ਬਠਿੰਡਾ, 3 ਜੁਲਾਈ: ਅਕਸਰ ਹੀ ਇਮੀਗਰੇਸ਼ਨ ਕੰਪਨੀਆਂ ਦੇ ਵੱਲੋਂ ਵਿਦਿਆਰਥੀਆਂ ਨੂੰ ਵਿਦੇਸ਼ ਭੇਜਣ ਦੇ ਨਾਂ ’ਤੇ ਠੱਗੀਆਂ ਮਾਰਨ ਦਾ ਮਾਮਲਾ ਸਾਹਮਣੇ ਆਉਂਦਾ ਹੈ ਪ੍ਰੰਤੂ ਅਸੀਂ ਤੁਹਾਨੂੰ ਇੱਕ ਜੋ ਮਾਮਲਾ ਦੱਸਣ ਜਾ ਰਹੇ ਹਾਂ, ਉਹ ਇਸਦੇ ਉਲਟ ਹੈ। ਇਸ ਮਾਮਲੇ ਵਿਚ ਵਿਦੇਸ਼ ’ਚ ਬੈਠੇ ਨੌਜਵਾਨਾਂ ਨੇ ਇੰਮੀਗਰੇਸ਼ਨ ਕੰਪਨੀ ਦੇ ਪ੍ਰਬੰਧਕਾਂ ਨਾਲ ਹੀ 40 ਲੱਖ ਦੀ ਠੱਗੀ ਮਾਰ ਦਿੱਤੀ। ਵੱਡੀ ਗੱਲ ਇਹ ਵੀ ਸਾਹਮਣੇ ਆਈ ਹੈ ਕਿ ਠੱਗੀ ਮਾਰਨ ਵਾਲੇ ਨੌਜਵਾਨਾਂ ਵਿਚੋਂ ਇੱਕ ਉਸੇ ਇੰਮੀਗਰੇਸ਼ਨ ਕੰਪਨੀ ਦੇ ਰਾਹੀਂ ਹੀ ਵੀਜ਼ਾ ਲਗਾ ਕੇ ਇੰਗਲੈਂਡ ਗਿਆ ਦਸਿਆ ਜਾ ਰਿਹਾ। ਫ਼ਿਲਹਾਲ ਇਸ ਮਾਮਲੇ ਵਿਚ ਬਠਿੰਡਾ ਦੇ ਥਾਣਾ ਸਿਵਲ ਲਾਈਨ ਦੀ ਪੁਲਿਸ ਨੇ ਇੰਮੀਗਰੇਸ਼ਨ ਸੰਚਾਲਕ ਪਤੀ-ਪਤਨੀ ਜੋੜੇ ਦੀ ਸਿਕਾਇਤ ’ਤੇ ਇੰਗਲੈਂਡ ਬੈਠੇ ਦੋ ਨੌਜਵਾਨਾਂ ਸਹਿਤ ਨਗਦੀ ਪੈਸੇ ਹਾਸਲ ਕਰਨ ਵਾਲੇ ਉਨ੍ਹਾਂ ਦੇ ਪੰਜਾਬ’ਚ ਬੈਠੇ ਮਾਪਿਆਂ ਵਿਰੁਧ ਧੋਖਾਧੜੀ ਤੇ ਹੋਰਨਾਂ ਧਾਰਾਵਾਂ ਤਹਿਤ ਪਰਚਾ ਦਰਜ਼ ਕਰ ਲਿਆ ਹੈ।
ਭਾਈ ਅੰਮ੍ਰਿਤਪਾਲ ਸਿੰਘ ਦੇ ਮਾਪੇ ਮਿਲਣਗੇ ਲੋਕ ਦੇ ਸਪੀਕਰ ਨੂੰ,ਜਲਦੀ ਹੀ ਸਹੁੰ ਚੁੱਕ ਹੋਣ ਦੀ ਚਰਚਾ
ਪ੍ਰੰਤੂ ਇਸ ਧੋਖਾਧੜੀ ਦੇ ਕਾਰਨ ਇੰਗਲੈਂਡ ਜਾਣ ਦੇ ਚਾਹਵਾਨ ਉਨ੍ਹਾਂ ਦੋ ਕੁੜੀਆਂ ਤੇ ਇੱਕ ਨੌਜਵਾਨ ਦਾ ਭਵਿੱਖ ਜਰੂਰ ਧੁੰਧਲਾ ਹੋ ਗਿਆ ਹੈ, ਜਿੰਨ੍ਹਾਂ ਉਪਰ ਇੰਗਲੈਂਡ ਦੀ ਸਰਕਾਰ ਨੇ ਦਸ ਸਾਲ ਵਾਸਤੇ ਬੈਨ ਲਗਾ ਦਿੱਤਾ ਹੈ। ਇਸ ਸਬੰਧ ਵਿਚ ਪੁਲਿਸ ਕੋਲ ਅੰਬਰ ਐਜੂਕੇਸ਼ਨਲ ਐਂਡ ਵੀਜ਼ਾ ਕੰਸਲਟੈਂਟ ਦੇ ਸੰਚਾਲਕਾਂ ਨਵਪ੍ਰੀਤ ਸਿੰਘ ਬਾਹੀਆ ਤੇ ਉਸਦੀ ਪਤਨੀ ਨਵਦੀਪ ਕੌਰ ਵੱਲੋਂ ਸਿਕਾਇਤ ਕੀਤੀ ਗਈ ਸੀ। ਜਿਸ ਵਿਚ ਉਨ੍ਹਾਂ ਅਰੋਪ ਲਗਾਏ ਸਨ ਕਿ ਇੰਗਲੈਂਡ ਦੇ ਵਿਚ ਜਾਣ ਲਈ ਉਸਦੇ ਕੋਲ ਸੰਦੀਪ ਸਿੰਘ, ਹਰਮਨਪ੍ਰੀਤ ਕੌਰ ਤੇ ਕੁਲਵਿੰਦਰ ਕੌਰ ਨੇ ਸੰਪਰਕ ਕੀਤਾ ਸੀ। ਇੰਗਲੈਂਡ ਦੇ ਵਿਚ ਵਰਕ ਪਰਮਿਟ ਲਈ ਵੀਜ਼ਾ ਅਪਣਾਈ ਕਰਨ ਦੇ ਵਾਸਤੇ COS Letter ਦੀ ਜਰੂਰਤ ਪੈਂਦੀ ਹੈ, ਜਿਸਦੇ ਲਈ ਉਨ੍ਹਾਂ ਵੱਲੋਂ ਇੰਗਲੈਂਡ ਵਿਚ ਰਹਿੰਦੇ ਆਪਣੇ ਜਾਣਕਾਰਾਂ ਪ੍ਰਦੀਪ ਸਿੰਘ ਵਾਸੀ ਗਹਿਰੀ ਬੁੱਟਰ ਜ਼ਿਲ੍ਹਾ ਬਠਿੰਡਾ ਅਤੇ ਸੁਤਵੀਰ ਸਿੰਘ ਵਾਸੀ ਜੀਵਨ ਸਿੰਘ ਵਾਲਾ ਜ਼ਿਲ੍ਹਾ ਫ਼ਰੀਦਕੋਟ ਨਾਲ ਸੰਪਰਕ ਕੀਤਾ ਗਿਆ।
ਹਾਥਰਸ ਘਟਨਾ ਤੋਂ ਬਾਅਦ ਪੁਲਿਸ ‘ਕਾਂਸਟੇਬਲ’ ਤੋਂ ਬਾਬਾ ਬਣਿਆ ਹਰੀ ਭੋਲਾ ਹੋਇਆ ‘ਫ਼ੁਰਰ’
ਸਿਕਾਇਤਕਰਤਾ ਮੁਤਾਬਕ ਪ੍ਰਦੀਪ ਸਿੰਘ ਉਨ੍ਹਾਂ ਦੇ ਰਾਹੀਂ ਹੀ ਵੀਜ਼ਾ ਲਗਵਾ ਕੇ ਇੰਗਲੈਂਡ ਗਿਆ ਸੀ ਜਿਸ ਕਾਰਨ ਵਿਸ਼ਵਾਸ ਬਣਿਆ ਹੋਇਆ ਸੀ। ਜਿਸਤੋਂ ਬਾਅਦ ਇੰਨ੍ਹਾਂ ਤਿੰਨਾਂ ਬੱਚਿਆਂ ਲਈ ਪ੍ਰਦੀਪ ਤੇ ਸਤਵੀਰ ਨੇ COS Letter ਭੇਜਣ ਦਾ ਭਰੋਸਾ ਦਿੱਤਾ ਤੇ ਇਸਦੇ ਬਦਲੇ ਪ੍ਰਤੀ ਬੱਚਾ ਸਾਢੇ 13 ਲੱਖ ਰੁਪਏ ਲੈਣ ਦੀ ਮੰਗ ਰੱਖੀ। ਇੰਗਲੈਂਡ ਜਾਣ ਦੇ ਚਾਹਵਾਨਾਂ ਵੱਲੋਂ ਇਹ ਰਾਸ਼ੀ ਦੇਣ ਲਈ ਰਾਜ਼ੀ ਹੋਣ ਤੋਂ ਬਾਅਦ ਪ੍ਰਦੀਪ ਦੇ ਪਿਤਾ ਮਹਿੰਦਰ ਸਿੰਘ ਅਤੇ ਸਤਵੀਰ ਸਿੰਘ ਦੇ ਪਿਤਾ ਭਰਪੂਰ ਸਿੰਘ ਨੂੰ ਕ੍ਰਮਵਾਰ 14 ਲੱਖ ਅਤੇ ਸਾਢੇ 26 ਲੱਖ ਰੁਪਏ ਦਿੱਤੇ ਗਏ। ਸਿਕਾਇਤਕਰਤਾ ਮੁਤਾਬਕ ਇਸ ਦੌਰਾਨ ਉਨ੍ਹਾਂ ਵੱਲੋਂ COS Letter ਲਗਾ ਕੇ ਜਦ ਇੰਗਲੈਂਡ ਦੀ ਅੰਬੇਸੀ ਨੂੰ ਵੀਜ਼ਾ ਫ਼ਾਈਲਾਂ ਭੇਜੀਆਂ ਗਈਆਂ ਤਾਂ ਕੁੱਝ ਹੀ ਦਿਨਾਂ ਬਾਅਦ ਇਹ ਫ਼ਾਈਲਾਂ ਰਿਜੈਕਟ ਹੋਣ ਦੇ ਨਾਲ ਹੀ ਤਿੰਨਾਂ ਅਪਲਾਈਕਰਤਾਵਾਂ ਦੇ ਅਗਲੇ ਦਸ ਸਾਲਾਂ ਲਈ ਇੰਗਲੈਂਡ ’ਤੇ ਬੈਨ ਲਗਾਉਣ ਸਬੰਧੀ ਮੇਲ ਆ ਗਈ।
ਹੁਣ ਹਰਿਆਣਾ ਦੇ ਸਰਪੰਚਾਂ ਨੂੰ ਅਧਿਕਾਰੀਆਂ ਦੀ ਤਰਜ਼ ’ਤੇ ਮਿਲੇਗਾ ਟੀਏ/ਡੀਏ, ਡਹੇਗੀ ਡੀਸੀ ਦੇ ਨਾਲ ਕੁਰਸੀ
ਜਦ ਉ੍ਹਨਾਂ ਵੱਲੋਂ ਪੜਤਾਲ ਕੀਤੀ ਗਈ ਤਾਂ ਪਤਾ ਲੱਗਿਆ ਕਿ ਪ੍ਰਦੀਪ ਤੇ ਸਤਵੀਰ ਦੇ ਵੱਲੋਂ ਭੇਜੇ ਗਏ COS Letter ਹੀ ਜਾਅਲੀ ਸਨ, ਜਿਹੜੇ ਐਡਿਟ ਕਰਕੇ ਭੇਜੇ ਗਏ ਸਨ। ਨਵਪ੍ਰੀਤ ਮੁਤਾਬਕ ਜਦ ਦੋਨਾਂ ਨਾਲ ਸੰਪਰਕ ਕੀਤਾ ਗਿਆ ਤਾਂ ਉਨ੍ਹਾਂ ਪੈਰਾਂ ’ਤੇ ਪਾਣੀ ਨਹੀ ਪੈਣ ਦਿੱਤਾ ਤੇ ਅਖ਼ੀਰ ਵਿਚ ਕਹਿ ਦਿੱਤਾ ਕਿ ਜੋ ਕਰਨਾ ਹੈ ਕਰ ਲਓ। ਉਨ੍ਹਾਂ ਦਸਿਆ ਕਿ ਪੁਲਿਸ ਨੂੰ ਦਿੱਤੀ ਸਿਕਾਇਤ ਦੇ ਨਾਲ ਵਟਸਐਪ ਚਾਟ, ਆਡੀਓ-ਵੀਡੀਓ ਕਾਲ ਰਿਕਾਰਡਿੰਗ ਅਤੇ ਹੋਰ ਦਸਤਾਵੇਜ਼ ਦਿੱਤੇ ਗਏ ਸਨ। ਉਧਰ ਪੁਲਿਸ ਵੱਲੋਂ ਸਿਕਾਇਤ ਦੀ ਕੀਤੀ ਪੜਤਾਲ ਦੌਰਾਨ ਸਿਕਾਇਤ ਸਹੀ ਪਾਏ ਜਾਣ ’ਤੇ ਹੁਣ ਪੁਲਿਸ ਨੇ ਪ੍ਰਦੀਪ ਸਿੰਘ ਤੇ ਸਤਵੀਰ ਸਿੰਘ ਵਾਸੀ ਯੂ.ਕੇ. ਅਤੇ ਮਹਿੰਦਰ ਸਿੰਘ ਤੇ ਭਰਪੂਰ ਸਿੰਘ ਵਿਰੁਧ ਆਈਪੀਸੀ ਦੀ ਧਾਰਾ 420,465,468,471, 120 ਬੀ ਅਤੇ 24 ਇੰਮੀਗਰੇਸ਼ਨ ਐਕਟ ਤਹਿਤ ਕੇਸ ਦਰਜ਼ ਕਰ ਲਿਆ ਹੈ।
Share the post "‘ਚੇਲੇ’ ਵੱਲੋਂ ਵੀਜ਼ੇ ਦੇ ਮਾਹਰ ‘ਗੁਰੂ’ ਨਾਲ ਠੱਗੀ, ‘ਬਾਪੂਆਂ’ ਸਮੇਤ 4 ਵਿਰੁਧ ਪਰਚਾ ਦਰਜ਼"