ਸੁਖਜਿੰਦਰ ਮਾਨ
ਬਠਿੰਡਾ, 26 ਮਈ: ਅੱਜ ਸਵੇਰੇ ਸਥਾਨਕ ਪੁਲਿਸ ਪ੍ਰਸ਼ਾਸਨ ਨੂੰ ਉਸ ਸਮੇਂ ਹੱਥਾਂ ਪੈਰਾਂ ਦੀ ਪੈ ਗਈ, ਜਿੱਥੇ ਜ਼ਿਲ੍ਹੇ ਦੇ ਪਿੰਡ ਜਲਾਲ ਦਾ ਇੱਕ ਵਿਅਕਤੀ ਸੁਵੱਖਤੇ ਹੀ ਆ ਕੇ ਸਿਵਲ ਹਸਪਤਾਲ ਵਿਚ ਸਥਿਤ ਪਾਣੀ ਵਾਲੀ ਟੈਂਕੀ ’ਤੇ ਚੜ੍ਹ ਗਿਆ। ਟੈਂਕੀ ’ਤੇ ਚੜਣ ਵਾਲੇ ਵਿਅਕਤੀ ਦੀ ਪਹਿਚਾਣ ਕੁਲਦੀਪ ਸਿੰਘ ਵਜੋਂ ਹੋਈ। ਜਿਸਦੇ ਵਲੋਂ ਦਾਅਵਾ ਕੀਤਾ ਗਿਆ ਕਿ ਕੁੱਝ ਸਾਲ ਪਹਿਲਾਂ ਜਮੀਨ ਦੇ ਇੱਕ ਮਾਮਲੇ ਵਿਚ ਬਠਿੰਡਾ ਦੇ ਇੱਕ ਵਿਅਕਤੀ ਵਲੋਂ ਅਪਣੇ ਭਰਾ ਨਾਲ ਮਿਲਕੇ 11 ਲੱਖ ਰੁਪਏ ਲਏ ਸਨ ਪ੍ਰੰਤੂ ਬਾਅਦ ਵਿਚ ਨਾਂ ਤਾਂ ਕੰਮ ਕਰਾਇਆ ਤੇ ਨਾਂ ਹੀ ਪੈਸੇ ਵਾਪਸ ਕੀਤੇ। ਇਸਤੋਂ ਬਾਅਦ ਉਸਨੂੰ ਵਿਦੇਸ਼ ਭੇਜਣ ਦਾ ਲਾਰਾ ਲਗਾਇਆ ਪਰ ਇਸਨੂੰ ਵੀ ਪੂਰਾ ਨਹੀਂ ਕੀਤਾ, ਜਿਸਦੇ ਚੱਲਦੇ ਉਸਨੂੰ ਮਜਬੂਰਨ ਪਾਣੀ ਵਾਲੀ ਟੈਂਕੀ ’ਤੇ ਚੜ੍ਹਣ ਲਈ ਮਜਬੂਰ ਹੋਣਾ ਪਿਆ ਹੈ। ਉਧਰ ਇਸ ਮਾਮਲੇ ਦੀ ਜਾਣਕਾਰੀ ਜਦ ਹੀ ਪੁਲਿਸ ਨੂੰ ਲੱਗੀ ਤਾਂ ਸਭ ਤੋਂ ਪਹਿਲਾਂ ਸਿਵਲ ਹਸਪਤਾਲ ਵਿਚ ਸਥਿਤ ਪੁਲਿਸ ਚੌਕੀ ਦੇ ਮੁਲਾਜਮ ਪੁੱਜੇ, ਜਿਸਤੋਂ ਬਾਅਦ ਥਾਣਾ ਕੋਤਵਾਲੀ ਦੇ ਮੁਖੀ ਇੰਸਪੈਕਟਰ ਪਰਵਿੰਦਰ ਸਿੰਘ ਤੇ ਨਾਲ ਹੀ ਡੀਐਸਪੀ ਸਿਟੀ ਵਿਸਵਜੀਤ ਸਿੰਘ ਮਾਨ ਵੀ ਮੌਕੇ ’ਤੇ ਪੁੱਜ ਗਏ। ਇਸ ਦੌਰਾਨ ਪੁਲਿਸ ਅਧਿਕਾਰੀਆਂ ਵਲੋਂ ਉਕਤ ਵਿਅਕਤੀ ਨੂੰ ਮਨਾਉਣ ਦੀ ਕਾਫ਼ੀ ਜਦੋ ਜਹਿਦ ਕੀਤੀ ਗਈ ਪਰ ਉਹ ਇਸ ਗੱਲ ’ਤੇ ਅੜਿਆ ਰਿਹਾ ਕਿ ਜਦ ਤੱਕ ਜਿੰਮੇਵਾਰ ਵਿਅਕਤੀਆਂ ਵਿਰੁਧ ਕਾਰਵਾਈ ਨਹੀਂ ਹੁੰਦੀ ਜਾਂ ਫ਼ਿਰ ਉਹ ਉਸਦੇ ਪੈਸੇ ਵਾਪਸ ਨਹੀਂ ਕਰਦੇ ਉਹ ਉਪਰ ਹੀ ਰਹੇਗਾ ਤੇ ਜੇਕਰ ਪੁਲਿਸ ਨੇ ਜਬਰਦਸਤੀ ਕਰਨ ਦੀ ਕੋਸ਼ਿਸ਼ ਕੀਤੀ ਤਾਂ ਉਹ ਉਪਰੋਂ ਛਾਲ ਮਾਰ ਦੇਵੇਗਾ। ਪੁਲਿਸ ਅਧਿਕਾਰੀਆਂ ਨੇ ਦਸਿਆ ਕਿ ਕਈ ਘੰਟਿਆਂ ਦੀ ਗੱਲਬਾਤ ਤੋਂ ਬਾਅਦ ਆਖ਼ਰਕਾਰ ਦੋਨਾਂ ਧਿਰਾਂ ਵਿਚਕਾਰ ਸਮਝੋਤਾ ਹੋ ਗਿਆ, ਜਿਸਦੀ ਲਿਖਤ ਕਰਕੇ ਪੁਲਿਸ ਨੂੰ ਵੀ ਦਿੱਤੀ ਗਈ।
ਪੈਸਿਆਂ ਦੇ ਲੈਣ-ਦੇਣ ਨੂੰ ਲੈ ਕੇ ਜਲਾਲ ਪਿੰਡ ਦਾ ਵਿਅਕਤੀ ਬਠਿੰਡਾ ’ਚ ਪਾਣੀ ਵਾਲੀ ਟੈਂਕੀ ’ਤੇ ਚੜਿਆ
ਲਹਿਰਾ ਮੁਹੱਬਤ ਨਜਦੀਕ ਨੈਸ਼ਨਲ ਹਾਈਵੇ ਵਾਲਾ ਰੇਲਵੇ ਫਾਟਕ ਰਾਹਗੀਰਾਂ ਲਈ ਬਣਿਆ ਸਿਰਦਰਦੀ
ਰਾਮ ਸਿੰਘ ਕਲਿਆਣ
ਨਥਾਣਾਂ 26 ਮਈ : ਬਠਿੰਡਾ-ਬਰਨਾਲਾ ਨੈਸ਼ਨਲ ਹਾਈਵੇ ਉੱਪਰ ਨਗਰ ਪੰਚਾਇਤ ਲਹਿਰਾ ਮੁਹੱਬਤ ਨਜਦੀਕ ਰੇਲਵੇ ਕ੍ਰੋਸਿੰਗ ਬਣੀ ਹੋਈ ਹੈ ਅਤੇ ਨੈਸ਼ਨਲ ਹਾਈਵੇ ਵਲੋਂ ਨਜਦੀਕ ਪਿੰਡ ਲਹਿਰਾ ਬੇਗਾ ਵਿਖੇ ਟੋਲ ਟੈਕਸ ਲਗਾ ਕੇ ਟੋਲ ਵੀ ਵਸੂਲਿਆ ਜਾਂਦਾ ਹੈਂ, ਪਰ ਰੇਲ ਦੇ ਥਰਮਲ ਪਲਾਂਟ ਲਹਿਰਾ ਮੁਹੱਬਤ ਨੂੰ ਆਉਣ ਜਾਣ ਸਮੇ ਇਹ ਰੇਲਵੇ ਫਾਟਕ ਬੰਦ ਹੋ ਜਾਂਦਾ ਹੈ ਅਤੇ ਦੂਰ ਤੱਕ ਜਾਮ ਲੱਗ ਜਾਂਦਾ ਹੈ, ਜਿਸ ਕਰਕੇ ਇਹ ਰੇਲਵੇ ਫਾਟਕ ਲੋਕਾਂ ਲਈ ਵੱਡੀ ਸਿਰਦਰਦੀ ਬਣਿਆ ਹੋਇਆ ਹੈ। ਸੋਨੂੰ ਮਹੇਸ਼ਵਰੀ ਨੌਜਵਾਨ ਵੈੱਲਫੇਅਰ ਸੁਸਾਇਟੀ ਬਠਿੰਡਾ ਵੱਲੋ ਇਸ ਸੰਬੰਧੀ ਜਾਣਕਾਰੀ ਸਾਂਝੀ ਕਰਦਿਆ ਪ੍ਰਸ਼ਾਸਨ ਤੋ ਯੋਗ ਹੱਲ ਦੀ ਮੰਗ ਕੀਤੀ।ਜ਼ਿਕਰਯੋਗ ਹੈ ਕਿ ਇਸ ਨੈਸ਼ਨਲ ਹਾਈਵੇ ਉੱਪਰ ਪੰਜਾਬ ਹਰਿਆਣਾ ਅਤੇ ਰਾਜਸਥਾਨ ਦੇ ਬਹੁਤ ਗੰਭੀਰ ਸਥਿਤੀ ਵਾਲੇ ਮਰੀਜ਼ਾਂ ਨੂੰ ਚੰਡੀਗੜ੍ਹ, ਲੁਧਿਆਣਾਂ ਪਟਿਆਲਾ ਲਿਜਾਣ ਵਾਲੀਆਂ ਐਂਬੂਲੈਂਸਾਂ ਵੀ ਵੱਡੀ ਗਿਣਤੀ ਵਿੱਚ ਇੱਥੋ ਲੰਘਦੀਆਂ ਹਨ ਅਤੇ ਟੋਲ ਵਾਲੇ ਇਸ ਨੈਸ਼ਨਲ ਹਾਈਵੇ ਉੱਪਰ ਬਣਿਆ ਇਹ ਰੇਲਵੇ ਫਾਟਕ ਜਦੋਂ ਬੰਦ ਹੋ ਜਾਂਦਾ ਹੈ ਤਾਂ ਉੱਥੋਂ ਲੰਘਣ ਵਾਲੀਆਂ ਐਂਬੂਲੈਂਸਾਂ ਵੀ ਜਾਂਮ ਵਿੱਚ ਫਸ ਜਾਂਦੀਆਂ ਹਨ ਅਤੇ ਮਰੀਜਾਂ ਲਈ ਜ਼ਿੰਦਗੀ ਅਤੇ ਮੌਤ ਦਾ ਸਵਾਲ ਖੜਾ ਹੋ ਜਾਂਦਾ ਹੈ।ਸਰਬ ਕਲਿਆਣ ਭਲਾਈ ਕਲੱਬ ਕਲਿਆਣ ਸੁੱਖਾ ਦੇ ਨੌਜਵਾਨ ਨੇ ਨੈਸ਼ਨਲ ਹਾਈਵੇ ਅਥਾਰਟੀ ਤੋਂ ਇਸ ਗੰਭੀਰ ਸਮੱਸਿਆ ਦਾ ਹੱਲ ਕੱਢਣ ਦੀ ਮੰਗ ਕੀਤੀ।
ਜ਼ਿਲ੍ਹਾ ਅਤੇ ਸੈਸ਼ਨ ਜੱਜ ਬਠਿੰਡਾ ਪਹੁੰਚੇ ਅਨਾਥ ਆਸ਼ਰਮ ਨਥਾਣਾ
ਰਾਮ ਸਿੰਘ ਕਲਿਆਣ
ਨਥਾਣਾਂ 26 ਮਈ : ਅਨਾਥ ਬੱਚਿਆ ਦਾ ਆਸਰਾ ਬਣੇ ਸ਼੍ਰੀ ਅਨੰਤ ਅਨਾਥ ਆਸ਼ਰਮ ਨਥਾਣਾ ਵਿਖੇ ਜ਼ਿਲ੍ਹਾ ਅਤੇ ਸੈਸ਼ਨ ਜੱਜ ਬਠਿੰਡਾ ਸੁਮੀਤ ਮਲਹੋਤਰਾ ਵਿਸੇਸ਼ ਤੌਰ ਤੇ ਦੌਰਾ ਕਰਨ ਪਹੁੰਚੇ ਅਤੇ ਉਹਨਾਂ ਵੱਲੋਂ ਆਸ਼ਰਮ ਦਾ ਜਾਇਜ਼ਾ ਲਿਆ ਗਿਆ। ਇਸ ਦੌਰੇ ਮੌਕੇ ਵਿਮਲ ਬਾਂਸਲ ਵੱਲੋਂ ਆਪਣੀ ਬੇਟੀ ਸੁਹਾਨੀ ਦਾ ਜਨਮ ਦਿਨ ਆਸ਼ਰਮ ਦੇ ਬੱਚਿਆਂ ਦੇ ਨਾਲ ਕੇਕ ਕੱਟ ਕੇ ਮਨਾਇਆ ਗਿਆ ਅਤੇ ਬੱਚਿਆ ਨਾਲ ਖੁਸ਼ੀਆ ਸਾਝੀਆ ਕੀਤੀਆ। ਸ਼੍ਰੀਮਤੀ ਬਾਂਸਲ ਵੱਲੋਂ ਆਸ਼ਰਮ ਵਿੱਚ ਰਹਿ ਰਹੇ ਅਤੇ ਪੜ੍ਹਾਈ ਕਰ ਰਹੇ ਬੱਚਿਆਂ ਨੂੰ ਉਨ੍ਹਾਂ ਦੀਆਂ ਭਵਿੱਖੀ ਲੋੜਾਂ ਲਈ ਇੱਕ-ਇੱਕ ਹਜ਼ਾਰ ਰੁਪਏ ਦੀ ਰਾਸ਼ੀ ਦਿੱਤੀ ਗਈ। ਇਸ ਮੌਕੇ ਸੰਤ ਤਰਨ ਦਾਸ ਅਤੇ ਸਾਬਕਾ ਕਮੇਟੀ ਮੈਂਬਰ ਜਰਨੈਲ ਸਿੰਘ ਵੱਲੋਂ ਅਨਾਥ ਬੱਚਿਆਂ ਦੀ ਭਲਾਈ ਲਈ ਯੋਗਦਾਨ ਪਾਉਣ ਵਾਲੀਆਂ ਸਖਸ਼ੀਅਤਾਂ ਦਾ ਧੰਨਵਾਦ ਕੀਤਾ ।
ਚਾਂਸਲਰ ਗੁਰਲਾਭ ਸਿੰਘ ਸਿੱਧੂ ਵੱਲੋਂ ਡਾ. ਜੱਸਲ ਦੀ ਅਨੁਵਾਦਿਤ ਕਿਤਾਬ “ਪ੍ਰਾਪਤੀ” ਦਾ ਲੋਕ-ਅਰਪਣ
ਸੁਖਜਿੰਦਰ ਮਾਨ
ਬਠਿੰਡਾ, 26 ਮਈ : ਗੁਰੂ ਕਾਸ਼ੀ ਯੂਨੀਵਰਸਿਟੀ ਦੇ ਚਾਂਸਲਰ ਗੁਰਲਾਭ ਸਿੰਘ ਸਿੱਧੂ ਵੱਲੋਂ ਅੱਜ ਯੂਨੀਵਰਸਿਟੀ ਵਿਖੇ ਕਰਵਾਏ ਇੱਕ ਸਮਾਗਮ ਵਿਚ ਸਾਹਿਤ ਅਕਾਦਮੀ ਅਵਾਰਡ ਜੇਤੂ ਉੜੀਆ ਕਹਾਣੀਕਾਰ, ਨਾਵਲਕਾਰ ਤੇ ਕਵਿਤਰੀ ਪਾਰਮਿਤਾ ਸ਼ਤਪਥੀ ਵੱਲੋਂ ਲਿਖਤ ਤੇ ਡਾ. ਸਤਨਾਮ ਸਿੰਘ ਜੱਸਲ ਵੱਲੋਂ ਪੰਜਾਬੀ ਅਨੁਵਾਦਿਤ ਕਿਤਾਬ ਪ੍ਰਾਪਤੀ ਦਾ ਲੋਕ-ਅਰਪਣ ਕੀਤਾ ਗਿਆ। ਇਸ ਮੌਕੇ ਸਿੱਧੂ ਨੇ ਕਿਹਾ ਕਿ ਡਾ. ਜੱਸਲ ਵੱਲੋਂ ਲੇਖਣ ਤੇ ਅਨੁਵਾਦ ਦਾ ਕਾਰਜ ਪਿਛਲੇ ਕਈ ਦਹਾਕਿਆਂ ਤੋਂ ਜ਼ਾਰੀ ਹੈ, ਪਿਛਲੇ ਤਿੰਨ ਸਾਲਾਂ ਵਿੱਚ ਇਹ ਪੰਜਵੀ ਕਿਤਾਬ ਪੰਜਾਬੀ ਸਾਹਿਤ ਦੀ ਝੋਲੀ ਪਾਈ ਗਈ ਹੈ। ਉਨ੍ਹਾਂ ਲੇਖਕ ਨੂੰ ਵਧਾਈ ਦਿੰਦੇ ਹੋਏ ਕਿਹਾ ਕਿ ਲੋਕ ਹਿੱਤਾਂ ਵਿੱਚ ਨਾਰੀ ਦੇ ਦਰਦ, ਖੁਸ਼ੀਆਂ ਅਤੇ ਅੰਤਰ ਭਾਵਾਂ ਨੂੰ ਜਾਹਿਰ ਕਰਦੀ ਇਹ ਕਿਤਾਬ ਰੂਹ ਨੂੰ ਟੁੰਬਦੀ ਹੈ।ਉੱਪ ਕੁਲਪਤੀ ਪ੍ਰੋ.(ਡਾ.) ਐੱਸ.ਕੇ. ਬਾਵਾ ਨੇ ਦੱਸਿਆ ਕਿ ਹੱਥਲੀ ਕਿਤਾਬ ਦੀਆਂ ਸਮੂਹ ਕਹਾਣੀਆਂ ਯਥਾਰਥ ਅਤੇ ਕਲਪਨਾ ਦਾ ਖੂਬਸੂਰਤ ਸੁਮੇਲ ਹਨ ਜੋ ਪਾਠਕ ਦੇ ਅੰਤਰਮਨ ਨੂੰ ਝੰਜੋੜਦੀਆਂ ਹਨ ਤੇ ਕੁਝ ਨਵਾਂ ਸਿਰਜਣ ਲਈ ਮਜਬੂਰ ਕਰਦੀਆਂ ਹਨ। ਉਨ੍ਹਾਂ ਔਰਤ ਦੀ ਅਤੰਰੀਵ ਭਾਵਾਂ ਨੂੰ ਬਿਆਨ ਕਰਦੀਆਂ ਕਹਾਣੀਆਂ ਦੀ ਸ਼ਲਾਘਾ ਕੀਤੀ। ਡਾ. ਜੱਸਲ ਨੇ ਵੀ ਇਸ ਮੌਕੇ ਆਪਣੇ ਵਿਚਾਰ ਸਾਂਝੇ ਕੀਤੇ।
ਕੌਮੀ ਪਲਸ ਪੋਲੀਓ ਮੁਹਿੰਮ ਤਹਿਤ ਸਿਹਤ ਵਿਭਾਗ ਨੇ ਸ਼ਹਿਰ ’ਚ ਕੱਢੀ ਜਾਗਰੂਕਤਾ ਰੈਲੀ
ਸੁਖਜਿੰਦਰ ਮਾਨ
ਬਠਿੰਡਾ, 26 ਮਈ : ਸਿਹਤ ਵਿਭਾਗ ਵਲੋਂ ਕੌਮੀ ਪੱਧਰ ’ਤੇ 28 ਮਈ ਨੂੰ ਚਲਾਈ ਜਾਣ ਵਾਲੀ ਸਪੈਸ਼ਲ ਨੈਸ਼ਨਲ ਪਲਸ ਪੋਲੀਓ ਮੁਹਿੰਮ ਤਹਿਤ ਲੋਕਾਂ ਨੂੰ ਜਾਗਰੂਕ ਕਰਨ ਲਈ ਅੱਜ ਸਿਵਲ ਸਰਜਨ ਡਾ ਤੇਜਵੰਤ ਸਿੰਘ ਢਿੱਲੋਂ ਦੀ ਅਗਵਾਈ ਹੇਠ ਸ਼ਹਿਰ ਵਿਚ ਇੱਕ ਜਾਗਰੂਕਤਾ ਰੈਲੀ ਕੱਢੀ ਗਈ। ਇਸ ਰੈਲੀ ਨੂੰ ਸਿਵਲ ਸਰਜਨ ਦਫ਼ਤਰ ਵਿਖੇ ਜਿਲ੍ਹਾ ਟੀਕਾਕਰਣ ਅਫ਼ਸਰ ਡਾ ਮੀਨਾਕਸ਼ੀ ਸਿੰਗਲਾ , ਸੀਨੀਅਰ ਮੈਡੀਕਲ ਅਫ਼ਸਰ ਡਾ ਸ਼ਤੀਸ਼ ਜਿੰਦਲ ਤੇ ਐਸ.ਐਮ.ਓ ਮਨਿੰਦਰਪਾਲ ਸਿੰਘ ਨੇ ਹਰੀ ਝੰਡੀ ਦਿਖਾ ਕੇ ਰਵਾਨਾ ਕੀਤਾ। ਰੈਲੀ ਵਿੱਚ ਜਿਲ੍ਹਾ ਟਰੈਨਿੰਗ ਸਕੂਲ ਦੇ ਬੱਚਿਆਂ ਨੇ ਹੱਥਾਂ ਵਿੱਚ ਜਾਗਰੂਕਤਾ ਬੈਨਰ ਅਤੇ ਤਖਤੀਆਂ ਫੜੀਆਂ ਹੋਈਆਂ ਸਨ। ਇਸ ਮੌਕੇ ਡਾ ਮਯੰਕਜੋਤ ਸਿੰਘ ਜਿਲ੍ਹਾ ਐਪੀਡਮੈਲੋਜਿਸਟ, ਵਿਨੌਦ ਖੁਰਾਣਾ ਅਤੇ ਕ੍ਰਿਸ਼ਨ ਕੁਮਾਰ ਮਾਸ ਮੀਡੀਆ ਅਫ਼ਸਰ, ਨਰਿੰਦਰ ਕੁਮਾਰ ਜਿਲ੍ਹਾ ਬੀਸੀਸੀ8, ਪਵਨਜੀਤ ਕੌਰ ਬੀਈਈ, ਹਰਜੀਤ ਸਿੰਘ, ਹਰੀਸ਼ ਕੁਮਾਰ, ਬਲਦੇਵ ਸਿੰਘ, ਮੈਡਮ ਪ੍ਰਮਿੰਦਰ ਅਤੇ ਜੀਐਨਐਮ ਟਰੇਨਿੰਗ ਸਕੂਲ ਦੇ ਸਿਖਿਆਰਥੀ ਹਾਜ਼ਰ ਸਨ। ਇਸ ਮੌਕੇ ਡਾ ਮੀਨਾਕਸ਼ੀ ਸਿੰਗਲਾ ਅਤੇ ਡਾ ਸ਼ਤੀਸ਼ ਜਿੰਦਲ ਨੇ ਦੱਸਿਆ ਕਿ ਸਪੈਸ਼ਲ ਨੈਸ਼ਨਲ ਪੋਲੀਓ ਰਾਊੱਡ 28 ਤੋਂ 30 ਮਈ ਤੱਕ ਕੀਤਾ ਜਾ ਰਿਹਾ ਹੈ। ਜਿਸਦੇ ਲਈ 1316 ਟੀਮਾਂ ਦੇ ਗਠਨ ਕੀਤਾ ਗਿਆ ਹੈ, ਜੋ ਮਿਤੀ 28 ਮਈ ਨੂੰ ਬੂਥਾਂ ਤੇ ਬੈਠ ਕੇ ਅਤੇ 29 ਅਤੇ 30 ਮਈ ਨੂੰ ਘਰ ਘਰ ਜਾ ਕੇ 0 ਤੋਂ 5 ਸਾਲ ਤੱਕ ਦੇ ਹਰੇਕ ਬੱਚੇ ਨੂੰ ਪੋਲੀਓ ਬੂੰਦਾਂ ਪਿਲਾਉਣਗੀਆਂ।
ਬਾਰ੍ਹਵੀਂ ਜਮਾਤ ਦੇ ਨਤੀਜਿਆਂ ’ਚ ਗੁਰੁ ਕਾਸ਼ੀ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਦੇ ਵਿਦਿਆਰਥੀਆਂ ਨੇ ਮਾਰੀਆਂ ਮੱਲਾਂ
ਸੁਖਜਿੰਦਰ ਮਾਨ
ਬਠਿੰਡਾ, 26 ਮਈ : ਸਥਾਨਕ ਪਾਵਰ ਹਾਊਸ ਰੋਡ ’ਤੇ ਸਥਿਤ ਗੁਰੁ ਕਾਸ਼ੀ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਦੇ ਵਿਦਿਆਰਥੀਆਂ ਨੇ ਬਾਰ੍ਹਵੀਂ ਜਮਾਤ ਦੇ ਨਤੀਜਿਆਂ ’ਚ ਵੱਡੀਆਂ ਮੱਲਾਂ ਮਾਰੀਆਂ ਹਨ। ਸਕੂਲ ਦੇ ਪ੍ਰਿੰਸੀਪਲ ਮੈਡਮ ਰਣਜੀਤ ਕੌਰ ਨੇ ਨਤੀਜਿਆਂ ਬਾਰੇ ਜਾਣਕਾਰੀ ਦਿੰਦੇ ਹੋਏ ਦਸਿਆ ਕਿ ਸਕੂਲ ਦਾ ਨਤੀਜਾ ਹਰ ਸਾਲ ਦੀ ਤਰਾਂ ਇਸ ਸਾਲ ਵੀ ਸ਼ਾਨਦਾਰ ਰਿਹਾ । ਹਿਉਮੈਨਟੀਜ਼, ਸਾਇੰਸ ਅਤੇ ਕਾਮਰਸ ਗਰੁੱਪ ਦੇ 150 ਵਿਦਿਆਰਥੀ ਇਮਤਿਹਾਨ ਵਿੱਚ ਬੈਠੇ । ਇਨ੍ਹਾਂ ਨਤੀਜਿਆਂ ਵਿਚ ਹਿਉਮੈਨਟੀਜ਼ ਗਰੁੱਪ ਦੇ ਮੁਕੂਲ ਰਾਏ ਨੇ 91.2% ਅੰਕ ਪ੍ਰਾਪਤ ਕਰਕੇ ਪਹਿਲਾ ਸਥਾਨ, ਅਮਨਪ੍ਰੀਤ ਕੌਰ ਨੇ 90.6% ਦੂਸਰਾ ਸਥਾਨ ਅਤੇ ਪ੍ਰਿਆ ਕੌਰ ਨੇ 90% ਅੰਕ ਪ੍ਰਾਪਤ ਕਰਕੇ ਤੀਸਰਾ ਸਥਾਨ ਪ੍ਰਾਪਤ ਕੀਤਾ ਹੈ। ਸਾਇੰਸ ਗਰੁੱਪ ਦੀ ਵਿਦਿਆਰਥਣ ਅੰਸ਼ਪ੍ਰੀਤ ਜੱਸੀ ਨੇ 90.8% ਅੰਕ ਪ੍ਰਾਪਤ ਕਰਕੇ ਪਹਿਲਾ ਸਥਾਨ, ਗੁਰਵੀਰ ਸਿੰਘ ਨੇ 82.8% ਦੂਸਰਾ ਸਥਾਨ ਅਤੇ ਜਸ਼ਨਵੀਰ ਕੌਰ 82%, ਨਵਰੀਤ ਕੌਰ 82% ਨੇ ਤੀਸਰਾ ਸਥਾਨ ਪ੍ਰਾਪਤ ਕੀਤਾ ਹੈ। ਕਾਮਰਸ ਗਰੁੱਪ ਵਿੱਚ ਕੰਵਰਜੋਤ ਸਿੰਘ ਨੇ 88.2% ਪਹਿਲਾ ਸਥਾਨ, ਗੁਰਜੋਤ ਸਿੰਘ ਬਰਾੜ ਨੇ 80.6% ਦੂਸਰਾ ਸਥਾਨ ਅਤੇ ਅਰਸ਼ਦੀਪ ਸਿੰਘ 76% ਨੇ ਤੀਸਰਾ ਸਥਾਨ ਪ੍ਰਾਪਤ ਕੀਤਾ ਹੈ। ਇਸੇ ਤਰ੍ਹਾਂ 38 ਵਿਦਿਆਰਥੀਆਂ ਨੇ 80% ਤੋਂ ਵੱਧ ਅੰਕ ਪ੍ਰਾਪਤ ਕੀਤੇ । ਇਸ ਮੌਕੇ ਸਕੂਲ ਮਨੈਜ਼ਮੈਂਟ ਕਮੇਟੀ ਦੇ ਪ੍ਰਧਾਨ ਜਥੇਦਾਰ ਤੋਗਾ ਸਿੰਘ, ਸਕੂਲ ਪ੍ਰਿੰਸੀਪਲ ਮੈਡਮ ਰਣਜੀਤ ਕੌਰ, ਵਾਇਸ ਪ੍ਰਿੰਸੀਪਲ ਜਸਵੀਰ ਕੌਰ ਅਤੇ ਸਮੂਹ ਸਟਾਫ ਨੇ ਪੁਜ਼ੀਸ਼ਨਾਂ ਹਾਸਿਲ ਕਰਨ ਵਾਲੇ ਵਿਦਿਆਰਥੀਆਂ ਨੂੰ ਸਨਮਾਨਿਤ ਕੀਤਾ ਅਤੇ ਵਧਾਈ ਦਿੱਤੀ ।
ਦਸ਼ਮੇਸ਼ ਸੀਨੀਅਰ ਸੈਕੰਡਰੀ ਸਕੂਲ ਦਾ ਬਾਰਵੀਂ ਜਮਾਤ ਦਾ ਨਤੀਜਾ 100 ਫ਼ੀਸਦੀ ਰਿਹਾ
ਸਕੂਲ ਵਿੱਚੋਂ ਪਹਿਲੀਆਂ ਤਿੰਨ ਪੁਜ਼ੀਸ਼ਨਾਂ ਹਾਸਲ ਕਰਨ ਵਾਲੇ ਵਿਦਿਆਰਥੀਆਂ ਦਾ ਸਨਮਾਨ
ਸੁਖਜਿੰਦਰ ਮਾਨ
ਬਠਿੰਡਾ, 26 ਮਈ : ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਐਲਾਨੇ ਬਾਰਵੀਂ ਜਮਾਤ ਦੇ ਨਤੀਜਿਆਂ ਵਿਚ ਦਸ਼ਮੇਸ਼ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਦੇ ਵਿਦਿਆਰਥੀਆਂ ਨੇ ਮੱਲਾਂ ਮਾਰੀਆਂ ਹਨ। ਸਕੂਲ ਦਾ ਬਾਰਵੀਂ ਜਮਾਤ ਦਾ ਨਤੀਜਾ ਹਰ ਸਾਲ ਦੀ ਤਰ੍ਹਾਂ 100 ਫੀਸਦੀ ਰਿਹਾ ਹੈ। ਅਲਾਨੇ ਗਏ ਨਤੀਜਿਆਂ ਅਨੁਸਾਰ ਆਰਟਸ ਗਰੁੱਪ ਵਿਚ ਸਕੂਲ ਦੀ ਵਿਦਿਆਰਥਣ ਅਵਨੀਤ ਕੌਰ ਪੁੱਤਰੀ ਪ੍ਰਗਟ ਸਿੰਘ 89.6 ਫੀਸਦੀ ਅੰਕ ਲੈ ਕੇ ਸਕੂਲ ਵਿੱਚੋਂ ਪਹਿਲੇ ਸਥਾਨ ’ਤੇ ਰਹੀ ਜਦੋਂ ਕਿ ਹਰਪ੍ਰੀਤ ਕੌਰ ਪੁੱਤਰ ਮਲਕੀਤ ਸਿੰਘ 88.4 ਫੀਸਦੀ ਅੰਕ ਲੈ ਕੇ ਦੂਜੇ ਸਥਾਨ ’ਤੇ ਰਹੀ। ਇਸ ਤਰ੍ਹਾਂ ਹੀ ਹਰਸ਼ਾ ਪੁੱਤਰੀ ਮਨੋਜ ਕੁੁਮਾਰ 88 ਫੀਸਦੀ ਅੰਕ ਲੈ ਕੇ ਤੀਜੇ ਸਥਾਨ ’ਤੇ ਰਹੀ। ਸਾਇੰਸ ਗਰੱਪ ਦਾ ਨਤੀਜਾ ਵੀ 100 ਫੀਸਦੀ ਰਿਹਾ ਹੈ। ਏਜ਼ਲ ਸ਼ੀਹ ਪੁੱਤਰ ਕੰਵਲਪ੍ਰੀਤ ਸਿੰਘ ਨੇ 96 ਫੀਸਦੀ ਅੰਕ ਲੈ ਕੇ ਸਕੂਲ ਵਿੱਚੋਂ ਪਹਿਲਾ ਸਥਾਨ ਹਾਸਲ ਕੀਤਾ ਹੈ ਜਦੋਂ ਕਿ ਅਰਮਾਨ ਸਿੰਘ ਸਿੱਧੂ ਪੁੱਤਰ ਬਲਰਾਜ ਸਿੰਘ ਨੇ 94 ਫੀਸਦੀ ਅੰਕ ਲੈ ਕੇ ਦੂਜਾ ਸਥਾਨ ਅਤੇ ਕਿਰਨਪਾਲ ਕੌਰ ਪੁੱਤਰ ਰਾਮਕ੍ਰਿਸ਼ਨ ਸਿੰਘ 92 ਫੀਸਦੀ ਅੰਕ ਲੈ ਕੇ ਸਕੂਲ ਵਿੱਚੋਂ ਤੀਜਾ ਸਥਾਨ ਹਾਸਲ ਕੀਤਾ ਹੈ। ਚੰਗੇ ਅੰਕ ਪ੍ਰਾਪਤ ਕਰਨ ਵਾਲੇ ਵਿਦਿਆਰਥੀਆਂ ਨੂੰ ਦਸ਼ਮੇਸ਼ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਦੇ ਮੈਨਜਿੰਗ ਡਾਇਰੈਕਟਰ ਡਾ. ਰਵਿੰਦਰ ਸਿੰਘ ਮਾਨ, ਪ੍ਰਿੰਸੀਪਲ ਤਸ਼ਵਿੰਦਰ ਸਿੰਘ ਮਾਨ ਅਤੇ ਉੱਪ ਪ੍ਰਿੰਸੀਪਲ ਰੇਨੂੰ ਉੱਪਲ ਵੱਲੋਂ ਨਗਰ ਰਾਸ਼ੀ ਦੇ ਸਨਮਾਨਿਤ ਕਰਦਿਆਂ ਉਨ੍ਹਾਂ ਦੇ ਚੰਗੇ ਭਵਿੱਖ ਦੀ ਕਾਮਨਾ ਕੀਤੀ ਗਈ। ਇਸ ਮੌਕੇ ਸਕੂਲ ਦੇ ਐਮਡੀ ਡਾ. ਰਵਿੰਦਰ ਸਿੰਘ ਮਾਨ ਨੇ ਆਖਿਆ ਕਿ ਦਸ਼ਮੇਸ਼ ਸੀਨੀਅਰ ਸੈਕੰਡਰੀ ਸਕੂਲ ਸ਼ਹਿਰ ਦਾ ਸਭ ਤੋਂ ਪੁਰਾਣਾ ਤੇ ਭਰੋਸੇਮੰਦ ਸਕੂਲ ਹੈ। ਸਕੂਲ ਦੇ ਨਤੀਜੇ ਹਰ ਸਾਲ 100 ਫੀਸਦੀ ਆਉਦੇ ਹਨ। ਸਕੂਲ ਵਿਚ ਤਜਾਰਬੇਕਾਰ ਸਟਾਫ਼ ਵੱਲੋਂ ਆਧੁਨਿਕ ਤਰੀਕੇ ਨਾਲ ਵਿਦਿਆਰਥੀਆਂ ਨੂੰ ਸਿੱਖਿਆ ਦਿੱਤੀ ਜਾਂਦੀ ਹੈ ਤਾਂ ਜੋ ਉਹ ਜਲਦੀ ਤੇ ਸੌਂਖਿਆ ਸਮਝ ਸਕਣ। ਡਾ. ਮਾਨ ਨੇ ਦੱਸਿਆ ਕਿ ਸਕੂਲ ਵਿਚ ਵਿਦਿਆਰਥੀਆਂ ਲਈ ਵੱਖੋਂ ਵੱਖਰੀਆਂ ਲੈਬ ਸਮੇਤ ਹਰ ਕਿਸਮ ਦੀਆਂ ਸਹੂਲਤਾਂ ਦਿੱਤੀਆਂ ਜਾ ਰਹੀਆਂ ਹਨ। ਉਨ੍ਹਾਂ ਦੱਸਿਆ ਕਿ ਸਕੂਲ ਵੱਲੋ ਬਾਰਵੀਂ ਜਮਾਤ ਤਕ ਦੇ ਵਿਦਿਆਰਥੀਆਂ ਨੂੰ ਮੁਫ਼ਤ ਕਿਤਾੁਬਾਂ ਮਹੁੱਈਆ ਕਰਵਾਈਆਂ ਗਈਆਂ ਹਨ। ਦਸ਼ਮੇਸ਼ ਸਕੂਲ ਦੇ ਪ੍ਰਿੰਸੀਪਲ ਤਸ਼ਵਿੰਦਰ ਸਿੰਘ ਮਾਨ ਨੇ ਚੰਗੀਆਂ ਪੁਜ਼ੀਸ਼ਨਾਂ ਪ੍ਰਾਪਤ ਕਰਨ ਵਾਲੇ ਵਿਦਿਆਰਥੀਆਂ ਅਤੇ ਸਕੂਲ ਦੇ ਸਟਾਫ਼ ਨੂੰ ਵਧਾਈ ਦਿੰਦਿਆਂ ਕਿਹਾ ਕਿ ਸਕੂਲ ਦੇ ਵਿਦਿਆਰਥੀ ਪੜ੍ਹਾਈ ਹੀ ਨਹੀਂ ਸਗੋਂ ਖੇਡਾਂ ਤੇ ਸੱਭਿਆਚਰਕ ਮੁਕਾਬਲਿਆਂ ਵਿਚ ਵੀ ਆਪਣਾ ਲੋਹਾ ਮੰਨਵਾ ਚੁੱਕੇ ਹਨ। ਉਨ੍ਹਾਂ ਦੱਸਿਆ ਕਿ ਅਜਿਹੇ ਮੁਕਾਬਲਿਆਂ ਲਈ ਸਕੂਲ ਵਿਚ ਵਿਦਿਆਰਥੀਆਂ ਦੀ ਵਿਸ਼ੇਸ ਤੌਰ ’ਤੇ ਤਿਆਰੀ ਕਰਵਾਈ ਜਾਂਦੀ ਹੈ। ਉਨ੍ਹਾਂ ਦੱਸਿਆ ਕਿ ਦਸ਼ਮੇਸ਼ ਸਕੂਲ ਵਿੱਚੋਂ ਪੜ੍ਹੇ ਵਿਦਿਆਰਥੀ ਆਈਏਐਸ ਤਕ ਪਹੁੰਚ ਚੁੱਕੇ ਹਨ। ਉਨ੍ਹਾਂ ਦੱਸਿਆ ਕਿ ਵਿਦਿਆਰਥੀਆਂ ਦੀ ਸਹੂਲਤ ਨੂੰ ਦੇਖਦਿਆਂ ਸਕੂਲ ਨੂੰ ਫੁੱਲ ਏਅਰ ਕੰਡੀਸ਼ਨ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਚੰਗੇ ਅੰਕ ਪ੍ਰਾਪਤ ਕਰਨ ਵਾਲੇ ਵਿਦਿਆਰਥੀਆਂ ਦੀ ਹੌਸਲਾ ਅਫ਼ਜਾਈ ਲਈ ਉਨ੍ਹਾਂ ਦਾ ਸਨਮਾਨ ਕੀਤਾ ਗਿਆ ਹੈ। ਇਸ ਮੌਕੇ ਹੋਰਨਾਂ ਤੋਂ ਇਾਲਾਵਾ ਅਧਿਆਪਕ ਅਮਨਦੀਪ ਕੌਰ, ਅਵਤਾਰ ਸਿੰਘ, ਹਰਪ੍ਰੀਤ ਕੌਰ, ਨਿਸ਼ੂ ਅਰੋੜਾ, ਸਵਾਲੀ ਅਤੇ ਗੁਰਪ੍ਰੀਤ ਕੌਰ ਵੀ ਹਾਜ਼ਰ ਸਨ।
ਬਠਿੰਡਾ ਦੀ ਪਬਲਿਕ ਲਾਇਬਰੇਰੀ ਦੇ ਮੁੱਦੇ ’ਤੇ ਸ਼ਹਿਰ ਦੀਆਂ ਸਮੂਹ ਸਿਆਸੀ ਧਿਰਾਂ ਹੋਈਆਂ ਇਕਜੁਟ
ਨਿਗਮ ਕਮਿਸ਼ਨਰ ਨੂੰ ਲਾਇਬਰੇਰੀ ਵਿਰੁਧ ਕਾਰਵਾਈ ਦੇ ਹੁਕਮ ਵਾਪਸ ਲੈਣ ਦੀ ਕੀਤੀ ਅਪੀਲ
ਸੁਖਜਿੰਦਰ ਮਾਨ
ਬਠਿੰਡਾ, 26 ਮਈ : ਬਠਿੰਡਾ ਦੀ ਪਬਲਿਕ ਲਾਇਬਰੇਰੀ ਨੂੰ ਨਿਗਮ ਵਲੋਂ ਅਪਣੇ ਹੱਥਾਂ ’ਚ ਲੈਣ ਦੀ ਤਿਆਰੀ ਦੇ ਵਿਰੋਧ ’ਚ ਹੁਣ ਸ਼ਹਿਰ ਦੀਆਂ ਸਮੂਹ ਸਿਆਸੀ ਧਿਰਾਂ ਇਕਜੁਟ ਹੋ ਗਈਆਂ ਹਨ। ਇਸ ਸਬੰਧ ਵਿਚ ਅੱਜ ਲਾਇਬਰੇਰੀ ਦੀ ਪ੍ਰਬੰਧਕੀ ਕਮੇਟੀ ਦੇ ਸੱਦੇ ’ਤੇ ਬੁਲਾਈ ਆਲ ਪਾਰਟੀ ਮੀਟਿੰਗ ਵਿਚ ਪੁੱਜੇ ਵੱਖ ਵੱਖ ਸਿਆਸੀ ਪਾਰਟੀਆਂ ਦੇ ਨੁਮਾਇੰਦਿਆਂ ਨੇ ਲਾਇਬਰੇਰੀ ਨੂੰ ਨਿਗਮ ਦੇ ਹੱਥਾਂ ’ਚ ਦੇਣ ਦੇ ਫੈਸਲੇ ਦਾ ਸਖ਼ਤ ਵਿਰੋਧ ਕੀਤਾ। ਇਸਦੇ ਨਾਲ ਹੀ ਮੀਟਿੰਗ ਵਿਚ ਸਰਬਸੰਮਤੀ ਨਾਲ ਇਸ ਮੁੱਦੇ ’ਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਆਲ ਪਾਰਟੀ ਡੈਲੀਗੇਸ਼ਨ ਸਹਿਤ ਮਿਲਣ ਅਤੇ ਸ਼ਹਿਰੀਆਂ ਨੂੰ ਇਕਜੁਟ ਕਰਨ ਦਾ ਫੈਸਲਾ ਵੀ ਕੀਤਾ ਗਿਆ। ਵੱਡੀ ਗੱਲ ਇਹ ਵੀ ਦੇਖਣ ਨੂੰ ਮਿਲੀ ਕਿ ਇਸ ਮੁੱਦੇ ’ਤੇ ਸੱਤਾਧਾਰੀ ਧਿਰ ਦੇ ਵਿਧਾਇਕ ਅਤੇ ਆਗੂਆਂ ਨੇ ਵੀ ਸ਼ਹਿਰ ਦੇ ਲੋਕਾਂ ਨਾਲ ਖ਼ੜਣ ਦਾ ਐਲਾਨ ਕੀਤਾ। ਵਿਧਾਇਕ ਜਗਰੂਪ ਸਿੰਘ ਗਿੱਲ ਜੋਕਿ ਨਿੱਜੀ ਰੁਝੇਵਿਆਂ ਕਾਰਨ 29 ਮਈ ਤੱਕ ਪੰਜਾਬ ਤੋਂ ਬਾਹਰ ਗਏ ਹੋਏ ਹਨ, ਨੇ ਸਪੱਸ਼ਟ ਤੌਰ ’ਤੇ ਕਿਹਾ ਕਿ ਉਹ ਸ਼ਹਿਰ ਦੀ ਵਿਰਾਸਤ ਨੂੰ ਖ਼ਤਮ ਨਹੀਂ ਹੋਣ ਦੇਣਗੇ। ਉਧਰ ਮੀਟਿੰਗ ਤੋਂ ਬਾਅਦ ਪੱਤਰਕਾਰਾਂ ਨੂੰ ਜਾਣਕਾਰੀ ਦਿੰਦਿਆਂ ਲਾਇਬਰੇਰੀ ਕਮੇਟੀ ਦੇ ਕਾਰਜ਼ਕਾਰੀ ਪ੍ਰਧਾਨ ਬਲਤੇਜ ਸਿੰਘ ਵਾਂਦਰ ਅਤੇ ਜਨਰਲ ਸਕੱਤਰ ਕੁਲਦੀਪ ਸਿੰਘ ਢੀਂਗਰਾ ਨੇ ਦਾਅਵਾ ਕੀਤਾ ਕਿ ਕਮਿਸ਼ਨਰ ਵਲੋਂ ਲਾਇਬਰੇਰੀ ਵਿਰੁਧ ਮੁਹਿੰਮ ਸ਼ਹਿਰ ਦੇ ਇੱਕ ਸਿਆਸੀ ਆਗੂ ਦੀ ਸ਼ਹਿ ’ਤੇ ਚਲਾਈ ਜਾ ਰਹੀ ਹੈ, ਜਿਸ ਵਲੋਂ ਲਾਇਬਰੇਰੀ ਨੂੰ ਢਾਹ ਲਗਾਉਣ ਦੀ ਕੋਸ਼ਿਸ ਕੀਤੀ ਜਾ ਰਹੀ ਹੈ। ਪ੍ਰਧਾਨ ਨੇ ਕਿਹਾ ਕਿ ਇਹ ਲਾਇਬਰੇਰੀ ਕਿਸੇ ਦੀ ਨਿੱਜੀ ਜਾਇਦਾਦ ਨਹੀਂ, ਬਲਕਿ ਅਜਾਦੀ ਘੁਲਾਟੀਏ ਡਾ ਸੱਤਪਾਲ ਅਜਾਦ ਦੇ ਨਾਂ ਉਪਰ 1938 ਵਿਚ ਸਥਾਪਤ ਕੀਤੀ ਗਈ ਸੀ, ਜਿਸਨੂੰ 1954 ਤੋਂ ਲੈ ਕੇ ਨਿਗਮ (ਪਹਿਲਾਂ ਨਗਰ ਪਾਲਿਕਾ) ਵਲੋਂ ਲੀਜ਼ ’ਤੇ ਦਿੱਤਾ ਜਾ ਰਿਹਾ ਹੈ। ਉਨ੍ਹਾਂ ਦਸਿਆ ਕਿ 1840 ਗਜ ਜਗ੍ਹਾਂ ਵਿਚ ਬਣੀ ਇਸ ਲਾਇਬਰੇਰੀ ਦੇ ਰੋਜ਼ਾਨਾ ਦੇ ਖ਼ਰਚੇ ਕੱਢਣ ਲਈ ਇੱਥੇ ਦੁਕਾਨਾਂ ਵੀ ਬਣੀਆਂ ਹੋਈਆ ਹਨ ਪ੍ਰੰਤੂ ਨਿਗਮ ਕਮਿਸ਼ਨਰ ਇੰਨ੍ਹਾਂ ਦੁਕਾਨਾਂ ਨੂੰ ਨਗਰ ਨਿਗਮ ਦੇ ਹਵਾਲੇ ਕਰਨ ਲਈ ਦਬਾਅ ਬਣਾ ਰਿਹਾ ਹੈ। ਜਿਸਦੇ ਚੱਲਦੇ 3 ਜਨਵਰੀ 2022 ਨੂੰ ਨਗਰ ਨਿਗਮ ਦੇ ਜਨਰਲ ਹਾਊਸ ਦੀ ਹੋਈ ਮੀਟਿੰਗ ਵਿਚ ਮਤਾ ਨੰਬਰ 90 ਰਾਹੀਂ ਲਾਇਬਰੇਰੀ ਦੀ ਲੀਜ਼ 2024 ਤੱਕ ਵਧਾਉਣ ਦੇ ਮਤੇ ਨੂੰ ਲਾਗੂ ਕਰਨ ਤੋਂ ਇੰਨਕਾਰ ਕੀਤਾ ਜਾ ਰਿਹਾ ਹੈ। ਹਾਲਾਂਕਿ ਉਕਤ ਮੀਟਿੰਗ ਵਿਚ ਦੁਕਾਨਾਂ ਦਾ ਫ਼ੈਸਲਾ ਪੈਂਡਿੰਗ ਰੱਖ ਲਿਆ ਸੀ । ਜਿਸਦੇ ਚੱਲਦੇ ਲਾਇਬਰੇਰੀ ਕਮੇਟੀ ਵਲੋਂ ਲੀਜ਼ ਦੀ ਰਕਮ ਕਾਰਪੋਰੇਸ਼ਨ ਦੇ ਖਾਤੇ ਵਿਚ ਜਮਾਂ ਕਰਵਾ ਦਿੱਤੀ ਗਈ ਸੀ। ਇਸ ਦੌਰਾਨ ਪ੍ਰਧਾਨ ਨੇ ਕਮਿਸ਼ਨਰ ਵਲੋਂ ਫੰਡਾਂ ’ਚ ਘਪਲੇਬਾਜ਼ੀ ਦੇ ਲਗਾਏ ਦੋਸ਼ਾਂ ਨੂੰ ਗਲਤ ਕਰਾਰ ਦਿੰਦਿਆਂ ਕਿਹਾ ਕਿ ਜੇਕਰ ਇੱਕ ਵੀ ਪੈਸੇ ਦਾ ਘਪਲਾ ਹੋਵੇ ਤਾਂ ਉਹ ਹਰ ਸਜ਼ਾ ਭੁਗਤਣ ਲਈ ਤਿਆਰ ਹਨ। ਇਸ ਮੌਕੇ ਹਾਜ਼ਰ ਸੀਪੀਆਈ ਦੇ ਸੂਬਾ ਸਕੱਤਰ ਤੇ ਸਾਬਕਾ ਵਿਧਾਇਕ ਹਰਦੇਵ ਅਰਸ਼ੀ ਨੇ ਸ਼ਹਿਰੀਆਂ ਨੂੰ ਸੱਦਾ ਦਿੱਤਾ ਕਿ ਇੱਕ ਅਧਿਕਾਰੀ ਵਲੋਂ ਇਤਿਹਾਸਕ ਵਿਰਾਸਤ ਨੂੰ ਖ਼ਤਮ ਕਰਨ ਦੇ ਕੀਤੇ ਜਾ ਰਹੇ ਯਤਨਾਂ ਦੇ ਵਿਰੁਧ ਡਟ ਕੇ ਖੜ੍ਹੇ ਹੋਣ। ਉਨ੍ਹਾਂ ਮੁੱਖ ਮੰਤਰੀ ਨੂੰ ਵੀ ਅਪੀਲ ਕੀਤੀ ਕਿ ਉਹ ਨਿੱਜੀ ਦਖਲ ਦੇ ਕੇ ਸ਼ਹਿਰ ਦੀ ਵਿਰਾਸਤ ਨੂੰ ਖ਼ਤਮ ਕਰਨ ਦੇ ਕੀਤੇ ਜਾ ਰਹੇ ਯਤਨਾਂ ਨੂੰ ਠੱਲ ਪਾਉਣ। ਇਸ ਮੌਕੇ ਆਪ ਦੇ ਜ਼ਿਲ੍ਹਾ ਪ੍ਰਧਾਨ ਤੇ ਜ਼ਿਲ੍ਹਾ ਯੌਜਨਾ ਬੋਰਡ ਦੇ ਚੇਅਰਮੈਨ ਅੰਮ੍ਰਿਤ ਲਾਲ ਅਗਰਵਾਲ ਨੇ ਕਿਹਾ ਕਿ ਕਮਿਸ਼ਨਰ ਵਲੋਂ ਚੁੱਕੇ ਜਾ ਰਹੇ ਇੰਨ੍ਹਾਂ ਕਦਮਾਂ ਨੂੰ ਹਲਕਾ ਵਿਧਾਇਕ ਰਾਹੀਂ ਮੁੱਖ ਮੰਤਰੀ ਦੇ ਧਿਆਨ ਵਿਚ ਲਿਆਂਦਾ ਜਾਵੇਗਾ। ਉਨ੍ਹਾਂ ਸ਼ਹਿਰ ਵਾਸੀਆਂ ਨੂੰ ਯਕੀਨ ਦਿਵਾਇਆ ਕਿ ਹਰੇਕ ਦੇ ਦਿਲਾਂ ਨਾਲ ਜੁੜੀ ਇਸ ਸੰਸਥਾ ਨੂੰ ਖ਼ਤਮ ਨਹੀਂ ਹੋਣ ਦਿੱਤਾ ਜਾਵੇਗਾ। ਕਾਂਗਰਸ ਪਾਰਟੀ ਦੇ ਜ਼ਿਲ੍ਹਾ ਪ੍ਰਧਾਨ ਰਾਜਨ ਗਰਗ ਨੇ ਇਸ ਮੁੱਦੇ ’ਤੇ ਲਾਇਬਰੇਰੀ ਕਮੇਟੀ ਨੂੰ ਪੂਰਾ ਸਾਥ ਦੇਣ ਦਾ ਐਲਾਨ ਕਰਦਿਆਂ ਕਿਹਾ ਕਿ ਉਹ ਕਮਿਸ਼ਨਰ ਦੇ ਤਾਨਾਸ਼ਾਹੀ ਵਾਲੇ ਫੈਸਲੇ ਨੂੰ ਲਾਗੂ ਨਹੀਂ ਹੋਣ ਦੇਣਗੇ। ਯੂਥ ਅਕਾਲੀ ਦਲ ਦੇ ਪ੍ਰਧਾਨ ਤੇ ਨਗਰ ਨਿਗਮ ਵਿਚ ਵਿਰੋਧੀ ਧਿਰ ਦੇ ਨੇਤਾ ਹਰਪਾਲ ਸਿੰਘ ਢਿੱਲੋਂ ਨੇ ਅਪਣੀ ਪਾਰਟੀ ਵਲੋਂ ਇਸ ਮੁੱਦੇ ‘ਤੇ ਸ਼ਹਿਰੀਆਂ ਨਾਲ ਇਕਜੁਟਤਾ ਦਾ ਪ੍ਰਗਟਾਵਾ ਕਰਦਿਆਂ ਦੁੱਖ ਜਾਹਰ ਕੀਤਾ ਕਿ ਜਦ 2022 ਵਿਚ ਸ਼ਹਿਰ ਦੇ ਚੁਣੇ ਹੋਏ ਨੁਮਾਇੰਦਿਆਂ ਨੇ ਲਾਇਬਰੇਰੀ ਦੀ ਲੀਜ਼ ਨੂੰ ਬਰਕਰਾਰ ਰੱਖਣ ਦਾ ਫੈਸਲਾ ਕਰ ਦਿੱਤਾ ਤਾਂ ਅਧਿਕਾਰੀ ਕਿਉਂ ਅੜਿੱਕਾ ਢਾਹ ਰਹੇ ਹਨ। ਇਸ ਮੌਕੇ ਦਲਿਤ ਆਗੂ ਕਿਰਨਜੀਤ ਸਿੰਘ ਗਹਿਰੀ, ਕੋਂਸਲਰ ਸੁਖਦੀਪ ਸਿੰਘ ਢਿੱਲੋਂ, ਜਸਵੀਰ ਸਿੰਘ ਜੱਸਾ, ਡਾ ਵਿਤੁਲ ਗੁਪਤਾ, ਡਾ ਤਰਸੇਮ ਗੁਪਤਾ, ਕੁਲ ਹਿੰਦ ਮਜਦੂਰ ਸਭਾ ਦੇ ਆਗੂ ਬਲਕਰਨ ਸਿੰਘ ਬਰਾੜ ਸਹਿਤ ਸ਼ਹਿਰ ਦੇ ਵੱਡੀ ਗਿਣਤੀ ਵਿਚ ਪ੍ਰਮੁੱਖ ਸਖਸੀਅਤਾਂ ਹਾਜ਼ਰ ਸਨ।
ਬਾਕਸ
ਨਿਗਮ ਦੀ ਕਾਰਵਾਈ ਬਿਲਕੁਲ ਸਹੀ, 31 ਨੂੰ ਅਪਣੇ ਹੱਥਾਂ ਵਿਚ ਲਵਾਂਗੇ: ਕਮਿਸ਼ਨਰ
ਬਠਿੰਡਾ: ਉਧਰ ਮੁੜ ਸੰਪਰਕ ਕਰਨ ‘ਤੇ ਨਿਗਮ ਕਮਿਸ਼ਨਰ ਸ਼੍ਰੀ ਰਾਹੁਲ ਨੇ ਦਾਅਵਾ ਕੀਤਾ ਕਿ ਇਹ ਬਿਨ੍ਹਾਂ ਲੀਜ਼ ਤੋਂ ਹੈ ਅਤੇ ਦੁਕਾਨਾਂ ਦੀ ਉਸਾਰੀ ਵੀ ਗੈਰ ਕਾਨੂੰਨੀ ਹੈ, ਜਿਸਦੇ ਚੱਲਦੇ ਉਨ੍ਹਾਂ ਵਲੋਂ ਨੋਟਿਸ ਕੱਢਿਆ ਗਿਆ ਹੈ। ਉਨ੍ਹਾਂ 2024 ਵਿਚ ਨਿਗਮ ਵਲਂੋ ਲਾਇਬਰੇਰੀ ਦੀ ਲੀਜ਼ ਵਧਾਉਣ ਦਾ ਮਤਾ ਪਾਸ ਹੋਣ ਦੀ ਪੁਸ਼ਟੀ ਕਰਦਿਆਂ ਕਿਹਾ ਕਿ ਇਹ ਮਤਾ ਦੁਕਾਨਾਂ ਤੋਂ ਬਿਨ੍ਹਾਂ ਕੀਤੀ ਗਈ ਹੈ ਤੇ ਇਹ ਫੈਸਲਾ ਹੋਇਆ ਸੀ ਕਿ ਦੁਕਾਨਾਂ ਦਾ ਕਿਰਾਇਆ ਨਗਰ ਨਿਗਮ ਹੀ ਲਵੇਗਾ ਪ੍ਰੰਤੂ ਲਾਇਬਰੇਰੀ ਕਮੇਟੀ ਨੇ ਇਸਨੂੰ ਨਹੀਂ ਮੰਨਿਆ ਸੀ। ਇਸਤੋਂ ਇਲਾਵਾ ਉਨ੍ਹਾਂ ਮੁੜ ਸਪੱਸ਼ਟ ਕੀਤਾ ਕਿ ਲਾਇਬਰੇਰੀ ਨੂੰ ਬਿਲਕੁਲ ਵੀ ਬੰਦ ਨਹੀਂ ਕੀਤਾ ਜਾਵੇਗਾ, ਬਲਕਿ 31 ਮਈ ਤੋਂ ਬਾਅਦ ਨਿਗਮ ਇਸਨੂੰ ਅਪਣੇ ਹੱਥਾਂ ਵਿਚ ਲੈ ਲਵੇਗਾ।
ਟਰੱਕ ਯੂਨੀਅਨ ਦੇ ਆਗੂਆਂ ਨੇ ਗੁੰਡਾ ਟੈਕਸ ਵਸੂਲੀ ਦੇ ਦੋਸ਼ਾਂ ਨੂੰ ਦਸਿਆ ਨਿਰਾਧਾਰ
ਯੂਨੀਅਨ ਨੂੰ ਬਦਨਾਮ ਕਰਨ ’ਤੇ ਕੀਤਾ ਜਾਵੇਗਾ ਮਾਣਹਾਣੀ ਦਾ ਕੇਸ: ਪ੍ਰਧਾਨ ਪੰਮਾ
ਰਾਮ ਸਿੰਘ ਕਲਿਆਣ
ਭਾਈਰੂਪਾ, 25 ਮਈ : ਪਿਛਲੇ ਕੁਝ ਦਿਨਾਂ ਤੋਂ ਇੱਕ ਟਿੱਪਰ ਸੰਚਾਲਕ ਕੰਪਨੀ ਦੇ ਹਿੱਸੇਦਾਰ ਵੱਲੋ ਟਰੱਕ ਯੂਨੀਅਨ ਰਾਮਪੁਰਾ ਫੂਲ ਦੇ ਅਹੁੱਦੇਦਾਰਾਂ ਉੱਪਰ ਗੁੰਡਾ ਟੈਕਸ ਵਸੂਲਣ ਦੇ ਲਾਗਏ ਦੋਸ਼ਾਂ ਨੂੰ ਨਿਰਾਧਾਰ ਦਸਦਿਆਂ ਟਰੱਕ ਯੂਨੀਅਨ ਦੇ ਪ੍ਰਧਾਨ ਸਤਵਿੰਦਰ ਸਿੰਘ ਪੰਮਾ ਅਤੇ ਸੁਖਚੈਨ ਸਿੰਘ ਫੂਲੇਵਾਲਾ ਨੇ ਦਾਅਵਾ ਕੀਤਾ ਕਿ ਅਜਿਹਾ ਕਰਨ ਵਾਲਿਆਂ ਵਿਰੁਧ ਉਹ ਜਲਦੀ ਹੀ ਮਾਣਹਾਣੀ ਦਾ ਕੇਸ ਕਰਨਗੇ। ਅੱਜ ਇੱਥੇ ਜਾਣਕਾਰੀ ਦਿੰਦਿਆਂ ਉਨ੍ਹਾਂ ਕਿਹਾ ਕਿ ਲਹਿਰਾ ਮੁਹੱਬਤ ਥਰਮਲ ਪਲਾਂਟ ਤੋਂ ਉਕਤ ਕੰਪਨੀ ਦੇ ਟਿੱਪਰ ਰਾਮਪੁਰਾ ਫੂਲ ਇਲਾਕੇ ਵਿੱਚ ਦੀ ਲੰਘਦੇ ਹਨ ਤਾਂ ਕਈ ਵਾਰ ਰਾਖ ਉੱਡ ਕੇ ਲੋਕਾਂ ਉੱਤੇ ਪੈਦੀ ਰਹਿੰਦੀ ਹੈ। ਲੋਕਾਂ ਵੱਲੋਂ ਆਪਣੇ ਪੱਧਰ ਤੇ ਟਿੱਪਰਾਂ ਵਲਿਆਂ ਨੂੰ ਉੱਡਦੀ ਰਾਖ ਸਬੰਧੀ ਸੁਨੇਹੇ ਭੇਜੇ ਗਏ ਪਰ ਉਨ੍ਹਾਂ ਵੱਲੋਂ ਕੋਈ ਠੋਸ ਕਾਰਵਾਈ ਕਰਨ ਦੀ ਬਜਾਇ ਇੱਕ ਟਿੱਪਰ ਹਿੱਸੇਦਾਰ ਵੱਲੋ ਟਰੱਕ ਯੂਨੀਅਨ ਆਗੂਆ ਉੱਤੇ ਕੁਝ ਬੇਬੁਨਿਆਦ ਦੋਸ਼ ਲਗਾਏ ਜਾ ਰਹੇ ਹਨ। ਜਿਸ ਸਬੰਧੀ ਮਾਣਯੋਗ ਅਦਾਲਤ ਵਿਚ ਮਾਨਹਾਨੀ ਦਾ ਕੇਸ ਕੀਤਾ ਜਾਵੇਗਾ। ਉਹਨਾਂ ਕਿਹਾ ਕਿ ਟਰੱਕ ਯੂਨੀਅਨ ਰਾਮਪੁਰਾਫੂਲ ਦੇ ਸਾਰੇ ਟਰੱਕ ਅਪਰੇਟਰ ਬਹੁਤ ਖੁਸ਼ ਹਨ ਅਤੇ ਸਾਰੇ ਆਪ੍ਰੇਟਰਾਂ ਨੂੰ ਸਮੇਂ ਸਿਰ ਉਨ੍ਹਾਂ ਦੀ ਪੇਮੈਂਟ ਜਾਰੀ ਕਰ ਦਿੱਤੀ ਜਾਂਦੀ ਹੈ।ਇਸ ਮੌਕੇ ਅਮਨਾਂ ਸਿੰਘ ਰਾਮਪੁਰਾ ,ਬਾਜ ਸਿੰਘ ਫੂਲ, ਜੰਡੂ ਸ਼ਰਮਾ, ਬੰਟੀ ਖੋਖਰ ਆਦਿ ਸਮੇਤ ਵੱਡੀ ਗਿਣਤੀ ਵਿੱਚ ਟਰੱਕ ਅਪ੍ਰੇਟਰ ਹਾਜਰ ਸਨ।
ਬਠਿੰਡਾ ਦੀ ਇਤਿਹਾਸਕ ਪਬਲਿਕ ਲਾਇਬਰੇਰੀ ਨੂੰ ਨਿਗਮ ਵਲੋਂ ਅਪਣੇ ਕਬਜ਼ੇ ਹੇਠ ਲੈਣ ਦੀ ਤਿਆਰੀ
ਨਿਗਮ ਕਮਿਸ਼ਨਰ ਵਲੋਂ ਪ੍ਰਬੰਧਕਾਂ ਨੂੰ 31 ਮਈ ਤੱਕ ਜਗ੍ਹਾਂ ਖ਼ਾਲੀ ਕਰਨ ਦੇ ਆਦੇਸ਼, ਵਿਜੀਲੈਂਸ ਜਾਂਚ ਲਈ ਲਿਖਿਆ
ਵਿਧਾਇਕ ਨੇ ਕੀਤਾ ਦਾਅਵਾ, ਸ਼ਹਿਰ ਦੇ ਲੋਕਾਂ ਵਲੋਂ ਪੈਸੇ ਇਕੱਠੇ ਕਰਕੇ ਬਣਾਈ ਇਸ ਸੰਸਥਾ ਨੂੰ ਖ਼ਤਮ ਨਹੀਂ ਹੋਣ ਦੇਵਾਂਗੇ
ਸੁਖਜਿੰਦਰ ਮਾਨ
ਬਠਿੰਡਾ, 25 ਮਈ: ਸਥਾਨਕ ਸ਼ਹਿਰ ’ਚ 85 ਸਾਲ ਪਹਿਲਾਂ ਅਜਾਦੀ ਘੁਲਾਟੀਆਂ ਵਲੋਂ ਬਣਾਈ ਇਤਿਹਾਸਕ ਲਾਇਬਰੇਰੀ ਨੂੰ ਹੁਣ ਨਗਰ ਨਿਗਮ ਵਲੋਂ ਅਪਣੇ ਕਬਜ਼ੇ ਹੇਠ ਲੈਣ ਦੀ ਤਿਆਰੀ ਕਰ ਲਈ ਗਈ ਹੈ। ਸਾਲ 2015 ਤੋਂ ਲਾਇਬਰੇਰੀ ਦੀ ਲੀਜ਼ ਰਿਨਊ ਨਾ ਹੋਣ ਦੇ ਚੱਲਦੇ ਨਿਗਮ ਵਲੋਂ ਲਾਇਬਰੇਰੀ ਦੀ ਪ੍ਰਬੰਧਕੀ ਕਮੇਟੀ ਨੂੰ 24 ਮਈ ਨੂੂੰ ਇੱਕ ਪੱਤਰ (ਨੰਬਰ 2732) ਜਾਰੀ ਕਰਕੇ 31 ਮਈ ਤੱਕ ਇਹ ਜਗ੍ਹਾਂ ਖਾਲੀ ਕਰਨ ਦੇ ਹੁਕਮ ਦਿੱਤੇ ਗਏ ਹਨ। ਇਸ ਮਾਮਲੇ ਵਿਚ ਜਿੱਥੇ ਲਾਇਬਰੇਰੀ ਦੀ ਪ੍ਰਬੰਧਕੀ ਕਮੇਟੀ ਵਲੋਂ ਨਿਗਮ ਵਿਰੁਧ ਧੱਕੇਸ਼ਾਹੀ ਦੇ ਦੋਸ਼ ਲਗਾਏ ਹਨ, ਉਥੇ ਦੂਜੇ ਪਾਸੇ ਬਠਿੰਡਾ ਸ਼ਹਿਰੀ ਹਲਕੇ ਤੋਂ ਵਿਧਾਇਕ ਜਗਰੂਪ ਸਿੰਘ ਗਿੱਲ ਨੇ ਇਸਦਾ ਸਖ਼ਤ ਵਿਰੋਧ ਕਰਦਿਆਂ ਐਲਾਨ ਕੀਤਾ ਹੈ ਕਿ ‘‘ ਸ਼ਹਿਰ ਦੇ ਲੋਕਾਂ ਵਲੋਂ ਪੈਸੇ ਇਕੱਠੇ ਕਰਕੇ ਬਣਾਈ ਇਸ ਇਤਿਹਾਸਕ ਸੰਸਥਾ ਨੂੰ ਨਿਗਮ ਕੋਲ ਅਪਣੇ ਕਬਜ਼ੇ ’ਚ ਲੈਣ ਦਾ ਕੋਈ ਅਧਿਕਾਰ ਨਹੀਂ। ’’ ਇਸੇ ਤਰ੍ਹਾਂ ਨਗਰ ਨਿਗਮ ਦੇ ਸੀਨੀਅਰ ਡਿਪਟੀ ਮੇਅਰ ਅਸੋਕ ਪ੍ਰਧਾਨ ਨੇ ਵੀ ਇਸ ਲਾਇਬਰੇਰੀ ਦੇ ਹੱਕ ਵਿਚ ਡਟਦੇ ਹੋਏ ਕਿਹਾ ਕਿ ਇਸਦੀ ਲੀਜ਼ ’ਚ ਵਾਧਾ ਕਰਕੇ ਚੱਲਦਾ ਰਹਿਣ ਦਿੱਤਾ ਜਾਣਾ ਚਾਹੀਦਾ ਹੈ। ਜਦੋਂਕਿ ਨਿਗਮ ਕਮਿਸ਼ਨਰ ਨੇ ਇਸ ਮਾਮਲੇ ਵਿਚ ਹੋਰ ਗ਼ੰਭੀਰਤਾ ਦਿਖਾਉਂਦਿਆਂ ਪਿਛਲੀ ਕਾਂਗਰਸ ਸਰਕਾਰ ਦੌਰਾਨ ਤਤਕਾਲੀ ਵਿਤ ਮੰਤਰੀ ਮਨਪ੍ਰੀਤ ਬਾਦਲ ਵਲੋਂ ਇਸ ਲਾਇਬਰੇਰੀ ਨੂੰ ਜਾਰੀ ਕੀਤੀਆਂ ਗ੍ਰਾਂਟਾਂ ਦੀ ਦੁਰਵਰਤੋਂ ਦੇ ਦੋਸ਼ ਲਗਾਉਂਦਿਆਂ ਵਿਜੀਲੈਂਸ ਬਿਉਰੋ ਨੂੰ ਜਾਂਚ ਕਰਨ ਲਈ ਇੱਕ ਪੱਤਰ (ਮਿਤੀ 24 ਮਈ, ਨੰਬਰ 2707) ਲਿਖਿਆ ਹੈ। ਚੱਲ ਰਹੀ ਚਰਚਾ ਮੁਤਾਬਕ ਇਸ ਲਾਇਬਰੇਰੀ ਨੂੰ ਸ਼ਹਿਰ ਦੇ ਲੋਕਾਂ ਦੇ ਹੱਥਾਂ ਵਿਚੋਂ ਖੋਹ ਕੇ ਨਿਗਮ ਦੇ ਹੱਥਾਂ ’ਚ ਲਿਜਾਣ ਲਈ ਸ਼ਹਿਰ ਦੇ ਇੱਕ ਪ੍ਰਮੁੱਖ ਸਿਆਸੀ ਆਗੂੁ ਵਲੋਂ ਅੰਦਰਖਾਤੇ ਵੱਡੀ ਭੂਮਿਕਾ ਨਿਭਾਈ ਜਾ ਰਹੀ ਹੈ। ਇੱਥੇ ਦਸਣਾ ਬਣਦਾ ਹੈ ਕਿ 1938 ਵਿਚ ਕੁੱਝ ਅਜਾਦੀ ਘੁਲਾਟੀਆਂ ਤੇ ਸ਼ਹਿਰ ਦੇ ਲੋਕਾਂ ਵਲੋਂ ਮਿਲਕੇ ਲਾਇਬਰੇਰੀ ਖੋਲੀ ਗਈ ਸੀ, ਜਿਸਦਾ ਬਾਅਦ ਵਿਚ ਨਾਮ ਸਤਪਾਲ ਅਜਾਦ ਮੈਮੋਰੀਅਲ ਰੱਖਿਆ ਗਿਆ। ਇਸ ਲਾਇਬਰੇਰੀ ਨੂੰ ਚਲਾਉਣ ਲਈ ਸ਼ਹਿਰ ਦੇ ਲੋਕਾਂ ਦੀ ਮੈਂਬਰਸ਼ਿਪ ਕਰਕੇ ਇੱਕ ਕਮੇਟੀ ਬਣਾਈ ਗਈ, ਜਿਸਦੀ ਹਰ ਤਿੰਨ ਸਾਲਾਂ ਬਾਅਦ ਵੋਟਾਂ ਰਾਹੀਂ ਚੋਣ ਹੁੰਦੀ ਹੈ। ਸਮੇਂ-ਸਮੇਂ ਉੱਘੇ ਅਜਾਦੀ ਘੁਲਾਟੀਏ ਤੇ ਨਾਮਵਰ ਸਖ਼ਸੀਅਤਾਂ ਇਸ ਲਾਇਬਰੇਰੀ ਦੀ ਕਮੇਟੀ ਦੀਆਂ ਪ੍ਰਧਾਨ ਰਹੀਆਂ ਹਨ। ਮੌਜੂਦਾ ਸਮੇਂ ਇਹ ਲਾਇਬਰੇਰੀ ਸ਼ਹਿਰ ਦੇ ਦਿਲ ਮੰਨੇ ਜਾਂਦੇ ਇਲਾਕੇ ਗੋਲੀ ਡਿੱਗੀ ਦੇ ਨਜਦੀਕ 1840 ਗਜ ਜਗ੍ਹਾਂ ਵਿਚ ਸਥਿਤ ਹੈ, ਜਿਹੜੀ ਕਿ ਨਿਗਮ ਕੋਲੋ ਲੀਜ਼ ਉਪਰ ਲਈ ਗਈ ਹੈ। ਨਿਯਮਾਂ ਮੁਤਾਬਕ 31 ਮਾਰਚ 2015 ਵਿਚ ਇਸ ਲਾਇਬਰੇਰੀ ਦੀ ਲੀਜ਼ ਖ਼ਤਮ ਹੋ ਚੁੱਕੀ ਹੈ। ਇਸ ਲਾਇਬਰੇਰੀ ਨੂੰ ਚਲਾਉਣ ਦੇ ਲਈ ਹੁਣ ਤੱਕ 42 ਦੁਕਾਨਾਂ ਬਣਾਈਆਂ ਗਈਆਂ ਹਨ, ਜਿੰਨ੍ਹਾਂ ਦਾ ਕਿਰਾਇਆ ਪਬਲਿਕ ਲਾਇਬਰੇਰੀ ਦੀ ਕਮੇਟੀ ਲੈ ਰਹੀ ਹੈ। ਇਸਤੋਂ ਇਲਾਵਾ ਇਸਨੂੰ ਸਰਕਾਰਾਂ ਤੋਂ ਇਲਾਵਾ ਦਾਨੀਆਂ ਵਲੋਂ ਫੰਡ ਵੀ ਦਿੱਤਾ ਜਾਂਦਾ ਹੈ। ਜਾਣਕਾਰਾਂ ਮੁਤਾਬਕ ਅਸਲ ਵਿਚ ਵਿਵਾਦ ਦੀ ਜੜ੍ਹ ਇਹ ਦੁਕਾਨਾਂ ਹੀ ਹਨ, ਜਿੰਨ੍ਹਾਂ ਨੂੰ ਅਪਣੈ ਕਬਜ਼ੇ ਵਿਚ ਲੈਣ ਲਈ ਨਗਰ ਨਿਗਮ(ਤਤਕਾਲੀ ਨਗਰ ਪਾਲਿਕਾ) ਵਲੋਂ ਸਾਲ 2006 ਤੋਂ ਹੀ ਕੋਸ਼ਿਸਾਂ ਕੀਤੀਆਂ ਜਾ ਰਹੀਆਂ ਹਨ, ਕਿਉਂਕਿ ਇਸਦੇ ਪਿੱਛੇ ਅਧਿਕਾਰੀਆਂ ਦਾ ਤਰਕ ਹੈ ਕਿ ਇਹ ਦੁਕਾਨਾਂ ਨਜਾਇਜ਼ ਹਨ। ਸੂਤਰਾਂ ਮੁਤਾਬਕ ਪਿਛਲੇ ਸਮੇਂ ਦੌਰਾਨ ਵੀ ਹੋਈਆਂ ਮੀਟਿੰਗਾਂ ਵਿਚ ਅਧਿਕਾਰੀਆਂ ਵਲੋਂ ਪਬਲਿਕ ਲਾਇਬਰੇਰੀ ਨੂੰ ਦੁਕਾਨਾਂ ਨਗਰ ਨਿਗਮ ਨੂੰ ਸੋਂਪਣ ਦੀ ਮੰਗ ਕੀਤੀ ਜਾਂਦੀ ਰਹੀ ਹੈ। ਪ੍ਰੰਤੂ ਪ੍ਰਬੰਧਕੀ ਕਮੇਟੀ ਇਸਨੂੰ ਅਪਣੀ ਆਮਦਨ ਦਾ ਸਰੋਤ ਦਸਦਿਆਂ ਇਸ ਗੱਲ ਤੋਂ ਇੰਨਕਾਰੀ ਹੈ।
ਬਾਕਸ
ਪਬਲਿਕ ਲਾਇਬਰੇਰੀ ਨੂੰ ਬੰਦ ਨਹੀਂ ਕਰਾਂਗੇ, ਵਧੀਆਂ ਤਰੀਕੇ ਨਾਲ ਚਲਾਂਵਗੇ: ਕਮਿਸ਼ਨਰ
ਬਠਿੰਡਾ: ਉਧਰ ਨਗਰ ਨਿਗਮ ਕਮਿਸ਼ਨਰ ਰਾਹੁਲ ਨੇ ਦਾਅਵਾ ਕੀਤਾ ਹੈ ਕਿ ‘‘ ਲਾਇਬਰੇਰੀ ’ਤੇ ਕਾਬਜ਼ ਧਿਰ ਵਲੋਂ ਲੋਕਾਂ ਨੂੰ ਗੁੰਮਰਾਹ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਜਦੋਂਕਿ ਇਸ ਲਾਇਬਰੇਰੀ ਨੂੰ ਬੰਦ ਨਹੀਂ ਕੀਤਾ ਜਾ ਰਿਹਾ ਪਰ ਨਿਗਮ ਵਲੋਂ ਪਹਿਲਾਂ ਤੋਂ ਵੀ ਵਧੀਆਂ ਤਰੀਕੇ ਨਾਲ ਇਸਨੂੰ ਚਲਾਉਣ ਦੀ ਯੋਜਨਾ ਬਣਾਈ ਗਈ ਹੈ। ’’ ਉਨ੍ਹਾਂ ਕਿਹਾ ਕਿ ਨਿਗਮ ਨੂੰ ਸਿਕਾਇਤ ਮਿਲੀ ਸੀ ਕਿ ਪਿਛਲੇ ਸਮੇਂ ਦੌਰਾਨ ਪਬਲਿਕ ਲਾਇਬਰੇਰੀ ਦੀ ਕਮੇਟੀ ਵਲੋਂ ਜਨਤਕ ਫੰਡਾਂ ਵਿਚ ਘਪਲੇਬਾਜ਼ੀ ਕੀਤੀ ਗਈ ਹੈ, ਜਿਸਦੀ ਜਾਂਚ ਲਈ ਵਿਜੀਲੈਂਸ ਨੂੰ ਲਿਖਿਆ ਗਿਆ ਹੈ। ਉਨ੍ਹਾਂ ਅੱਗੇ ਕਿਹਾ ਕਿ ਕਮੇਟੀ ਨੇ ਗੈਰ-ਕਾਨੂੰਨੀ ਤੌਰ ’ਤੇ ਦੁਕਾਨਾਂ ਦੀ ਉਸਾਰੀ ਕਰਕੇ ਉਨ੍ਹਾਂ ਨੂੰ ਅੱਗੇ ਕਿਰਾਏ ’ਤੇ ਦੇ ਕੇ ਨਜਾਇਜ਼ ਤੌਰ ’ਤੇ ਕਿਰਾਇਆ ਵਸੂਲਿਆਂ ਜਾ ਰਿਹਾ ਹੈ, ਜਿਸਦੇ ਚੱਲਦੇ ਹੁਣ ਇਸਨੂੰ ਨਿਗਮ ਦੇ ਹੱਥਾਂ ਵਿਚ ਲਿਆ ਜਾ ਰਿਹਾ ਹੈ।
ਬਾਕਸ
ਨਿਗਮ ਨੂੰ ਇਸ ਲਾਇਬਰੇਰੀ ਨੂੰ ਕਬਜ਼ੇ ਵਿਚ ਨਹੀਂ ਲੈਣ ਦੇਵਾਂਗੇ: ਐਮ.ਐਲ.ਏ ਜਗਰੂਪ ਗਿੱਲ
ਬਠਿੰਡਾ: ਇਸ ਮਾਮਲੇ ਵਿਚ ਗੱਲ ਕਰਦਿਆਂ ਬਠਿੰਡਾ ਸ਼ਹਿਰੀ ਹਲਕੇ ਦੇ ਵਿਧਾਇਕ ਜਗਰੂਪ ਸਿੰਘ ਗਿੱਲ ਨੇ ਕਿਹਾ ਕਿ ‘‘ ਪਲਬਿਕ ਲਾਇਬਰੇਰੀ ਸ਼ਹਿਰ ਦੇ ਲੋਕਾਂ ਦੀ ਸੰਸਥਾ ਹੈ, ਜਿਸਨੂੰ ਪੁਰਾਣੇ ਬਜੁਰਗਾਂ ਨੇ ਅਪਣੇ ਹੱਥੀ ਤਿਆਰ ਕੀਤਾ , ਜਿਸਦੇ ਚੱਲਦੇ ਇਸਨੂੰ ਸਰਕਾਰੀ ਹੱਥਾਂ ਵਿਚ ਨਹੀਂ ਜਾਣ ਦੇਵਾਂਗੇ। ’’ ਉਨ੍ਹਾਂ ਕਿਹਾ ਕਿ ਲਾਇਬਰੇਰੀ ਦੇ ਖਰਚੇ ਕੱਢਣ ਲਈ ਇਹ ਦੁਕਾਨਾਂ ਉਸਦੀ ਆਮਦਨ ਦੀਆਂ ਸਾਧਨ ਹਨ, ਜਿਸ ਕਾਰਨ ਨਿਗਮ ਨੂੰ ਚਾਹੀਦਾ ਹੈ ਕਿ ਉਹ ਲੀਜ਼ ਵਿਚ ਵਾਧਾ ਕਰਕੇ ਤੁਰੰਤ ਇਸਦਾ ਹੱਲ ਕੱਢੇ।
ਬਾਕਸ
ਲਾਇਬਰੇਰੀ ਦੀ ਕਮੇਟੀ ਇੱਕ ਰਜਿਸਟਰਡ ਸੰਸਥਾ ਹੈ: ਕਾਰਜ਼ਕਾਰੀ ਪ੍ਰਧਾਨ ਬਲਤੇਜ ਸਿੰਘ
ਬਠਿੰਡਾ: ਪਬਲਿਕ ਲਾਇਬਰੇਰੀ ਦੀ ਪ੍ਰਬੰਧਕੀ ਕਮੇਟੀ ਦੇ ਕਾਰਜ਼ਕਾਰਲੀ ਪ੍ਰਧਾਨ ਬਲਤੇਜ ਸਿੰਘ ਨੇ ਕਿਹਾ ਕਿ ਇਹ ਇੱਕ ਰਜਿਸਟਰਡ ਬਾਡੀ ਹੈ ਤੇ ਇਸਦੀ ਸੰਵਿਧਾਨ ਮੁਤਾਬਕ ਹਰ ਤਿੰਨ ਸਾਲ ਬਾਅਦ ਚੋਣ ਹੁੰਦੀ ਹੈ। ਨਿਯਮਾਂ ਮੁਤਾਬਕ ਇਸਦਾ ਹਰ ਸਾਲ ਆਡਿਟ ਹੁੰਦਾ ਹੈ ਤੇ ਜੇਕਰ ਫ਼ਿਰ ਵੀ ਕਮਿਸ਼ਨਰ ਸਾਹਿਬ ਨੂੰ ਕੋਈ ਸ਼ੱਕ ਹੈ ਤਾਂ ਉਹ ਖੁਦ ਅਪਣੀ ਪ੍ਰਧਾਨਗੀ ਹੇਠ ਕਮੇਟੀ ਬਣਾ ਕੇ ਜਾਂ ਫ਼ਿਰ ਵਿਜੀਲੈਂਸ ਛੱਡ ਈਡੀ ਤੋਂ ਜਾਂਚ ਕਰਵਾ ਲੈਣ ਤੇ ਜੇਕਰ ਕੋਈ ਇੱਕ ਪੈਸੇ ਦਾ ਵੀ ਹੇਰ-ਫ਼ੇਰ ਹੋਵੇ ਤਾਂ ਉਹ ਚੌਕ ਵਿਚ ਖੜਾ ਕਰਕੇ ਜੋ ਮਰਜ਼ੀ ਸਜ਼ਾ ਦੇ ਦੇਣ।
