22 Views
ਗਿ੍ਫਤਾਰੀ ਦਾ ਵਿਰੋਧ ਕਰਨ ਚੱਲੇ ਦੋ ਦਰਜਨ ਕਿਸਾਨ ਆਗੂਆਂ ਨੂੰ ਵੀ ਹਿਰਾਸਤ ‘ਚ ਲੈਣ ਦੀ ਚਰਚਾ
ਸੁਖਜਿੰਦਰ ਮਾਨ
ਬਠਿੰਡਾ, 7 ਨਵੰਬਰ: ਲੰਘੀ ਤਿੰਨ ਨਵੰਬਰ ਨੂੰ ਜਿਲੇ ਦੇ ਪਿੰਡ ਮਹਿਮਾ ਸਰਜਾ ਵਿਖੇ ਕਿਸਾਨਾਂ ਨੂੰ ਪਰਾਲੀ ਨੂੰ ਅੱਗ ਨਾ ਲਗਾਉਣ ਲਈ ਪ੍ਰੇਰਿਤ ਕਰਨ ਗਏ ਸਰਕਾਰੀ ਅਧਿਕਾਰੀਆਂ ਦੀ ਟੀਮ ਕੋਲੋਂ ਕਿਸਾਨਾਂ ਦੁਆਰਾ ਜਬਰੀ ਪਰਾਲੀ ਨੂੰ ਅੱਗ ਲਗਵਾਉਣ ਦਾ ਮਾਮਲਾ ਭਖਦਾ ਨਜ਼ਰ ਆ ਰਿਹਾ ਹੈ। ਇਸ ਮਾਮਲੇ ਵਿੱਚ ਜਿੱਥੇ ਚਾਰ ਨਵੰਬਰ ਨੂੰ ਥਾਣਾ ਨਹੀਆਂਵਾਲਾ ਦੀ ਪੁਲਿਸ ਨੇ ਲੋਕ ਨਿਰਮਾਣ ਵਿਭਾਗ ਦੇ ਐਸਡੀਓ ਹਰਪ੍ਰੀਤ ਸਾਗਰ ਦੇ ਬਿਆਨਾਂ ਉੱਪਰ ਪੌਣੀ ਦਰਜਨ ਦੇ ਕਰੀਬ ਕਿਸਾਨਾਂ ਵਿਰੁੱਧ ਵੱਖ ਵੱਖ ਧਰਾਵਾਂ ਤਹਿਤ ਕੇਸ ਦਰਜ ਕਰ ਲਿਆ ਸੀ, ਉੱਥੇ ਹੁਣ ਬੀਤੀ ਦੇਰ ਸ਼ਾਮ ਇਸ ਮਾਮਲੇ ਵਿੱਚ ਨਾਮਜਦ ਦੋ ਕਿਸਾਨਾਂ ਨੂੰ ਗ੍ਰਿਫਤਾਰ ਕਰਨ ਦੀ ਸੂਚਨਾ ਮਿਲੀ ਹੈ।
ਦੱਸਣਾ ਬਣਦਾ ਹੈ ਕਿ ਇਸ ਤੋਂ ਪਹਿਲਾਂ ਵੀ ਇੱਕ ਕਿਸਾਨ ਨੂੰ ਹਿਰਾਸਤ ਵਿੱਚ ਲਿਆ ਗਿਆ ਸੀ ਪ੍ਰੰਤੂ ਉਸ ਤੋਂ ਬਾਅਦ ਕਿਸਾਨ ਜਥੇਬੰਦੀ ਵੱਲੋਂ ਥਾਣਾ ਨਹਿਆਵਾਲਾ ਦਾ ਘਿਰਾਓ ਕਰ ਲਿਆ ਗਿਆ ਸੀ ਜਿਸ ਤੋਂ ਬਾਅਦ ਪੁਲਿਸ ਨੇ ਇਹ ਕਹਿ ਕੇ ਉਸ ਕਿਸਾਨ ਨੂੰ ਛੱਡ ਦਿੱਤਾ ਸੀ ਕਿ ਇਸ ਦੀ ਵੀਡੀਓ ਵਿੱਚ ਭੂਮਿਕਾ ਸਾਹਮਣੇ ਨਹੀਂ ਆਈ ਹੈ। ਜਦਕਿ ਬੀਤੀ ਰਾਤ ਦੋ ਕਿਸਾਨਾਂ ਨੂੰ ਗ੍ਰਿਫ਼ਤਾਰ ਕਰਨ ਦੀ ਪੁਸ਼ਟੀ ਕਰਦਿਆਂ ਪੁਲਿਸ ਅਧਿਕਾਰੀਆਂ ਨੇ ਸਪਸ਼ਟ ਕੀਤਾ ਹੈ ਕਿ ਸਰਕਾਰੀ ਡਿਊਟੀ ਵਿੱਚ ਵਿਘਨ ਪਾਉਣ ਵਾਲਿਆਂ ਨੂੰ ਬਖਸ਼ਿਆ ਨਹੀਂ ਜਾਵੇਗਾ ਤੇ ਉਹਨਾਂ ਨੂੰ ਗ੍ਰਿਫਤਾਰ ਕਰਕੇ ਕਾਨੂੰਨ ਦੇ ਸਾਹਮਣੇ ਪੇਸ਼ ਕੀਤਾ ਜਾਵੇਗਾ। ਪੁਲਿਸ ਅਧਿਕਾਰੀਆਂ ਨੇ ਦੱਸਿਆ ਕਿ ਬੀਤੀ ਰਾਤ ਸੁਰਜੀਤ ਸਿੰਘ ਨਹੀਆਵਾਲਾ ਅਤੇ ਸ਼ਿਵਰਾਜ ਸਿੰਘ ਨਾਂ ਦੇ ਕਿਸਾਨ ਨੂੰ ਗਿਰਫਤਾਰ ਕੀਤਾ ਗਿਆ ਹੈ। ਸੁਰਜੀਤ ਸਿੰਘ ਕਿਸਾਨ ਜਥੇਬੰਦੀ ਦਾ ਪਿੰਡ ਇਕਾਈ ਦਾ ਪ੍ਰਧਾਨ ਦੱਸਿਆ ਜਾ ਰਿਹਾ ਹੈ।
ਐਸ ਐਸ ਪੀ ਗੁਲਨੀਤ ਸਿੰਘ ਖੁਰਾਣਾ ਨੇ ਕਿਹਾ ਕਿ ਕਾਨੂੰਨ ਸਭ ਦੇ ਲਈ ਬਰਾਬਰ ਹੈ ਅਤੇ ਇਸ ਮਾਮਲੇ ਵਿੱਚ ਨਾਮਜਦ ਮੁਲਜ਼ਮਾਂ ਨੂੰ ਗਿਰਫਤਾਰ ਕਰਨ ਲਈ ਛਾਪੇਮਾਰੀ ਜਾਰੀ ਹੈ। ਗੌਰਤਲਬ ਹੈ ਕਿ ਇਸ ਮਾਮਲੇ ਵਿੱਚ ਇੱਕ ਵੀਡੀਓ ਵੀ ਵਾਇਰਲ ਹੋਈ ਸੀ ਜਿਸ ਵਿੱਚ ਦਰਜਨ ਦੇ ਕਰੀਬ ਕਿਸਾਨ ਇੱਕ ਖੇਤ ਵਿੱਚ ਅੱਗ ਬੁਝਾਉਣ ਤੋਂ ਰੋਕਣ ਲਈ ਗਈ ਸਰਕਾਰੀ ਟੀਮ ਨੂੰ ਘੇਰ ਕੇ ਉਸ ਤੋਂ ਜਬਰੀ ਖੇਤ ਵਿੱਚ ਪਈ ਹੋਈ ਪਰਾਲੀ ਨੂੰ ਅੱਗ ਲਵਾਉਂਦੇ ਨਜ਼ਰ ਆ ਰਹੇ ਹਨ। ਇਸ ਘਟਨਾ ਨੂੰ ਦੂਜੀਆਂ ਕਿਸਾਨ ਜਥੇਬੰਦੀਆਂ ਨੇ ਵੀ ਮੰਦਭਾਗੀ ਕਰਾਰ ਦਿੰਦਿਆ ਦੋਨਾਂ ਧਰਾਂ ਨੂੰ ਮਿਲ ਬੈਠ ਕੇ ਮਸਲੇ ਦੇ ਹੱਲ ਕਰਨ ਦੀ ਅਪੀਲ ਕੀਤੀ ਹੈ।
ਭਾਰਤੀ ਕਿਸਾਨ ਯੂਨੀਅਨ ਏਕਤਾ ਸਿੱਧੂਪੁਰ ਦੇ ਆਗੂ ਰੇਸ਼ਮ ਸਿੰਘ ਯਾਤਰੀ ਨੇ ਦਾਅਵਾ ਕੀਤਾ ਕਿ ਇਹ ਵੀਡੀਓ ਵਾਇਰਲ ਹੋਣ ਤੋਂ ਬਾਅਦ ਜਥੇਬੰਦੀ ਦੇ ਆਗੂਆਂ ਦੀ ਜ਼ਿਲ੍ਹਾ ਪ੍ਰਸ਼ਾਸਨ ਦੇ ਅਧਿਕਾਰੀਆਂ ਨਾਲ ਮੀਟਿੰਗ ਹੋ ਗਈ ਸੀ, ਜਿਸ ਵਿੱਚ ਦੋਨਾਂ ਹੀ ਧਿਰਾਂ ਵੱਲੋਂ ਮਸਲੇ ਨੂੰ ਅੱਗੇ ਨਾ ਵਧਾਉਣ ਦਾ ਫੈਸਲਾ ਲਿਆ ਗਿਆ ਸੀ ਪ੍ਰੰਤੂ ਬਾਅਦ ਦੇ ਵਿੱਚ ਜ਼ਿਲ੍ਹਾ ਪੁਲਿਸ ਨੇ ਮੁੱਖ ਮੰਤਰੀ ਦੇ ਹੁਕਮਾਂ ਤੋਂ ਬਾਅਦ ਕਿਸਾਨ ਆਗੂਆਂ ਵਿਰੁੱਧ ਪਰਚਾ ਦਰਜ ਕਰਕੇ ਉਹਨਾਂ ਨੂੰ ਗ੍ਰਿਫਤਾਰ ਕਰਨ ਲਈ ਛਾਪੇਮਾਰੀ ਸ਼ੁਰੂ ਕਰ ਦਿੱਤੀ।
ਕਿਸਾਨ ਆਗੂ ਰੇਸ਼ਮ ਸਿੰਘ ਯਾਤਰੀ ਨੇ ਇਹ ਵੀ ਦਸਿਆ ਕਿ ਕਿਸਾਨਾਂ ਨੂੰ ਗ੍ਰਿਫਤਾਰ ਕਰਨ ਦਾ ਪਤਾ ਚਲਦੇ ਹੀ ਥਾਣੇ ਦਾ ਘਿਰਾਓ ਕਰਨ ਲਈ ਚੱਲੇ ਭਾਰਤੀ ਕਿਸਾਨ ਯੂਨੀਅਨ ਏਕਤਾ ਸਿੱਧੂਪੁਰ ਦੇ ਕਰੀਬ ਦੋ ਦਰਜਨ ਆਗੂਆਂ ਨੂੰ ਵੀ ਪੁਲਿਸ ਵੱਲੋਂ ਹਿਰਾਸਤ ਵਿਚ ਲਿਆ ਗਿਆ ਹੈ। ਕਿਸਾਨ ਆਗੂ ਨੇ ਦਸਿਆ ਕਿ ਜਥੇਬੰਦੀ ਦੇ ਜਿਲ੍ਹਾ ਪ੍ਰਧਾਨ ਬਲਦੇਵ ਸਿੰਘ ਸਦੋਹਾ ਸਹਿਤ ਬਲਾਕ ਪ੍ਰਧਾਨ ਕੁਲਵੰਤ ਸਿੰਘ ਨਹਿਆਵਾਲਾ ਅਤੇ ਪ੍ਰੈਸ ਸਕੱਤਰ ਰਣਜੀਤ ਸਿੰਘ ਜੀਦਾ ਸਹਿਤ ਦੋ ਦਰਜਨ ਦੇ ਕਰੀਬ ਕਿਸਾਨਾਂ ਨੂੰ ਹਿਰਾਸਤ ਵਿੱਚ ਲੈ ਕੇ ਵੱਖ-ਵੱਖ ਥਾਣਿਆਂ ਵਿੱਚ ਬੰਦ ਕਰ ਦਿੱਤਾ ਗਿਆ। ਉਨ੍ਹਾਂ ਇਹ ਵੀ ਦਸਿਆ ਕਿ ਇਸ ਮਸਲੇ ਵਿੱਚ ਅੱਜ ਪਿੰਡ ਮੰਡੀ ਕਲਾਂ ਵਿਖੇ ਸੂਬਾ ਪੱਧਰੀ ਮੀਟਿੰਗ ਸੱਦੀ ਗਈ ਹੈ, ਜਿਸ ਵਿਚ ਸੂਬਾਈ ਲੀਡਰ ਵੀ ਪੁੱਜ ਰਹੇ ਹਨ
Share the post "ਅਧਿਕਾਰੀਆਂ ਕੋਲੋਂ ਪਰਾਲੀ ਨੂੰ ਜਬਰੀ ਅੱਗ ਲਗਵਾਉਣ ਦੇ ਮਾਮਲੇ ਵਿੱਚ ਦੋ ਗ੍ਰਿਫਤਾਰ"