ਸ਼੍ਰੀ ਅੰਮ੍ਰਿਤਸਰ, 22 ਅਕਤੂਬਰ: ਸ਼੍ਰੀ ਅਕਾਲ ਤਖ਼ਤ ਸਾਹਿਬ ਵੱਲੋਂ ਤਨਖ਼ਾਹੀਆ ਕਰਾਰ ਦਿੱਤੇ ਸੁਖਬੀਰ ਸਿੰਘ ਬਾਦਲ ਲਈ ਗਿੱਦੜਬਾਹਾ ਹਲਕੇ ਤੋਂ ਚੋਣ ਲੜਾਉਣ ਦਾ ਰਾਹ ਪੱਧਰਾ ਕਰਵਾਉਣ ਵਾਸਤੇ ਸ਼੍ਰੋਮਣੀ ਅਕਾਲੀ ਦਲ ਦਾ ਇੱਕ ਵਫ਼ਦ ਅੱਜ ਦੇਰ ਸ਼ਾਮ ਜਥੇਦਾਰ ਸਾਹਿਬ ਨੂੰ ਮਿਲਿਆ। ਕਾਰਜ਼ਕਾਰੀ ਪ੍ਰਧਾਨ ਬਲਵਿੰਦਰ ਸਿੰਘ ਭੂੰਦੜ ਦੀ ਅਗਵਾਈ ਹੇਠ ਸ਼੍ਰੀ ਅਕਾਲ ਤਖ਼ਤ ਸਾਹਿਬ ’ਤੇ ਪੁੱਜੇ ਵਫ਼ਦ ਨੇ ਜਥੇਦਾਰ ਸਾਹਿਬ ਨੂੰ ਸ: ਬਾਦਲ ਦੇ ਵੱਲੋਂ ਦਿੱਤੇ ਮੁਆਫ਼ੀਨਾਮੇ ’ਤੇ ਜਲਦ ਫੈਸਲਾ ਲੈਣ ਦੀ ਅਪੀਲ ਕੀਤੀ ਹੈ। ਜਿਕਰਯੋਗ ਹੈ ਕਿ ਡੇਰਾ ਸਿਰਸਾ ਦੇ ਮੁਖੀ ਨੂੰ ਮੁਆਫ਼ੀ ਦਿਵਾਉਣ ਅਤੇ ਸ਼੍ਰੀ ਗੁਰੂ ਗਰੰਥ ਸਾਹਿਬ ਦੀ ਬੇਅਦਬੀ ਦੇ ਮਾਮਲੇ ’ਚ ਦੋਸ਼ੀਆਂ ਵਿਰੁਧ ਕੋਈ ਕਾਰਵਾਈ ਨਾ ਕਰਨ ਦੇ ਚੱਲਦੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੂੰ ਸ਼੍ਰੀ ਅਕਾਲ ਤਖ਼ਤ ਸਾਹਿਬ ਵੱਲੋਂ ਕਰੀਬ ਦੋ ਮਹੀਨੇ ਪਹਿਲਾਂ ਤਨਖ਼ਾਹੀਆਂ ਕਰਾਰ ਦੇ ਦਿੱਤਾ ਸੀ।
ਅਕਾਲੀ ਦਲ ਕੋਰ ਕਮੇਟੀ ਮੀਟਿੰਗ: ਮੰਡੀਆਂ ਵਿਚ ਕਿਸਾਨਾਂ ਦੀ ਦੁਰਦਸ਼ਾ ਲਈ ਪੰਜਾਬ ਸਰਕਾਰ ਜ਼ਿੰਮੇਵਾਰ: ਮਜੀਠਿਆ
ਹਾਲਾਂਕਿ ਤਨਖ਼ਾਹੀਆ ਕਰਾਰ ਦੇਣ ਤੋਂ ਬਾਅਦ ਸੁਖਬੀਰ ਸਿੰਘ ਬਾਦਲ ਨੇ ਖੁਦ ਨੂੰ ਸ਼੍ਰੀ ਅਕਾਲ ਤਖ਼ਤ ਸਾਹਿਬ ’ਤੇ ਪੇਸ਼ ਹੋ ਕੇ ਮੁਆਫ਼ੀਨਾਮਾ ਪੇਸ਼ ਕੀਤਾ ਸੀ ਪ੍ਰੰਤੂ ਉਨ੍ਹਾਂ ਦੇ ਮੁਆਫ਼ੀਨਾਮੇ ਉਪਰ ਹਾਲੇ ਤੱਕ ਸਿੰਘ ਸਾਹਿਬਾਨ ਵੱਲੋਂ ਹਾਲੇ ਤੱਕ ਕੋਈ ਫੈਸਲਾ ਨਹੀਂ ਸੁਣਾਇਆ, ਜਿਸ ਕਾਰਨ ਅਕਾਲੀ ਦਲ ਦੇ ਪ੍ਰਧਾਨ ਦੀਆਂ ਸਿਆਸੀ ਸਰਗਰਮੀਆਂ ਠੱਪ ਹੋ ਕੇ ਰਹਿ ਗਈਆਂ ਹਨ। ਚਰਚਾ ਮੁਤਾਬਕ ਅਕਾਲੀ ਦਲ ਤੇ ਖੁਦ ਬਾਦਲ ਪ੍ਰਵਾਰ ਵੀ ਆਪਣੇ ਪੁਰਾਣੇ ਹਲਕੇ ਗਿੱਦੜਬਾਹਾ ਤੋਂ ਸੁਖਬੀਰ ਸਿੰਘ ਬਾਦਲ ਨੂੰ ਚੋਣ ਲੜਾਉਣ ਦੀ ਇੱਛਾ ਰੱਖ ਰਿਹਾ ਪ੍ਰੰਤੂ ਇਹ ਤਾਂ ਹੀ ਸੰਭਵ ਹੈ ਕਿ ਜੇਕਰ ਸ਼੍ਰੀ ਅਕਾਲ ਤਖ਼ਤ ਸਾਹਿਬ ਵੱਲੋਂ ਉਨ੍ਹਾਂ ਨੂੰ ਮੁਆਫ਼ੀਨਾਮਾ ਦਿੱਤਾ ਜਾਵੇ। ਇੱਥੇ ਇਹ ਵੀ ਦਸਣਾ ਬਣਦਾ ਹੈ ਕਿ ਸੁਖਬੀਰ ਬਾਦਲ ਨੂੰ ਮੁਆਫ਼ੀਨਾਮਾ ਦਿਵਾਉਣ ਦੇ ਮਾਮਲੇ ਵਿਚ ਪਿਛਲੇ ਦਿਨੀਂ ਅਕਾਲੀ ਆਗੂ ਵਿਰਸਾ ਸਿੰਘ ਵਲਟੋਹਾ ਵੱਲੋਂ ਚੁੱਕੇ ਕਦਮਾਂ ਕਾਰਨ ਪੂਰੀ ਅਕਾਲੀ ਲੀਡਰਸ਼ਿਪ ਨੂੰ ਬੁਰੀ ਤਰ੍ਹਾਂ ਕਸੂਤੀ ਸਥਿਤੀ ਵਿਚ ਫ਼ਸਾ ਦਿੱਤਾ ਸੀ।
ਮੁੱਖ ਮੰਤਰੀ ਭਗਵੰਤ ਮਾਨ ਨੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਕੋਲ ਝੋਨੇ ਦੇ ਖਰੀਦ ਕਾਰਜਾਂ ਦਾ ਮਸਲਾ ਚੁੱਕਿਆ
ਇਸਤੋਂ ਇਲਾਵਾ ਵਲਟੋਹਾ ਵੱਲੋਂ ਤਖ਼ਤ ਸ਼੍ਰੀ ਦਮਦਮਾ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਉਪਰ ਭਾਜਪਾ ਦੇ ਇਸ਼ਾਰੇ ’ਤੇ ਕੰਮ ਕਰਨ ਦੇ ਲਗਾਏ ਦੋਸ਼ਾਂ ਤੋਂ ਬਾਅਦ ਸਿੰਘ ਸਾਹਿਬ ਨੇ ਆਪਣਾ ਅਸਤੀਫ਼ਾ ਦੇ ਦਿੱਤਾ ਸੀ। ਹਾਲਾਂਕਿ ਸ਼੍ਰੋਮਣੀ ਕਮੇਟੀ ਨੇ ਇਹ ਅਸਤੀਫ਼ਾ ਨਾ ਮੰਨਜੂਰ ਕਰ ਦਿੱਤਾ ਸੀ ਪ੍ਰੰਤੂ ਇਸ ਘਟਨਾ ਦੇ ਨਾਲ ਅਕਾਲੀ ਦਲ ਨੂੰ ਵੱਡਾ ਸਿਆਸੀ ਘਾਟਾ ਸਹਿਣਾ ਪਿਆ ਹੈ। ਹੁਣ ਜਿਮਨੀ ਚੋਣਾਂ ਲਈ ਨਾਮਜਦਗੀ ਦਾ ਆਖ਼ਰੀ ਦਿਨ 25 ਅਕਤੂਬਰ ਨੂੰ ਹੋਣ ਕਾਰਨ ਅਕਾਲੀ ਦਲ ਤੇ ਖ਼ਾਸਕਰ ਸੁਖਬੀਰ ਸਿੰਘ ਬਾਦਲ ਲਈ ਕਸੂਤੀ ਸਥਿਤੀ ਬਣੀ ਹੋਈ ਹੈ। ਤਨਖ਼ਾਹੀਆ ਕਰਾਰ ਹੋਣ ਦੇ ਚੱਲਦੇ ਜੇਕਰ ਉਹ ਆਪਣੇ ਕਾਗਜ਼ ਦਾਖ਼ਲ ਕਰਦੇ ਹਨ ਜਾਂ ਫ਼ਿਰ ਕਿਸੇ ਉਮੀਦਵਾਰ ਦੀ ਮਦਦ ਲਈ ਜਾਂਦੇ ਹਨ ਤਾਂ ਉਨ੍ਹਾਂ ਨੂੰ ਸਿੱਖ ਕੌਮ ਦੀ ਵੱਡੀ ਨਰਾਜ਼ਗੀ ਦਾ ਸਾਹਮਣਾ ਕਰਨਾ ਪੈ ਸਕਦਾ ਹੈ,
ਭਾਜਪਾ ਵੱਲੋਂ ਪੰਜਾਬ ’ਚ ਜਿਮਨੀ ਚੋਣਾਂ ਲਈ ਉਮੀਦਵਾਰਾਂ ਦਾ ਐਲਾਨ
ਜਿਸ ਕਾਰਨ ਹੁਣ ਅਕਾਲੀ ਦਲ ਦੇ ਵਫ਼ਦ ਵੱਲੋਂ ਮੁੜ ਸ਼੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਨੂੰ ਫੈਸਲਾ ਸੁਣਾਉਣ ਦੀ ਅਪੀਲ ਕੀਤੀ ਹੈ। ਹੁਣ ਦੇਖਣਾ ਹੋਵੇਗਾ ਕਿ ਜਥੇਦਾਰ ਸਾਹਿਬਾਨ ਇਸ ਅਰਜੋਈ ਉਪਰ ਕੀ ਕਾਰਵਾਈ ਕਰਦੇ ਹਨ। ਉਧਰ ਅਕਾਲੀ ਦਲ ਸੁਧਾਰ ਲਹਿਰ ਦੇ ਆਗੂਆਂ ਨੇ ਅਕਾਲੀ ਦਲ ਬਾਦਲ ਵੱਲੋਂ ਜਥੇਦਾਰਾਂ ’ਤੇ ਦਬਾਅ ਪਾਉਣ ਦਾ ਦੋਸ਼ ਲਗਾਉਂਦਿਆਂ ਕਿਹਾ ਕਿ ‘‘ ਪਹਿਲਾਂ ਵਲਟੋਹਾ ਦੇ ਰਾਹੀਂ ਜਥੇਦਾਰਾਂ ਨੂੰ ਡਰਾਇਆ-ਧਮਕਾਇਆ ਗਿਆ, ਉਸਤੋਂ ਬਾਅਦ ਮੁੜ ਅਕਾਲੀ ਦਲ ਦਾ ਇੱਕ ਵਫ਼ਦ ਮਿਲਿਆ ਤੇ ਅੱਜ ਮੁੜ ਵਫ਼ਦ ਮਿਲਕੇ ਪ੍ਰਭਾਵ ਪਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ, ਜਿਸਨੂੰ ਸਿੱਖ ਕੌਮ ਕਦੇ ਮੁਆਫ਼ੀ ਨਹੀਂ ਕਰੇਗੀ। ’’
Share the post "ਸੁਖਬੀਰ ਨੂੰ ਗਿੱਦੜਬਾਹਾ ਦੀ ਚੋਣ ਲੜਾਉਣ ਲਈ ਰਾਹ ਪੱਧਰਾ ਕਰਨ ਵਾਸਤੇ ਅਕਾਲੀ ਦਲ ਦਾ ਵਫ਼ਦ ਜਥੇਦਾਰ ਨੂੰ ਮਿਲਿਆ"