ਬਾਦਲਾਂ ਦੇ ਗੜ੍ਹ ਲੰਬੀ ਹਲਕੇ ਦੇ ਪਿੰਡ ਕਰਮਗੜ੍ਹ ਤੋਂ ਹੋਵੇਗੀ ਸ਼ੁਰੂਆਤ, ਘੁੱਦਾ ਤੇ ਬਠਿੰਡਾ ’ਚ ਵੀ ਹੋਵੇਗੀ ਵਰਕਰ ਮਿਲਣੀ
ਬਠਿੰਡਾ, 21 ਮਾਰਚ : ਸੂਬੇ ਦੇ ਖੇਤੀਬਾੜੀ ਮੰਤਰੀ ਅਤੇ ਆਮ ਆਦਮੀ ਪਾਰਟੀ ਵੱਲੋਂ ਬਠਿੰਡਾ ਲੋਕ ਸਭਾ ਹਲਕੇ ਤੋਂ ਐਲਾਨੇ ਉਮੀਦਵਾਰ ਗੁਰਮੀਤ ਸਿੰਘ ਖੁੱਡੀਆਂ ਭਲਕੇ 22 ਮਾਰਚ ਤੋਂ ਅਪਣੀ ਚੋਣ ਮੁਹਿੰਮ ਦੀ ਸ਼ੁਰੂਆਤ ਕਰਨ ਜਾ ਰਹੇ ਹਨ। ਇਹ ਮੁਹਿੰਮ ਬਾਦਲਾਂ ਦਾ ਗੜ੍ਹ ਰਹੇ ਲੰਬੀ ਵਿਧਾਨ ਸਭਾ ਹਲਕੇ ਦੇ ਪਿੰਡ ਕਰਮਗੜ੍ਹ ਤੋਂ ਸ਼ੁਰੂ ਕੀਤੀ ਜਾ ਰਹੀ ਹੈ, ਜਿਸਤੋਂ ਬਾਅਦ ਬਾਦਲਾਂ ਦੇ ਪੁਰਖਿਆਂ ਦੇ ਪਿੰਡ ਘੁੱਦਾ ਅਤੇ ਉਸਤੋਂ ਬਾਅਦ ਬਠਿੰਡਾ ਸ਼ਹਿਰੀ ਹਲਕੇ ਵਿਚ ਪ੍ਰੋਗਰਾਮ ਰੱਖਿਆ ਗਿਆ ਹੈ। ਘੁੱਦਾ ਪਿੰਡ ਵਿਚ ਬਠਿੰਡਾ ਦਿਹਾਤੀ ਹਲਕੇ ਦੇ ਵਰਕਰਾਂ ਦੀ ਗੋਇਲ ਪੈਲੇਸ ਵਿਚ ਭਰਵੀਂ ਮੀਟਿੰਗ ਰੱਖੀ ਗਈ ਹੈ ਜਦ ਕਿ ਬਾਅਦ ਦੁਪਿਹਰ ਬਠਿੰਡਾ ਸ਼ਹਿਰੀ ਹਲਕੇ ਦੇ ਵਰਕਰਾਂ ਦੀ ਮੀਟਿੰਗ ਵਿਧਾਇਕ ਜਗਰੂਪ ਸਿੰਘ ਗਿੱਲ ਦੇ ਨਿਵਾਸ ਸਥਾਨ ‘ਤੇ ਹੋਣ ਜਾ ਰਹੀ ਹੈ। ਭਲਕ ਤੋਂ ਬਾਅਦ ਲੋਕ ਸਭਾ ਹਲਕੇ ਅਧੀਨ ਅਧੀਨ ਆਉਂਦੇ ਦੂਜੇ ਵਿਧਾਨ ਸਭਾ ਹਲਕਿਆਂ ਵਿਚ ਵੀ ਇਸੇ ਤਰ੍ਹਾਂ ਵਰਕਰ ਮਿਲਣੀ ਦੇ ਪ੍ਰੋਗਰਾਮ ਉਲੀਕੇ ਜਾ ਰਹੇ ਹਨ।
ਮਾਲੀਏ ’ਚ ਵਾਧੇ ਦੇ ਬਾਵਜੂਦ ਬਠਿੰਡਾ ’ਚ ਸ਼ਰਾਬ ਦੇ ਠੇਕੇਦਾਰ ਬਣਨ ਦੇ ‘ਚਾਹਵਾਨਾਂ’ ਦੀਆਂ ਲੱਗੀਆਂ ਲਾਈਨਾਂ
ਪਾਰਟੀ ਦੇ ਰਣਨੀਤੀ ਮਾਹਰਾਂ ਮੁਤਾਬਕ ਸਭ ਤੋਂ ਪਹਿਲਾਂ ਪਾਰਟੀ ਕਾਡਰ ਨੂੰ ਲਾਮਬੰਦ ਕੀਤਾ ਜਾ ਰਿਹਾ ਤੇ ਉਸਤੋਂ ਬਾਅਦ ਵੋਟਰਾਂ ਨਾਲ ਰਾਬਤਾ ਸ਼ੁਰੂ ਕੀਤਾ ਜਾਵੇਗਾ। ਦਸਣਾ ਬਣਦਾ ਹੈ ਕਿ ਦਰਵੇਸ਼ ਸਿਆਸਤਦਾਨ ਮੰਨੇ ਜਾਣ ਵਾਲੇ ਸ: ਖੁੱਡੀਆਂ ਨੇ ਪੰਜ ਵਾਰ ਦੇ ਮੁੱਖ ਮੰਤਰੀ ਰਹੇ ਮਹਰੂਮ ਪ੍ਰਕਾਸ਼ ਸਿੰਘ ਬਾਦਲ ਦੇ ਅਜੇਤੂ ਰਥ ਨੂੰ ਰੋਕਦਿਆਂ ਪਿਛਲੀਆਂ ਵਿਧਾਨ ਸਭਾ ਚੋਣਾਂ ਵਿਚ ਲੰਬੀ ਹਲਕੇ ਤੋਂ ਭਾਰੀ ਜਿੱਤ ਪ੍ਰਾਪਤ ਕੀਤੀ ਸੀ। ਇਸ ਵਾਰ ਮੁੜ ਪਾਰਟੀ ਵੱਲੋਂ ਉਨ੍ਹਾਂ ’ਤੇ ਵਿਸਵਾਸ ਜਤਾਇਆ ਗਿਆ ਹੈ। ਹਾਲਾਂਕਿ ਹਲਕੇ ਦੇ ਲੋਕਾਂ ਦੀ ਇਹ ਮੂੰਹ ਭਾਖਿਆ ਸੀ ਕਿ ਬਾਦਲਾਂ ਨੂੰ ਟੱਕਰ ਗੁਰਮੀਤ ਸਿੰਘ ਖੁੱਡੀਆ ਹੀ ਦੇ ਸਕਦੇ ਹਨ। ਜਿਸਦੇ ਚੱਲਦੇ ਆਪ ਵਰਕਰਾਂ ਵਿਚ ਉਨ੍ਹਾਂ ਦੀ ਉਮੀਦਵਾਰੀ ਦੇ ਐਲਾਨ ਤੋਂ ਬਾਅਦ ਉਤਸ਼ਾਹ ਦੇਖਣ ਨੂੰ ਮਿਲ ਰਿਹਾ। ਬੇਦਾਗ ਸਖ਼ਸੀਅਤ ਮੰਨੇ ਜਾਂਦੇ ਸ: ਖੁੱਡੀਆ ਅਪਣੇ ਪਿਤਾ ਦੀ ਤਰ੍ਹਾਂ ਆਮ ਲੋਕਾਂ ਦੇ ਹਮਰਾਹ ਹਨ ਤੇ ਉਨ੍ਹਾਂ ਦੀ ਚੋਣ ਮੁਹਿੰਮਾਂ ਨੂੰ ਵੀ ਵੱਡੀਆਂ ਧਿਰਾਂ ਦੀ ਬਜਾਏ ਆਮ ਲੋਕ ਹੀ ਚਲਾਉਂਦੇ ਰਹੇ ਹਨ।
ਬਠਿੰਡਾ ਲੋਕ ਸਭਾ ਹਲਕੇ ’ਚ 16 ਲੱਖ 39 ਹਜ਼ਾਰ ਵੋਟਰ ਕਰਨਗੇ ਆਪਣੀ ਵੋਟ ਦਾ ਇਸਤੇਮਾਲ : ਜ਼ਿਲ੍ਹਾ ਚੋਣ ਅਫ਼ਸਰ
ਜਿਸਦੇ ਚੱਲਦੇ ਇਸ ਵਾਰ ਵੀ ਖੁੱਡੀਆ ਪ੍ਰਵਾਰ ਨੂੰ ਆਮ ਲੋਕਾਂ ’ਤੇ ਵੱਡੀਆਂ ਉਮੀਦਾਂ ਹਨ। ਹਾਲਾਂਕਿ ਉਨ੍ਹਾਂ ਦੇ ਮੁਕਾਬਲੇ ਵਿਰੋਧੀ ਧਿਰਾਂ ਨੇ ਹਾਲੇ ਤੱਕ ਅਪਣੇ ਉਮੀਦਵਾਰ ਨਹੀਂ ਐਲਾਨੇ ਹਨ ਪ੍ਰੰਤੂ ਸ਼੍ਰੋਮਣੀ ਅਕਾਲੀ ਦਲ ਵੱਲੋਂ ਤਿੰਨ ਵਾਰ ਦੀ ਜੇਤੂ ਹਰਸਿਮਰਤ ਕੌਰ ਬਾਦਲ ਹੀ ਸੰਭਾਵੀਂ ਉਮੀਦਵਾਰ ਮੰਨੇ ਜਾ ਰਹੇ ਹਨ, ਜਿੰਨ੍ਹਾਂ ਵੱਲੋਂ ਪਿਛਲੇ ਲੰਮੇ ਸਮੇਂ ਤੋਂ ਹੀ ਅਪਣੀ ਚੋਣ ਮੁਹਿੰਮ ਸ਼ੁਰੂ ਕੀਤੀ ਹੋਈ ਹੈ। ਇਸੇ ਤਰ੍ਹਾਂ ਭਾਜਪਾ ਦਾ ਅਕਾਲੀ ਦਲ ਨਾਲ ਗਠਜੋੜ ਦਾ ਮੁੱਦਾ ਹਾਲੇ ਖ਼ਤਮ ਨਹੀਂ ਹੋਇਆ ਤੇ ਜੇਕਰ ਭਾਜਪਾ ਇਕੱਲਿਆਂ ਚੋਣ ਲੜਦੀ ਹੈ ਤਾਂ ਮਨਪ੍ਰੀਤ ਸਿੰਘ ਬਾਦਲ, ਜਗਦੀਪ ਸਿੰਘ ਨਕਈ ਜਾਂ ਸਰੂਪ ਚੰਦ ਸਿੰਗਲਾ ਵਿਚੋਂ ਕੋਈ ਇੱਕ ਉਮੀਦਵਾਰ ਹੋ ਸਕਦਾ ਹੈ। ਇਸੇ ਤਰ੍ਹਾਂ ਕਾਂਗਰਸ ਵਿਚ ਹਾਈਕਮਾਂਡ ਦੀ ਅੱਖ ਵੜਿੰਗ ਪ੍ਰਵਾਰ ’ਤੇ ਹੈ ਜਦੋਂਕਿ ਟਿਕਟ ਦੇ ਪ੍ਰਮੁੱਖ ਹੋਰਨਾਂ ਦਾਅਵੇਦਾਰਾਂ ਵਿਚ ਸਾਬਕਾ ਵਿਧਾਇਕ ਅਜੀਤਇੰਦਰ ਸਿੰਘ ਮੋਫ਼ਰ, ਜੀਤ ਮਹਿੰਦਰ ਸਿੰਘ ਸਿੱਧੂ, ਫ਼ਤਿਹ ਸਿੰਘ ਬਾਦਲ ਤੇ ਦਰਸ਼ਨ ਸਿੰਘ ਜੀਦਾ ਦੇ ਨਾਮ ਵੀ ਪ੍ਰਮੁੱਖਤਾ ਨਾਲ ਵਿਚਾਰੇ ਜਾ ਰਹੇ ਹਨ।
Share the post "ਆਪ ਦੇ ਲੋਕ ਸਭਾ ਉਮੀਦਵਾਰ ਗੁਰਮੀਤ ਸਿੰਘ ਖੁੱਡੀਆਂ ਭਲਕੇ ਸ਼ੁਰੂ ਕਰਨਗੇ ਚੋਣ ਪ੍ਰਚਾਰ"