ਚੰਡੀਗੜ੍ਹ, 20 ਜੂਨ: ਆਮ ਆਦਮੀ ਪਾਰਟੀ ਨੇ ਕੇਂਦਰ ਸਰਕਾਰ ਵੱਲੋਂ ਇਸ ਸਾਲ ਸਾਉਣੀ ਦੀਆਂ ਫ਼ਸਲਾਂ ਦੇ ਘੱਟੋ-ਘੱਟ ਸਮਰਥਨ ਮੁੱਲ ਵਿੱਚ ਮਾਮੂਲੀ ਵਾਧੇ ’ਤੇ ਕਿਹਾ ਕਿ ਭਾਜਪਾ ਕਿਸਾਨ ਹਿਤੈਸ਼ੀ ਹੋਣ ਦਾ ਡਰਾਮਾ ਕਰ ਰਹੀ ਹੈ। ਪਾਰਟੀ ਨੇ ਕਿਹਾ ਕਿ ਜੇਕਰ ਭਾਜਪਾ ਨੂੰ ਸੱਚਮੁੱਚ ਦੇਸ਼ ਦੇ ਕਿਸਾਨਾਂ ਦੀ ਚਿੰਤਾ ਹੈ ਤਾਂ ਉਸ ਨੂੰ ਕਿਸਾਨਾਂ ਦੀ ਮੰਗ ਅਨੁਸਾਰ ਘੱਟੋ-ਘੱਟ ਸਮਰਥਨ ਮੁੱਲ ਗਾਰੰਟੀ ਕਾਨੂੰਨ ਬਣਾਉਣਾ ਚਾਹੀਦਾ ਹੈ।ਵੀਰਵਾਰ ਨੂੰ ਚੰਡੀਗੜ੍ਹ ਸਥਿਤ ਪਾਰਟੀ ਹੈੱਡਕੁਆਟਰ ਵਿਖੇ ਪ੍ਰੈੱਸ ਕਾਨਫ਼ਰੰਸ ਨੂੰ ਸੰਬੋਧਨ ਕਰਦਿਆਂ ’ਆਪ’ ਦੇ ਬੁਲਾਰੇ ਹਰਸੁਖਇੰਦਰ ਸਿੰਘ ਬੱਬੀ ਬਾਦਲ ਨੇ ਕਿਹਾ ਕਿ ਪਿਛਲੇ ਕਈ ਸਾਲਾਂ ’ਚ ਖੇਤੀ ਲਾਗਤਾਂ ’ਚ ਕਰੀਬ 70 ਫ਼ੀਸਦੀ ਦਾ ਵਾਧਾ ਹੋਇਆ ਹੈ ਅਤੇ ਮੋਦੀ ਸਰਕਾਰ ਘੱਟੋ-ਘੱਟ ਸਮਰਥਨ ਮੁੱਲ ’ਚ ਸਿਰਫ 7 ਫ਼ੀਸਦੀ ਵਾਧਾ ਕਰਕੇ ਖ਼ੁਦ ਆਪਣੀ ਪਿੱਠ ਥਪਥਪਾ ਰਹੀ ਹੈ।ਉਨ੍ਹਾਂ ਕਿਹਾ ਕਿ ਮੋਦੀ ਸਰਕਾਰ ਦੇ ਕੈਬਨਿਟ ਮੰਤਰੀ ਪਿਊਸ਼ ਗੋਇਲ ਨੇ ਖ਼ੁਦ ਕਿਹਾ ਹੈ ਕਿ 83 ਫ਼ੀਸਦੀ ਫ਼ਸਲਾਂ ਘੱਟੋ-ਘੱਟ ਸਮਰਥਨ ਮੁੱਲ ਤੋਂ ਘੱਟ ਕੀਮਤ ’ਤੇ ਵਿਕਦੀਆਂ ਹਨ।
Big News: ਹਰਿਆਣਾ ਦੀ ਭਾਜਪਾ ਸਰਕਾਰ ਸੰਕਟ ’ਚ, ਵਿਰੋਧੀ ਧਿਰ ਨੇ ਕੀਤੀ ਫ਼ਲੌਰ ਟੈਸਟ ਦੀ ਮੰਗ
ਘੱਟੋ-ਘੱਟ ਸਮਰਥਨ ਮੁੱਲ ’ਤੇ ਸਿਰਫ 13 ਫ਼ੀਸਦੀ ਫ਼ਸਲ ਹੀ ਖ਼ਰੀਦੀ ਜਾਂਦੀ ਹੈ। ਕਈ ਰਾਜਾਂ ਵਿੱਚ ਤਾਂ ਘੱਟੋ-ਘੱਟ ਸਮਰਥਨ ਮੁੱਲ ’ਤੇ ਵੀ ਫ਼ਸਲਾਂ ਨਹੀਂ ਖ਼ਰੀਦੀਆਂ ਜਾਂਦੀਆਂ। ਇਸ ਲਈ ਐਮਐਸਪੀ ’ਤੇ ਇਹ ਵਾਧਾ ਨਾ ਦੇ ਬਰਾਬਰ ਹੈ।ਉਨ੍ਹਾਂ ਕਿਹਾ ਕਿ ਦੇਸ਼ ਦਾ ਕਿਸਾਨ ਤਾਂ ਹੀ ਖ਼ੁਸ਼ ਹੋ ਸਕਦਾ ਹੈ, ਜਦੋਂ ਉਸ ਨੂੰ ਸਵਾਮੀਨਾਥਨ ਕਮਿਸ਼ਨ ਦੀ ਰਿਪੋਰਟ ਅਨੁਸਾਰ “32+50%”ਅਨੁਸਾਰ ਫ਼ਸਲਾਂ ਦਾ ਭਾਅ ਦਿੱਤਾ ਜਾਵੇ। ਇਸ ਤੋਂ ਇਲਾਵਾ ਫ਼ਸਲੀ ਵਿਭਿੰਨਤਾ ਲਈ ਕਿਸਾਨਾਂ ਨੂੰ ਵੱਖਰਾ ਵਿੱਤੀ ਪ੍ਰੋਤਸਾਹਨ ਦਿੱਤਾ ਜਾਵੇ।ਆਪ ਆਗੂਆਂ ਨੇ ਦੋਸ਼ ਲਗਾਇਆ ਕਿ ਅਸਲ ਵਿੱਚ ਭਾਜਪਾ ਸਰਕਾਰ ਕਿਸਾਨਾਂ ਦਾ ਵਿਕਾਸ ਨਹੀਂ ਚਾਹੁੰਦੀ। ਉਹ ਸਿਰਫ਼ ਆਪਣੇ ਨੇੜੇ ਦੇ ਕੁਝ ਪੂੰਜੀਪਤੀਆਂ ਦਾ ਵਿਕਾਸ ਚਾਹੁੰਦੀ ਹੈ। ਉਹ ਕਿਸਾਨਾਂ ਦੀ ਮਿਹਨਤ ਦਾ ਫਲ ਆਪਣੇ ਸਰਮਾਏਦਾਰ ਦੋਸਤਾਂ ਨੂੰ ਦੇਣਾ ਚਾਹੁੰਦੀ ਹੈ। ਉਨ੍ਹਾਂ ਕਿਹਾ ਕਿ ਭਾਜਪਾ ਸ਼ੁਰੂ ਤੋਂ ਹੀ ਕਿਸਾਨ ਵਿਰੋਧੀ ਅਤੇ ਸਰਮਾਏਦਾਰੀ ਪੱਖੀ ਰਹੀ ਹੈ। ਇਹ ਉਸਦੀਆਂ ਸਾਰੀਆਂ ਨੀਤੀਆਂ ਵਿੱਚ ਸਾਫ਼ ਝਲਕਦਾ ਹੈ।
ਉਨ੍ਹਾਂ ਕਿਹਾ ਕਿ 2014 ਦੀਆਂ ਲੋਕ ਸਭਾ ਚੋਣਾਂ ਸਮੇਂ ਭਾਜਪਾ ਅਤੇ ਪ੍ਰਧਾਨ ਮੰਤਰੀ ਮੋਦੀ ਨੇ 2022 ਤੱਕ ਕਿਸਾਨਾਂ ਦੀ ਆਮਦਨ ਦੁੱਗਣੀ ਕਰਨ ਦਾ ਵਾਅਦਾ ਕੀਤਾ ਸੀ, ਪਰ ਅੱਜ ਕਿਸਾਨਾਂ ਦੀ ਆਮਦਨ ਦੁੱਗਣੀ ਕਰਨ ਦੀ ਬਜਾਏ ਉਨ੍ਹਾਂ ਦੀਆਂ ਖੁਦਕੁਸ਼ੀਆਂ ਦੁੱਗਣੀਆਂ ਹੋ ਗਈਆਂ ਹਨ ਅਤੇ ਖੇਤੀ ਲਾਗਤਾਂ ਦੁੱਗਣੀਆਂ ਹੋ ਗਈਆਂ ਹਨ। ਬੱਬੀ ਬਾਦਲ ਨੇ ਪੰਜਾਬ ਭਾਜਪਾ ਦੇ ਪ੍ਰਧਾਨ ਸੁਨੀਲ ਜਾਖੜ ’ਤੇ ਹਮਲਾ ਬੋਲਦਿਆਂ ਕਿਹਾ ਕਿ ਪੀਐਮ ਮੋਦੀ ਅਤੇ ਸੁਨੀਲ ਜਾਖੜ ਦੀ ਜੋੜੀ ਗੱਪੀ ਅਤੇ ਖੱਪੀ ਦੀ ਜੋੜੀ ਹੈ। ਮੋਦੀ ਸਰਕਾਰ ਤਾਨਾਸ਼ਾਹੀ ਕਾਨੂੰਨ ਬਣਾਉਂਦੀ ਹੈ ਅਤੇ ਸੁਨੀਲ ਜਾਖੜ ਇਸ ’ਤੇ ਮੋਹਰ ਲਗਾਉਂਦੇ ਹਨ। ਜਾਖੜ ਦਾ ਕੰਮ ਸਿਰਫ ਕੇਂਦਰ ਸਰਕਾਰ ਦੇ ਹਰ ਫ਼ੈਸਲੇ ’ਤੇ ਤਾੜੀਆਂ ਮਾਰਨਾ ਹੈ। ਭਾਜਪਾ ਵਿੱਚ ਸ਼ਾਮਲ ਹੋਣ ਤੋਂ ਬਾਅਦ ਉਨ੍ਹਾਂ ਕਦੇ ਵੀ ਪੰਜਾਬ ਦੇ ਕਿਸਾਨਾਂ ਲਈ ਕਦੇ ਆਵਾਜ਼ ਨਹੀਂ ਉਠਾਈ।
Share the post "ਐਮਐਸਪੀ ’ਤੇ ਆਪ ਨੇ ਘੇਰੀ ਭਾਜਪਾ, ਕਿਹਾ ਜੇਕਰ ਕਿਸਾਨਾਂ ਦੀ ਸੱਚਮੁੱਚ ਚਿੰਤਾ ਹੈ ਤਾਂ ਐਮਐਸਪੀ ਗਾਰੰਟੀ ਕਾਨੂੰਨ ਬਣਾਏ"