6 Views
ਬਠਿੰਡਾ,17 ਜਨਵਰੀ: ਪਿਛਲੇ ਕਈ ਦਿਨਾਂ ਤੋਂ ਜ਼ਿਲੇ ਦੇ ਕੁਝ
ਪਿੰਡਾਂ ਵਿਚ ਅਗਿਆਤ ਬੀਮਾਰੀ ਕਾਰਨ ਪਹਿਲਾਂ ਹੀ ਗ਼ੁਰਬਤ ਦੇ ਝੰਬੇ ਕਿਸਾਨਾਂ ਦੇ ਕੀਮਤੀ ਪਸ਼ੂਆਂ ਦੀ ਮੌਤ ਦਾ ਸਿਲਸਿਲਾ ਜਾਰੀ ਹੈ। ਲਗਾਤਾਰ ਦੁਧਾਰੂ ਪਸ਼ੂਆਂ ਦੀਆਂ ਹੋ ਰਹੀਆਂ ਮੌਤਾਂ ਦੇ ਚੱਲਦੇ ਹੁਣ ਪੰਜਾਬ ਸਰਕਾਰ ਵੀ ਗਤੀਸ਼ੀਲ ਹੋ ਗਈ ਹੈ। ਅੱਜ ਪਿੰਡ ਰਾਏ ਕਲਾਂ ਵਿਖੇ ਵੈਟਰਨਰੀ ਵਿਭਾਗ ਦੇ ਡਾਇਰੈਕਟਰ ਗੁਰਸ਼ਰਨ ਸਿੰਘ ਬੇਦੀ ਵਲੋਂ ਉਚ ਪੱਧਰੀ ਟੀਮ ਦੇ ਨਾਲ ਦੌਰਾ ਕੀਤਾ ਗਿਆ।
ਇਸ ਪਿੰਡ ਵਿੱਚ ਸਿਰਫ ਪਿਛਲੇ ਦੋ ਦਿਨਾਂ ਵਿਚ ਹੀ ਹਰਜੀਤ ਸਿੰਘ, ਵਿਕੀ ਸਿੰਘ , ਜਸਵਿੰਦਰ ਸਿੰਘ ਜੱਸੀ, ਮੋਹਨ ਸਿੰਘ, ਦਰਸ਼ਨ ਸਿੰਘ ਸਮੇਤ ਹੋਰ ਲੋਕਾਂ ਦੇ 21 ਪਸੂਆਂ ਦੀ ਮੌਤ ਹੋਈ ਹੈ। ਪਿੰਡ ਵਾਸੀਆਂ ਦੇ ਦੱਸਣ ਮੁਤਾਬਿਕ ਇਸ ਇਕੱਲੇ ਪਿੰਡ ਵਿੱਚ ਹੀ ਹੁਣ ਤੱਕ 150 ਤੋਂ ਵੱਧ ਕੀਮਤੀ ਪਸ਼ੂਆਂ ਦੀ ਮੌਤ ਹੋ ਚੁੱਕੀ ਹੈ। ਮਰਨ ਵਾਲੇ ਪਸ਼ੂਆਂ ਵਿਚ ਜ਼ਿਆਦਾਤਰ ਦੁਧਾਰੂ ਪਸ਼ੂ ਸ਼ਾਮਿਲ ਹਨ, ਜੋ ਇੰਨਾਂ ਕਿਸਾਨ ਪਰਿਵਾਰਾਂ ਦੀ ਘਰ-ਗ੍ਰਹਿਸਤੀ ਨੂੰ ਚਲਾਉਣ ਲਈ ਥੋੜ੍ਹਾ ਬਹੁਤ ਆਰਥਿਕ ਠੁੰਮਣਾ ਦੇ ਰਹੇ ਸਨ।
ਜਿਸ ਨੂੰ ਲੈ ਕਿ ਇਹ ਕਿਸਾਨ ਪਰਵਾਰ ਚਿੰਤਾ ਵਿਚ ਡੁੱਬ ਹੋਏ ਹਨ। ਕਿਸਾਨਾਂ ਦਾ ਕਹਿਣਾ ਹੈ ਕਿ ਪਿੰਡ ਵਿਚ ਫੈਲੀ ਮਹਾਂ ਮਾਰੀ ਕਰਨ ਘਰ ਦੀ ਆਰਥਿਕਤਾ ਚਲਾਉਣ ਵਾਲ਼ੇ ਮਹਿੰਗੇ ਭਾਅ ਦੇ ਪਸੂ ਮਰਨ ਕਾਰਨ ਕਿਸਾਨ ਕੱਖੋਂ ਹੋਲੇ ਹੋ ਗਏ ਹਨ।ਗੌਰਤਲਬ ਹੈ ਕਿ ਬੀਤੇ ਇੱਕ ਹਫਤੇ ਤੋਂ ਲਗਾਤਾਰ ਦੁਧਾਰੂ ਪਸ਼ੂਆਂ ਦੀ ਮੌਤ ਕਾਰਨ ਵੈਟਰਨਰੀ ਵਿਭਾਗ ਵਿੱਚ ਮੌਤ ਦੇ ਕਾਰਨ ਲੱਭਣ ਲਈ ਹੜਕੰਪ ਮੱਚਿਆ ਹੋਇਆ ਹੈ l
ਬੀਕੇਯੂ ਉਗਰਾਹਾਂ ਦੇ ਬਲਾਕ ਪ੍ਰਧਾਨ ਕੁਲਵੰਤ ਰਾਏ ਸ਼ਰਮਾ, ਪਿੰਡ ਪ੍ਰਧਾਨ ਲਛਮਣ ਸਿੰਘ, ਅੰਗਰੇਜ਼ ਸਿੰਘ ਅਤੇ ਰਾਜਿੰਦਰ ਸਿੰਘ ਆਦਿ ਪਿੰਡ ਵਾਸੀਆਂ ਨੇ ਰੋਸ ਜ਼ਾਹਰ ਕਰਦਿਆਂ ਕਿ ਪਿੰਡ ਵਿਚ ਪਸੂ ਮਰਨ ਦਾ ਕਹਿਰ ਇੱਕ ਹਫ਼ਤੇ ਤੋਂ ਜਾਰੀ ਹੈ , ਪਰ ਸਿਵਲ ਪ੍ਰਸ਼ਾਸਨ ਦੇ ਕਿਸੇ ਵੀ ਅਧਿਕਾਰੀ ਵੱਲੋਂ ਪਿੰਡ ਵਿਚ ਗੇੜਾ ਤੱਕ ਨਹੀਂ ਮਾਰਿਆ । ਉਨ੍ਹਾਂ ਪੰਜਾਬ ਸਰਕਾਰ ਤੋਂ ਮੁਆਵਜ਼ੇ ਦੀ ਮੰਗ ਕਰਦੇ ਹੋਏ ਕਿਹਾ ਕਿ ਪਿੰਡ ਵਿਚ ਪਸ਼ੂ ਧੰਨ ਮਰਨ ਕਾਰਨ ਕਰੋੜਾਂ ਰੁਪਏ ਦਾ ਨੁਕਸਾਨ ਹੋ ਗਿਆ ਹੈ , ਜਿਸ ਲਈ ਸਿੱਧੇ ਤੌਰ ਪਸੂ ਪਾਲ਼ਨ ਵਿਭਾਗ ਜ਼ੁੰਮੇਵਾਰ ਹੈ l