਵਿੱਚ ਸ਼ਮੂਲੀਅਤ ਕਰ ਸਕਣ ਪ੍ਰੰਤੂ ਹੁਣ ਸਰਕਾਰ ਨੇ ਖੇਤੀਬਾੜੀ ਯੂਨੀਵਰਸਿਟੀ ਅਤੇ ਪੂਰਾ ਲੁਧਿਆਣੇ ਨੂੰ ਪੁਲਿਸ ਛਾਉਣੀ ਵਿੱਚ ਤਬਦੀਲ ਕਰਕੇ ਸਿਰਫ ਆਪਣੇ ਹਿਸਾਬ ਨਾਲ ਇਸ ਬਹਿਸ ਨੂੰ ਕਰਵਾਉਣ ਦੀ ਤਿਆਰੀ ਕੀਤੀ ਹੈ।
ਦੂਜੇ ਪਾਸੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਬੀਤੇ ਕੱਲ ਇਸ ਬਹਿਸ ਲਈ ਏਜੰਡਾ ਜਾਰੀ ਕਰਦਿਆਂ ਐਸਵਾਈਐਲ ਦੇ ਨਾਲ ਨਾਲ ਪੰਜਾਬ ਦੇ ਵਿੱਚ ਨਸ਼ਿਆਂ ਦਾ ਪ੍ਰਚਲਣ, ਮਾਫੀਆ, ਗੈਂਗਸਟਰਵਾਦ ਅਤੇ ਹੋਰ ਮੁੱਦਿਆਂ ਨੂੰ ਲੈ ਕੇ ਬਹਿਸ ਦੀ ਚੁਨੌਤੀ ਦਿੱਤੀ ਸੀ। ਉਹਨਾਂ ਦਾਅਵਾ ਕੀਤਾ ਸੀ ਕਿ ਇਸ ਬਹਿਸ ਵਿੱਚ ਹਰ ਧਿਰ ਨੂੰ 30 ਮਿੰਟ ਮਿਲਣਗੇ ਅਤੇ ਇਸ ਵਿੱਚ ਉਹ ਆਪਣੀ ਗੱਲ ਰੱਖ ਸਕਣਗੇ। ਉਧਰ ਇਹ ਵੀ ਪਤਾ ਚੱਲਿਆ ਹੈ ਕਿ ਇਸ ਬਹਿਸ ਵਿੱਚ ਪੰਜਾਬ ਸਰਕਾਰ ਵੱਲੋਂ ਵਿਰੋਧੀ ਧਿਰ ਦੇ ਉਕਤ ਆਗੂਆਂ ਲਈ ਕੁਰਸੀਆਂ ਵੀ ਲਗਾਈਆਂ ਗਈਆਂ ਹਨ ਜਿਨਾਂ ਉੱਪਰ ਇਹਨਾਂ ਦਾ ਨਾਮ ਲਿਖਿਆ ਗਿਆ ਹੈ ਅਤੇ ਜੇਕਰ ਇਹ ਇਸ ਬਹਿਸ ਵਿੱਚ ਸ਼ਾਮਿਲ ਨਹੀਂ ਹੁੰਦੇ ਤਾਂ ਇਹ ਕੁਰਸੀਆਂ ਖਾਲੀ ਹੀ ਰਹਿਣਗੀਆਂ।
ਪੰਜਾਬ ਦੇ ਮੁੱਖ ਮੰਤਰੀ ਦੇ ਦਖਲ ਤੋਂ ਬਾਅਦ ‘ਰਾਖਵਾਂਕਰਨ ਚੋਰ ਫੜੋ-ਪੱਕਾ ਮੋਰਚਾ’ ਨੇ ਮੋਹਾਲੀ ਤੋਂ ਆਪਣਾ ਧਰਨਾ ਚੁੱਕਿਆ
ਇਸ ਤੋਂ ਇਲਾਵਾ ਇਸ ਬਹਿਸ ਵਿੱਚ ਪੰਜਾਬ ਭਰ ਤੋਂ ਵੱਡੀ ਪੱਧਰ ‘ਤੇ ਸਿਆਸੀ ਆਗੂਆਂ ਅਤੇ ਹੋਰਨਾਂ ਦੇ ਸ਼ਾਮਿਲ ਹੋਣ ਦੇ ਚਲਦੇ ਪੰਜਾਬ ਪੁਲਿਸ ਵੱਲੋਂ ਸੁਰੱਖਿਆ ਦੇ ਪ੍ਰਬੰਧ ਸਖਤ ਕੀਤੇ ਹੋਏ ਹਨ। ਏਡੀਜੀਪੀ ਅਮਰਦੀਪ ਸਿੰਘ ਰਾਏ ਖੁਦ ਇਸਦਾ ਜਾਇਜਾ ਲੈ ਰਹੇ ਹਨ ਅਤੇ ਕਈ ਜਿਲਿਆਂ ਦੀ ਫੋਰਸ ਵੀ ਇਥੇ ਤੈਨਾਤ ਕੀਤੀ ਗਈ ਹੈ। ਕਰੀਬ 12 ਵਜੇ ਸ਼ੁਰੂ ਹੋਣ ਵਾਲੀ ਇਸ ਬਹਿਸ ਵਿੱਚ ਕੌਣ ਕੌਣ ਸ਼ਾਮਿਲ ਹੁੰਦਾ ਹੈ ਅਤੇ ਇਸ ਬਹਿਸ ਦੇ ਸਿੱਟੇ ਕੀ ਨਿਕਲਦੇ ਹਨ, ਇਹ ਇਸ ਬਹਿਸ ਤੋਂ ਬਾਅਦ ਹੀ ਸਾਹਮਣੇ ਆਵੇਗਾ।
Share the post "ਲੁਧਿਆਣਾ ਵਿਚ ਮਹਾਡਿਬੇਟ ਕੁਝ ਘੰਟਿਆਂ ਬਾਅਦ ਹੋਵੇਗੀ ਸ਼ੁਰੂ, ਤਿਆਰੀਆਂ ਮੁਕੰਮਲ, ਨਹੀਂ ਸ਼ਾਮਿਲ ਹੋਣਗੇ ਵਿਰੋਧੀ, ਦਿੱਤਾ ਸੰਕੇਤ"