15 Views
ਉਮੀਦਵਾਰਾਂ ਦੀ ਸੂਚੀ ਚ 34 ਕੇਂਦਰੀ ਮੰਤਰੀ, ਲੋਕ ਸਭਾ ਸਪੀਕਰ ਅਤੇ ਦੋ ਸਾਬਕਾ ਮੁੱਖ ਮੰਤਰੀਆਂ ਦੇ ਨਾਮ ਸ਼ਾਮਿਲ
ਨਵੀਂ ਦਿੱਲੀ,2 ਮਾਰਚ: ਹਮੇਸ਼ਾ ਦੀ ਤਰ੍ਹਾਂ ਵਿੱਚ ਹਰ ਚੋਣਾਂ ਵਿੱਚ ਉਮੀਦਵਾਰਾਂ ਦੇ ਐਲਾਨ ਚ ਪਹਿਲ ਕਰਦਿਆਂ ਆਗਾਮੀ ਲੋਕ ਸਭਾ ਚੋਣਾਂ ਲਈ ਭਾਰਤੀ ਜਨਤਾ ਪਾਰਟੀ ਨੇ ਅੱਜ 195 ਉਮੀਦਵਾਰਾਂ ਦੀ ਆਪਣੀ ਪਹਿਲੀ ਸੂਚੀ ਜਾਰੀ ਕਰ ਦਿੱਤੀ ਹੈ। ਇਸ ਪਹਿਲੀ ਸੂਚੀ ਦੇ ਵਿੱਚ ਜਿੱਥੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਆਪਣੇ ਹਲਕੇ ਵਾਰਾਨਾਸੀ ਤੋਂ ਮੁੜ ਉਮੀਦਵਾਰ ਹੋਣਗੇ, ਉੱਥੇ ਇਸ ਸੂਚੀ ਵਿੱਚ 34 ਕੇਂਦਰੀ ਮੰਤਰੀਆਂ ਸਹਿਤ ਲੋਕ ਸਭਾ ਦੇ ਸਪੀਕਰ ਅਤੇ ਦੋ ਸਾਬਕਾ ਮੁੱਖ ਮੰਤਰੀਆਂ ਨੂੰ ਵੀ ਚੋਣ ਮੈਦਾਨ ਵਿੱਚ ਉਤਾਰਿਆ ਗਿਆ ਹੈ।
ਪਾਰਟੀ ਆਗੂਆਂ ਵੱਲੋਂ ਅੱਜ ਦਿੱਲੀ ਵਿੱਚ ਕੀਤੀ ਇੱਕ ਪ੍ਰੈਸ ਕਾਨਫਰੰਸ ਦੌਰਾਨ ਦਾਅਵਾ ਕੀਤਾ ਗਿਆ ਕਿ ਇਸ ਪਹਿਲੀ ਸੂਚੀ ਦੇ ਵਿੱਚ 47 ਨੌਜਵਾਨਾਂ ਨੂੰ ਟਿਕਟ ਦਿੱਤੀ ਗਈ ਹੈ। ਇਸ ਤੋਂ ਇਲਾਵਾ 28 ਔਰਤਾਂ ਦੇ ਨਾਮ ਇਸ ਲਿਸਟ ਵਿੱਚ ਸ਼ਾਮਿਲ ਹਨ। ਇਸੇ ਤਰ੍ਹਾਂ ਅਨੁਸੂਚਿਤ ਜਾਤੀ ਭਾਈਚਾਰੇ ਨਾਲ ਸੰਬੰਧਿਤ 18 ਅਤੇ ਦੂਜੀਆਂ ਪਛੜੀਆਂ ਸ਼੍ਰੇਣੀਆਂ ਦੇ 57 ਉਮੀਦਵਾਰਾਂ ਨੂੰ ਟਿਕਟ ਮਿਲੀ ਹੈ।
ਜੇਕਰ ਗੱਲ ਸੂਬਿਆਂ ਦੀ ਕੀਤੀ ਜਾਵੇ ਤਾਂ ਪਾਰਟੀ ਵੱਲੋਂ ਅੱਜ ਡੇਢ ਦਰਜਨ ਤੋਂ ਸੂਬਿਆਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੇ ਅਧੀਨ ਆਉਂਦੇ ਲੋਕ ਸਭਾ ਹਲਕਿਆਂ ਵਿੱਚ ਆਪਣੇ ਉਮੀਦਵਾਰਾਂ ਦੇ ਨਾਮਾਂ ਦਾ ਐਲਾਨ ਕੀਤਾ ਹੈ। ਇਹਨਾਂ ਵਿੱਚ ਉੱਤਰ ਪ੍ਰਦੇਸ਼, ਪੱਛਮੀ ਬੰਗਾਲ, ਗੁਜਰਾਤ, ਰਾਜਸਥਾਨ, ਕੇਰਲਾ, ਤਲੰਗਨਾ, ਅਸਾਮ, ਝਾਰਖੰਡ, ਛੱਤੀਸਗੜ੍ਹ, ਦਿੱਲੀ, ਉੱਤਰਾਖੰਡ, ਜੰਮੂ ਕਸ਼ਮੀਰ, ਅਰੁਣਾਚਲ ਪ੍ਰਦੇਸ਼, ਗੋਆ, ਤਿਰਪਰਾ ਅਤੇ ਅੰਡਾਮਾਨ ਨਿਕੋਬਾਰ ਆਦਿ ਸ਼ਾਮਿਲ ਹਨ।