👉ਪੰਜਾਬ ਸਰਕਾਰ ਨੇ ਤੱਥ-ਆਧਾਰਿਤ ਨਸ਼ਾ ਰੋਕਥਾਮ ਪਾਠਕ੍ਰਮ ਲਈ ਸੀਈਜੀਏ ਬਰਕਲੇ, ਨੋਬੇਲ ਪੁਰਸਕਾਰ ਜੇਤੂ ਅਭਿਜੀਤ ਬੈਨਰਜੀ ਅਤੇ ਐਸਥਰ ਡੁਫਲੋ ਦੀ ਅਗਵਾਈ ਵਾਲੀ ਅਬਦੁਲ ਲਤੀਫ਼ ਜਮੀਲ ਪਾਵਰਟੀ ਐਕਸ਼ਨ ਲੈਬ (ਜੇ-ਪਾਲ) ਨਾਲ ਮਿਲਾਇਆ ਹੱਥ
👉‘ਯੁੱਧ ਨਸ਼ਿਆਂ ਵਿਰੁੱਧ’ ਪਾਠਕ੍ਰਮ ਪੰਜਾਬ ਦੇ ਵਿਦਿਆਰਥੀਆਂ ਵਿੱਚ ਨਸ਼ਿਆਂ ਨਾਲ ਜੁੜੀਆਂ ਗਲਤ ਧਾਰਨਾਵਾਂ, ਲਤ ਦੇ ਖ਼ਤਰੇ ਅਤੇ ਸਾਥੀਆਂ ਦੇ ਦਬਾਅ ਨਾਲ ਨਜਿੱਠਣ ’ਤੇ ਕੇਂਦਰਿਤ
👉ਨਸ਼ੇ ਦਾ ਪ੍ਰਯੋਗ ਲਤ ਵਿੱਚ ਬਦਲਣ ਤੋਂ ਪਹਿਲਾਂ ਇਸ ਨਾਲ ਜੁੜੀਆਂ ਗਲਤ ਧਾਰਨਾਵਾਂ ਨੂੰ ਤੋੜਨਾ ‘ਯੁੱਧ ਨਸ਼ਿਆਂ ਵਿਰੁੱਧ’ ਦਾ ਮੁੱਖ ਉਦੇਸ਼: ਡਾ. ਬਲਬੀਰ ਸਿੰਘ
👉ਵਿਗਿਆਨ-ਆਧਾਰਿਤ ਪਾਠਕ੍ਰਮ ਵਿਦਿਆਰਥੀਆਂ ਨੂੰ ਨਸ਼ਿਆਂ ਨੂੰ ‘ਨਾ’ ਕਹਿਣ ਦੇ ਸਮਰੱਥ ਬਣਾਉਂਦਾ ਹੈ: ਸਕੂਲ ਆਫ਼ ਐਮੀਨੈਂਸ, ਛੇਹਰਟਾ, ਅੰਮ੍ਰਿਤਸਰ ਵਿਖੇ ਪਾਠਕ੍ਰਮ ਦੀ ਨੋਡਲ ਅਧਿਆਪਕਾ ਅਮਨਦੀਪ ਕੌਰ
Chandigarh News: Bhagwant Mann govt; “ਮੈਂ ਇਸਨੂੰ ਸਿਰਫ਼ ਇੱਕ ਵਾਰ ਅਜ਼ਮਾ ਕੇ ਦੇਖਾਂਗਾ।” “ਮੈਂ ਜਦੋਂ ਚਾਹਾਂਗਾ, ਇਸਨੂੰ ਛੱਡ ਸਕਦਾ ਹਾਂ।” ਜਾਂ ਇਹ ਸੋਚ ਕਿ ਲੰਬੇ ਸਮੇਂ ਤੱਕ ਨਸ਼ਾ ਕਰਨ ਤੋਂ ਬਾਅਦ ਵੀ “ਮੁੜ ਵਸੇਬਾ ਕੇਂਦਰ ਵਿੱਚ ਇਲਾਜ ਨਾਲ ਸਭ ਠੀਕ ਹੋ ਜਾਵੇਗਾ।” ਨਸ਼ੇ ਦੇ ਸੇਵਨ ਵੱਲ ਵਧ ਰਹੇ ਕਿਸੇ ਨੌਜਵਾਨ ਨੂੰ ਇਹ ਗੱਲਾਂ ਭਾਵੇਂ ਆਮ ਲੱਗਣ, ਪਰ ਅਜਿਹੀਆਂ ਧਾਰਨਾਵਾਂ ਸਿਰਫ਼ ਚਿੰਤਾਜਨਕ ਹੀ ਨਹੀਂ, ਸਗੋਂ ਬੇਹੱਦ ਖ਼ਤਰਨਾਕ ਵੀ ਹੋ ਸਕਦੀਆਂ ਹਨ।ਭਗਵੰਤ ਮਾਨ ਸਰਕਾਰ ‘ਸਕੂਲ ਨਸ਼ਿਆਂ ਵਿਰੁੱਧ’ ਪਾਠਕ੍ਰਮ ਰਾਹੀਂ ਨੌਜਵਾਨਾਂ ਵਿੱਚ ਨਸ਼ਿਆਂ ਦੇ ਸੇਵਨ ਨੂੰ ਰੋਕਣ ਲਈ ਅਜਿਹੀਆਂ ਧਾਰਨਾਵਾਂ ਨੂੰ ਤੋੜਨ ਅਤੇ ਦੂਰ ਕਰਨ ਦਾ ਯਤਨ ਕਰ ਰਹੀ ਹੈ। ਸੀਈਜੀਏ, ਯੂਨੀਵਰਸਿਟੀ ਆਫ਼ ਕੈਲੀਫੋਰਨੀਆ, ਬਰਕਲੇ ਅਤੇ ਨੋਬੇਲ ਪੁਰਸਕਾਰ ਜੇਤੂ ਅਭਿਜੀਤ ਬੈਨਰਜੀ ਅਤੇ ਐਸਥਰ ਡੁਫਲੋ ਵੱਲੋਂ ਸਹਿ-ਸਥਾਪਿਤ ਖੋਜ ਸੰਸਥਾ ਜੇ-ਪਾਲ ਦੇ ਸਹਿਯੋਗ ਨਾਲ ਵਿਕਸਤ ਇਹ ਸਬੂਤ-ਆਧਾਰਿਤ ਪਾਠਕ੍ਰਮ ਨੌਜਵਾਨਾਂ ਵਿੱਚ ਨਸ਼ੀਲੇ ਪਦਾਰਥਾਂ, ਖ਼ਾਸ ਤੌਰ ’ਤੇ ਓਪੀਓਇਡਜ਼ ਦੀ ਲਤ ਦੇ ਖ਼ਤਰੇ ਨੂੰ ਘੱਟ ਕਰਕੇ ਅੰਕਣ ਦੀ ਪ੍ਰਵਿਰਤੀ ’ਤੇ ਧਿਆਨ ਕੇਂਦਰਿਤ ਕਰਦਾ ਹੈ। ਅਜਿਹੀਆਂ ਗਲਤ ਧਾਰਨਾਵਾਂ ਨੌਜਵਾਨਾਂ ਵਿੱਚ ਨਸ਼ਿਆਂ ਦੇ ਸੇਵਨ ਦੀ ਸੰਭਾਵਨਾ ਵਧਾ ਸਕਦੀਆਂ ਹਨ ਅਤੇ ਅੱਗੇ ਚੱਲ ਕੇ ਲਤ ਦਾ ਕਾਰਨ ਬਣ ਸਕਦੀਆਂ ਹਨ। ਪਾਠਕ੍ਰਮ ਇਸ ਗੱਲ ’ਤੇ ਜ਼ੋਰ ਦਿੰਦਾ ਹੈ ਕਿ ਨਸ਼ਿਆਂ ਵਿਰੁੱਧ ਲੜਾਈ ਨਸ਼ੇ ਦੀ ਲਤ ਲੱਗ ਜਾਣ ਤੋਂ ਬਾਅਦ ਨਹੀਂ, ਸਗੋਂ ਇਸ ਤੋਂ ਬਹੁਤ ਪਹਿਲਾਂ ਸ਼ੁਰੂ ਹੋਣੀ ਚਾਹੀਦੀ ਹੈ, ਜਿਸ ਤਹਿਤ ਅਜਿਹੀਆਂ ਗਲਤ ਧਾਰਨਾਵਾਂ, ਜੋ ਨਸ਼ਿਆਂ ਦੇ ਸੇਵਨ ਨੂੰ ਅਸਲ ਖ਼ਤਰੇ ਨਾਲੋਂ ਘੱਟ ਖ਼ਤਰਨਾਕ ਦਿਖਾਉਂਦੀਆਂ ਹਨ, ਨੂੰ ਦੂਰ ਕਰਕੇ ਨੌਜਵਾਨਾਂ ਨੂੰ ਸੁਚੇਤ ਕੀਤੇ ਜਾਵੇ।
ਇਹ ਵੀ ਪੜ੍ਹੋ 👉Gurdaspur Police ਵੱਲੋਂ ਨਾਮੀਂ ਗੈਂਗਸਟਰ ਸਮੇਤ ਪੰਜ ਬਦਮਾਸ਼ ਕਾਬੂ; ਛੇ ਪਿਸਤੌਲ ਬਰਾਮਦ
👉ਪਾਠਕ੍ਰਮ ਵਿੱਚ ਨੌਜਵਾਨਾਂ ਦਰਮਿਆਨ ਨਸ਼ਿਆਂ ਨਾਲ ਸਬੰਧਤ ਕਈ ਪ੍ਰਮੁੱਖ ਗਲਤ ਧਾਰਨਾਵਾਂ ਦੀ ਪਛਾਣ ਕੀਤੀ ਗਈ ਹੈ, ਜਿਨ੍ਹਾਂ ਦਾ ਹੱਲ ਕਰਨਾ ਜ਼ਰੂਰੀ ਹੈ।
ਪਹਿਲੀ ਅਤੇ ਸ਼ਾਇਦ ਸਭ ਤੋਂ ਖ਼ਤਰਨਾਕ ਗਲਤ ਧਾਰਨਾ ਇਹ ਹੈ ਕਿ ਚਿੱਟੇ ਜਾਂ ਹੈਰੋਇਨ ਨੂੰ ਇੱਕ ਜਾਂ ਕੁਝ ਵਾਰ ਅਜ਼ਮਾਉਣ ਨਾਲ ਲਤ ਨਹੀਂ ਲੱਗਦੀ। ਅਸਲੀਅਤ ਇਹ ਹੈ ਕਿ ਹੈਰੋਇਨ ਬਹੁਤ ਜ਼ਿਆਦਾ ਨਸ਼ੀਲਾ ਪਦਾਰਥ ਹੈ ਅਤੇ ਇਸ ਦੀ ਇੱਕ ਵਾਰ ਵਰਤੋਂ ਨਾਲ ਵੀ ਲਤ ਲੱਗਣ ਦਾ ਖ਼ਤਰਾ ਹੋ ਸਕਦਾ ਹੈ।
ਦੂਜੀ ਗਲਤ ਧਾਰਨਾ ਇਹ ਹੈ ਕਿ ਜਿਸ ਵਿਅਕਤੀ ਨੇ ਹੁਣੇ-ਹੁਣੇ ਨਸ਼ਾ ਕਰਨਾ ਸ਼ੁਰੂ ਕੀਤਾ ਹੈ, ਉਹ ਜਦੋਂ ਚਾਹੇ ਇਸਨੂੰ ਛੱਡ ਸਕਦਾ ਹੈ। ਅਸਲੀਅਤ ਇਹ ਹੈ ਕਿ ਨਸ਼ੇ ਦੀ ਲਤ ਸਿਰਫ਼ ਇੱਛਾ-ਸ਼ਕਤੀ ਦਾ ਮਾਮਲਾ ਨਹੀਂ ਹੈ। ਇੱਕ ਵਾਰ ਨਿਰਭਰਤਾ ਵਿਕਸਿਤ ਹੋ ਜਾਣ ਤੋਂ ਬਾਅਦ ਨਸ਼ਾ ਛੱਡਣਾ ਬਹੁਤ ਮੁਸ਼ਕਲ ਹੋ ਸਕਦਾ ਹੈ।
ਤੀਜੀ ਗਲਤ ਧਾਰਨਾ ਇਹ ਹੈ ਕਿ ਮੁੜ ਵਸੇਬਾ ਕੇਂਦਰ ਜਾਣ ਦਾ ਮਤਲਬ ਹੈ ਕਿ ਵਿਅਕਤੀ ਪੂਰੀ ਤਰ੍ਹਾਂ ਅਤੇ ਸਥਾਈ ਤੌਰ ’ਤੇ ਠੀਕ ਹੋ ਜਾਵੇਗਾ। ਨਸ਼ੇ ਤੋਂ ਉਭਰਨਾ ਇੱਕ ਲੰਬੀ ਪ੍ਰਕਿਰਿਆ ਹੋ ਸਕਦੀ ਹੈ ਅਤੇ ਮੁੜ ਨਸ਼ੇ ਵੱਲ ਪਰਤਣ ਦੀ ਸੰਭਾਵਨਾ ਵੀ ਰਹਿੰਦੀ ਹੈ। ਇਸ ਦਾ ਮਤਲਬ ਇਹ ਨਹੀਂ ਕਿ ਇਲਾਜ ਪ੍ਰਭਾਵਸ਼ਾਲੀ ਨਹੀਂ ਹੈ, ਸਗੋਂ ਇਹ ਹੈ ਕਿ ਠੀਕ ਹੋਣ ਲਈ ਲਗਾਤਾਰ ਯਤਨ ਅਤੇ ਸਹਿਯੋਗ ਜ਼ਰੂਰੀ ਹੈ। ਇਸਨੂੰ ਸਿਰਫ਼ ਇੱਕ ਵਾਰ ਦੀ ਇਲਾਜ ਪ੍ਰਕਿਰਿਆ ਵਜੋਂ ਨਹੀਂ ਦੇਖਿਆ ਜਾਣਾ ਚਾਹੀਦਾ। ਨਸ਼ੇ ਤੋਂ ਦੂਰੀ ਬਣਾ ਕੇ ਰੱਖਣਾ ਹੀ ਇਸ ਤੋਂ ਬਚਾਅ ਦਾ ਸਭ ਤੋਂ ਬਿਹਤਰ ਹੱਲ ਹੈ।
ਇਹ ਵੀ ਪੜ੍ਹੋ 👉ਪੰਜਾਬ ਦੇ ਨਾਮਵਾਰ ਗਾਇਕ ਗੁਲਾਬ ਸਿੱਧੂ ਦੇ ਘਰ ‘ਤੇ ਫ਼ਾਈਰਿੰਗ; ਪੁਲਿਸ ਕਰ ਰਹੀ ਹੈ ਜਾਂਚ
ਇੱਕ ਹੋਰ ਧਾਰਨਾ, ਜਿਸ ’ਤੇ ਇਹ ਮੁਹਿੰਮ ਨੌਜਵਾਨਾਂ ਨੂੰ ਮੁੜ ਵਿਚਾਰ ਕਰਨ ਲਈ ਪ੍ਰੇਰਿਤ ਕਰਦੀ ਹੈ, ਇਹ ਹੈ ਕਿ ਕਥਿਤ ‘ਹਲਕੇ’ ਨਸ਼ੀਲੇ ਪਦਾਰਥ ਮੁਕਾਬਲਤਨ ਘੱਟ ਨੁਕਸਾਨਦੇਹ ਹੁੰਦੇ ਹਨ ਅਤੇ ਉਨ੍ਹਾਂ ਦਾ ਨਸ਼ੇ ਦੀ ਲਤ ਨਾਲ ਕੋਈ ਸਬੰਧ ਨਹੀਂ ਹੁੰਦਾ। ਪਾਠਕ੍ਰਮ ਵਿੱਚ ਤੰਬਾਕੂ, ਸ਼ਰਾਬ, ਅਫ਼ੀਮ, ਗੋਲੀਆਂ ਅਤੇ ਡਾਕਟਰ ਵੱਲੋਂ ਲਿਖੀਆਂ ਜਾਣ ਵਾਲੀਆਂ ਦਵਾਈਆਂ ਨੂੰ ਵੀ ਅਜਿਹੇ ਪਦਾਰਥਾਂ ਵਜੋਂ ਦਰਸਾਇਆ ਗਿਆ ਹੈ, ਜੋ ਨਸ਼ੇ ਦੇ ਸੇਵਨ ਦੀ ਸ਼ੁਰੂਆਤ ਦਾ ਕਾਰਨ ਬਣ ਸਕਦੇ ਹਨ। ਕਈ ਵਾਰ ਇਨ੍ਹਾਂ ਦੀ ਵਰਤੋਂ ਕਰਨ ਵਾਲੇ ਲੋਕ ਇਨ੍ਹਾਂ ਦੇ ਖ਼ਤਰਿਆਂ ਜਾਂ ਇਨ੍ਹਾਂ ਨੂੰ ਛੱਡਣ ਵਿੱਚ ਆਉਣ ਵਾਲੀਆਂ ਮੁਸ਼ਕਲਾਂ ਨੂੰ ਪੂਰੀ ਤਰ੍ਹਾਂ ਨਹੀਂ ਸਮਝ ਪਾਉਂਦੇ।
ਪੰਜਵੀਂ ਗਲਤ ਧਾਰਨਾ ਸ਼ਾਇਦ ਇੰਨੀ ਸਪੱਸ਼ਟ ਨਹੀਂ ਹੈ: ਇਹ ਕਿ ਜੋ ਵਿਅਕਤੀ ਆਖ਼ਰਕਾਰ ਨਸ਼ੇ ਦੀ ਲਤ ਦਾ ਸ਼ਿਕਾਰ ਹੋ ਜਾਂਦਾ ਹੈ, ਉਸ ਨੇ ਸ਼ੁਰੂ ਤੋਂ ਹੀ ਨਿਯਮਿਤ ਤੌਰ ’ਤੇ ਨਸ਼ਾ ਕਰਨ ਦਾ ਇਰਾਦਾ ਬਣਾਇਆ ਹੋਵੇਗਾ। ਮੁਹਿੰਮ ਇਸ ਗੱਲ ’ਤੇ ਜ਼ੋਰ ਦਿੰਦੀ ਹੈ ਕਿ ਨਸ਼ੇ ਦੀ ਸ਼ੁਰੂਆਤ ਅਸਥਾਈ ਪ੍ਰਯੋਗ ਨਾਲ ਵੀ ਹੋ ਸਕਦੀ ਹੈ। ਇਸ ਦੇ ਪਿੱਛੇ ਸਾਥੀਆਂ ਦਾ ਦਬਾਅ, ਨਿੱਜੀ ਸੰਕਟ, ਮਾਨਸਿਕ ਸਿਹਤ ਸਬੰਧੀ ਚੁਣੌਤੀਆਂ ਜਾਂ ਕਾਰਗੁਜ਼ਾਰੀ ਦਾ ਦਬਾਅ ਵਰਗੇ ਕਈ ਕਾਰਨ ਹੋ ਸਕਦੇ ਹਨ।
ਛੇਵੀਂ ਗਲਤ ਧਾਰਨਾ ਇਹ ਹੈ ਕਿ ਨਸ਼ਿਆਂ ਦਾ ਨੁਕਸਾਨ ਮੁੱਖ ਤੌਰ ’ਤੇ ਸਿਰਫ਼ ਨਸ਼ਾ ਕਰਨ ਵਾਲੇ ਵਿਅਕਤੀ ਨੂੰ ਹੀ ਹੁੰਦਾ ਹੈ। ਸਕੂਲ ਪਾਠਕ੍ਰਮ ਨਸ਼ੇ ਦੀ ਸਮੱਸਿਆ ਨੂੰ ਵਿਆਪਕ ਦ੍ਰਿਸ਼ਟੀਕੋਣ ਤੋਂ ਦੇਖਦਾ ਹੈ: ਨਸ਼ੇ ਦੀ ਲਤ ਦੇ ਸਰੀਰਕ, ਡਾਕਟਰੀ, ਆਰਥਿਕ ਅਤੇ ਸਮਾਜਿਕ ਮਾੜੇ ਪ੍ਰਭਾਵ ਹੋ ਸਕਦੇ ਹਨ ਅਤੇ ਇਸ ਦਾ ਅਸਰ ਵਿਅਕਤੀ ਦੇ ਰਿਸ਼ਤਿਆਂ ਅਤੇ ਪੂਰੇ ਪਰਿਵਾਰ ’ਤੇ ਪੈ ਸਕਦਾ ਹੈ।
ਇਹ ਵੀ ਪੜ੍ਹੋ 👉ਯੂਰਪ ਤੋਂ ਗੈਂਗਸਟਰ ਦੀ ਪਹਿਲੀ ਹਵਾਲਗੀ ਭਗਵੰਤ ਮਾਨ ਸਰਕਾਰ ਦੇ ਗੈਂਗਸਟਰਾਂ ਖ਼ਿਲਾਫ਼ ਸਖ਼ਤ ਸਟੈਂਡ ਦਾ ਪ੍ਰਮਾਣ: ਅਮਨ ਅਰੋੜਾ
ਪੰਜਾਬ ਦੇ ਸਿਹਤ ਅਤੇ ਪਰਿਵਾਰ ਭਲਾਈ ਮੰਤਰੀ ਡਾ. ਬਲਬੀਰ ਸਿੰਘ ਨੇ ਕਿਹਾ, “ਮੂਲ ਰੂਪ ਵਿੱਚ, ‘ਯੁੱਧ ਨਸ਼ਿਆਂ ਵਿਰੁੱਧ’ ਮੁਹਿੰਮ ਨਸ਼ਿਆਂ ਦੀ ਦੁਰਵਰਤੋਂ ਬਾਰੇ ਹੋਣ ਵਾਲੀ ਗੱਲਬਾਤ ਦਾ ਰੁਖ ਬਦਲਣ ਦਾ ਯਤਨ ਕਰ ਰਹੀ ਹੈ—ਅਜਿਹੀ ਗੱਲਬਾਤ ਤੋਂ, ਜੋ ਨਸ਼ੇ ਦੀ ਲਤ ਲੱਗ ਜਾਣ ਤੋਂ ਬਾਅਦ ਸ਼ੁਰੂ ਹੁੰਦੀ ਹੈ, ਅਜਿਹੀ ਗੱਲਬਾਤ ਵੱਲ, ਜੋ ਉਸ ਸਮੇਂ ਸ਼ੁਰੂ ਹੋਵੇ ਜਦੋਂ ਕੋਈ ਨੌਜਵਾਨ ਪਹਿਲੀ ਵਾਰ ਇਹ ਸੁਣਦਾ ਹੈ: ‘ਇੱਕ ਵਾਰ ਅਜ਼ਮਾ ਕੇ ਦੇਖੋ, ਕੁਝ ਨਹੀਂ ਹੋਵੇਗਾ।’ ਉਦੇਸ਼ ਬਿਲਕੁਲ ਸਪੱਸ਼ਟ ਹੈ: ਗਲਤ ਧਾਰਨਾ ਨੂੰ ਆਦਤ ਬਣਨ ਤੋਂ ਪਹਿਲਾਂ ਤੋੜਨਾ ਅਤੇ ਪ੍ਰਯੋਗ ਨੂੰ ਨਿਰਭਰਤਾ ਵਿੱਚ ਬਦਲਣ ਤੋਂ ਪਹਿਲਾਂ ਰੋਕਣਾ।” ਅਮਨਦੀਪ ਕੌਰ, ਸਕੂਲ ਆਫ਼ ਐਮੀਨੈਂਸ, ਛੇਹਰਟਾ, ਅੰਮ੍ਰਿਤਸਰ ਵਿਖੇ ਪਾਠਕ੍ਰਮ ਦੀ ਨੋਡਲ ਅਧਿਆਪਕਾ, ਨੇ ਕਿਹਾ ਕਿ ਇਸ ਪਾਠਕ੍ਰਮ ਨਾਲ ਵਿਦਿਆਰਥੀਆਂ ਨੂੰ ਦੋ ਮਹੱਤਵਪੂਰਨ ਤਰੀਕਿਆਂ ਨਾਲ ਲਾਭ ਹੋਇਆ ਹੈ। ਉਨ੍ਹਾਂ ਕਿਹਾ, “ਪਹਿਲਾ, ਇਸ ਨੇ ਵਿਦਿਆਰਥੀਆਂ ਨੂੰ ਨਸ਼ੇ ਦੀ ਲਤ ਨੂੰ ਸਮਝਣ ਲਈ ਲੋੜੀਂਦੀ ਸ਼ਬਦਾਵਲੀ ਅਤੇ ਵਿਗਿਆਨ-ਆਧਾਰਿਤ ਜਾਣਕਾਰੀ ਦਿੱਤੀ ਹੈ। ਇਸ ਨਾਲ ਉਹ ਇਹ ਸਮਝਣ ਦੇ ਯੋਗ ਹੋ ਰਹੇ ਹਨ ਕਿ ਨਸ਼ੀਲੇ ਪਦਾਰਥ ਦਿਮਾਗ ਅਤੇ ਸਰੀਰ ’ਤੇ ਕਿਸ ਤਰ੍ਹਾਂ ਪ੍ਰਭਾਵ ਪਾਉਂਦੇ ਹਨ, ਇਸ ਦੀ ਬਜਾਏ ਕਿ ਨਸ਼ੇ ਦੀ ਲਤ ਨੂੰ ਸਿਰਫ਼ ‘ਇੱਛਾ-ਸ਼ਕਤੀ’ ਜਾਂ ਨਿੱਜੀ ਚੋਣ ਦਾ ਮਾਮਲਾ ਸਮਝਿਆ ਜਾਵੇ। ਦੂਜਾ, ਪਾਠਕ੍ਰਮ ਨੇ ਵਿਦਿਆਰਥੀਆਂ ਨੂੰ ਸਾਥੀਆਂ ਦੇ ਦਬਾਅ ਜਾਂ ਨਸ਼ੇ ਦੀ ਪੇਸ਼ਕਸ਼ ਦਾ ਸਾਹਮਣਾ ਕਰਨ ਸਮੇਂ ‘ਨਾ’ ਕਹਿਣ ਲਈ ਵਿਹਾਰਕ ਰਣਨੀਤੀਆਂ ਮੁਹੱਈਆ ਕਰਵਾਈਆਂ ਹਨ। ਇਸ ਨਾਲ ਉਹ ਅਸਲ ਜ਼ਿੰਦਗੀ ਵਿੱਚ ਅਜਿਹੀਆਂ ਸਥਿਤੀਆਂ ਦਾ ਸਾਹਮਣਾ ਕਰਨ ਲਈ ਵਧੇਰੇ ਆਤਮ-ਵਿਸ਼ਵਾਸ ਮਹਿਸੂਸ ਕਰ ਰਹੇ ਹਨ।”
👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਹੇਠ ਦਿੱਤੇ Link ਉੱਪਰ Click ਕਰੋ।
Whatsapp Channel 👉 🛑https://whatsapp.com/channel/0029VbBYZTe89inflPnxMQ0A
Whatsapp Group👉 🛑https://chat.whatsapp.com/EK1btmLAghfLjBaUyZMcLK
Telegram Channel👉 🛑https://t.me/punjabikhabarsaarwebsite
☎ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 98786-15057 ‘ਤੇ ਸੰਪਰਕ ਕਰੋ।




