Home Blog Page 2072

ਕਿਸਾਨ ਆਗੂਆਂ ਨੇ ਥਾਣਾ ਰਾਮਪੁਰਾ ਸਿਟੀ ਦਾ ਐਸਐਚਓ ’ਤੇ ਜਥੇਬੰਦੀ ਦੇ ਕਾਰਕੁਨਾਂ ਦੀ ਕੁੱਟਮਾਰ ਦੇ ਲਗਾਏ ਦੋਸ਼

ਸੁਖਜਿੰਦਰ ਮਾਨ
ਬਠਿੰਡਾ, 14 ਜੁਲਾਈ : ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਨੇ ਥਾਣਾ ਸਿਟੀ ਰਾਮਪੁਰਾ ਦੇ ਮੁੱਖੀ ਸਬ ਇੰਸਪੈਕਟਰ ਅੰਮ੍ਰਿਤਪਾਲ ਸਿੰਘ ਵਿਰੁਧ ਮੋਰਚਾ ਖੋਲ ਦਿੱਤਾ ਹੈ। ਕਿਸਾਨ ਆਗੂਆਂ ਨੇ ਥਾਣਾ ਮੁਖੀ ਉਪਰ ਅਪਣੀ ਜਥੇਬੰਦੀ ਦੇ ਕਾਰਕੁੰਨਾਂ ਉਪਰ ਅੰਨਾ ਤਸਦੱਦ ਢਾਹੁਣ ਦਾ ਦੋਸ਼ ਲਗਾਇਆ ਹੈ। ਇਸ ਸਬੰਧ ਵਿਚ ਕਿਸਾਨ ਜਥੈਬੰਦੀ ਨੇ ਪੁਲਿਸ ਦੇ ਉੱਚ ਅਧਿਕਾਰੀਆਂ ਨੂੰ ਥਾਣਾ ਮੁਖੀ ਦੀ ਸਿਕਾਇਤ ਵੀ ਕੀਤੀ ਹੈ। ਜਾਣਕਾਰੀ ਦਿੰਦਿਆਂ ਜ਼ਿਲ੍ਹਾ ਪ੍ਰਧਾਨ ਸ਼ਿੰਗਾਰਾ ਸਿੰਘ ਮਾਨ ਅਤੇ ਜਨਰਲ ਸਕੱਤਰ ਹਰਜਿੰਦਰ ਸਿੰਘ ਬੱਗੀ ਨੇ ਦੱਸਿਆ ਕਿ ਅੱਠ ਜੁਲਾਈ ਨੂੰ ਰਾਮਪੁਰਾ ਬਲਾਕ ਦੇ ਆਗੂ ਅਤੇ ਵਰਕਰ ਗੁਲਾਬ ਸਿੰਘ ,ਸ਼ਗਨਦੀਪ ਸਿੰਘ, ਗੁਰਮੇਲ ਸਿੰਘ, ਲੀਲ੍ਹਾ ਸਿੰਘ, ਜਗਸੀਰ ਸਿੰਘ ਅਤੇ ਬਲਵਿੰਦਰ ਸਿੰਘ ਕਿਸੇ ਮਸਲੇ ਨੂੰ ਲੈ ਕੇ ਥਾਣਾ ਮੁਖੀ ਸਿਟੀ ਰਾਮਪੁਰਾ ਮਿਲਣ ਗਏ ਤਾਂ ਥਾਣਾ ਮੁਖੀ ਵੱਲੋਂ ਉਹਨਾਂ ਦੀ ਗੱਲ ਸੁਣਨ ਦੀ ਬਜਾਏ ਤਕਰਾਰਬਾਜ਼ੀ ਚ ਪੈਂਦਿਆਂ ਉਨ੍ਹਾਂ ਦੀ ਹੀ ਕੁੱਟਮਾਰ ਸ਼ੁਰੂ ਕਰ ਦਿੱਤੀ। ਜਿਸ ਕਾਰਨ ਬਲਾਕ ਆਗੂ ਗੂਲਾਬ ਸਿੰਘ ਦੀ ਡਿਸਕ ਚ ਨੁਕਸ ਪੈ ਗਿਆ ਅਤੇ ਸ਼ਗਨਦੀਪ ਸਿੰਘ ਦੇ ਸਿਰ ਵਿੱਚ ਸੋਜ਼ ਹੋ ਗਈ ਅਤੇ ਕੰਨਾਂ ’ਚੋਂ ਸੁਣਨਾ ਬੰਦ ਹੋ ਗਿਆ। ਕਿਸਾਨ ਆਗੂਆਂ ਨੇ ਥਾਣਾ ਮੁਖੀ ਉਪਰ ਅੰਮ੍ਰਿਤਧਾਰੀ ਕਿਸਾਨ ਲੀਲ੍ਹਾ ਸਿੰਘ ਦੇ ਕੇਸ ਪੁੱਟਣ ਦੇ ਵੀ ਦੋਸ਼ ਲਗਾਏ। ਇਸ ਸਬੰਧ ਵਿਚ ਜਥੈਬੰਦੀ ਦੀ ਜ਼ਿਲ੍ਹਾ ਕਮੇਟੀ ਦੀ ਹੋਈ ਮੀਟਿੰਗ ਵੱਲੋਂ ਫੈਸਲਾ ਕੀਤਾ ਗਿਆ ਕਿ ਜੇਕਰ ਥਾਣਾ ਸਿਟੀ ਰਾਮਪੁਰਾ ਦੇ ਖ਼ਿਲਾਫ਼ ਕਾਰਵਾਈ ਕਰਕੇ ਕਿਸਾਨਾਂ ਨੂੰ ਇਨਸਾਫ ਨਾ ਦਿੱਤਾ ਗਿਆ ਤਾਂ ਅਗਲੇ ਸੰਘਰਸ਼ ਦਾ ਐਲਾਨ ਕੀਤਾ ਜਾਵੇਗਾ। ਅੱਜ ਦੀ ਮੀਟਿੰਗ ਵਿੱਚ ਉਪਰੋਕਤ ਆਗੂਆਂ ਤੋਂ ਇਲਾਵਾ ਸੂਬਾ ਸੀਨੀਅਰ ਮੀਤ ਪ੍ਰਧਾਨ ਝੰਡਾ ਸਿੰਘ ਜੇਠੂਕੇ,ਜਸਵੀਰ ਸਿੰਘ ਬੁਰਜ ਸੇਮਾ, ਬਸੰਤ ਸਿੰਘ ਕੋਠਾ ਗੁਰੂ ,ਜਗਦੇਵ ਸਿੰਘ ਜੋਗੇਵਾਲਾ, ਜਗਸੀਰ ਸਿੰਘ ਝੁੰਬਾ, ਸੁਖਦੇਵ ਸਿੰਘ ਰਾਮਪੁਰਾ, ਬਲਦੇਵ ਸਿੰਘ ਚੌਕੇ ,ਬੂਟਾ ਸਿੰਘ ਬੱਲ੍ਹੋ ,ਦਰਸ਼ਨ ਸਿੰਘ ਖੋਖਰ ,ਅਰਸ਼ਦੀਪ ਸਿੰਘ ਚੌਕੇ ਵੀ ਸ਼ਾਮਲ ਸਨ। ਦੂਜੇ ਪਾਸੇ ਥਾਣਾ ਮੁਖੀ ਅੰਮ੍ਰਿਤਪਾਲ ਸਿੰਘ ਨੇ ਕੁੱਟਮਾਰ ਦੇ ਦੋਸ਼ਾਂ ਨੂੰ ਰੱਦ ਕਰਦਿਆਂ ਦਾਅਵਾ ਕੀਤਾ ਕਿ ਜਿੰਨ੍ਹਾਂ ਵਿਅਕਤੀਆਂ ਦੀ ਕੁੱਟਮਾਰ ਦੇ ਦੋਸ ਲਗਾਏ ਜਾ ਰਹੇ ਹਨ, ਉਨ੍ਹਾਂ ਨੇ ਘਟਨਾ ਵਾਲੇ ਦਿਨ ਥਾਣੇ ਵਿਚ ਹੁੜਦੰਗ ਮਚਾਇਆ ਤੇ ਮੁਨਸ਼ੀ ਦੀ ਵਰਦੀ ਵੀ ਪਾੜ ਦਿੱਤੀ ਸੀ। ਜਿਸ ਕਾਰਨ ਉਨ੍ਹਾਂ ਵਿਰੁਧ ਪਰਚਾ ਦਰਜ਼ ਕੀਤਾ ਗਿਆ ਸੀ।

ਸਿਵਲ ਹਸਪਤਾਲ ’ਚ ਲੰਗਰ ਪਹੁੰਚਾਉਣ ਦੇ ਕਾਰਜ਼ ’ਚ ਉਧਮ ਸਿੰਘ ਨਗਰ ਗੁਰਦੂਆਰਾ ਦੀ ਪ੍ਰਬੰਧਕੀ ਕਮੇਟੀ ਵੀ ਕਰੇਗੀ ਸਹਿਯੋਗ

ਸੁਖਜਿੰਦਰ ਮਾਨ
ਬਠਿੰਡਾ, 14 ਜੁਲਾਈ : ਸ਼ਹਿਰ ਦੇ ਸ਼ਹੀਦ ਭਾਈ ਮਨੀ ਸਿੰਘ ਸਿਵਲ ਹਸਪਤਾਲ ਵਿਚ ਪਿਛਲੇ ਦੋ ਦਹਾਕਿਆਂ ਤੋਂ ਨਗਰ ਨਿਵਾਸੀ ਸੰਗਤਾਂ ਦੇ ਸਹਿਯੋਗ ਨਾਲ ਲੰਗਰ ਦੀ ਸੇਵਾ ਨਿਭਾਉਂਦੇ ਆ ਰਹੀ ਗੁਰਦੁਆਰਾ ਸ਼ਾਹਿਬ ਸ਼ਹੀਦ ਭਾਈ ਮਤੀ ਦਾਸ ਦੀ ਪ੍ਰਬੰਧਕ ਕਮੇਟੀ ਦੇ ਨਾਲ ਹੁਣ ਸ਼ਹਿਰ ਦੀਆਂ ਹੋਰ ਸੰਸਥਾਵਾਂ ਵੀ ਜੁੜਣ ਲੱਗੀਆਂ ਹਨ। ਇਸ ਸਬੰਧ ਵਿਚ ਹੁਣ ਇਸ ਕਮੇਟੀ ਦੇ ਅਤੁੱਟ ਵਿਸਵਾਸ ਤੇ ਨਿਰਵਿਘਨ ਸੇਵਾ ਨੂੰ ਦੇਖਦਿਆਂ ਸ਼ਹਿਰ ਦੇ ਸ਼ਹੀਦ ਉਧਮ ਸਿੰਘ ਨਗਰ ਗੁਰਦੁਆਰਾ ਸਾਹਿਬ ਗੁਰੂ ਨਾਨਕ ਦਰਬਾਰ ਦੀ ਪ੍ਰਬੰਧਕ ਕਮੇਟੀ ਨੇ ਵੀ ਹਫ਼ਤੇ ’ਚ ਇੱਕ ਦਿਨ ਲੰਗਰ ਦੀ ਸੇਵਾ ਕਰਨ ਦਾ ਐਲਾਨ ਕੀਤਾ ਹੈ। ਹਾਲਾਂਕਿ ਗੁਰੂਦੁਆਰਾ ਸਾਹਿਬ ਤੋਂ ਸਿਵਲ ਹਸਪਤਾਲ ਤੱਕ ਲੰਗਰ ਪਹੁੰਚਾਉਣ ਦੀ ਸੇਵਾ ਭਾਈ ਮਤੀ ਦਾਸ ਨਗਰ ਦੇ ਗੁਰਦੂਆਰਾ ਸਾਹਿਬ ਦੀ ਪ੍ਰਬੰਧਕ ਕਮੇਟੀ ਹੀ ਕਰੇਗੀ। ਇਸ ਸਬੰਧ ਵਿਚ ਅੱਜ ਸਥਾਨਕ ਗੁਰਦੂਆਰਾ ਸਾਹਿਬ ਵਿਖੇ ਪੁੱਜੇ ਗੁਰਦੂਆਰਾ ਉਧਮ ਸਿੰਘ ਨਗਰ ਦੀ ਪ੍ਰਬੰਧਕੀ ਕਮੇਟੀ ਦੇ ਪ੍ਰਧਾਨ ਭਾਈ ਗੁਰਚੇਤ ਸਿੰਘ ਬੰਗੀ, ਜਸਵੀਰ ਸਿੰਘ ਖਾਲਸਾ, ਅਜੈਬ ਸਿੰਘ, ਬਾਬੂ ਸਿੰਘ ਗੁਰਤੇਜ਼ ਸਿੰਘ, ਸੁਖਦੇਵ ਸਿੰਘ, ਹਰਦੇਵ ਸਿੰਘ ਆਦਿ ਅਤੇ ਬੀਬੀਆ ਇਸ ਨੇਕ ਕਾਰਜ ਵਿਚ ਸੰਗਤਾ ਵਲੋਂ ਤਨੋਂ ਮਨੋਂ ਪੂਰਨ ਸਹਿਯੋਗ ਦੇਣ ਪ੍ਰਣ ਕੀਤਾ ਗਿਆ। ਅੱਜ ਦੇ ਲੰਗਰ ਦੀ ਸੇਵਾ ਭਾਈ ਗੁਰਦੇਵ ਸਿੰਘ ਦੇ ਪ੍ਰਵਾਰ ਵਲੋ ਕੀਤੀ ਗਈ। ਇਸ ਮੌਕੇ ਸ਼ਹੀਦ ਭਾਈ ਮਤੀ ਦਾਸ ਨਗਰ ਗੁਰਦੁਆਰਾ ਸਾਹਿਬ ਦੀ ਪ੍ਰਬੰਧਕ ਕਮੇਟੀ ਸੂਬੇਦਾਰ ਜਗਰਾਜ ਸਿੰਘ, ਆਤਮਾ ਸਿੰਘ ਚਹਿਲ, ਬਿਕਰਮ ਸਿੰਘ ਧਿਗੜ, ਨਾਇਬ ਸਿੰਘ ਲਾਲੇਆਨਾ, ਜਸਪਾਲ ਸਿੰਘ ਪਾਲੀ ਸਾਬਕਾ ਇੰਸਪੈਕਟਰ ,ਭਾਈ ਸੰਤੋਖ ਸਿੰਘ , ਸੁਖਦਰਸ਼ਨ ਸਿੰਘ ਸੁੱਖਾ,ਬਾਵਾ ਸਿੰਘ ਅਤੇ ਅਵਤਾਰ ਸਿੰਘ ਕੈਂਥ ਮੁੱਖ ਸੇਵਾਦਾਰ ਸ੍ਰੀ ਸੁਖਮਨੀ ਸਾਹਿਬ ਸੇਵਾ ਸੁਸਾਇਟੀ ਬਠਿੰਡਾ ਵੀ ਹਾਜ਼ਰ ਸਨ।

ਮੀਤ ਹੇਅਰ ਵੱਲੋਂ ਟਿਵਾਣਾ ਤੇ ਅਮਲਾਲਾ ਵਿਖੇ ਘੱਗਰ ਦਰਿਆ ਦਾ ਦੌਰਾ

0

ਜਲ ਸਰੋਤ ਮੰਤਰੀ ਨੇ ਦਰਿਆ ਵਿੱਚ ਪਏ ਪਾੜ ਪੂਰਨ ਦੇ ਕੰਮਾਂ ਦਾ ਜਾਇਜ਼ਾ ਲਿਆ
ਪੰਜਾਬੀ ਖ਼ਬਰਸਾਰ ਬਿਉਰੋ
ਡੇਰਾਬਸੀ, 14 ਜੁਲਾਈ: ਪੰਜਾਬ ਦੇ ਜਲ ਸਰੋਤ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ ਵੱਲੋਂ ਸੂਬੇ ਅਤੇ ਪਹਾੜਾਂ ਵਿੱਚ ਪਏ ਮੋਹਲੇਧਾਰ ਮੀਂਹ ਕਾਰਨ ਘੱਗਰ ਦਰਿਆ ਵਿੱਚ ਰਿਕਾਰਡ ਪਾਣੀ ਦਾ ਪੱਧਰ ਵਧਣ ਕਾਰਨ ਹੋਏ ਨੁਕਸਾਨ ਅਤੇ ਵੱਖ-ਵੱਖ ਥਾਂਵਾਂ ਉਤੇ ਪਏ ਪਾੜ ਪੂਰਨ ਲਈ ਜੰਗੀ ਪੱਧਰ ਉਤੇ ਕੀਤੇ ਜਾ ਰਹੇ ਬਚਾਅ ਤੇ ਰਾਹਤ ਕਾਰਜਾਂ ਦਾ ਜਾਇਜ਼ਾ ਲੈਣ ਲਈ ਇੱਥੋੰ ਨੇੜਲੇ ਪਿੰਡ ਟਿਵਾਣਾ ਤੇ ਅਮਲਾਲਾ ਵਿਖੇ ਘੱਗਰ ਦਰਿਆ ਦਾ ਦੌਰਾ ਕੀਤਾ।ਮੀਤ ਹੇਅਰ ਨੇ ਡੇਰਾਬਸੀ ਤੋਂ ਵਿਧਾਇਕ ਕੁਲਜੀਤ ਸਿੰਘ ਰੰਧਾਵਾ ਦੇ ਨਾਲ ਜਾ ਕੇ ਟਿਵਾਣਾ ਵਿਖੇ ਦਰਿਆ ਵਿੱਚ ਪਏ ਪਾੜ ਨੂੰ ਪੂਰਨ ਦੇ ਕੰਮ ਦੇਖਿਆ। ਪਿੰਡ ਵਾਸੀਆਂ ਨੂੰ ਮਿਲ ਕੇ ਫਸਲਾਂ ਨੂੰ ਹੋਏ ਨੁਕਸਾਨ ਦਾ ਜਾਇਜ਼ਾ ਲਿਆ ਅਤੇ ਅਮਲਾਲਾ ਵਿਖੇ ਘੱਗਰ ਦਰਿਆ ਉਤੇ ਬਣੇ ਪੁੱਲ ਨੂੰ ਹੋਏ ਨੁਕਸਾਨ ਨੂੰ ਵੀ ਵੇਖਿਆ।ਮੀਤ ਹੇਅਰ ਨੇ ਦੱਸਿਆ ਕਿ ਇਸ ਵਾਰ ਨਿਰੰਤਰ ਤੇ ਤੇਜ਼ ਮੋਹਲੇਧਾਰ ਬਾਰਸ਼ਾਂ ਕਾਰਨ ਪਿਛਲੇ ਕਈ ਦਹਾਕਿਆਂ ਤੋਂ ਘੱਗਰ ਦਰਿਆ ਵਿੱਚ ਰਿਕਾਰਡ ਪਾਣੀ ਆਇਆ।ਭਾਂਖਰਪੁਰ ਵਿਖੇ ਜਿੱਥੇ ਘੱਗਰ ਦਰਿਆ ਪੰਜਾਬ ਵਿੱਚ ਦਾਖਲ ਹੁੰਦਾ ਹੈ, ਇਸ ਵਾਰ 970.4 ਫੁੱਟ ਪਾਣੀ ਆਇਆ ਜੋ ਕਿ ਹੁਣ ਤੱਕ ਦਾ ਸਭ ਤੋਂ ਵੱਧ ਹੈ। ਇਸ ਤੋਂ ਪਹਿਲਾਂ 2004 ਵਿੱਚ 967.4 ਫੁੱਟ ਪਾਣੀ ਸੀ।ਘੱਗਰ ਦਰਿਆ ਵਿੱਚ ਪਾਣੀ ਵੱਧਣ ਅਤੇ ਓਵਰ ਫਲੋ ਹੋਣ ਦੇ ਨਾਲ ਇਸ ਵਿੱਚ ਮੁਹਾਲੀ, ਪਟਿਆਲਾ ਤੇ ਸੰਗਰੂਰ ਵਿੱਚ ਕੁਝ ਥਾਂਵਾਂ ਉੱਤੇ ਪਾੜ ਵੀ ਪਏ ਹਨ। ਮੀਤ ਹੇਅਰ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਰਾਹਤ ਕਾਰਜਾਂ ਲਈ ਆਫਤਨ ਫੰਡ ਵਿੱਚੋਂ ਜਿੱਥੇ 33.50 ਕਰੋੜ ਰੁਪਏ ਤੁਰੰਤ ਜਾਰੀ ਕੀਤੇ ਗਏ ਉੱਥੇ 71 ਕਰੋੜ ਰੁਪਏ ਹੋਰ ਮਨਜ਼ੂਰ ਕੀਤੇ ਗਏ। ਸੂਬਾ ਸਰਕਾਰ ਵੱਲੋਂ ਲੋਕਾਂ ਦੇ ਹੋਏ ਨੁਕਸਾਨ ਦੀ ਭਰਪਾਈ ਕੀਤੀ ਜਾਵੇਗੀ। ਸਰਕਾਰ ਦੇ ਨੁਮਾਇੰਦੇ ਅਤੇ ਪ੍ਰਸ਼ਾਸਨ ਦਿਨ-ਰਾਤ ਲੋਕਾਂ ਦੀ ਸੇਵਾ ਵਿੱਚ ਜੁਟਿਆ ਹੋਇਆ ਹੈ। ਉਨ੍ਹਾਂ ਇਸ ਕੁਦਰਤੀ ਆਫਤ ਕਾਰਨ ਪੈਦਾ ਹੋਈ ਔਖੀ ਘੜੀ ਵਿੱਚ ਲੋਕ ਸੇਵਾ ਵਿੱਚ ਜੁਟੀਆਂ ਸਾਰੀਆਂ ਧਾਰਮਿਕ, ਸਮਾਜਿਕ ਸੰਸਥਾਵਾਂ ਦਾ ਵੀ ਧੰਨਵਾਦ ਕੀਤਾ।ਜਲ ਸਰੋਤ ਮੰਤਰੀ ਨੇ ਦੱਸਿਆ ਕਿ ਵਿਭਾਗ ਵੱਲੋਂ ਸਥਾਨਕ ਜ਼ਿਲਾ ਪ੍ਰਸ਼ਾਸਨ, ਸੈਨਾ ਤੇ ਐਨ.ਡੀ.ਆਰ.ਐਫ. ਦੀ ਮੱਦਦ ਨਾਲ ਪਾੜ ਪੂਰਨ ਦੇ ਕੰਮ ਜੰਗੀ ਪੱਧਰ ਉਤੇ ਕੀਤੇ ਜਾ ਰਹੇ ਹਨ। ਪਿੰਡ ਡਹਿਰ ਤੋਂ ਟਿਵਾਣਾ ਤੱਕ ਘੱਗਰ ਦੇ ਬੰਨ੍ਹਾਂ ਉੱਤੇ ਚੱਲ ਰਹੇ ਕੰਮਾਂ ਦੇ ਵੇਰਵੇ ਦਿੰਦਿਆਂ ਦੱਸਿਆ ਕਿ ਪੰਜ ਪੋਕਲੇਨ ਮਸ਼ੀਨਾਂ, ਦੋ ਟਰੈਕਟਰ-ਟਰਾਲੀਆਂ, ਦੋ ਕਰਾਹ ਟਰੈਕਟਰ ਤੇ 10 ਟਿੱਪਰ ਕੰਮ ਕਰ ਰਹੇ ਹਨ। ਸਵਾ ਲੱਖ ਲੱਖ ਥੈਲਿਆਂ ਦੇ ਪ੍ਰਬੰਧ ਤੋੰ ਇਲਾਵਾ 10 ਹਜ਼ਾਰ ਤੋਂ ਵੱਧ ਖਾਲੀ ਬੈਗ ਭਰੇ ਜਾ ਚੁੱਕੇ ਹਨ।ਕਰੇਟ ਬਣਾਉਣ ਲਈ ਰੱਸੀਆਂ ਦੇ ਜਾਲ ਬੁਣੇ ਜਾ ਰਹੇ ਹਨ। 250 ਤੋਂ ਵੱਧ ਮਜ਼ਦੂਰ ਕੰਮ ਕਰ ਰਹੇ ਹਨ।ਜੇਕਰ ਹੋਰ ਵੀ ਕਿਸੇ ਸਮਾਨ ਜਾਂ ਮਜ਼ਦੂਰਾਂ ਦੀ ਲੋੜ ਪਈ ਤਾਂ ਉਹ ਮੱਦਦ ਵੀ ਤੁਰੰਤ ਮੁਹੱਈਆ ਕਰਵਾਈ ਜਾਵੇਗੀ।ਇਸੇ ਤਰ੍ਹਾਂ ਟਾਂਗਰੀ ਨਦੀ ਦੇ ਬੰਨ੍ਹ ਦੀ ਰਿਪੇਅਰ ਲਈ ਦੋ ਜੇਸੀਬੀ, ਇਕ ਪੋਕਲੇਨ ਮਸ਼ੀਨ ਅਤੇ ਦੋ ਟਰੈਕਟਰ ਟਰਾਲੀਆਂ ਕੰਮ ਕਰ ਰਹੀਆਂ ਹਨ।ਇਸ ਮੌਕੇ ਐਸ.ਡੀ.ਐਮ. ਹਿਮਾਂਸ਼ੂ ਗੁਪਤਾ, ਏ.ਐਸ.ਪੀ. ਡਾ ਦਰਪਣ ਆਹਲੂਵਾਲੀਆ, ਜਲ ਸਰੋਤ ਵਿਭਾਗ ਦੇ ਐਸ.ਈ. ਮਨੋਜ ਬਾਂਸਲ ਸਣੇ ਸਬੰਧਤ ਅਧਿਕਾਰੀ ਹਾਜ਼ਰ ਸਨ।

ਰੂਬੀ ਬਾਂਸਲ ਨੇ ਜ਼ਿਲ੍ਹਾ ਸਿੱਖਿਆ ਅਫ਼ਸਰ (ਐ.ਸਿ.) ਦਾ ਸੰਭਾਲਿਆ ਅਹੁਦਾ

0

ਪੰਜਾਬੀ ਖ਼ਬਰਸਾਰ ਬਿਉਰੋ
ਮਾਨਸਾ 14 ਜੁਲਾਈ: ਸ੍ਰੀਮਤੀ ਰੂਬੀ ਬਾਂਸਲ ਨੇ ਮਾਨਸਾ ਵਿਖੇ ਜ਼ਿਲ੍ਹਾ ਸਿੱਖਿਆ ਅਫ਼ਸਰ (ਐ.ਸਿੱ.) ਵਜੋਂ ਅਹੁਦਾ ਸੰਭਾਲ ਲਿਆ ਹੈ।ਇਸ ਤੋਂ ਪਹਿਲਾ ਉਹ ਬਠਿੰਡਾ ਵਿਖੇ ਸ਼ਹੀਦ ਮੇਜਰ ਰਵੀ ਇੰਦਰ ਸਿੰਘ ਸੰਧੂ ਸਰਕਾਰੀ(ਕੰਨਿਆ) ਸੀਨੀਅਰ ਸੈਕੰਡਰੀ ਸਕੂਲ ਬਠਿੰਡਾ ਵਿਖੇ ਪ੍ਰਿੰਸੀਪਲ ਵਜੋਂ ਆਪਣੀਆਂ ਸੇਵਾਵਾਂ ਨਿਭਾ ਰਹੇ ਸਨ। ਉਨ੍ਹਾਂ ਵੱਲ੍ਹੋਂ ਮੈਰੀਟੋਰੀਅਸ ਸਕੂਲ ਬਠਿੰਡਾ ਵਿਖੇ ਵੀ ਪ੍ਰਿੰਸੀਪਲ ਵਜੋਂ ਸ਼ਾਨਦਾਰ ਸੇਵਾਵਾਂ ਨਿਭਾਈਆਂ ਹਨ। ਰੂਬੀ ਬਾਂਸਲ ਮਾਨਸਾ ਦੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਕੁਸਲਾ ਵਿਖੇ ਵੀ ਬਤੌਰ ਪ੍ਰਿੰਸੀਪਲ ਅਪਣੀਆਂ ਸੇਵਾਵਾਂ ਨਿਭਾ ਚੁੱਕੇ ਹਨ। ਡੀ.ਈ.ਓ.ਦਫ਼ਤਰ ਸਟਾਫ਼ ਵੱਲ੍ਹੋਂ ਅੱਜ ਨਵੇਂ ਆਏ ਜ਼ਿਲ੍ਹਾ ਸਿੱਖਿਆ ਅਫਸਰ (ਐ.ਸਿ) ਰੂਬੀ ਬਾਂਸਲ ਦਾ ਨਿੱਘਾ ਸਵਾਗਤ ਕੀਤਾ ਗਿਆ। ਨਵੇਂ ਆਏ ਜ਼ਿਲ੍ਹਾ ਸਿੱਖਿਆ ਅਫ਼ਸਰ ਰੂਬੀ ਬਾਂਸਲ ਨੇ ਦਫ਼ਤਰ ਦੇ ਸਮੂਹ ਕਰਮਚਾਰੀਆਂ ਅਤੇ ਅਧਿਆਪਕਾਂ ਨੂੰ ਭਰੋਸਾ ਦਿਵਾਇਆ ਕਿ ਸਭਨਾਂ ਦੇ ਸਹਿਯੋਗ ਨਾਲ ਮਾਨਸਾ ਜ਼ਿਲ੍ਹੇ ਦੇ ਸਕੂਲਾਂ ਦੀ ਬੇਹਤਰੀ ਅਤੇ ਵਿਦਿਆਰਥੀਆਂ ਦੇ ਸੁਨਹਿਰੀ ਭਵਿੱਖ ਲਈ ਹਰ ਤਰ੍ਹਾਂ ਦੇ ਯਤਨ ਕਰਨਗੇ। ਇਸ ਮੌਕੇ ਜ਼ਿਲ੍ਹਾ ਸਿੱਖਿਆ ਅਫ਼ਸਰ(ਸੈ.ਸਿੱ.) ਹਰਿੰਦਰ ਸਿੰਘ ਭੁੱਲਰ, ਡਿਪਟੀ ਡੀਈਓ ਸੈਕੰਡਰੀ ਅਸ਼ੋਕ ਕੁਮਾਰ, ਡਿਪਟੀ ਡੀ.ਈ.ਓ ਐਲੀਮੈਂਟਰੀ ਗੁਰਲਾਭ ਸਿੰਘ ਨੇ ਜ਼ਿਲ੍ਹਾ ਸਿੱਖਿਆ ਅਫ਼ਸਰ ਐਲੀਮੈਂਟਰੀ ਰੂਬੀ ਬਾਂਸਲ ਨੂੰ ਜੀ ਆਇਆਂ ਆਖਦਿਆਂ ਹਰ ਸਹਿਯੋਗ ਦਾ ਭਰੋਸਾ ਦਿੱਤਾ। ਇਸ ਮੌਕੇ ਸਾਬਕਾ ਚੀਫ ਇੰਜੀਨੀਅਰ ਮੁਕੇਸ਼ ਕੁਮਾਰ ਬਾਂਸਲ, ਸੁਪਰਡੈਂਟ ਹਰਮੇਸ਼ ਕੁਮਾਰ,ਰਾਜਿੰਦਰ ਕੁਮਾਰ,ਅਕਬਰ ਸਿੰਘ,ਹਰਦੀਪ ਸਿੱਧੂ,ਹਰੀਸ਼ ਕੁਮਾਰ,ਮਨਦੀਪ ਕੁਮਾਰ,ਵਰਿੰਦਰ ਕੁਮਾਰ,ਗਗਨਦੀਪ ਸ਼ਰਮਾ,ਸ਼ੰਭੂ ਮਸਤਾਨਾ,ਅਨੁਰਾਧਾ ਰਾਮਨਾਥ ਧੀਰਾ,ਹਰਜਿੰਦਰ ਸਿੰਘ,ਇੰਦਰਜੀਤ ਕੌਰ ਵੀ ਹਾਜ਼ਰ ਸਨ।

ਮੁਲਾਜ਼ਮਾਂ ਦੀਆਂ ਪੈਨਸ਼ਨਾਂ ਦੇ ਕੇਸਾਂ ਦਾ ਪਾਵਰਕਾਮ ਦੇ ਉਪ ਮੁੱਖ ਇੰਜੀਨੀਅਰ ਨੇ ਲਿਆ ਜਾਇਜ਼ਾ

ਸੁਖਜਿੰਦਰ ਮਾਨ
ਬਠਿੰਡਾ, 14 ਜੁਲਾਈ : ਪਾਵਰਕਾਮ ਦੇ ਉਪ ਮੁੱਖ ਇੰਜੀਨੀਅਰ ਇੰਜ: ਸੁਖਵਿੰਦਰ ਸਿੰਘ ਨੇ ਸ਼ੁੱਕਰਵਾਰ ਨੂੰ ਬਠਿੰਡਾ ਵਿਖੇ ਰੱਖੀ ਸਮੀਖਿਆ ਮੀਟਿੰਗ ਦੌਰਾਨ ਮੁਲਾਜ਼ਮਾਂ ਦੀਆਂ ਪੈਨਸ਼ਨਾਂ ਦੇ ਬਕਾਇਆ ਪਏ ਕੇਸਾਂ ਦਾ ਜਾਇਜ਼ਾ ਲਿਆ। ਮੀਟਿੰਗ ਦੌਰਾਨ ਸਰਕਲ ਸੂਪਰਡੈਂਟ ਅਤੇ 25 ਡਿਵੀਜ਼ਨਾਂ ਦੇ ਸੁਪਰਡੈਂਟ ਅਤੇ ਲੇਖਾਕਾਰ ਪੈਨਸ਼ਨਾਂ ਦੇ ਕੇਸਾਂ ਸਬੰਧੀ ਫਾਈਲਾਂ ਨਾਲ ਪਹੁੰਚੇ। ਇਸ ਮੌਕੇ ਕੰਮ ਦਾ ਜਾਇਜ਼ਾ ਲੈਣ ਉਪਰੰਤ ਇੰਜ: ਸੁੱਖਵਿੰਦਰ ਸਿੰਘ ਨੇ ਸਬੰਧਤ ਮੁਲਾਜ਼ਮਾਂ ਨੂੰ ਹਦਾਇਤ ਕੀਤੀ ਕਿ ਕੰਮ ਵਿੱਚ ਤੇਜ਼ੀ ਲਿਆਂਦੀ ਜਾਵੇ ਅਤੇ ਸੇਵਾਮੁਕਤ ਹੋਣ ਵਾਲੇ ਮੁਲਾਜ਼ਮਾਂ ਦੀਆਂ ਪੈਨਸ਼ਨਾਂ ਦੇ ਕੇਸਾਂ ਸਬੰਧੀ ਫਾਈਲਾਂ ਦਾ ਨਿਪਟਾਰਾ ਕੀਤਾ ਜਾਵੇ। ਇੰਜ: ਸੁਖਵਿੰਦਰ ਸਿੰਘ ਨੇ ਦੱਸਿਆ ਕਿ ਮੀਟਿੰਗ ਦੌਰਾਨ ਪੀ.ਐਸ.ਪੀ.ਸੀ.ਐਲ ਦੇ 8/22 ਤੋਂ 6/23 ਤੱਕ ਦੇ ਪੈਨਸ਼ਨਰਾਂ ਨਾਲ ਸਬੰਧਤ ਸਾਰੇ ਬਕਾਇਆ ਕੇਸਾਂ ਦਾ ਨਿਪਟਾਰਾ ਕੀਤਾ ਗਿਆ ਅਤੇ ਜਿਹੜੇ ਕਰਮਚਾਰੀ 31ਦਸੰਬਰ 2023 ਤੱਕ ਸੇਵਾਮੁਕਤ ਹੋ ਰਹੇ ਹਨ, ਦੇ ਪੈਨਸ਼ਨ ਕੇਸਾਂ ਦੀ ਪੈਰਵੀ ਕੀਤੀ ਗਈ ਤਾਂ ਜੋ ਉਨ੍ਹਾਂ ਨੂੰ ਸਮੇਂ ਸਿਰ ਸੇਵਾਮੁਕਤੀ ਦਾ ਲਾਭ ਮਿਲ ਸਕੇ। ਉਨ੍ਹਾਂ ਕਿਹਾ ਕਿ ਪੈਨਸ਼ਨਰਾਂ ਦੀ ਸਹੂਲਤ ਲਈ ਪੀ.ਐਸ.ਪੀ.ਸੀ.ਐਲ ਨੇ ਆਪਣੇ ਪੈਨਸ਼ਨਰਾਂ ਲਈ ਇੱਕ ਸਮਰਪਿਤ “ਪੈਨਸ਼ਨ ਹੈਲਪਲਾਈਨ”ਸਥਾਪਤ ਕੀਤੀ ਹੈ। ਉਨ੍ਹਾਂ ਕਿਹਾ ਕਿ ਹੁਣ ਸੇਵਾਮੁਕਤ ਤੇ ਮ੍ਰਿਤਕਾਂ ਦੇ ਵਾਰਿਸ ਹੈਲਪਲਾਈਨ ਮੋਬਾਈਲ ਨੰਬਰ 9646115517 ਤੇ ਪੈਨਸ਼ਨ ਕੇਸਾਂ ਦੀ ਸਥਿਤੀ ਨਾਲ ਸਬੰਧਤ ਕਿਸੇ ਵੀ ਜਾਣਕਾਰੀ ਲਈ ਇੱਕ ਡਿਜ਼ਾਈਨ ਕੀਤੇ ਫਾਰਮੈਟ ਤੇ ਜੋ ਪੀਐਸਪੀਸੀਐਲ ਦੀ ਵੈਬਸਾਈਟ ਤੇ ਉਪਲਬਧ ਹੈ, ਉਪਰ ਕਾਲ ਵਟਸਐਪ,ਐਸ.ਐਮ.ਐਸ ਕਰ ਸਕਦੇ ਹਨ। ਮੀਟਿੰਗ ਦੌਰਾਨ ਉਪ ਸਕੱਤਰ ਨਿਸ਼ੀ ਰਾਣੀ, ਅਵਤਾਰ ਸਿੰਘ ਉਪ ਸਕੱਤਰ ਸ਼ਿਕਾਇਤਾਂ, ਮੰਡਲ ਸੁਪਰਡੈਂਟ, ਸਰਕਲ ਸੁਪਰਡੈਂਟ ਅਤੇ ਲੇਖਾਕਾਰ ਵੀਂ ਹਾਜ਼ਰ ਸਨ।

ਗੁਰੂ ਕਾਸ਼ੀ ਯੂਨੀਵਰਸਿਟੀ ਦੇ ਖਿਡਾਰੀ ਮੈਸੂਮ ਸਿੰਘੀ ਤੇ ਅਬਾਬ ਸੰਗੜੂ ਦੀ ਚਾਇਨਾ ਏਸ਼ੀਆਈ ਖੇਡਾਂ ਲਈ ਚੋਣ

0

ਸੁਖਜਿੰਦਰ ਮਾਨ
ਬਠਿੰਡਾ, 14 ਜੁਲਾਈ : ਚਾਇਨਾ ਦੇ ਸ਼ਹਿਰ ਹਾਂਗਜ਼ੂ ਵਿਖੇ 23 ਸਤੰਬਰ ਤੋਂ 08 ਅਕਤੂਬਰ 2023 ਨੂੰ ਹੋਣ ਜਾ ਰਹੀਆਂ ਏਸ਼ੀਆਈ ਖੇਡਾਂ ਦੇ 19ਵੇਂ ਸੰਸਕਰਣ ਵਿੱਚ ਗੁਰੂ ਕਾਸ਼ੀ ਯੂਨੀਵਰਸਿਟੀ ਦੇ ਖਿਡਾਰੀ ਅਬਾਬ ਸੰਗੜੂ ਤੇ ਮੈਸੂਮ ਸਿੰਘੀ ਕਰਾਟੇ ਵਿੱਚ ਭਾਰਤ ਦੀ ਨੁਮਾਇੰਦਗੀ ਕਰਨਗੇ। ਇਸ ਬਾਰੇ ਜਾਣਕਾਰੀ ਦਿੰਦਿਆਂ ਉੱਪ ਕੁਲਪਤੀ ਪ੍ਰੋ.(ਡਾ.)ਐੱਸ.ਕੇ.ਬਾਵਾ ਨੇ ਦੱਸਿਆ ਕਿ ਇਹ ਖਿਡਾਰੀ ਕਾਤਾ ਵਿਅਕਤੀਗਤ ਇਵੈਂਟ ਵਿੱਚ ਭਾਰਤੀ ਟੀਮ ਦਾ ਹਿੱਸਾ ਹੋਣਗੇ। ਉਨ੍ਹਾਂ ਦੱਸਿਆ ਕਿ ਉੱਤਰੀ ਭਾਰਤ ਵਿੱਚੋਂ ਕਰਾਟੇ ਲਈ ਸਿਰਫ਼ ਇਹ ਦੋ ਖਿਡਾਰੀ ਹੀ ਚੁਣੇ ਗਏ ਹਨ। ਉਨ੍ਹਾਂ ਆਸ ਪ੍ਰਗਟ ਕੀਤੀ ਕਿ ਆਉਣ ਵਾਲੇ ਦਿਨਾਂ ਵਿੱਚ ਜੀ.ਕੇ.ਯੂ ਦੇ ਕਈ ਹੋਰ ਖਿਡਾਰੀਆਂ ਦੀ ਏਸ਼ੀਆਈ ਖੇਡਾਂ ਵਿੱਚ ਚੁਣੇ ਜਾਣ ਦੀ ਸੰਭਾਵਨਾ ਹੈ। ਵਿਦਿਆਰਥੀਆਂ ਦੀ ਇਸ ਪ੍ਰਾਪਤੀ ’ਤੇ ਪਰੋ. ਵਾਈਸ ਚਾਂਸਲਰ ਡਾ. ਪੁਸ਼ਪਿੰਦਰ ਸਿੰਘ ਔਲਖ ਤੇ ਡੀਨ ਸਟੂਡੈਂਟ ਵੈਲਫੇਅਰ ਸਰਦੂਲ ਸਿੰਘ ਸਿੱਧੂ ਨੇ ਕੋਚ ਸਿਮਰਨਜੀਤ ਸਿੰਘ ਬਰਾੜ ਅਤੇ ਖਿਡਾਰੀਆਂ ਨੂੰ ਵਧਾਈ ਦਿੱਤੀ ਤੇ ਉਨ੍ਹਾਂ ਦੇ ਉਜੱਵਲ ਭਵਿੱਖ ਲਈ ਸ਼ੁਭ ਕਾਮਨਾਵਾਂ ਭੇਂਟ ਕੀਤੀਆਂ।

ਬਠਿੰਡਾ ਸਿਵਲ ਹਸਪਤਾਲ ਦੇ ਫਿਜ਼ਿਓਥੈਰੇਪੀ ਸੈਂਟਰ ਦਾ 24 ਲੱਖ ਨਾਲ ਹੋਵੇਗਾ ਨਵੀਨੀਕਰਨ : ਜਗਰੂਪ ਸਿੰਘ ਗਿੱਲ

0

ਸਿਵਲ ਹਸਪਤਾਲ ਵਿਚ ਜਲਦ ਹੀ ਸ਼ੁਰੂ ਹੋਣ ਜਾ ਰਹੀ ਹੈ ਡਿਜ਼ੀਟਲ ਰੇਡੀਓਗ੍ਰਾਫੀ : ਡਿਪਟੀ ਕਮਿਸ਼ਨਰ
ਸੁਖਜਿੰਦਰ ਮਾਨ
ਬਠਿੰਡਾ, 14 ਜੁਲਾਈ : ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਸੂਬਾ ਸਰਕਾਰ ਵਲੋਂ ਸਿਹਤ ਦੇ ਖੇਤਰ ਚ ਆਮ ਲੋਕਾਂ ਨੂੰ ਉਨ੍ਹਾਂ ਦੇ ਦਰਾਂ ਨੇੜੇ ਸਿਹਤ ਸਹੂਲਤਾਂ ਦੇਣ ਲਈ ਵਚਨਵੱਧ ਹੈ। ਇਸੇ ਤਹਿਤ ਸਥਾਨਕ ਸਿਵਲ ਚ ਚੱਲ ਰਹੇ ਫਿਜ਼ਿਓਥੈਰੇਪੀ ਸੈਂਟਰ ਦੀ ਕਾਇਆ ਕਲਪ ਕਰਨ ਲਈ 24.25 ਲੱਖ ਦੀ ਲਾਗਤ ਨਾਲ ਰਿਪੇਅਰ ਤੇ ਰੈਨੋਵੇਸ਼ਨ ਕਰਾਈ ਜਾਵੇਗੀ। ਇਹ ਦਾਅਵਾ ਅੱਜ ਇੱਥੇ ਰੋਗੀ ਕਲਿਆਣ ਸਮਿਤੀ ਦੀ ਗਵਰਨਿੰਗ ਹਾਊਸ ਦੀ ਹੋਈ ਮੀਟਿੰਗ ਦੌਰਾਨ ਵਿਧਾਇਕ ਬਠਿੰਡਾ (ਸ਼ਹਿਰੀ) ਜਗਰੂਪ ਸਿੰਘ ਗਿੱਲ ਨੇ ਕੀਤਾ। ਇਸ ਮੌਕੇ ਸ. ਗਿੱਲ ਨੇ ਸਿਵਲ ਹਸਪਤਾਲ ਵਲੋਂ ਆਮ ਲੋਕਾਂ ਨੂੰ ਦਿੱਤੀਆਂ ਜਾਣ ਵਾਲੀਆਂ ਸਿਹਤ ਸੇਵਾਵਾਂ ਦੀ ਸਮੀਖਿਆ ਕੀਤੀ ਗਈ। ਇਸ ਦੌਰਾਨ ਉਨ੍ਹਾਂ ਆਮ ਲੋਕਾਂ ਨੂੰ ਹੋਰ ਵਧੀਆ ਸਿਹਤ ਸਹੂਲਤਾਂ ਦੇਣ ਲਈ ਕੁਝ ਤਜ਼ਵੀਜਾਂ ਤੇ ਵਿਚਾਰ-ਵਟਾਂਦਰਾ ਕੀਤਾ ਤੇ ਕੁਝ ਮਹੱਤਵਪੂਰਨ ਫੈਸਲੇ ਵੀ ਲਏ ਗਏ। ਇਸ ਮੌਕੇ ਡਿਪਟੀ ਕਮਿਸ਼ਨਰ ਸ਼ੌਕਤ ਅਹਿਮਦ ਪਰੇ ਨੇ ਕਿਹਾ ਕਿ ਸਿਵਲ ਹਸਪਤਾਲ ਵਿਖੇ ‘ਵਨ ਸਟਾਪ ਸੈਂਟਰ’ ਖੋਲਿਆ ਜਾਵੇਗਾ, ਜਿਸ ਵਿਚ ਯੂ.ਡੀ.ਆਈ.ਡੀ. ਰਜਿਸਟਰੇਸ਼ਨ, ਪ੍ਰੋਸਥੈਟਿਕ ਲਿੰਬਜ਼, ਆਈ.ਕਿਊ. ਟੈਸਟ, ਸਪੀਚ ਥੈਰੇਪੀ ਆਦਿ ਜਿਹੀਆਂ ਸੁਵਿਧਾਵਾਂ ਇਕੋ ਛੱਤ ਥੱਲੇ ਮੁਹੱਈਆ ਕਰਾਈਆਂ ਜਾਣਗੀਆਂ। ਇਸ ਮੌਕੇ ਸਿਵਲ ਹਸਪਤਾਲ ਦੇ ਐਕਸਰੇ ਵਿਭਾਗ ਨੂੰ ਡਿਜ਼ੀਟਲ ਕਰਨ ਸਬੰਧੀ ਮਤਾ ਵੀ ਪਾਸ ਕੀਤਾ ਗਿਆ, ਜਿਸ ਚ ਐਕਸਰੇ ਪ੍ਰੋਸੈਸ ਹੋਣ ਵਿਚ 2 ਮਿੰਟ ਦਾ ਸਮਾਂ ਲੱਗੇਗਾ ਅਤੇ ਰੇਡੀਏਸ਼ਨ ਐਕਸਪੋਜ਼ਰ ਦਾ ਖਤਰਾ 35 ਫੀਸਦੀ ਤੱਕ ਘੱਟ ਜਾਵੇਗਾ। ਇਸ ਦੌਰਾਨ ਉਨ੍ਹਾਂ ਕਿਹਾ ਕਿ ਜੱਚਾ-ਬੱਚਾ ਹਸਪਤਾਲ ਲਈ ਇਕ ਲੈਪਰੋਸਕੋਪੀ ਸਮੇਤ ਹਿਸਟੈਰੋਸਕੋਪੀ ਮਸ਼ੀਨ ਖਰੀਦੀ ਜਾਵੇਗੀ ਜਿਸ ਨਾਲ ਇਸ ਹਸਪਤਾਲ ਵਿਚ ਗਾਇਨੀ ਦੇ ਲੈਪਰੋਸਕੋਪੀ ਅਤੇ ਹਿਸਟੈਰੋਸਕੋਪੀ ਦੇ ਪ੍ਰੋਸੀਜੀਰ ਵੀ ਕੀਤੇ ਜਾ ਸਕਣਗੇ। ਇਹ ਸੁਵਿਧਾ ਆਯੁਸ਼ਮਨ ਭਾਰਤ ਸਕੀਮ ਅਧੀਨ ਵੀ ਮੁਹੱਈਆ ਕਰਾਈ ਜਾਵੇਗੀ। ਉਨ੍ਹਾਂ ਕਿਹਾ ਕਿ ਜ਼ਿਲ੍ਹਾ ਹਸਪਤਾਲ ਚ ਦਾਖਲ ਮਰੀਜ਼ਾਂ ਦੇ ਪਰਿਵਾਰਕ ਮੈਂਬਰਾਂ ਲਈ ਵਧੀਆ ਵੇਟਿੰਗ ਤੇ ਰਿਫਰੈਸ਼ਮੈਂਟ ਏਰੀਆ ਤਿਆਰ ਕੀਤਾ ਜਾ ਰਿਹਾ ਹੈ। ਇਸ ਮੌਕੇ ਉਨ੍ਹਾਂ ਖਾਲੀ ਮੌਜੂਦ ਅਸਾਮੀਆਂ ਦੇ ਵਿਰੁਧ ਆਊਟਸੋਰਸਿੰਗ ਕਰਨ ਦੀ ਸੰਵਿਧਾਨਕ ਮਨਜ਼ੂਰੀ ਵੀ ਦਿੱਤੀ ਗਈ। ਇਸ ਮੌਕੇ ਕਮਿਸ਼ਨਰ ਨਗਰ ਨਿਗਮ ਰਾਹੁਲ, ਏਡੀਸੀ ਜਨਰਲ ਮੈਡਮ ਪੱਲਵੀ, ਏਡੀਸੀ (ਵਿਕਾਸ) ਲਵਜੀਤ ਕਲਸੀ, ਸਿਵਲ ਸਰਜਨ ਡਾ. ਤੇਜਵੰਤ ਸਿੰਘ ਢਿੱਲੋਂ, ਡਿਪਟੀ ਮੈਡੀਕਲ ਕਮਿਸ਼ਨਰ ਡਾ. ਰਮਨ ਸਿੰਗਲਾ, ਸੀਨੀਅਰ ਮੈਡੀਕਲ ਅਫ਼ਸਰ ਡਾ. ਮਨਿੰਦਰਪਾਲ ਸਿੰਘ ਅਤੇ ਡਾ. ਸਤੀਸ਼ ਜਿੰਦਲ ਆਦਿ ਹਾਜ਼ਰ ਸਨ।

ਜੇਲ ਇੰਪਲਾਈ ਪੈਨਸ਼ਨ ਵੈਲਫੇਅਰ ਐਸੋਸੀਏਸ਼ਨ ਨੇ ਕੈਸਟੋਬਾਲ ਦੀ ਖਿਡਾਰਣ ਜੋਤੀ ਦਾ ਕੀਤਾ ਸਨਮਾਨ

0

10 ਹਜ਼ਾਰ ਰੁਪਏ ਦੇ ਨਕਦ ਇਨਾਮ ਦੇ ਨਾਲ ਹਾਰ ਪਹਿਨਾ ਕੇ ਵਧਾਇਆ ਗਿਆ ਹੌਸਲਾ
ਸੁਖਜਿੰਦਰ ਮਾਨ
ਬਠਿੰਡਾ, 14 ਜੁਲਾਈ: ਬਠਿੰਡਾ ਸ਼ਹਿਰ ਦੇ ਵਾਰਡ ਨੰਬਰ 32 ਰਹਿਣ ਵਾਲੀ ਨੌਜਵਾਨ ਖਿਡਾਰਨ ਜੋਤੀ ਦਾ ਜੇਲ ਇੰਪਲਾਈ ਪੈਨਸ਼ਨ ਵੈਲਫ਼ੇਅਰ ਐਸੋਸੀਏਸ਼ਨ ਵੱਲੋਂ ਵਿਸ਼ੇਸ਼ ਸਨਮਾਨ ਕੀਤਾ ਗਿਆ। ਜਿਕਰਯੋਗ ਹੈ ਕਿ ਕੈਸਟੋਬਾਲ ਦੀ ਇਸ ਖਿਡਾਰਣ ਵੱਲੋਂ ਕੌਮਾਂਤਰੀ ਮੁਕਾਬਲੇ ਵਿਚ ਭਾਰਤ ਦੀ ਅਗਵਾਈ ਕਰਦਿਆਂ ਜਿੱਥੇ ਆਪਣਾ, ਆਪਣੇ ਪਰਿਵਾਰ ਦਾ ਨਾਮ ਰੌਸ਼ਨ ਕੀਤਾ ਗਿਆ, ਉਥੇ ਹੀ ਸਮੂਹ ਦੇਸ਼ ਦਾ ਝੰਡਾ ਬੁਲੰਦ ਕੀਤਾ ਗਿਆ। ਕੈਸਟੋਬਾਲ ਦੇ ਅੰਤਰਰਾਸ਼ਟਰੀ ਮੁਕਾਬਲੇ ਵਿਚ ਇਸ ਖਿਡਾਰਣ ਜੋਤੀ ਨੇ ਭਾਰਤ ਅਤੇ ਅਰਜਨਟੀਨਾ ਦੇ ਸੈਮੀ-ਫਾਈਨਲ ਮੁਕਾਬਲੇ ਵਿਚ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ ਆਪਣੇ ਹੁਨਰ ਦਾ ਪ੍ਰਗਟਾਵਾ ਕੀਤਾ ਅਤੇ ਦੇਸ਼ ਲਈ ਦੂਸਰਾ ਸਥਾਨ ਹਾਸਲ ਕੀਤਾ। ਇਸ ਮੌਕੇ ਜੇਲ ਇੰਪਲਾਈ ਪੈਨਸ਼ਨ ਵੈਲਫੇਅਰ ਐਸੋਸੀਏਸ਼ਨ ਵੱਲੋਂ 10 ਹਜ਼ਾਰ ਰੁਪਏ ਦੇ ਨਕਦ ਇਨਾਮ ਦੇ ਨਾਲ ਹਾਰ ਪਹਿਨਾਉਂਦੇ ਹੋਏ ਨੌਜਵਾਨ ਖਿਡਾਰਣ ਦਾ ਹੌਸਲਾ ਵਧਾਉਂਦੇ ਹੋਏ ਭਵਿੱਖ ਵਿਚ ਹੋਰ ਵੀ ਚੰਗੇ ਪ੍ਰਦਰਸ਼ਨ ਲਈ ਸ਼ੁਭਕਾਮਨਾਵਾਂ ਭੇਂਟ ਕੀਤੀਆਂ। ਇਸ ਮੌਕੇ ਜੇਲ੍ਹ ਇੰਪਲਾਈ ਪੈਨਸ਼ਨ ਵੈਲਫੇਅਰ ਐਸੋਸੀਏਸ਼ਨ ਤੋਂ ਰਣਜੀਤ ਸਿੰਘ ਮੰਡੇਰ ਸਰਪ੍ਰਸਤ, ਕੁਲਵੰਤ ਸਿੰਘ ਪ੍ਰਧਾਨ, ਕੈਲਾਸ਼ ਕੁਮਾਰ ਮੀਤ ਪ੍ਰਧਾਨ, ਹਰਪਾਲ ਸਿੰਘ ਵਾਲੀਆ ਕੈਸ਼ੀਅਰ, ਸੁਰਿੰਦਰਪਾਲ ਸਿੰਘ ਜਨਰਲ ਸੈਕਟਰੀ, ਗੁਰਮੇਲ ਸਿੰਘ ਰਾਜਪਾਲ ਅਤੇ ਸੁਰਜੀਤ ਸਿੰਘ ਮੈਂਬਰ ਹਾਜ਼ਰ ਸਨ। ਸਮੂਹ ਮੈਂਬਰਾਂ ਵਲੋਂ ਨੌਜਵਾਨ ਖਿਡਾਰਣ ਆਪਣਾ ਅਸ਼ੀਰਵਾਦ ਦਿੰਦੇ ਹੋਏ ਉਸ ਦੇ ਭਵਿੱਖ ਚੰਗੇ ਭਵਿੱਖ ਦੀ ਕਾਮਨਾ ਕਰਦਿਆਂ ਦੁਆਵਾਂ ਦਿੱਤੀਆਂ ਗਈਆਂ ਅਤੇ ਹਰ ਪ੍ਰਕਾਰ ਦੇ ਸਹਿਯੋਗ ਦੇਣ ਦੇ ਲਈ ਕਿਹਾ ਗਿਆ। ਮੈਂਬਰਾਂ ਵਲੋਂ ਵਾਹਿਗੁਰੂ ਅੱਗੇ ਅਰਦਾਸ ਕੀਤੀ ਗਈ ਕਿ ਇਹ ਇਸ ਖਿਡਾਰਣ ਨੂੰ ਚੰਗੀ ਸਿਹਤ ਦੇ ਨਾਲ-ਨਾਲ ਵਧੀਆ ਖੇਡ ਪ੍ਰਦਰਸ਼ਨ ਕਰਨ ਦੇ ਲਈ ਵੀ ਹੋਰ ਵੀ ਬਲ ਮਿਲੇ ਅਤੇ ਅਤੇ ਉਹ ਬਠਿੰਡਾ ਸ਼ਹਿਰ, ਪੰਜਾਬ ਅਤੇ ਪੂਰੇ ਭਾਰਤ ਮੁਲਕ ਦਾ ਨਾਮ ਹੋਰ ਵੀ ਉਚਾਈਆਂ ’ਤੇ ਲੈ ਕੇ ਜਾਵੇ।

ਹੁਣ ਮੈਂ ਹੜ੍ਹ ਪ੍ਰਭਾਵਿਤ ਲੋਕਾਂ ਦੀ ਸਾਰ ਲੈ ਰਿਹਾਂ, ਢੁਕਵਾਂ ਸਮਾਂ ਆਉਣ ’ਤੇ ਤੁਹਾਨੂੰ ਜਵਾਬ ਦੇਵਾਂਗਾ-ਮੁੱਖ ਮੰਤਰੀ ਵੱਲੋਂ ਵਿਰੋਧੀਆਂ ਦੇ ਦੋਸ਼ਾਂ ’ਤੇ ਪ੍ਰਤੀਕਿਰਿਆ ਜ਼ਾਹਰ

0

ਨਿਕੰਮੇ ਅਤੇ ਨਾਕਾਰੇ ਹੋਏ ਵਿਰੋਧੀਆਂ ਵੱਲੋਂ ਕੁਦਰਤੀ ਆਫ਼ਤ ਉਤੇ ਸਿਆਸਤ ਖੇਡਣ ਦੀ ਸਖ਼ਤ ਨਿਖੇਧੀ
ਕੇਂਦਰ ਅੱਗੇ ਹੱਥ ਅੱਡ ਕੇ ਵਿੱਤੀ ਸਹਾਇਤਾ ਨਹੀਂ ਮੰਗੇਗਾ ਪੰਜਾਬ
ਪਾਣੀਆਂ ਉਤੇ ਹਿੱਸਾ ਮੰਗਣ ਵਾਲੇ ਹਿਮਾਚਲ ਪ੍ਰਦੇਸ਼ ਅਤੇ ਹਰਿਆਣਾ ਵੱਲੋਂ ਹੁਣ ਚੁੱਪ ਧਾਰ ਲੈਣਾ ਹੈਰਾਨੀਜਨਕ -ਮੁੱਖ ਮੰਤਰੀ
ਪੰਜਾਬੀ ਖ਼ਬਰਸਾਰ ਬਿਉਰੋ
ਪਟਿਆਲਾ, 13 ਜੁਲਾਈ: ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਅੱਜ ਕੁਦਰਤੀ ਆਫ਼ਤ ਉਤੇ ਸਿਆਸਤ ਖੇਡਣ ਲਈ ਵਿਰੋਧੀ ਧਿਰਾਂ ’ਤੇ ਤਿੱਖਾ ਨਿਸ਼ਾਨਾ ਸਾਧਦਿਆਂ ਆਖਿਆ ਕਿ ਇਸ ਵੇਲੇ ਉਹ ਪੰਜਾਬੀਆਂ ਨੂੰ ਫੌਰੀ ਰਾਹਤ ਪਹੁੰਚਾਉਣ ਵਿੱਚ ਰੁੱਝੇ ਹੋਏ ਹਨ ਅਤੇ ਢੁਕਵਾਂ ਸਮਾਂ ਆਉਣ ਉਤੇ ਵਿਰੋਧੀਆਂ ਦੇ ਬਿਆਨਾਂ ਦਾ ਮੂੰਹ ਤੋੜਵਾਂ ਜਵਾਬ ਦਿੱਤਾ ਜਾਵੇਗਾ।ਅੱਜ ਪਟਿਆਲਾ ਜ਼ਿਲ੍ਹੇ ਦੇ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਦੌਰਾ ਕਰਨ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਮੁੱਖ ਮੰਤਰੀ ਨੇ ਕਿਹਾ, “ਮੈਂ ਵਾਅਦਾ ਕਰਦਾ ਹਾਂ ਕਿ ਕੁਝ ਦਿਨਾਂ ਬਾਅਦ ਤੁਹਾਡੇ ਸਵਾਲਾਂ ਦਾ ਤੁਹਾਨੂੰ ਠੋਕਵਾਂ ਜਵਾਬ ਦੇਵਾਂਗਾ ਪਰ ਤੁਸੀਂ ਉਸ ਵੇਲੇ ਲੋਕ ਮਸਲਿਆਂ ਉਤੇ ਗੱਲ ਕਰਨ ਤੋਂ ਵੀ ਭੱਜ ਜਾਣਾ ਹੈ।” ਮੁੱਖ ਮੰਤਰੀ ਨੇ ਕਿਹਾ ਕਿ ਇਹ ਕਿੰਨੀ ਹੈਰਾਨੀ ਦੀ ਗੱਲ ਹੈ ਕਿ ਜਦੋਂ ਉਹ (ਮੁੱਖ ਮੰਤਰੀ) ਹੜ੍ਹਾਂ ਤੋਂ ਪ੍ਰਭਾਵਿਤ ਪੰਜਾਬੀਆਂ ਦੀ ਬਾਂਹ ਫੜ ਰਹੇ ਹਨ ਤਾਂ ਉਸ ਮੌਕੇ ਵਿਰੋਧੀ ਧਿਰਾਂ ਇਸ ਸੰਵੇਦਨਸ਼ੀਲ ਮੌਕੇ ਉਤੇ ਸਿਆਸਤ ਖੇਡ ਰਹੀਆਂ ਹਨ। ਉਨ੍ਹਾਂ ਕਿਹਾ ਕਿ ਇਹ ਬਹੁਤ ਸ਼ਰਮਨਾਕ ਗੱਲ ਹੈ ਕਿ ਵਿਰੋਧੀ ਨੇਤਾ ਏਨੇ ਨੀਵੇਂ ਪੱਧਰ ਉਤੇ ਡਿੱਗ ਚੁੱਕੇ ਹਨ ਕਿ ਸੰਕਟ ਦੀ ਇਸ ਘੜੀ ਵਿਚ ਦੂਸ਼ਣਬਾਜ਼ੀ ਕਰਨ ਤੋਂ ਬਾਜ਼ ਨਹੀਂ ਆਉਂਦੇ। ਭਗਵੰਤ ਮਾਨ ਨੇ ਕਿਹਾ ਕਿ ਜਦੋਂ ਸੂਬੇ ਦੇ ਲੋਕਾਂ ਦੀ ਸੁਰੱਖਿਆ ਨੂੰ ਯਕੀਨੀ ਬਣਾ ਲਿਆ ਗਿਆ ਤਾਂ ਉਸ ਵੇਲੇ ਉਹ ਨਿਕੰਮੇ ਤੇ ਨਾਕਾਰੇ ਹੋਏ ਸਿਆਸੀ ਵਿਰੋਧੀਆਂ ਨੂੰ ਢੁਕਵਾਂ ਜਵਾਬ ਦੇਣਗੇ।ਮੁੱਖ ਮੰਤਰੀ ਨੇ ਵਿਰੋਧੀਆਂ ਨੂੰ ਚੁਣੌਤੀ ਦਿੰਦਿਆਂ ਕਿਹਾ, “ਕੀ ਮੇਰੇ ਕਰਕੇ ਮੀਂਹ ਪਿਆ ਹੈ ਜਾਂ ਪਹਾੜਾਂ ਤੋਂ ਸੂਬੇ ਵਿਚ ਪਾਣੀ ਦਾ ਮੂੰਹ ਜ਼ੋਰ ਵਹਾਅ ਹੋਣ ਲਈ ਵੀ ਮੈਂ ਜ਼ਿੰਮੇਵਾਰ ਹਾਂ। ਤੁਸੀਂ ਸਿਰਫ ਸਿਆਸਤ ਖੇਡਣ ਲਈ ਮੇਰੀ ਆਲੋਚਨਾ ਕਰ ਰਹੇ ਪਰ ਪੰਜਾਬ ਦੇ ਲੋਕ ਤਹਾਨੂੰ ਮੁਆਫ ਨਹੀਂ ਕਰਨਗੇ।”ਮੁੱਖ ਮੰਤਰੀ ਨੇ ਕਿਹਾ ਕਿ ਇਨ੍ਹਾਂ ਨੇਤਾਵਾਂ ਨੇ ਕਦੇ ਵੀ ਪੰਜਾਬ ਦੀ ਪ੍ਰਵਾਹ ਨਹੀਂ ਕੀਤੀ ਸਗੋਂ ਇਸ ਵੇਲੇ ਜਦੋਂ ਪੰਜਾਬੀ ਸੰਕਟ ਵਿਚ ਹਨ ਤਾਂ ਉਸ ਵੇਲੇ ਵੀ ਇਹ ਲੋਕ ਸਿਆਸੀ ਲਾਹਾ ਖੱਟਣ ਲਈ ਹੱਥ-ਪੈਰ ਮਾਰ ਰਹੇ ਹਨ। ਮੁੱਖ ਮੰਤਰੀ ਨੇ ਕਿਹਾ ਕਿ ਜਿਹੜੇ ਲੋਕ ਇਹ ਫੜ੍ਹਾਂ ਮਾਰ ਰਹੇ ਹਨ ਕਿ ਕੇਂਦਰ ਨੇ 218 ਕਰੋੜ ਰੁਪਏ ਜਾਰੀ ਕੀਤੇ ਹਨ, ਉਨ੍ਹਾਂ ਨੂੰ ਇਹ ਯਾਦ ਰੱਖਣਾ ਚਾਹੀਦਾ ਹੈ ਕਿ ਇਹ ਫੰਡ ਲੰਘੀ 10 ਜੁਲਾਈ ਨੂੰ ਜਾਰੀ ਕੀਤੇ ਗਏ ਹਨ। ਉਨ੍ਹਾਂ ਕਿਹਾ ਕਿ ਸੂਬਾ ਸਰਕਾਰ ਇਹ ਰਕਮ 72 ਘੰਟਿਆਂ ਵਿੱਚ ਖਰਚ ਨਹੀਂ ਕਰ ਸਕਦੀ ਕਿਉਂਕਿ ਘੱਟ ਤੋਂ ਘੱਟ ਨੁਕਸਾਨ ਲਈ ਸਰਕਾਰ ਨੇ ਪਹਿਲਾਂ ਹੀ ਲੋੜੀਂਦੇ ਉਪਰਾਲੇ ਕੀਤੇ ਸਨ। ਭਗਵੰਤ ਮਾਨ ਨੇ ਕਿਹਾ ਕਿ ਘੱਗਰ ਦੀ ਸਫਾਈ ਵੀ ਸੂਬੇ ਦੇ ਬਾਕੀ ਸੇਮ-ਨਾਲਿਆਂ ਵਾਂਗ ਚੰਗੀ ਤਰ੍ਹਾਂ ਕੀਤੀ ਗਈ ਸੀ।ਮੁੱਖ ਮੰਤਰੀ ਨੇ ਕਿਹਾ ਕਿ ਸੂਬਾ ਕੇਂਦਰ ਸਰਕਾਰ ਤੋਂ ਵਿੱਤੀ ਸਹਾਇਤਾ ਦੀ ਭੀਖ ਨਹੀਂ ਮੰਗੇਗਾ ਪਰ ਉਨ੍ਹਾਂ ਨੂੰ ਹੜ੍ਹਾਂ ਨਾਲ ਹੋਏ ਨੁਕਸਾਨ ਦੇ ਅਨੁਮਾਨ ਦੀ ਰਿਪੋਰਟ ਜ਼ਰੂਰ ਭੇਜੇਗਾ। ਉਨ੍ਹਾਂ ਕਿਹਾ ਕਿ ਹੜ੍ਹਾਂ ਕਾਰਨ ਸੂਬੇ ਵਿੱਚ ਭਾਰੀ ਨੁਕਸਾਨ ਹੋਇਆ ਹੈ ਅਤੇ ਆਉਣ ਵਾਲੇ ਦਿਨਾਂ ਵਿੱਚ ਇਸ ਦਾ ਮੁਲਾਂਕਣ ਕੀਤਾ ਜਾਵੇਗਾ। ਭਗਵੰਤ ਮਾਨ ਨੇ ਕਿਹਾ ਕਿ ਜੇਕਰ ਕੇਂਦਰ ਸੂਬੇ ਦੀ ਮਦਦ ਕਰੇਗਾ ਤਾਂ ਠੀਕ ਹੈ ਨਹੀਂ ਤਾਂ ਸੂਬਾ ਖੁਦ ਇਸ ਦਾ ਪ੍ਰਬੰਧ ਕਰਨ ਦੇ ਸਮਰੱਥ ਹੈ।ਮੁੱਖ ਮੰਤਰੀ ਨੇ ਕਿਹਾ ਕਿ ਨਹਿਰਾਂ ਤੇ ਖਾਲਿਆਂ ਦੀ ਅਗਾਊਂ ਸਫ਼ਾਈ ਕਰਨ ਕਰਕੇ ਇਸ ਵਾਰ ਪਾਣੀ ਟੇਲਾਂ ਤੱਕ ਪਹੁੰਚ ਗਿਆ ਸੀ ਉਨ੍ਹਾਂ ਕਿਹਾ ਕਿ ਹੁਣ ਵੀ ਇਨ੍ਹਾਂ ਨਾਲਿਆਂ ਅਤੇ ਖਾਲਿਆਂ ਦੀ ਰਾਹੀਂ ਪਾਣੀ ਜਾ ਰਿਹਾ ਹੈ ਜਿਸ ਨਾਲ ਨੁਕਸਾਨ ਘੱਟ ਹੁੰਦਾ ਹੈ। ਉਂਜ, ਭਗਵੰਤ ਮਾਨ ਨੇ ਕਿਹਾ ਕਿ ਪੰਜਾਬ ਅਤੇ ਗੁਆਂਢੀ ਪਹਾੜੀ ਸੂਬੇ ਵਿੱਚ ਲਗਾਤਾਰ ਮੀਂਹ ਨੇ ਪੰਜਾਬ ਵਿੱਚ ਤਬਾਹੀ ਮਚਾਈ ਹੋਈ ਹੈ ਪਰ ਸੂਬਾ ਸਰਕਾਰ ਸੰਕਟ ਦੀ ਇਸ ਘੜੀ ਵਿੱਚ ਲੋਕਾਂ ਦੀ ਹਰ ਤਰ੍ਹਾਂ ਨਾਲ ਮਦਦ ਯਕੀਨੀ ਬਣਾ ਰਹੀ ਹੈ।ਮੁੱਖ ਮੰਤਰੀ ਨੇ ਕਿਹਾ ਕਿ ਭਾਵੇਂ ਪੰਜਾਬ ਵਿੱਚ ਮੀਂਹ ਘੱਟ ਪਿਆ ਹੈ ਪਰ ਪਹਾੜਾਂ ਤੋਂ ਬਹੁਤ ਸਾਰਾ ਪਾਣੀ ਹੇਠਾਂ ਵੱਲ ਆਇਆ ਹੈ ਅਤੇ ਪੰਜਾਬ ਨੂੰ ਕਾਫੀ ਪ੍ਰਭਾਵਿਤ ਕੀਤਾ ਹੈ। ਭਗਵੰਤ ਮਾਨ ਨੇ ਕਿਹਾ, “ਪੰਜਾਬੀਆਂ ਨੂੰ ਹਰ ਔਕੜ ਵਿਚ ਚੜ੍ਹਦੀ ਕਲਾ ’ਚ ਰਹਿਣ ਦੀ ਬਖਸ਼ਿਸ਼ ਹਾਸਲ ਹੈ, ਜਿਸ ਕਰਕੇ ਉਹ ਸਦੀਆਂ ਤੋਂ ਕਾਇਮ ਹਨ। ਇਸ ਔਖੀ ਘੜੀ ਵਿਚ ਪੰਜਾਬੀਆਂ ਨੇ ਇਕ-ਦੂਜੇ ਦੀ ਮਦਦ ਕਰਕੇ ਭਾਈਚਾਰਕ ਸਾਂਝ ਅਤੇ ਸਦਭਾਵਨਾ ਦੀ ਨਿਵੇਕਲੀ ਮਿਸਾਲ ਦਾ ਪ੍ਰਗਟਾਵਾ ਕੀਤਾ ਹੈ।”ਮੁੱਖ ਮੰਤਰੀ ਨੇ ਕਿਹਾ ਕਿ ਹਿਮਾਚਲ ਪ੍ਰਦੇਸ਼ ਅਤੇ ਹਰਿਆਣਾ ਵਰਗੇ ਸੂਬੇ ਹਮੇਸ਼ਾ ਹੀ ਪੰਜਾਬ ਤੋਂ ਪਾਣੀ ਅਤੇ ਸੈੱਸ ਦੀ ਮੰਗ ਕਰਦੇ ਹਨ ਜਦਕਿ ਹੁਣ ਉਹ ਵੱਧ ਪਾਣੀ ਆਪਣੇ ਕੋਲ ਰੱਖਣ ਲਈ ਤਿਆਰ ਨਹੀਂ ਹਨ। ਉਨ੍ਹਾਂ ਕਿਹਾ ਕਿ ਇਹ ਸੂਬੇ ਆਪਣਾ ਵਾਧੂ ਪਾਣੀ ਸੂਬੇ ਵੱਲ ਵਹਾਅ ਰਹੇ ਹਨ, ਜਿਸ ਨਾਲ ਪੰਜਾਬ ਦਾ ਵੱਡਾ ਨੁਕਸਾਨ ਹੋ ਰਿਹਾ ਹੈ। ਭਗਵੰਤ ਮਾਨ ਨੇ ਕਿਹਾ ਕਿ ਇਹ ਹੈਰਾਨੀ ਦੀ ਗੱਲ ਹੈ ਕਿ ਹੁਣ ਇਹ ਸੂਬੇ ਪੰਜਾਬ ਤੋਂ ਆਪਣੇ ਹਿੱਸੇ ਦੇ ਪਾਣੀਆਂ ’ਤੇ ਪੂਰੀ ਤਰ੍ਹਾਂ ਚੁੱਪ ਹਨ ਅਤੇ ਸੂਬੇ ਨੂੰ ਬਰਬਾਦ ਕਰਨ ਲਈ ਵਾਧੂ ਪਾਣੀ ਸਾਡੇ ਵੱਲ ਭੇਜ ਰਹੇ ਹਨ। ਮੁੱਖ ਮੰਤਰੀ ਨੇ ਕਿਹਾ ਕਿ ਉਹ ਸੂਬਾ ਭਰ ਵਿਚ ਹਰ ਪਲ ਸਥਿਤੀ ’ਤੇ ਨਜ਼ਰ ਰੱਖ ਰਹੇ ਹਨ ਅਤੇ ਪ੍ਰਭਾਵਿਤ ਇਲਾਕਿਆਂ ਵਿਚ ਤਾਇਨਾਤ ਅਧਿਕਾਰੀਆਂ ਪਾਸੋਂ ਜਾਣਕਾਰੀ ਵੀ ਹਾਸਲ ਕਰ ਰਹੇ ਹਨ। ਭਗਵੰਤ ਮਾਨ ਨੇ ਕਿਹਾ ਕਿ ਇਸ ਔਖੀ ਘੜੀ ਵਿੱਚ ਲੋਕਾਂ ਦੀ ਮਦਦ ਕਰਨਾ ਸੂਬਾ ਸਰਕਾਰ ਦਾ ਫਰਜ਼ ਹੈ ਅਤੇ ਇਸ ਨੇਕ ਕਾਰਜ ਲਈ ਕੋਈ ਕਸਰ ਬਾਕੀ ਨਹੀਂ ਛੱਡੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਸੂਬੇ ਦੇ ਦੂਰ-ਦੁਰਾਡੇ ਦੇ ਇਲਾਕਿਆਂ ਵਿੱਚ ਹਰੇਕ ਵਿਅਕਤੀ ਤੱਕ ਸਹਾਇਤਾ ਮੁਹੱਈਆ ਕਰਵਾਈ ਜਾ ਰਹੀ ਹੈ।ਮੁੱਖ ਮੰਤਰੀ ਨੇ ਕਿਹਾ ਕਿ ਸੂਬੇ ਦੇ ਸਭ ਤੋਂ ਵੱਧ ਪ੍ਰਭਾਵਿਤ ਖੇਤਰਾਂ ਵਿੱਚ ਰਾਹਤ ਨੂੰ ਯਕੀਨੀ ਬਣਾਉਣ ਲਈ ਵਿਸ਼ੇਸ਼ ਜ਼ੋਰ ਦਿੱਤਾ ਜਾ ਰਿਹਾ ਹੈ ਤਾਂ ਜੋ ਲੋਕਾਂ ਨੂੰ ਕਿਸੇ ਕਿਸਮ ਦੀ ਦਿੱਕਤ ਦਾ ਸਾਹਮਣਾ ਨਾ ਕਰਨਾ ਪਵੇ। ਭਗਵੰਤ ਮਾਨ ਨੇ ਕਿਹਾ ਕਿ ਸੂਬੇ ਦੇ ਬੁਰੀ ਤਰ੍ਹਾਂ ਪ੍ਰਭਾਵਿਤ ਇਲਾਕਿਆਂ ਵਿੱਚ ਬਚਾਅ ਅਤੇ ਰਾਹਤ ਕਾਰਜਾਂ ਨੂੰ ਨੇਪਰੇ ਚਾੜ੍ਹਨ ਨੂੰ ਪਹਿਲ ਦਿੱਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਸੂਬੇ ਦੇ ਸਾਰੇ ਡੈਮ ਸੁਰੱਖਿਅਤ ਹਨ ਅਤੇ ਪਾਣੀ ਖਤਰੇ ਦੇ ਨਿਸ਼ਾਨ ਤੋਂ ਹੇਠਾਂ ਵਹਿ ਰਿਹਾ ਹੈ।ਇਸ ਮੌਕੇ ’ਤੇ ਮੁੱਖ ਮੰਤਰੀ ਦੇ ਵਧੀਕ ਮੁੱਖ ਸਕੱਤਰ ਏ. ਵੇਣੂੰ ਪ੍ਰਸਾਦ ਅਤੇ ਹੋਰ ਅਧਿਕਾਰੀ ਹਾਜ਼ਰ ਸਨ।

ਪੰਜਾਬ ਸਰਕਾਰ ਦਾ ਵੱਡਾ ਫੈਸਲਾ: ਹੁਣ ਮੁਲਾਜਮਾਂ ਦੇ ਮੈਡੀਕਲ ਬਿਲਾਂ ਦੀ ਸਿਵਲ ਸਰਜਨਾਂ ਵੱਲੋਂ ਦਿੱਤੀ ਜਾਂਦੀ ਪ੍ਰਵਾਨਗੀ ਤੇ ਤਸਦੀਕ ਦੀ ਹੱਦ ਕੀਤੀ ਦੁੱਗਣੀ

ਫੈਸਲੇ ਨਾਲ ਪੰਜਾਬ ਸਰਕਾਰ ਦੇ ਅਧਿਕਾਰੀਆਂ ਤੇ ਕਰਮਚਾਰੀਆਂ ਨੂੰ ਮਿਲੇਗੀ ਵੱਡੀ ਰਾਹਤ, ਮੈਡੀਕਲ ਬਿੱਲਾਂ ਦੇ ਨਿਪਟਾਰੇ ਵਿੱਚ ਆਵੇਗੀ ਤੇਜੀ: ਹਰਪਾਲ ਸਿੰਘ ਚੀਮਾ
ਪੰਜਾਬੀ ਖ਼ਬਰਸਾਰ ਬਿਉਰੋ
ਚੰਡੀਗੜ੍ਹ, 13 ਜੁਲਾਈ: ਪੰਜਾਬ ਦੇ ਵਿੱਤ ਮੰਤਰੀ ਐਡਵੋਕੇਟ ਹਰਪਾਲ ਸਿੰਘ ਚੀਮਾ ਨੇ ਅੱਜ ਇਥੇ ਕਿਹਾ ਕਿ ਵਿੱਤ ਵਿਭਾਗ ਨੇ ਪੰਜਾਬ ਸਰਕਾਰ ਦੇ ਕਰਮਚਾਰੀਆਂ ਦੇ ਮੈਡੀਕਲ ਬਿੱਲਾਂ ਦੇ ਜਲਦੀ ਨਿਪਟਾਰੇ ਨੂੰ ਯਕੀਨੀ ਬਣਾਉਣ ਲਈ ਸਿਵਲ ਸਰਜਨ ਰਾਹੀਂ ਮੈਡੀਕਲ ਬਿੱਲਾਂ ਦੀ ਕਾਰਜਬਾਦ ਪ੍ਰਵਾਨਗੀ ਅਤੇ ਤਸਦੀਕ ਸੀਮਾ ਨੂੰ ਦੁੱਗਣਾ ਕਰਨ ਦਾ ਫੈਸਲਾ ਕੀਤਾ ਹੈ। ਉਨ੍ਹਾਂ ਕਿਹਾ ਕਿ ਇਸ ਫੈਸਲੇ ਨਾਲ ਰਾਜ ਦੇ ਸਾਰੇ ਸਿਵਲ ਸਰਜਨਾਂ ਨੂੰ ਪੰਜਾਬ ਅਤੇ ਚੰਡੀਗੜ੍ਹ ਦੇ ਨਿੱਜੀ ਹਸਪਤਾਲਾਂ ਵਿੱਚ ਇਲਾਜ ਕਰਵਾਉਣ ਲਈ ਪੰਜਾਬ ਸਰਕਾਰ ਦੇ ਮੁਲਾਜ਼ਮਾਂ ਵੱਲੋਂ ਉਠਾਏ ਗਏ 1 ਲੱਖ ਰੁਪਏ ਤੱਕ ਦੇ ਮੈਡੀਕਲ ਬਿੱਲਾਂ ਦੀ ਤਸਦੀਕ ਕਰਨ ਅਤੇ ਕਾਰਜਬਾਦ ਪ੍ਰਵਾਨਗੀ ਦੇਣ ਦਾ ਅਧਿਕਾਰ ਹੋਵੇਗਾ।ਇਥੇ ਜਾਰੀ ਇੱਕ ਪ੍ਰੈਸ ਬਿਆਨ ਰਾਹੀਂ ਇਹ ਜਾਣਕਾਰੀ ਦਿੰਦਿਆਂ ਵਿੱਤ ਮੰਤਰੀ ਸ. ਹਰਪਾਲ ਸਿੰਘ ਚੀਮਾ ਨੇ ਦੱਸਿਆ ਕਿ ਪੰਜਾਬ ਸਰਕਾਰ ਦੇ ਅਧਿਕਾਰੀਆਂ ਅਤੇ ਕਰਮਚਾਰੀਆਂ ਨੂੰ ਆਪਣੇ ਮੈਡੀਕਲ ਬਿੱਲਾਂ ਦੇ ਨਿਪਟਾਰੇ ਵਿੱਚ ਆ ਰਹੀਆਂ ਦਿੱਕਤਾਂ ਨੂੰ ਮੁੱਖ ਰੱਖਦੇ ਹੋਏ ਵਿੱਤ ਵਿਭਾਗ ਨੇ ਸੂਬੇ ਦੇ ਸਿਹਤ ਤੇ ਪਰਿਵਾਰ ਭਲਾਈ ਵਿਭਾਗ ਵੱਲੋਂ ਭੇਜੀ ਗਈ ਤਜਵੀਜ ਨੂੰ ਮੰਨਜੂਰੀ ਦੇ ਦਿੱਤੀ ਹੈ। । ਉਨ੍ਹਾਂ ਕਿਹਾ ਕਿ ਮੈਡੀਕਲ ਬਿੱਲਾਂ ਦੇ ਨਿਪਟਾਰੇ ਸਬੰਧੀ ਪ੍ਰਕ੍ਰਿਆ ਦੇ ਵਿਕੇਂਦਰੀਕਰਨ ਨੂੰ ਹੋਰ ਮਜ਼ਬੂਤ ਕਰਨ ਲਈ ਲਏ ਗਏ ਇਸ ਫੈਸਲੇ ਨਾਲ ਮੈਡੀਕਲ ਕਲੇਮਾਂ, ਬਿੱਲਾਂ ਦੀ ਪ੍ਰਤੀ-ਪੂਰਤੀ ਅਤੇ ਨਿਪਟਾਰੇ ਵਿੱਚ ਤੇਜੀ ਆਵੇਗੀ। ਹਰਪਾਲ ਸਿੰਘ ਚੀਮਾ ਨੇ ਅੱਗੇ ਦੱਸਿਆ ਕਿ ਸਾਲ 2010 ਵਿੱਚ ਵਿੱਤ ਵਿਭਾਗ ਵੱਲੋਂ ਨਿੱਜੀ ਹਸਪਤਾਲਾਂ ਦੇ 25000 ਹਜਾਰ ਰੁਪਏ ਤੱਕ ਦੇ ਮੈਡੀਕਲ ਬਿੱਲਾਂ ਦੇ ਅਧਿਕਾਰ ਸਿਵਲ ਸਰਜਨਾਂ ਨੂੰ ਦਿੱਤੇ ਜਾਣ ਨੂੰ ਪ੍ਰਵਾਨਗੀ ਦਿੱਤੀ ਗਈ ਸੀ ਪਰ ਇਸ ਤੋਂ ਬਾਅਦ ਇਲਾਜ ਦੀਆਂ ਕੀਮਤਾਂ ਵਿੱਚ ਹੋਏ ਵਾਧੇ ਨੂੰ ਦੇਖਦਿਆਂ ਕਿਸੇ ਨੇ ਵੀ ਮੁਲਾਜ਼ਮਾਂ ਦੇ ਹਿੱਤ ਵਿੱਚ ਇਸ ਹੱਦ ਨੂੰ ਵਧਾਉਣ ਸਬੰਧੀ ਕੋਈ ਫੈਸਲਾ ਨਹੀਂ ਲਿਆ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਸ. ਭਗਵੰਤ ਮਾਨ ਦੀ ਅਗਵਾਈ ਵਾਲੀ ਸਰਕਾਰ ਦੇ ਗਠਨ ਉਪਰੰਤ 12 ਸਾਲ ਬਾਅਦ ਮਈ 2022 ਵਿੱਚ ਹੀ ਇਸ ਹੱਦ ਨੂੰ ਦੁੱਗਣਾ ਕਰਦਿਆਂ ਨਿੱਜੀ ਹਸਪਤਾਲਾਂ ਦੇ ਇਲਾਜ ਦੇ 50,000 ਰੁਪਏ ਤੱਕ ਦੇ ਮੈਡੀਕਲ ਬਿੱਲਾਂ ਦੇ ਅਧਿਕਾਰ ਸਿਵਲ ਸਰਜਨਾਂ ਨੂੰ ਦਿੱਤੇ ਗਏ ਅਤੇ ਇਸ ਤੋਂ ਵੱਧ ਦੇ ਮੈਡੀਕਲ ਬਿੱਲਾਂ ਦੀ ਕਾਰਜਬਾਦ ਮੰਨਜੂਰੀ ਡਾਇਰੈਕਟਰ, ਸਿਹਤ ਤੇ ਪਰਿਵਾਰ ਭਲਾਈ ਵੱਲੋਂ ਕਰਨ ਦੀ ਵਿਵਸਥਾ ਕੀਤੀ ਗਈ।ਵਿੱਤ ਮੰਤਰੀ ਨੇ ਕਿਹਾ ਕਿ ਬੀਤੇ ਵਰ੍ਹੇ ਮੈਡੀਕਲ ਬਿੱਲਾਂ ਦੀ ਸਿਵਲ ਸਰਜਨ ਰਾਹੀਂ ਕਾਰਜ਼ਬਾਦ ਪ੍ਰਵਾਨਗੀ ਅਤੇ ਵੈਰੀਫਿਕੇਸ਼ਨ ਦੀ ਹੱਦ ਨੂੰ ਦੁੱਗਣਾ ਕਰਨ ਦੇ ਬਾਵਜੂਦ ਡਾਇਰੈਕਟਰ, ਸਿਹਤ ਤੇ ਪਰਿਵਾਰ ਭਲਾਈ ਦੇ ਦਫਤਰ ਵਿਖੇ ਮੈਡੀਕਲ ਬਿੱਲਾਂ ਦੀ ਪੈਡੈਂਸੀ ਵੱਧਦੀ ਜਾ ਰਹੀ ਸੀ, ਜਿਸ ਕਾਰਨ ਪੰਜਾਬ ਸਰਕਾਰ ਦੇ ਮੁਲਾਜ਼ਮਾਂ ਨੂੰ ਅਜੇ ਵੀ ਆਪਣੇ ਬਿੱਲ ਸਮੇਂ ਸਿਰ ਨਾ ਕਲੀਅਰ ਹੋਣ ਕਾਰਨ ਮੁਸ਼ਕਲ ਦਾ ਸਾਹਮਣਾ ਕਰਨਾ ਪੈ ਰਿਹਾ ਸੀ। ਉਨ੍ਹਾਂ ਕਿਹਾ ਕਿ ਹੁਣ ਇਹ ਹੱਦ 50000 ਰੁਪਏ ਤੋਂ ਦੁੱਗਣੀ ਕਰਕੇ 1 ਲੱਖ ਰੁਪਏ ਕਰਨ ਨਾਲ ਸਮੁੱਚੀ ਪ੍ਰਕ੍ਰਿਆ ਵਿੱਚ ਤੇਜੀ ਆਵੇਗੀ।ਮੁੱਖ ਮੰਤਰੀ ਸ. ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਦੀ ਆਪਣੇ ਮੁਲਾਜ਼ਮਾਂ ਦੀ ਭਲਾਈ ਪ੍ਰਤੀ ਵਚਨਬੱਧਤਾ ਨੂੰ ਦੁਹਰਾਉਂਦਿਆਂ ਵਿੱਤ ਮੰਤਰੀ ਸ. ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਸਰਕਾਰ ਵੱਲੋਂ ਮੁਲਾਜ਼ਮਾਂ ਨੂੰ ਕੰਮਕਾਜ ਦੌਰਾਨ ਲੋੜੀਂਦੀਆਂ ਸਹੂਲਤਾਂ ਮੁਹੱਈਆ ਕਰਵਾਉਣ ਦੇ ਨਾਲ-ਨਾਲ ਉਨ੍ਹਾਂ ਦੇ ਜੀਵਨ ਪੱਧਰ ਨੂੰ ਉੱਚਾ ਚੁੱਕਣ ਲਈ ਹਰ ਸੰਭਵ ਕੋਸ਼ਿਸ਼ ਕੀਤੀ ਜਾ ਰਹੀ ਹੈ। ਉਨ੍ਹਾਂ ਰਾਜ ਦੇ ਮੁਲਾਜਮਾਂ ਨੂੰ ਅਪੀਲ ਕੀਤੀ ਕਿ ਉਹ ਆਪਣੀਆਂ ਸੇਵਾਵਾਂ ਇਮਾਨਦਾਰੀ, ਤਨਦੇਹੀ ਅਤੇ ਸੁਹਿਦਰਤਾ ਨਾਲ ਨਿਭਾਉਂਦਿਆਂ ਇਸ ਸੂਬੇ ਨੂੰ ਮੁੜ ਰੰਗਲਾ ਪੰਜਾਬ ਬਨਾਉਣ ਵਿੱਚ ਆਪਣਾ ਬਣਦਾ ਯੋਗਦਾਨ ਪਾਉਣ।