Home Blog Page 2124

ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਵੱਲੋਂ ਲਗਾਇਆ ਸ਼ਖ਼ਸੀਅਤ ਉਸਾਰੀ ਕੈਂਪ

ਸੁਖਜਿੰਦਰ ਮਾਨ
ਬਠਿੰਡਾ, 2 ਮਈ : ਪਿਛਲੇ 50 ਸਾਲਾਂ ਤੋਂ ਧਾਰਮਕ, ਸਮਾਜਕ ਤੇ ਸਿੱਖਿਆ ਖੇਤਰ ਵਿਚ ਕੰਮ ਕਰ ਰਹੀ ਸੰਸਥਾ ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਦੇ ਖੇਤਰ ਬਠਿੰਡਾ ਵੱਲੋਂ ਪੰਜਾਬੀ ਯੂਨੀਵਰਸਿਟੀ ਕਾਲਜ ਘੁੱਦਾ ਵਿਖੇ ਦੋ ਰੋਜ਼ਾ ਵਿਦਿਆਰਥੀ ਸ਼ਖ਼ਸੀਅਤ ਉਸਾਰੀ ਕੈਂਪ ਲਗਾਇਆ ਗਿਆ। ਇਸ ਕੈਂਪ ਵਿੱਚ ਕਾਲਜ ਦੇ 125 ਵਿਦਿਆਰਥੀਆਂ ਨੇ ਭਾਗ ਲਿਆ । ਕੈਂਪ ਦੀ ਸ਼ੁਰੂਆਤ ਵਿਦਿਆਰਥੀਆਂ ਵੱਲੋਂ ਗੁਰਬਾਣੀ ਦੇ ਸ਼ਬਦ ਨਾਲ ਕੀਤੀ ਗਈ। ਇਸ ਤੋਂ ਬਾਅਦ ਪ੍ਰੋਫੈਸਰ ਵੀਰਪਾਲ ਕੌਰ ਵੱਲੋਂ ਸਟੱਡੀ ਸਰਕਲ ਦੇ ਵੀਰਾਂ ਨੂੰ ’ਜੀ ਆਇਆਂ ਨੂੰ’ ਕਿਹਾ ਤੇ ਉਨ੍ਹਾਂ ਦੀ ਜਾਣ ਪਹਿਚਾਣ ਵਿਦਿਆਰਥੀਆਂ ਨਾਲ ਕਰਵਾਈ੍ਟ। ਕੈਂਪ ਦਾ ਪਹਿਲਾ ਸੈਸ਼ਨ ਖੇਤੀਬਾੜੀ ਅਫਸਰ ਤੇ ਸਟੱਡੀ ਸਰਕਲ ਦੇ ਡਾਇਰੈਕਟਰ ਜਰਨਲ ਡਾ. ਅਵਨਿੰਦਰਪਾਲ ਸਿੰਘ ਵੱਲੋਂ ‘ਸਦਾ ਮਨਿ ਚਾਉ’ ਵਿਸ਼ੇ ਬਾਰੇ ਲਿਆ ਗਿਆ। ਇਸ ਮੌਕੇ ਉਨ੍ਹਾਂ ਜਿੱਥੇ ਦੁਨੀਆਂ ਵਿਚ ਵੱਧ ਰਹੇ ਚਿੰਤਾ ਦੇ ਰੋਗ ਬਾਰੇ ਜਾਣਕਾਰੀ ਸਾਂਝੀ ਕੀਤੀ ,ਉਥੇ ਹੀ ਇਸ ਦੇ ਉਪਾਅ ਗੁਰਬਾਣੀ ਦੀਆਂ ਤੁੁਕਾਂ ਰਾਹੀਂ ਦੱਸੇ। ਉਹਨਾਂ ਨਸਲੀ ਭੇਦ ਭਾਵ, ਜਾਤ-ਪਾਤ ਦੇ ਵਿਤਕਰੇ, ਗੁੱਸਾ, ਹੰਕਾਰ ਤਿਆਗ ਕੇ ਉਸ ਵਾਹਿਗੁਰੂ ਦੇ ਹੁਕਮ ਵਿੱਚ ਚਲਦਿਆਂ ਮਿਆਰੀ ਵਿਦਿਆ ਹਾਸਿਲ ਕਰਨ ਅਤੇ ਆਪਣੇ ਨਿਸ਼ਾਨੇ ਮਿਥਕੇ ਮਿਹਨਤ ਕਰਨ ਲਈ ਵਿਦਿਆਰਥੀਆਂ ਨੂੰ ਪ੍ਰੇਰਿਆ। ਇਸ ਸੈਸ਼ਨ ਤੋਂ ਬਾਅਦ ਵਿਦਿਆਰਥੀਆਂ ਨੇ ਜਿੰਦਗੀ ਨੂੰ ਸੇਧ ਦੇਣ ਵਾਲੀਆਂ ਗਤੀਵਿਧੀਆਂ ਵਿੱਚ ਭਾਗ ਲਿਆ ਤੇ ਵਾਰਤਾਲਾਪ ਦੁਆਰਾ ਆਪਣੇ ਸਵਾਲਾਂ ਦੇ ਜਵਾਬ ਵੀ ਲਏ। ਨੈਤਿਕ ਕਦਰਾਂ ਕੀਮਤਾਂ ਨੂੰ ਦਰਸਾਉਦੀਆਂ ਛੋਟੀਆਂ-ਛੋਟੀਆਂ ਲੱਘੂ ਫਿਲਮਾਂ ਵਿਦਿਆਰਥੀਆਂ ਨੇ ਇੱਕ ਮਨ ਚਿੱਤ ਲਾਕੇ ਦੇਖੀਆਂ। ਕੈਂਪ ਦੇ ਦੂਜੇ ਦਿਨ ਪ੍ਰਮੁੱਖ ਖੇਤੀ ਅਰਥਸ਼ਾਸਤਰੀ ਅਤੇ ਖੇਤਰ ਸਕੱਤਰ ਡਾ. ਗੁਰਜਿੰਦਰ ਸਿੰਘ ਰੋਮਾਣਾ ਵੱਲੋਂ ’ਸੁੱਧ ਆਹਾਰ,ਸੁੱਧ ਵਿਚਾਰ’ ਵਿਚਾਰ ਬਾਰੇ ਬੋਲਦਿਆਂ ਕਿਹਾ ਕਿ ਸਾਨੂੰ ਵਧੀਆ ਜੀਵਨ ਜਿਊਣ ਤੇ ਆਪਣੇ ਵਿਚਾਰਾਂ ਨੂੰ ਤੰਦਰੁਸਤ ਰੱਖਣ ਲਈ ਤੰਦਰੁਸਤ ਸਰੀਰ ਦਾ ਹੋਣਾ ਬਹੁਤ ਜਰੂਰੀ ਹੈ ਜੋ ਸੁੱਧ ਆਹਾਰ ਨਾਲ ਹੀ ਸੰਭਵ ਹੋ ਸਕਦਾ ਹੈ। ਤਕਨੀਕ ਸੈਸ਼ਨ ‘ਸੁਣਿਆ ਅੰਧੇ ਪਾਵਹਿ ਰਾਹੁ’ ਬਾਰੇ ਪ੍ਰੋਫ਼ੈਸਰ ਮਨਿੰਦਰ ਸਿੰਘ ਡਾਇਰੈਕਟਰ ਜਨਰਲ ਪਲੈਨਿੰਗ ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਨੇ ਆਪਣੇ ਵਿਚਾਰ ਰੱਖੇ। ਉਹਨਾਂ ਬਾਣੀ ਦਾ ਆਸਰਾ ਓਟ ਲੈ ਕੇ ਆਪਣੇ ਮਿੱਥੇ ਨਿਸਾਨੇ ਸਰ ਕਰਨ ਲਈ ਸੱਚੀ ਸੁੱਚੀ ਕਿਰਤ ਕਰਨ ਦੀ ਸਿਫਾਰਸ਼ ਵਿਦਿਆਰਥੀਆਂ ਨੂੰ ਕੀਤੀ। ਕਾਲਜ ਪ੍ਰਿੰਸੀਪਲ ਡਾ ਕਿਰਨਦੀਪ ਕੌਰ ਵੱਲੋਂ ਸਟੱਡੀ ਸਰਕਲ ਦੇ ਵੀਰਾਂ ਤੇ ਵਿਦਿਆਰਥੀਆਂ ਦਾ ਧੰਨਵਾਦ ਕੀਤਾ ਗਿਆ। ਇਸ ਮੌਕੇ ਬਠਿੰਡਾ ਖੇਤਰ ਦੇ ਪ੍ਰਧਾਨ ਬਲਵੰਤ ਸਿੰਘ ਕਾਲਝਰਾਣੀ, ਐਡੀਸਨਲ ਸਕੱਤਰ ਸੁਰਿੰਦਰ ਪਾਲ ਸਿੰਘ ਬੱਲੂਆਣਾ, ਪ੍ਰੋ ਰਮਨਦੀਪ ਅਤੇ ਪ੍ਰੋ ਸੁਖਦੀਪ ਕੌਰ ਵੱਲੋਂ ਵਿਸ਼ੇਸ਼ ਭੂਮਿਕਾ ਨਿਭਾਈ। ਕੈਂਪ ਦੇ ਅਖ਼ੀਰ ਵਿਚ ਵਿਦਿਆਰਥੀਆਂ ਨੇ ਕੈਂਪ ਬਾਰੇ ਆਪਣੇ ਅਨੁਭਵ ਸਾਂਝੇ ਕੀਤੇ ਅਤੇ ਅਜਿਹੇ ਹੋਰ ਕੈਂਪ ਲਾਉੁਣ ਲਈ ਕਿਹਾ।

’ਨਵੇਂ ਯੁੱਗ ਦਾ ਆਗਾਜ਼’ ਪੰਜਾਬ ਨੇ ਆਮ ਆਦਮੀ ਦੀ ਸਹੂਲਤ ਲਈ ਅੱਜ ਤੋਂ ਬਦਲਿਆ ਸਰਕਾਰੀ ਦਫ਼ਤਰਾਂ ਦਾ ਸਮਾਂ

0

ਭਗਵੰਤ ਮਾਨ ਨੇ ਖੁਦ ਸਵੇਰੇ 7:28 ਵਜੇ ਆਪਣੇ ਦਫਤਰ ਪਹੁੰਚ ਕੇ ਸੂਬੇ ਦੀ ਅਗਵਾਈ ਕਰਨ ਦੀ ਮਿਸਾਲ ਕਾਇਮ ਕੀਤੀ
ਫੈਸਲੇ ਨਾਲ ਰੋਜ਼ਾਨਾ 350 ਮੈਗਾਵਾਟ ਬਿਜਲੀ ਬਚੇਗੀ ਅਤੇ 2 ਮਈ ਤੋਂ 15 ਜੁਲਾਈ ਤੱਕ 40-45 ਕਰੋੜ ਰੁਪਏ ਦੀ ਬੱਚਤ ਹੋਵੇਗੀ-ਮੁੱਖ ਮੰਤਰੀ
ਸੂਬੇ ਵਿੱਚ ਬਿਜਲੀ ਦੀ ਕੋਈ ਕਮੀ ਨਹੀਂ ਆਉਣ ਦਿੱਤੀ ਜਾਵੇਗੀ – ਮੁੱਖ ਮੰਤਰੀ
ਪੰਜਾਬੀ ਖ਼ਬਰਸਾਰ ਬਿਉਰੋ
ਚੰਡੀਗੜ੍ਹ, 2 ਮਈ: ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਅੱਜ ਕਿਹਾ ਕਿ ਦਫ਼ਤਰੀ ਸਮਾਂ ਬਦਲਣ ਦੀ ਬੇਮਿਸਾਲ ਲੋਕ-ਪੱਖੀ ਪਹਿਲਕਦਮੀ ਨਾਲ ਸੂਬੇ ਵਿੱਚ ’ਨਵੇਂ ਯੁੱਗ ਦਾ ਆਗਾਜ਼’ ਹੋਇਆ ਹੈ, ਜਿਸ ਨਾਲ ਰੋਜ਼ਾਨਾ 350 ਮੈਗਾਵਾਟ ਬਿਜਲੀ ਬਚਣ ਦੇ ਨਾਲ-ਨਾਲ 2 ਮਈ ਤੋਂ 15 ਜੁਲਾਈ ਤੱਕ ਲਗਭਗ 40-45 ਕਰੋੜ ਰੁਪਏ ਦੀ ਵੀ ਬੱਚਤ ਹੋਵੇਗੀ। ਪੰਜਾਬ ਸਿਵਲ ਸਕੱਤਰੇਤ-1 ਦੇ ਕਮੇਟੀ ਰੂਮ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਮੁੱਖ ਮੰਤਰੀ ਨੇ ਜ਼ੋਰ ਦੇ ਕੇ ਕਿਹਾ, “ਇਸ ਮਹੱਤਵਪੂਰਨ ਕਦਮ ਨਾਲ ਜਿੱਥੇ ਲੋਕਾਂ ਨੂੰ ਵੱਡੀ ਸਹੂਲਤ ਮਿਲੇਗੀ, ਉਥੇ ਹੀ ਇਹ ਕਦਮ ਸਰਕਾਰੀ ਮੁਲਾਜ਼ਮਾਂ ਦੀ ਕਾਰਜਕੁਸ਼ਲਤਾ ਵਧਾਉਣ ਵਿੱਚ ਵੀ ਸਹਾਈ ਹੋਵੇਗਾ।”ਮੁੱਖ ਮੰਤਰੀ ਨੇ ਅੱਜ ਖੁਦ ਸਵੇਰੇ 7:28 ’ਤੇ ਆਪਣੇ ਦਫ਼ਤਰ ਪਹੁੰਚ ਕੇ ਮਿਸਾਲ ਕਾਇਮ ਕੀਤੀ। ਉਨ੍ਹਾਂ ਕਿਹਾ ਕਿ ਇਹ ਫੈਸਲਾ ਲੰਮੇ ਵਿਚਾਰ-ਵਟਾਂਦਰੇ ਦੌਰਾਨ ਬਹੁਗਿਣਤੀ ਭਾਈਵਾਲਾਂ ਦੀ ਸਹਿਮਤੀ ਲੈਣ ਤੋਂ ਬਾਅਦ ਲਿਆ ਗਿਆ। ਉਨ੍ਹਾਂ ਕਿਹਾ ਕਿ ਇਹ ਫੈਸਲਾ ਆਉਣ ਵਾਲੇ ਮਹੀਨਿਆਂ ਵਿੱਚ ਲੋਕਾਂ ਨੂੰ ਭਿਆਨਕ ਗਰਮੀ ਤੋਂ ਬਚਾਉਣ ਵਿਚ ਬਹੁਤ ਸਹਾਈ ਹੋਵੇਗਾ। ਭਗਵੰਤ ਮਾਨ ਨੇ ਕਿਹਾ ਕਿ ਭਾਵੇਂ ਕਈ ਪੱਛਮੀ ਦੇਸ਼ਾਂ ਵਿੱਚ ਮੌਸਮ ਦੀ ਤਬਦੀਲੀ ਦੇ ਅਨੁਸਾਰ ਘੜੀਆਂ ਦਾ ਸਮਾਂ ਦੀ ਰਵਾਇਤੀ ਇਕ ਆਮ ਵਰਤਾਰਾ ਹੈ ਪਰ ਭਾਰਤ ਵਿੱਚ ਪਹਿਲੀ ਵਾਰ ਇਹ ਇਤਿਹਾਸਕ ਪਹਿਲਕਦਮੀ ਕੀਤੀ ਗਈ। ਹੋਰ ਵੇਰਵਿਆਂ ਬਾਰੇ ਦੱਸਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਇਸ ਨਾਲ ਆਮ ਵਿਅਕਤੀ ਆਪਣੇ ਕੰਮ ਤੋਂ ਛੁੱਟੀ ਲਏ ਬਿਨਾਂ ਸਵੇਰੇ ਆਪਣਾ ਕੰਮਕਾਰ ਛੇਤੀ ਕਰ ਸਕੇਗਾ। ਉਨ੍ਹਾਂ ਕਿਹਾ ਕਿ ਇਸ ਨਾਲ ਸਰਕਾਰੀ ਮੁਲਾਜ਼ਮਾਂ ਨੂੰ ਵੀ ਸਹੂਲਤ ਮਿਲੇਗੀ ਕਿਉਂਕਿ ਉਹ ਦਫ਼ਤਰੀ ਸਮੇਂ ਤੋਂ ਬਾਅਦ ਸਮਾਜਿਕ ਸਮਾਗਮਾਂ ਵਿੱਚ ਸ਼ਿਰਕਤ ਕਰ ਸਕਣਗੇ। ਇਸੇ ਤਰ੍ਹਾਂ ਭਗਵੰਤ ਮਾਨ ਨੇ ਕਿਹਾ ਕਿ ਕਰਮਚਾਰੀ ਆਪਣੇ ਬੱਚਿਆਂ ਨਾਲ ਵੱਧ ਤੋਂ ਵੱਧ ਸਮਾਂ ਬਿਤਾਉਣਗੇ ਕਿਉਂ ਜੋ ਉਹ ਵੀ ਬੱਚਿਆਂ ਦੀ ਛੁੱਟੀ ਨਾਲ ਹੀ ਘਰ ਪਹੁੰਚ ਜਾਇਆ ਕਰਨਗੇ। ਮੁੱਖ ਮੰਤਰੀ ਨੇ ਕਿਹਾ ਕਿ ਇਸ ਫੈਸਲੇ ਨਾਲ ਸਰਕਾਰੀ ਦਫਤਰਾਂ ਵਿੱਚ ਰੋਜ਼ਾਨਾ 350 ਮੈਗਾਵਾਟ ਬਿਜਲੀ ਦੀ ਬੱਚਤ ਹੋਣ ਦੀ ਸੰਭਾਵਨਾ ਹੈ ਜਿਸ ਨਾਲ ਸਰਕਾਰੀ ਦਫਤਰਾਂ ਦੇ ਬਿਜਲੀ ਖਰਚੇ ਵਿੱਚ ਭਾਰੀ ਕਮੀ ਆਵੇਗੀ। ਉਨ੍ਹਾਂ ਕਿਹਾ ਕਿ ਪਾਵਰਕੌਮ ਦੇ ਅੰਕੜਿਆਂ ਅਨੁਸਾਰ ਦੁਪਹਿਰ 1:30 ਤੋਂ ਸ਼ਾਮ 4 ਵਜੇ ਤੱਕ ਬਿਜਲੀ ਦੀ ਵਰਤੋਂ ਦਾ ‘ਪੀਕ ਆਵਰ’ (ਬਿਜਲੀ ਦੀ ਸਭ ਤੋਂ ਵੱਧ ਖਪਤ ਵਾਲਾ ਸਮਾਂ) ਹੈ ਪਰ ਕਿਉਂਕਿ ਹੁਣ ਦਫ਼ਤਰ ਦੁਪਹਿਰ 2 ਵਜੇ ਬੰਦ ਰਹਿਣਗੇ, ਇਸ ਨਾਲ ਬਿਜਲੀ ਦੀ ਵਰਤੋਂ ਵਿੱਚ ਕਟੌਤੀ ਕਰਨ ਵਿੱਚ ਮਦਦ ਮਿਲੇਗੀ। ਭਗਵੰਤ ਮਾਨ ਨੇ ਕਿਹਾ ਕਿ ਹਰ ਮਹੀਨੇ ਔਸਤਨ 16 ਤੋਂ 17 ਕਰੋੜ ਰੁਪਏ ਦੀ ਬੱਚਤ ਹੋਵੇਗੀ ਅਤੇ 2 ਮਈ ਤੋਂ 15 ਜੁਲਾਈ ਤੱਕ ਦੇ ਸਮੇਂ ਦੌਰਾਨ ਸੂਬਾ ਸਰਕਾਰ ਨੂੰ 40 ਤੋਂ 42 ਕਰੋੜ ਰੁਪਏ ਦੀ ਬੱਚਤ ਹੋਣ ਦੀ ਉਮੀਦ ਹੈ।ਮੁੱਖ ਮੰਤਰੀ ਨੇ ਕਿਹਾ ਕਿ ਨਵਾਂ ਸਮਾਂ-ਸਾਰਣੀ ਇਹ ਵੀ ਯਕੀਨੀ ਬਣਾਏਗਾ ਕਿ ਸਰਕਾਰੀ ਦਫ਼ਤਰਾਂ ਵਿੱਚ ਕੁਦਰਤੀ ਚਾਨਣ ਦੀ ਵੱਧ ਤੋਂ ਵੱਧ ਵਰਤੋਂ ਕੀਤੀ ਜਾਵੇ। ਉਨ੍ਹਾਂ ਕਿਹਾ ਕਿ 15 ਜੁਲਾਈ ਤੋਂ ਬਾਅਦ ਸਾਰੇ ਭਾਈਵਾਲਾਂ ਖਾਸ ਕਰਕੇ ਆਮ ਲੋਕਾਂ ਤੋਂ ਫੀਡਬੈਕ ਲੈ ਕੇ ਫੈਸਲੇ ਦੀ ਸਮੀਖਿਆ ਕੀਤੀ ਜਾਵੇਗੀ। ਭਗਵੰਤ ਮਾਨ ਨੇ ਲੋਕਾਂ ਨੂੰ ਭਰੋਸਾ ਦਿਵਾਇਆ ਕਿ ਸੂਬਾ ਸਰਕਾਰ ਆਉਣ ਵਾਲੇ ਦਿਨਾਂ ਵਿੱਚ ਅਜਿਹੇ ਹੋਰ ਵੀ ਨਾਗਰਿਕ ਕੇਂਦਰਿਤ ਫੈਸਲੇ ਲਵੇਗੀ ਜਿਸ ਲਈ ਅਗਾਊਂ ਯੋਜਨਾਬੰਦੀ ਕੀਤੀ ਜਾ ਚੁੱਕੀ ਹੈ।ਮੁੱਖ ਮੰਤਰੀ ਨੇ ਕਿਹਾ ਕਿ ਸਰਕਾਰੀ ਦਫ਼ਤਰਾਂ ਦਾ ਸਮਾਂ ਬਦਲਣ ਦੇ ਕਦਮ ਨਾਲ ਸਿਰਫ ਬਿਜਲੀ ਦੀ ਬੱਚਤ ਹੀ ਨਹੀਂ ਸਗੋਂ ਇਸ ਨਾਲ ਆਵਾਜਾਈ ਨੂੰ ਸੁਚਾਰੂ ਢੰਗ ਨਾਲ ਚਲਾਉਣ ਵਿੱਚ ਵੀ ਮਦਦ ਮਿਲੇਗੀ। ਉਨ੍ਹਾਂ ਕਿਹਾ ਕਿ ਇਸ ਕਦਮ ਬਾਰੇ ਕਈ ਹੋਰ ਸੂਬਿਆਂ ਵੱਲੋਂ ਵੀ ਪੁੱਛਗਿੱਛ ਕੀਤੀ ਜਾ ਰਹੀ ਹੈ ਅਤੇ ਦੂਜੇ ਸੂਬਿਆਂ ਵਿੱਚ ਵੀ ਇਸ ਨੂੰ ਦੁਹਰਾਉਣ ਦੀ ਸੰਭਾਵਨਾ ਹੈ। ਭਗਵੰਤ ਮਾਨ ਨੇ ਉਮੀਦ ਜ਼ਾਹਰ ਕੀਤੀ ਕਿ ਵੱਡੇ ਸ਼ਹਿਰਾਂ ਜਿਵੇਂ ਕਿ ਬੈਂਗਲੁਰੂ, ਚੇਨਈ, ਮੁੰਬਈ, ਕੋਲਕਾਤਾ, ਦਿੱਲੀ ਅਤੇ ਹੋਰਾਂ ਵਿੱਚ ਅਜਿਹੇ ਕਦਮ ਟਰੈਫਿਕ ਦੀ ਸਮੱਸਿਆ ਨੂੰ ਸੁਚਾਰੂ ਬਣਾਉਣ ਵਿੱਚ ਮਦਦ ਕਰ ਸਕਦੇ ਹਨ ਜਿਸ ਨਾਲ ਆਮ ਆਦਮੀ ਨੂੰ ਲੋੜੀਂਦੀ ਰਾਹਤ ਮਿਲੇਗੀ। ਮੁੱਖ ਮੰਤਰੀ ਨੇ ਸਪੱਸ਼ਟ ਤੌਰ ’ਤੇ ਕਿਹਾ ਕਿ ਸੂਬੇ ਵਿੱਚ ਬਿਜਲੀ ਦੀ ਕੋਈ ਕਮੀ ਨਹੀਂ ਹੈ ਕਿਉਂਕਿ ਖੇਤੀ, ਘਰੇਲੂ ਜਾਂ ਸਨਅਤ ਸਮੇਤ ਸਾਰੇ ਖੇਤਰਾਂ ਦੀਆਂ ਲੋੜਾਂ ਪੂਰੀਆਂ ਕਰਨ ਲਈ ਵਾਧੂ ਬਿਜਲੀ ਪੈਦਾ ਕੀਤੀ ਜਾ ਰਹੀ ਹੈ। ਇੱਕ ਮਿਸਾਲ ਦਿੰਦਿਆਂ ਉਨ੍ਹਾਂ ਕਿਹਾ ਕਿ ਰੋਪੜ ਸਥਿਤ ਗੁਰੂ ਗੋਬਿੰਦ ਸਿੰਘ ਸੁਪਰ ਥਰਮਲ ਪਲਾਂਟ ਕੋਲ 35 ਦਿਨਾਂ ਲਈ ਕੋਲਾ ਮੌਜੂਦ ਹੈ ਜਦੋਂ ਇਸ ਤੋਂ ਪਹਿਲਾਂ ਦੀਆਂ ਸਰਕਾਰਾਂ ਦੇ ਸਮੇਂ ਸੂਬੇ ਵਿੱਚ ਕੋਲੇ ਦੀ ਭਾਰੀ ਘਾਟ ਕਾਰਨ ਹਨੇਰੇ ਦਾ ਖ਼ਤਰਾ ਮੰਡਰਾਉਂਦਾ ਰਹਿੰਦਾ ਸੀ। ਹਰਿਆਣਾ ਦੇ ਬਿਜਲੀ ਮੰਤਰੀ ਵੱਲੋਂ ਸੂਬੇ ਵਿੱਚ ਬਿਜਲੀ ਸਬੰਧੀ ਦਿੱਤੇ ਬੇਬੁਨਿਆਦ ਅਤੇ ਤਰਕਹੀਣ ਬਿਆਨ ’ਤੇ ਤਨਜ਼ ਕੱਸਦਿਆਂ ਭਗਵੰਤ ਮਾਨ ਨੇ ਉਨ੍ਹਾਂ ਨੂੰ ਪੰਜਾਬ ਦੇ ਮਾਮਲਿਆਂ ਵਿੱਚ ਦਖ਼ਲ ਦੇਣ ਤੋਂ ਗੁਰੇਜ਼ ਕਰਨ ਅਤੇ ਆਪਣੇ ਸੂਬੇ ’ਤੇ ਧਿਆਨ ਦੇਣ ਦੀ ਸਲਾਹ ਦਿੱਤੀ।ਇਸ ਮੌਕੇ ਮੁੱਖ ਮੰਤਰੀ ਦੇ ਵਧੀਕ ਮੁੱਖ ਸਕੱਤਰ ਏ. ਵੇਨੂ ਪ੍ਰਸਾਦ ਅਤੇ ਮੁੱਖ ਮੰਤਰੀ ਦੇ ਵਿਸ਼ੇਸ਼ ਪ੍ਰਮੁੱਖ ਸਕੱਤਰ ਰਵੀ ਭਗਤ ਅਤੇ ਹੋਰ ਵੀ ਮੌਜੂਦ ਸਨ।

ਪੰਜਾਬ ਵਿਚ ਨੌਜਵਾਨਾਂ ਨੂੰ ਹੁਣ ਤੱਕ 29000 ਤੋਂ ਵੱਧ ਸਰਕਾਰੀ ਨੌਕਰੀਆਂ ਦਿੱਤੀਆਂ, ਹੋਰ ਅਸਾਮੀਆਂ ’ਤੇ ਭਰਤੀ ਜਾਰੀ-ਮੁੱਖ ਮੰਤਰੀ

0

ਨਿਯੁਕਤੀ ਦੀ ਪ੍ਰਕਿਰਿਆ ਨਿਰੋਲ ਮੈਰਿਟ, ਨਿਰਪੱਖ ਤੇ ਪਾਰਦਰਸ਼ੀ ਹੋਣ ਕਾਰਨ ਇਕ ਵੀ ਨੌਕਰੀ ਲਈ ਅਦਾਲਤ ਦੀ ਚੁਣੌਤੀ ਦਾ ਸਾਹਮਣਾ ਨਹੀਂ ਕਰਨਾ ਪਿਆ
ਸਿਹਤ ਤੇ ਪਰਿਵਾਰ ਭਲਾਈ, ਮੈਡੀਕਲ ਸਿੱਖਿਆ ਅਤੇ ਸਹਿਕਾਰਤਾ ਵਿਭਾਗ ਦੇ 200 ਉਮੀਦਵਾਰਾਂ ਨੂੰ ਸੌਂਪੇ ਨਿਯੁਕਤੀ ਪੱਤਰ
‘ਸਰਕਾਰ ਤੁਹਾਡੇ ਦੁਆਰ’ ਪ੍ਰੋਗਰਾਮ ਤਹਿਤ ਹਫ਼ਤੇ ਵਿਚ ਦੋ ਵਾਰ ਪਿੰਡਾਂ ਦੇ ਦੌਰੇ ਕਰਨਗੇ ਡਿਪਟੀ ਕਮਿਸ਼ਨਰ
ਪੰਜਾਬੀ ਖ਼ਬਰਸਾਰ ਬਿਉਰੋ
ਚੰਡੀਗੜ੍ਹ, 2 ਮਈ: ਸੂਬੇ ਦੇ ਨੌਜਵਾਨਾਂ ਨੂੰ ਸਰਕਾਰੀ ਨੌਕਰੀਆਂ ਦੇਣ ਲਈ ਸ਼ੁਰੂ ਕੀਤੀ ਵਿਆਪਕ ਮੁਹਿੰਮ ਦੀ ਸਫਲਤਾ ਦਾ ਜ਼ਿਕਰ ਕਰਦੇ ਹੋਏ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਅੱਜ ਕਿਹਾ ਕਿ ਮਾਰਚ, 2022 ਤੋਂ ਹੁਣ ਤੱਕ ਨੌਜਵਾਨਾਂ ਨੂੰ 29000 ਤੋਂ ਵੱਧ ਸਰਕਾਰੀ ਨੌਕਰੀਆਂ ਦਿੱਤੀਆਂ ਹਨ ਅਤੇ ਵੱਖ-ਵੱਖ ਵਿਭਾਗਾਂ ਦੀ ਭਰਤੀ ਪ੍ਰਕਿਰਿਆ ਚੱਲ ਰਹੀ ਹੈ। ਅੱਜ ਇੱਥੇ ਸੈਕਟਰ-35 ਵਿਚ ਮਿਊਂਸਪਲ ਭਵਨ ਵਿਖੇ ਸਿਹਤ ਤੇ ਪਰਿਵਾਰ ਭਲਾਈ, ਮੈਡੀਕਲ ਸਿੱਖਿਆ ਤੇ ਖੋਜ ਅਤੇ ਸਹਿਕਾਰਤਾ ਵਿਭਾਗ ਦੇ ਨਵੇਂ ਚੁਣੇ 200 ਉਮੀਦਵਾਰਾਂ ਨੂੰ ਨਿਯੁਕਤੀ ਪੱਤਰ ਸੌਂਪਣ ਮੌਕੇ ਆਪਣੇ ਸੰਬੋਧਨ ਵਿਚ ਮੁੱਖ ਮੰਤਰੀ ਨੇ ਕਿਹਾ ਕਿ ਸਾਡੀ ਸਰਕਾਰ ਨੇ ਨੌਜਵਾਨਾਂ ਨੂੰ ਰੋਜ਼ਗਾਰ ਦੇਣ ਦੀ ਗਾਰੰਟੀ ਦਿੱਤੀ ਸੀ ਅਤੇ ਇਹ ਬੜੀ ਤਸੱਲੀ ਵਾਲੀ ਗੱਲ ਹੈ ਕਿ ਹੁਣ ਤੱਕ 29000 ਤੋਂ ਵੱਧ ਸਰਕਾਰੀ ਨੌਕਰੀਆਂ ਦਿੱਤੀਆਂ ਜਾ ਚੁੱਕੀਆਂ ਹਨ ਜਦਕਿ ਪਿਛਲੀਆਂ ਸਰਕਾਰ ਦੇ ਸਮੇਂ ਪੜ੍ਹੇ-ਲਿਖੇ ਨੌਜਵਾਨ ਬੇਰੋਜ਼ਗਾਰੀ ਦਾ ਸੰਤਾਪ ਹੰਢਾਉਂਦੇ ਸਨ। ਮੁੱਖ ਮੰਤਰੀ ਨੇ ਕਿਹਾ, “ਇਸ ਮਿਊਂਸਪਲ ਭਵਨ ਵਿਚ ਮੈਂ ਹਫ਼ਤੇ ਵਿਚ ਦੋ ਵਾਰ ਨੌਜਵਾਨਾਂ ਨੂੰ ਨਿਯੁਕਤੀ ਪੱਤਰ ਸੌਂਪਣ ਲਈ ਆਉਂਦਾ ਹੈ ਜਿਸ ਕਰਕੇ ਇਸ ਮਿਊਂਸਪਲ ਭਵਨ ਨੂੰ ‘ਨਿਯੁਕਤੀ ਭਵਨ’ ਵੀ ਕਿਹਾ ਜਾ ਸਕਦਾ ਹੈ। ਉਨ੍ਹਾਂ ਕਿਹਾ ਕਿ ਵੱਖ-ਵੱਖ ਵਿਭਾਗਾਂ ਵਿਚ ਭਰਤੀ ਚੱਲ ਰਹੀ ਹੈ ਜਿਸ ਨਾਲ ਹੋਰ ਨੌਜਵਾਨਾਂ ਨੂੰ ਵੀ ਛੇਤੀ ਹੀ ਨਿਯੁਕਤੀ ਪੱਤਰ ਸੌਂਪੇ ਜਾਣਗੇ।”ਨਵੇਂ ਚੁਣੇ ਉਮੀਦਵਾਰਾਂ ਨੂੰ ਸਰਕਾਰ ਦੇ ਪਰਿਵਾਰ ਦਾ ਹਿੱਸਾ ਬਣਨ ਲਈ ਵਧਾਈ ਦਿੰਦੇ ਹੋਏ ਮੁੱਖ ਮੰਤਰੀ ਨੇ ਉਨ੍ਹਾਂ ਨੂੰ ਆਪਣੀ ਡਿਊਟੀ ਤਨਦੇਹੀ ਤੇ ਲਗਨ ਨਾਲ ਨਿਭਾਉਣ ਲਈ ਆਖਿਆ ਤਾਂ ਕਿ ਕੰਮਕਾਜ ਲਈ ਆਸਾਂ-ਉਮੀਦਾਂ ਨਾਲ ਉਨ੍ਹਾਂ ਕੋਲ ਆਉਂਦੇ ਲੋਕਾਂ ਨੂੰ ਕਿਸੇ ਕਿਸਮ ਦੀ ਪ੍ਰੇਸ਼ਾਨੀ ਦਾ ਸਾਹਮਣਾ ਨਾ ਕਰਨਾ ਪਵੇ।ਨੌਜਵਾਨਾਂ ਨੂੰ ਪੜਾਅਵਾਰ ਨਿਯੁਕਤੀ ਪੱਤਰ ਸੌਂਪਣ ਦਾ ਜ਼ਿਕਰ ਕਰਦੇ ਹੋਏ ਭਗਵੰਤ ਮਾਨ ਨੇ ਕਿਹਾ ਕਿ ਸਮੁੱਚੀ ਭਰਤੀ ਪ੍ਰਕਿਰਿਆ ਨਿਰੋਲ ਮੈਰਿਟ, ਨਿਰਪੱਖਤਾ ਤੇ ਪਾਰਦਰਸ਼ੀ ਢੰਗ ਨਾਲ ਨੇਪਰੇ ਚਾੜ੍ਹੀ ਜਾ ਰਹੀ ਹੈ ਤਾਂ ਕਿ ਕਿਸੇ ਤਰ੍ਹਾਂ ਦੀ ਕਾਨੂੰਨੀ ਰੁਕਾਵਟ ਨਾ ਆਵੇ। ਮੁੱਖ ਮੰਤਰੀ ਨੇ ਕਿਹਾ, “ਮੈਨੂੰ ਇਹ ਦੱਸਦੇ ਖੁਸ਼ੀ ਹੋ ਰਹੀ ਹੈ ਕਿ ਅਸੀਂ ਹੁਣ ਤੱਕ 29000 ਸਰਕਾਰੀ ਨੌਕਰੀਆਂ ਦਿੱਤੀਆਂ ਹਨ ਅਤੇ ਅਜੇ ਤੱਕ ਇਕ ਵੀ ਨੌਕਰੀ ਲਈ ਕਿਸੇ ਤਰ੍ਹਾਂ ਦੀ ਅਦਾਲਤੀ ਚੁਣੌਤੀ ਦਾ ਸਾਹਮਣਾ ਨਹੀਂ ਕਰਨਾ ਪਿਆ।”ਮੁੱਖ ਮੰਤਰੀ ਨੇ ਕਿਹਾ ਕਿ ਨੌਜਵਾਨਾਂ ਵੱਲੋਂ ਨੌਕਰੀਆਂ ਦੇ ਵੱਧ ਮੌਕੇ ਦੇਣ ਦੀ ਮੁਹਿੰਮ ਨੂੰ ਵੱਡਾ ਹੁੰਗਾਰਾ ਦਿੱਤਾ ਗਿਆ ਹੈ। ਇਕ ਮਿਸਾਲ ਦਿੰਦੇ ਹੋਏ ਮੁੱਖ ਮੰਤਰੀ ਨੇ ਦੱਸਿਆ ਕਿ ਇਕ ਨੌਜਵਾਨ ਪਹਿਲਾਂ ਕਲਰਕ ਭਰਤੀ ਹੋਇਆ, ਉਸ ਤੋਂ ਬਾਅਦ ਮਿਹਨਤ ਕਰਕੇ ਐਸਿਸਟੈਂਟ ਲਾਈਨਮੈਨ ਬਣਿਆ ਅਤੇ ਉਸ ਤੋਂ ਬਾਅਦ ਐਸ.ਡੀ.ਓ. ਨਿਯੁਕਤ ਹੋਇਆ ਹੈ। ਸਿਹਤ ਖੇਤਰ ਵਿਚ ਬੁਨਿਆਦੀ ਢਾਂਚੇ ਨੂੰ ਹੋਰ ਮਜ਼ਬੂਤ ਕਰਨ ਦੀ ਵਚਨਬੱਧਤਾ ਨੂੰ ਦੁਹਰਾਉਂਦੇ ਹੋਏ ਮੁੱਖ ਮੰਤਰੀ ਨੇ ਹਸਪਤਾਲਾਂ ਅਤੇ ਹੋਰ ਸਿਹਤ ਸੰਸਥਾਵਾਂ ਵਿਚ ਸਟਾਫ ਬਹੁਤ ਕਾਬਲ ਹੈ ਪਰ ਲੋੜੀਂਦਾ ਸਾਜ਼ੋ-ਸਾਮਾਨ ਨਾ ਹੋਣ ਕਰਕੇ ਲੋਕਾਂ ਨੂੰ ਸਿਹਤ ਸਹੂਲਤਾਂ ਨਹੀਂ ਮਿਲ ਰਹੀਆਂ ਸਨ ਪਰ ਹੁਣ ਸਰਕਾਰ ਵੱਲੋਂ ਸਿਹਤ ਖੇਤਰ ਨੂੰ ਪ੍ਰਮੁੱਖਤਾ ਦਿੱਤੀ ਜਾ ਰਹੀ ਹੈ।‘ਸਰਕਾਰ ਤੁਹਾਡੇ ਦੁਆਰ’ ਪ੍ਰੋਗਰਾਮ ਨੂੰ ਪੰਜਾਬ ਭਰ ਵਿਚ ਲਾਗੂ ਕਰਨ ਦਾ ਐਲਾਨ ਕਰਦੇ ਹੋਏ ਮੁੱਖ ਮੰਤਰੀ ਨੇ ਕਿਹਾ ਕਿ ਹੁਣ ਹਫ਼ਤੇ ਵਿਚ ਦੋ ਵਾਰ ਡਿਪਟੀ ਕਮਿਸ਼ਨਰ ਅਤੇ ਹੋਰ ਸਟਾਫ ਪਿੰਡਾਂ ਦੇ ਦੌਰੇ ਕਰਕੇ ਲੋਕਾਂ ਦੀਆਂ ਸਮੱਸਿਆਵਾਂ ਦਾ ਮੌਕੇ ਉਤੇ ਨਿਪਟਾਰਾ ਕਰਨਗੇ। ਉਨ੍ਹਾਂ ਕਿਹਾ ਕਿ ਸਰਕਾਰ ਨੇ ਜ਼ਿਲ੍ਹਿਆਂ ਵਿਚ ਪਾਇਲਟ ਪ੍ਰਾਜੈਕਟ ਵਜੋਂ ਇਸ ਨੂੰ ਲਾਗੂ ਕੀਤਾ ਸੀ ਅਤੇ ਇਸ ਦੀ ਸਫਲਤਾ ਤੋਂ ਬਾਅਦ ਹੁਣ ਵਿਆਪਕ ਪੱਧਰ ਉਤੇ ਲਾਗੂ ਕੀਤਾ ਜਾ ਰਿਹਾ ਹੈ। ਮੁੱਖ ਮੰਤਰੀ ਨੇ ਕਿਹਾ ਕਿ ਇਸ ਪ੍ਰੋਗਰਾਮ ਨਾਲ ਲੋਕਾਂ ਅਤੇ ਸਰਕਾਰ ਦਰਮਿਆਨ ਖਲਾਅ ਖਤਮ ਹੋਵੇਗਾ ਜਦਕਿ ਇਸ ਤੋਂ ਪਹਿਲਾਂ ਲੋਕਾਂ ਨੂੰ ਕੰਮਕਾਜ ਲ਼ਈ ਜ਼ਿਲ੍ਹਾ ਦਫ਼ਤਰਾਂ ਜਾਂ ਚੰਡੀਗੜ੍ਹ ਦੇ ਦਫ਼ਤਰਾਂ ਵਿੱਚ ਖੱਜਲ-ਖੁਆਰ ਹੋਣਾ ਪੈਂਦਾ ਸੀ। ਲੋਕਾਂ ਤੱਕ ਸਿੱਧੀ ਪਹੁੰਚ ਕਾਇਮ ਕਰਨ ਲਈ ਇਕ ਹੋਰ ਮਿਸਾਲ ਦਿੰਦੇ ਹੋਏ ਮੁੱਖ ਮੰਤਰੀ ਨੇ ਕਿਹਾ ਕਿ ਪਹਿਲੀ ਵਾਰ ਉਨ੍ਹਾਂ ਦੀ ਸਰਕਾਰ ਨੇ ਵਿਧਾਨ ਸਭਾ ਸੈਸ਼ਨ ਦਾ ਸਿੱਧਾ ਪ੍ਰਸਾਰਨ ਕਰਨ ਦਾ ਇਤਿਹਾਸਕ ਕਦਮ ਚੁੱਕਿਆ ਤਾਂ ਕਿ ਸਾਰੀ ਸਿਆਸੀ ਪਾਰਟੀਆਂ ਦੀ ਕਾਰਗੁਜ਼ਾਰੀ ਨੂੰ ਲੋਕ ਆਪਣੇ ਅੱਖੀਂ ਦੇਖ ਸਕਣ।ਇਸ ਮੌਕੇ ਸਿਹਤ ਮੰਤਰੀ ਡਾਕਟਰ ਬਲਬੀਰ ਸਿੰਘ ਨੇ ਦੱਸਿਆ ਕਿ ਸਿਹਤ ਵਿਭਾਗ ਵਿਚ ਬੁਨਿਆਦੀ ਢਾਂਚੇ ਨੂੰ ਮਜ਼ਬੂਤ ਕਰਨ ਦੇ ਨਾਲ-ਨਾਲ ਡਾਕਟਰ, ਨਰਸਾਂ ਅਤੇ ਹੋਰ ਪੈਰਾ-ਮੈਡੀਕਲ ਸਟਾਫ ਦੀ ਭਰਤੀ ਕੀਤੀ ਜਾਵੇਗੀ ਤਾਂ ਕਿ ਲੋਕਾਂ ਨੂੰ ਮਿਆਰੀ ਸਿਹਤ ਸੇਵਾਵਾਂ ਮੁਹੱਈਆ ਕਰਵਾਈਆਂ ਜਾ ਸਕਣ। ਸਿਹਤ ਮੰਤਰੀ ਨੇ ਨਵੇਂ ਭਰਤੀ ਹੋਏ ਉਮੀਦਵਾਰਾਂ ਨੂੰ ਪੰਜਾਬ ਨੂੰ ‘ਰੰਗਲਾ ਸੂਬਾ’ ਬਣਾਉਣ ਦੇ ਸੁਪਨੇ ਨੂੰ ਸਾਕਾਰ ਕਰਨ ਲਈ ਇਸ ਦੇ ‘ਬ੍ਰੈਂਡ ਅੰਬੈਸਡਰ’ ਬਣਨ ਦਾ ਸੱਦਾ ਦਿੱਤਾ।

ਬੀਜੇਪੀ ਦੀ ਜਿੱਤ ਵਿੱਚ ਮੀਡੀਆ ਟੀਮ ਦੀ ਅਹਿਮ ਭੂਮਿਕਾ ਰਹੇਗੀ :-ਅਨੁਰਾਗ ਠਾਕੁਰ

0

ਪੰਜਾਬੀ ਖ਼ਬਰਸਾਰ ਬਿਉਰੋ
ਜਲੰਧਰ 02 ਮਈ : ਪੰਜਾਬ ਭਾਜਪਾ ਨੇ ਜਲੰਧਰ ਲੋਕ ਸਭਾ ਉਪ ਚੋਣ ਵਿੱਚ ਪੂਰੀ ਤਾਕਤ ਝੋਕ ਦਿੱਤੀ ਹੈ ਤੇ ਪਾਰਟੀ ਨੂੰ ਸ਼ਹਿਰਾਂ ਦੇ ਨਾਲ ਨਾਲ ਪਿੰਡਾਂ ਵਿੱਚ ਭਾਰੀ ਸਮਰਥਨ ਮਿਲ ਰਿਹਾ ਹੈ।ਇਹਨਾਂ ਗੱਲਾ ਦਾ ਪ੍ਰਗਟਾਵਾ ਮਿੱਤਲ ਹਾਊਸ ਜਲੰਧਰ ਵਿਖੇ ਬੀਜੇਪੀ ਪੰਜਾਬ ਦੀ ਮੀਡੀਆ ਟੀਮ ਨਾਲ ਮੀਟਿੰਗ ਦੌਰਾਨ ਕੇਂਦਰੀ ਮੰਤਰੀ ਅਨੁਰਾਗ ਸਿੰਘ ਠਾਕੁਰ ਨੇ ਕੀਤਾ ।ਉਹਨਾਂ ਕਿਹਾ ਕਿ ਪੰਜਾਬੀਆ ਨੇ ਦੂਸਰੀਆਂ ਸਾਰੀਆਂ ਪਾਰਟੀਆਂ ਨੂੰ ਅਜ਼ਮਾ ਕੇ ਦੇਖ ਲਿਆ ਹੈ ਤੇ ਇਹਨਾ ਨੇ ਪੰਜਾਬ ਲਈ ਕੁਝ ਨਹੀਂ ਕੀਤਾ ।ਉਹਨਾਂ ਕਿਹਾ ਕਿ ਕਾਂਗਰਸ ਨੇ ਪਿੱਛਲੇ 9 ਸਾਲਾ ਦੌਰਾਨ ਹਲਕੇ ਦੇ ਵਿਕਾਸ ਵੱਲ ਬਿਲਕੁਲ ਵੀ ਧਿਆਨ ਨਹੀਂ ਦਿੱਤਾ ਤੇ ਮੌਜੂਦਾ ਆਮ ਆਦਮੀ ਪਾਰਟੀ ਦੀ ਭਗਵੰਤ ਮਾਨ ਸਰਕਾਰ ਨੇ ਆਪਣੇ ਇੱਕ ਸਾਲਾ ਦੇ ਸ਼ਾਸਨ ਦੌਰਾਨ ਪੰਜਾਬ ਦੀ ਸ਼ਾਨ ਨੂੰ ਪੂਰੀ ਦੁਨੀਆ ਮੱਧਮ ਕਰ ਦਿੱਤਾ ਹੈ ।ਜਲੰਧਰ ਸਮੇਤ ਪੰਜਾਬ ਦੇ ਸਾਰੇ ਉਦਯੋਗ ਸੂਬੇ ਤੋ ਬਾਹਰ ਸਿਫਟ ਹੋ ਰਹੇ ਹਨ ਜੋ ਬਹੁਤ ਹੀ ਚਿੰਤਾ ਦਾ ਵਿਸਾ ਹੈ ।ਉਹਨਾਂ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਤੋ ਦੁਖੀ ਪੰਜਾਬ ਦਾ ਹਰ ਵਰਗ ਸਰਕਾਰ ਖਿਲਾਫ ਧਰਨੇ ਪਰਦਰਸ਼ਨ ਕਰ ਰਿਹਾ ਹੈ,ਜਲੰਧਰ ਧਰਨੇ ਪਰਦਰਸ਼ਨਾਂ ਦਾ ਕੇਂਦਰ ਬਣਿਆ ਹੋਇਆ ਹੈ ।ਇਸ ਸਰਕਾਰ ਨੂੰ ਸਬਕ ਸਿਖਾਉਣ ਲਈ ਪੰਜਾਬੀ ਹੁਣ ਭਾਜਪਾ ਨੂੰ ਵੋਟ ਦੇਕੇ ਭਾਰੀ ਵੋਟਾਂ ਨਾਲ ਜਿਤਾਉਣਗੇ ਤੇ ਅਸੀ ਵਾਅਦਾ ਕਰਦੇ ਹਾਂ ਕਿ ਇੱਕ ਸਾਲ ਵਿੱਚ ਹਲਕੇ ਦੀ ਨੁਹਾਰ ਬਦਲ ਕੇ ਰੱਖ ਦੇਵਾਗੇ ।ਉਹਨਾਂ ਕਿਹਾ ਕਿ ਭਾਜਪਾ ਪੰਜਾਬੀਆ ਦੇ ਸਾਰੇ ਸੁਪਨੇ ਪੂਰੇ ਕਰੇਗੀ ।ਇਸ ਮੀਟਿੰਗ ਵਿੱਚ ਪੰਜਾਬ ਭਾਜਪਾ ਦੇ ਸੂਬਾ ਮੀਡੀਆ ਸਕੱਤਰ ਸੁਨੀਲ ਸਿੰਗਲਾ ਮੀਡੀਆ ਇਨਚਾਰਜ ਨੇ ਮੀਡੀਆ ਟੀਮ ਦੀਆਂ ਗਤੀਵਿਧੀਆਂ ਬਾਰੇ ਵਿਸਥਾਰ ਪੂਰਵਕ ਜਾਣਕਾਰੀ ਦਿੱਤੀ ਤੇ ਕੇਂਦਰੀ ਮੰਤਰੀ ਨੂੰ ਯਕੀਨ ਦੁਆਇਆ ਕਿ ਮੀਡੀਆ ਟੀਮ ਬੀਜੇਪੀ ਦੀ ਜਿੱਤ ਲਈ ਦਿਨ ਰਾਤ ਮਿਹਨਤ ਕਰ ਰਹੀ ਹੈ ਤੇ ਕਰਦੀ ਰਹੇਗੀ ।

ਸਾਬਕਾ ਸਿਹਤ ਮੰਤਰੀ ਬਲਬੀਰ ਸਿੱਧੂ ਨੇ ਬਾਦਲ ਪਰਿਵਾਰ ਨਾਲ ਦੁੱਖ ਵੰਡਾਇਆ

0

ਪੰਜਾਬੀ ਖ਼ਬਰਸਾਰ ਬਿਉਰੋ
ਬਾਦਲ, 2 ਮਈ – ਪੰਜਾਬ ਦੇ ਸਾਬਕਾ ਸਿਹਤ ਮੰਤਰੀ ਅਤੇ ਸੀਨੀਅਰ ਭਾਜਪਾ ਆਗੂ ਬਲਬੀਰ ਸਿੰਘ ਸਿੱਧੂ ਨੇ ਅੱਜ ਇੱਥੇ ਮਰਹੂਮ ਪ੍ਰਕਾਸ਼ ਸਿੰਘ ਬਾਦਲ ਦੇ ਪਰਿਵਾਰ ਨਾਲ ਉਹਨਾਂ ਦੇ ਅਕਾਲ ਚਲਾਣੇ ਦਾ ਅਫ਼ਸੋਸ ਪ੍ਰਗਟ ਕੀਤਾ। ਉਹਨਾਂ ਸੁਖਬੀਰ ਸਿੰਘ ਬਾਦਲ, ਬੀਬਾ ਹਰਸਿਮਰਤ ਕੌਰ ਬਾਦਲ ਅਤੇ ਮਨਪ੍ਰੀਤ ਸਿੰਘ ਬਾਦਲ ਨਾਲ ਸੂਬੇ ਦੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨਾਲ ਆਪਣੀਆਂ ਯਾਦਾਂ ਸਾਂਝੀਆਂ ਕੀਤੀਆਂ। ਸ਼੍ਰੀ ਸਿੱਧੂ ਨੇ ਇਸ ਮੌਕੇ ਮੌਜੂਦ ਪੱਤਰਕਾਰਾਂ ਨਾਲ ਗੱਲ ਕਰਦਿਆਂ ਕਿਹਾ ਕਿ ਪ੍ਰਕਾਸ਼ ਸਿੰਘ ਬਾਦਲ ਦੇ ਅਕਾਲ ਚਲਾਣੇ ਨਾਲ ਪੰਜਾਬ ਦੀ ਸਿਆਸਤ ਦੇ ਉਸ ਯੁੱਗ ਦਾ ਅੰਤ ਹੋ ਗਿਆ ਹੈ ਜਿਸ ਨੂੰ ਪੇਂਡੂ ਵਿਕਾਸ, ਕਿਸਾਨ ਭਲਾਈ ਅਤੇ ਉਦਾਰਵਾਦੀ ਸਿਆਸਤ ਦੇ ਦੌਰ ਵਜੋਂ ਜਾਣਿਆ ਜਾਵੇਗਾ। ਉਹਨਾਂ ਕਿਹਾ ਕਿ ਸਰਦਾਰ ਬਾਦਲ ਨਿਮਰਤਾ, ਸਾਦਗੀ, ਸਾਫਗੋਈ, ਰਿਸ਼ਤਿਆਂ ਦੀ ਪਾਕੀਗਜੀ ਨਿਭਾਉਣ ਅਤੇ ਮਰਿਆਦਾ ਦੀ ਪਾਲਣਾ ਕਰਨ ਵਰਗੇ ਇਨਸਾਨੀ ਗੁਣਾਂ ਦਾ ਮੁਜੱਸਮਾ ਸਨ।ਉਨ੍ਹਾਂ ਕਿਹਾ ਕਿ ਬਾਦਲ ਦਾ ਸਦਾ ਸਿੱਖਣ ਵਾਲਾ ਰਵੱਈਆ, ਨਿਮਰਤਾ, ਵਿਰੋਧੀਆਂ ਪ੍ਰਤੀ ਸਤਿਕਾਰ, ਨਿਰਪੱਖ ਵਿਹਾਰ ਅਤੇ ਵਿਕਾਸ ਲਈ ਜੋਸ਼ ਨੇ ਉਹਨਾਂ ਨੂੰ ਹਮੇਸ਼ਾ ਵੱਖਰਾ ਸਿਆਸਤਦਾਨ ਵਜੋਂ ਪੇਸ਼ ਕੀਤਾ। ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਦਾ ਹਾਲ ਹੀ ਵਿੱਚ ਪ੍ਰਕਾਸ਼ਿਤ ਲੇਖ ਦਰਸਾਉਂਦਾ ਹੈ ਕਿ ਪ੍ਰਧਾਨ ਮੰਤਰੀ ਬਾਦਲ ਸਾਹਿਬ ਨਾਲ ਕਿੰਨੇ ਜਜ਼ਬਾਤੀ ਤੌਰ ’ਤੇ ਜੁੜੇ ਹੋਏ ਸਨ।

ਥਰਮਲ ਪਲਾਂਟ ਦੇ ਮੁਲਾਜਮਾਂ ਵਲੋਂ ਕੇਸ ਵਾਪਿਸ ਲੈਣ ਅਤੇ ਡਿਊਟੀ ’ਤੇ ਬਹਾਲੀ ਦੀ ਮੰਗ ਨੂੰ ਲੈ ਕੇ ਗੇਟ ਰੈਲੀ

ਸੁਖਜਿੰਦਰ ਮਾਨ
ਬਠਿੰਡਾ, 2 ਮਈ:ਇੰਪਲਾਈਜ਼ ਜੁਆਇੰਟ ਫੋਰਮ ਅਤੇ ਬਿਜਲੀ ਮੁਲਾਜ਼ਮ ਏਕਤਾ ਮੰਚ ਪੰਜਾਬ ਦੇ ਸੱਦੇ ’ਤੇ ਅੱਜ ਇੰਪਲਾਈਜ਼ ਤਾਲਮੇਲ ਸੰਘਰਸ਼ ਕਮੇਟੀ ਥਰਮਲ ਪਲਾਂਟ ਲਹਿਰਾਂ ਮੁਹੱਬਤ ਵਲੋਂ ਥਰਮਲ ਪਲਾਂਟ ਦੇ ਮੇਨ ਗੇਟ ’ਤੇ ਰੋਸ ਰੈਲੀ ਕੀਤੀ ਗਈ। ਇਸ ਰੈਲੀ ਨੂੰ ਬਲਜੀਤ ਸਿੰਘ ਬਰਾੜ, ਜਗਜੀਤ ਸਿੰਘ ਕੋਟਲੀ, ਵਿਜੇ ਕੁਮਾਰ ਵਰਮਾ, ਜਗਜੀਤ ਸਿੰਘ ਸਾਰੇ ਕਮੇਟੀ ਮੈਂਬਰਾਂ ਨੇ ਸੰਬੋਧਨ ਕਰਦਿਆਂ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਸਹਾਇਕ ਲਾਈਨਮੈਨ ਜੋ ਸੀ ਆਰ ਏ 295/19 ਰਾਹੀਂ ਭਰਤੀ ਹੋਏ ਸਨ ਉਨ੍ਹਾਂ ਨੂੰ ਜਬਰੀ ਡਿਊਟੀ ਤੋਂ ਡਿਸਮਿਸ ਕੀਤਾ ਜਾ ਰਿਹਾ ਅਤੇ ਇਸ ਤੋਂ ਇਲਾਵਾ ਪੁਲਿਸ ਕੇਸ ਦਰਜ ਕੀਤੇ ਜਾ ਰਹੇ ਹਨ ਇਹਨਾਂ ਸਹਾਇਕ ਲਾਇਨਮੈਨਾਂ ਨੂੰ 2-2 ਸਜਾਵਾਂ ਦਿੱਤੀਆਂ ਜਾ ਰਹੀਆਂ ਹਨ। ਪੁਲਿਸ ਕੇਸਾਂ ਨਾਲ ਇਹਨਾਂ ਦਾ ਆਉਣ ਵਾਲਾ ਸਮਾਂ ਮੁਸਕਲਾ ਭਰਿਆ ਹੋ ਜਾਵੇਗਾ ਕਿਉਂਕਿ ਨਾ ਤਾਂ ਇਹ ਕਿਸੇ ਹੋਰ ਅਦਾਰੇ ਵਿੱਚ ਨੌਕਰੀ ਕਰ ਸਕਣਗੇ ਨਾ ਹੀ ਵਿਦੇਸ਼ ਜਾ ਕੇ ਆਪਣੇ ਪਰਿਵਾਰ ਦਾ ਪਾਲਣ ਪੋਸ਼ਣ ਕਰ ਸਕਣਗੇ। ਬੁਲਾਰਿਆਂ ਨੇ ਇਹਨਾਂ ਨੂੰ ਡਿਉਟੀ ਤੇ ਵਾਪਿਸ ਲੈਣ ਦੀ ਮੰਗ ਕੀਤੀ ਅਤੇ ਇਸ ਮੰਗ ਤੋਂ ਇਲਾਵਾ ਹੋਰ ਮੰਗਾਂ ਜਿਵੇ ਪੇਅ ਕਮਿਸ਼ਨ ਦਾ ਏਰੀਅਲ ਦੇਣ, ਪੇਂਡੂ ਭੱਤਾ ਬਹਾਲ ਕਰਨ, ਡੀ ਏ ਦੀਆ ਕਿਸਤਾ ਦੇਣ, ਪੁਰਾਣੀ ਪੈਨਸ਼ਨ ਸਕੀਮ ਲਾਗੂ ਕਰਨ, ਥਰਮਲ ਪਲਾਂਟਾਂ ਵਿੱਚ ਸਿੱਧੀ ਭਰਤੀ ਕੋਟੇ ਦੀਆਂ ਖਾਲੀ ਪਈਆਂ ਅਸਾਮੀਆਂ ਭਰਨ, ਅਤੇ ਪਾਵਰਕਾਮ ਦੀ ਮੈਨੇਜਮੈਂਟ ਵੱਲੋਂ ਮੰਨੀਆਂ ਮੰਗਾਂ ਲਾਗੂ ਕਰਨ ਦੀ ਜੋਰਦਾਰ ਮੰਗ ਕੀਤੀ ।ਥਰਮਲ ਪਲਾਂਟ ਦੇ ਮੁਲਾਜਮਾਂ ਵਲੋਂ ਪੰਜਾਬ ਸਰਕਾਰ ਤੇ ਪਾਵਰਕਾਮ ਦੀ ਮੈਨੇਜਮੈਂਟ ਵਿਰੁੱਧ ਜੋਰਦਾਰ ਨਾਅਰੇਬਾਜੀ ਕੀਤੀ। ਇਸ ਰੈਲੀ ਵਿਚ ਮੁਲਾਜਮਾਂ ਤੋਂ ਇਲਾਵਾ ਜਥੇਬੰਦੀ ਦੇ ਮੈਬਰ ਸ ਲਖਵੰਤ ਸਿੰਘ ਬਾਂਡੀ,ਸ ਅਮਰਜੀਤ ਸਿੰਘ ਮੰਗਲੀ,ਸ ਸੁਖਦੇਵ ਸਿੰਘ ਗਰੇਵਾਲ, ਸ ਸੁਖਪਾਲ ਸਿੰਘ, ਰਜਿੰਦਰ ਸਿੰਘ ਨਿੰਮਾ, ਰਣਜੀਤ ਸਿੰਘ, ਗੁਰਪ੍ਰੀਤ ਸਿੰਘ, ਸਰਬਜੀਤ ਸਿੰਘ ਆਦਿ ਹਾਜ਼ਰ ਸਨ।

ਅੱਠਵੀਂ ਜਮਾਤ ਵਿੱਚ ਚੰਗੇ ਅੰਕ ਪ੍ਰਾਪਤ ਕਰਨ ਤੇ ਇਵਨਿੰਗ ਸਕੂਲ ਦੇ ਬੱਚਿਆਂ ਨੂੰ ਨਗਦ ਰਾਸ਼ੀ ਦਿੱਤੀ

0

ਸੁਖਜਿੰਦਰ ਮਾਨ
ਬਠਿੰਡਾ, 2 ਮਈ:ਸ਼ਹੀਦ ਜਰਨੈਲ ਸਿੰਘ ਵੈਲਫੇਅਰ ਸੁਸਾਇਟੀ ਰਜਿ. ਬਠਿੰਡਾ ਦੁਆਰਾ ‘ਬੇਟੀ ਬਚਾਓ ਬੇਟੀ ਪੜ੍ਹਾਓ’ ਤਹਿਤ ਸ਼ਹੀਦ ਜਰਨੈਲ ਸਿੰਘ ਯਾਦਗੀਰੀ ਪਾਰਕ ਦਾਣਾ ਮੰਡੀ ਰੋਡ ਵਿਖੇ ਇਵਨਿੰਗ ਸਕੂਲ ਵਿੱਚ ਜਰੂਰਤਮੰਦ ਬੱਚਿਆਂ ਨੂੰ ਮੁਫਤ ਪੜਾਇਆ ਜਾਂਦਾ ਹੈ। ਇਸ ਇਵਨਿੰਗ ਸਕੂਲ ਵਿੱਚ ਪੜ ਰਹੇ ਬੱਚਿਆਂ ਦੁਆਰਾ ਅੱਠਵੀ ਜਮਾਤ ਵਿੱਚ ਚੰਗੇ ਅੰਕ ਪ੍ਰਾਪਤ ਕਰਕੇ ਆਪਣੇ ਮਾਤਾ ਪਿਤਾ ਅਤੇ ਇਵਨਿੰਗ ਸਕੂਲ ਦਾ ਨਾਮ ਰੋਸ਼ਨ ਕੀਤਾ ਗਿਆ ਹੈ। ਚੰਗੇ ਅੰਕ ਪ੍ਰਾਪਤ ਕਰਨ ਵਾਲੇ ਬੱਚੇ ਅੰਜੂ, ਬ੍ਰਜੇਸ਼, ਸਾਗਰ, ਪ੍ਰਸ਼ਾਤ, ਮੁਸਕਾਨ ਨੂੰ ਟਰੈਫਿਕ ਇੰਚਾਰਜ ਅਮਰੀਕ ਸਿੰਘ ਦੁਆਰਾ ਸੁਸਾਇਟੀ ਮੀਤ ਪ੍ਰਧਾਨ ਇਕਬਾਲ ਸਿੰਘ ਵਿਸ਼ਾਲ ਨਗਰ ਦੇ ਸਹਿਯੋਗ ਨਾਲ ਨਗਦ ਰਾਸ਼ੀ ਭੇਟ ਕੀਤੀ ਗਈ। ਇਸ ਤੋਂ ਬਾਅਦ ਸੁਸਾਇਟੀ ਪ੍ਰਧਾਨ ਅਵਤਾਰ ਸਿੰਘ ਗੋਗਾ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਸੁਸਾਇਟੀ ਦੁਆਰਾ ਚਲਾਏ ਜਾ ਰਹੇ ਇਵਨਿੰਗ ਸਕੂਲ ਵਿੱਚ ਜਰੂਰਤਮੰਦ ਬੱਚਿਆਂ ਨੂੰ ਮੁਫਤ ਪੜਾਇਆ ਜਾਂਦਾ ਹੈ। ਇਵਨਿੰਗ ਸਕੂਲ ਦੇ ਬੱਚਿਆਂ ਦੁਆਰਾ ਚੰਗੇ ਅੰਕ ਲਏ ਗਏ ਹਨ, ਜਿਸ ਨਾਲ ਸੁਸਾਇਟੀ ਬਹੁਤ ਖੁਸ਼ੀ ਮਹਿਸੂਸ ਕਰ ਰਹੀ ਹੈ। ਇਸ ਖੁਸ਼ੀ ਵਿੱਚ ਬੱਚਿਆਂ ਦੀ ਹੌਸਲਾ ਅਫਜਾਈ ਲਈ ਅਮਰੀਕ ਸਿੰਘ ਟਰੈਫਿਕ ਇੰਚਾਰਚ ਬਠਿੰਡਾ ਅਤੇ ਥਾਣੇਦਾਰ ਸੁਖਜਿੰਦਰ ਸਿੰਘ ਵਿਸ਼ੇਸ ਤੌਰ ਤੇ ਇਵਨਿੰਗ ਸਕਲੂ ਵਿੱਚ ਪਹੁੰਚੇ ਅਤੇ ਉਨਾਂ ਦੁਆਰਾ 50 ਦੇ ਕਰੀਬ ਇਵਨਿੰਗ ਸਕੂਲ ਦੇ ਬੱਚਿਆਂ ਨੂੰ ਕਾਪੀਆ, ਕਿਤਾਬਾਂ, ਪੈਨ ਆਦਿ ਵੰਡੇ ਗਏ । ਇਸ ਮੌਕੇ ਤੇ ਸੁਸਾਇਟੀ ਬਲੱਡ ਯੂਨਿਟ ਇੰਚਾਰਜ ਗੁਰਪ੍ਰੀਤ ਸਿੰਘ ਖਾਲਸਾ ਪੂਹਲਾ, ਪਰਵੀਨ ਕੁਮਾਰ ਮਨੈਜਰ ਪਬਲਿਕ ਲਾਇਬ੍ਰੇਰੀ, ਬਲਜੀਤ ਕੋਰ ਟੀਚਰ ਆਦਿ ਵੀ ਮੌਜੂਦ ਸਨ।

ਕੇ.ਵੀ.ਕੇ. ਵੱਲੋਂ ਬੀਬੀਆਂ ਲਈ ਸਿਖਲਾਈ ਕੋਰਸ ਆਯੋਜਿਤ

ਸੁਖਜਿੰਦਰ ਮਾਨ
ਬਠਿੰਡਾ, 2 ਮਈ:ਸਥਾਨਕ ਕ੍ਰਿਸ਼ੀ ਵਿਗਿਆਨ ਕੇਂਦਰ (ਕੇ. ਵੀ. ਕੇ.) ਵੱਲੋਂ ਕੱਪੜਿਆਂ ਦੀ ਵੱਖ-ਵੱਖ ਰਵਾਇਤੀ ਤੇ ਨਵੀਨ ਤਕਨੀਕਾਂ ਨਾਲ ਸਜਾਵਟ ਕਰਕੇ ਕੀਮਤ-ਵਾਧਾ ਕਰਨ ਸਬੰਧੀ ਦਸ ਰੋਜ਼ਾ ਸਿਖਲਾਈ ਕੋਰਸ ਕੈਂਪ ਲਗਾਇਆ ਗਿਆ। ਇਸ ਕੋਰਸ ਵਿੱਚ ਵੱਖ-ਵੱਖ ਪਿੰਡਾਂ ਸੇਖੂ, ਚਨਾਲਥਲ, ਬੀੜ-ਬਹਿਮਾਣ, ਝੁਨੀਰ, ਘਸੋਖਾਨਾ, ਨਹੀਆਂ ਵਾਲਾ, ਚੁੱਘੇ ਕਲਾਂ, ਜੈਤੋ, ਜੱਸੀ ਪੌ ਵਾਲੀ, ਪੱਕਾ ਕਲਾਂ, ਬੱਪੀਆਣਾ, ਗਾਟਵਾਲੀ ਤੇ ਬਠਿੰਡਾ ਤੋਂ ਆਏ 23 ਸਿਖਿਆਰਥੀਆਂ ਨੇ ਭਾਗ ਲਿਆ।ਇਸ ਸਬੰਧੀ ਹੋਰ ਜਾਣਕਾਰੀ ਦਿੰਦਿਆਂ ਕੋਰਸ ਦੇ ਕੋਆਰਡੀਨੇਟਰ ਪ੍ਰੋ. ਜਸਵਿੰਦਰ ਕੌਰ ਬਰਾੜ ਨੇ ਦੱਸਿਆ ਕਿ ਇਸ ਕਿੱਤਾਮੁਖੀ ਸਿਖਲਾਈ ਕੋਰਸ ਵਿੱਚ ਕੱਪੜਿਆਂ ਦੀ ਸਿਲਾਈ, ਕਢਾਈ, ਪੇਂਟਿੰਗ, ਟਾਈਡਾਈ ਆਦਿ ਦੀਆਂ ਵੱਖ-ਵੱਖ ਤਕਨੀਕਾਂ ਸਬੰਧੀ ਵਿਸਥਾਰ ਵਿੱਚ ਜਾਣਕਾਰੀ ਦਿੱਤੀ ਤਾਂ ਜੋ ਕਿ ਇਨ੍ਹਾਂ ਤਕਨੀਕਾਂ ਦੀ ਵਰਤੋਂ ਨਾਲ ਕੱਪੜਿਆਂ ਦਾ ਕੀਮਤ ਵਾਧਾ ਕਰਕੇ ਬੀਬੀਆਂ ਘਰ ਬੈਠੀਆਂ ਹੀ ਪੈਸਾ ਕਮਾ ਸਕਣ। ਕੋਰਸ ਦੇ ਅਖੀਰ ਵਿੱਚ ਸਿਖਿਆਰਥੀਆਂ ਵੱਲੋਂ ਬਣਾਏ ਗਏ ਸਾਮਾਨ ਦੀ ਪ੍ਰਦਰਸ਼ਨੀ ਵੀ ਲਗਾਈ ਗਈ।ਇਸ ਦੌਰਾਨ ਕ੍ਰਿਸ਼ੀ ਵਿਗਿਆਨ ਕੇਂਦਰ ਦੇ ਡਿਪਟੀ ਡਾਇਰੈਕਟਰ ਡਾ. ਗੁਰਦੀਪ ਸਿੰਘ ਸਿੱਧੂ ਨੇ ਆਪਣੇ ਸੰਬੋਧਨ ਵਿੱਚ ਇਸ ਸਿਖਲਾਈ ਨੂੰ ਕਿੱਤੇ ਦੇ ਤੌਰ ਤੇ ਅਪਨਾਉਣ ਲਈ ਪ੍ਰੇਰਿਤ ਕੀਤਾ ਤੇ ਕਿਹਾ ਕਿ ਇਸ ਕਿੱਤਾ-ਮੁੱਖੀ ਸਿਖਲਾਈ ਦਾ ਮਕਸਦ ਬੀਬੀਆਂ ਨੂੰ ਖਾਸ ਕਿੱਤਿਆਂ ਸਬੰਧੀ ਜਾਣਕਾਰੀ ਦੇ ਕੇ ਇਸ ਯੋਗ ਬਣਾਉਣਾ ਹੈ ਕਿ ਉਹ ਆਪਣੇ ਪੈਰਾਂ ਤੇ ਖੜੀਆਂ ਹੋ ਸਕਣ ਤੇ ਘਰ ਦੀ ਆਮਦਨ ਵਧਾਉਣ ਵਿੱਚ ਬਣਦਾ ਯੋਗਦਾਨ ਪਾ ਸਕਣ।

ਐਨਰਜੀ ਡਰਿੰਕਸ ਦੀ ਵਰਤੋਂ ਰੋਕਣ ਲਈ ਬੱਚਿਆਂ ਨੂੰ ਕੀਤਾ ਜਾਵੇਗਾ ਜਾਗਰੂਕ: ਪਲਵੀ ਚੌਧਰੀ

0

ਈਟ ਰਾਈਟ ਇਨੀਸੇਟਿਵ ਮੁਹਿੰਮ ਤਹਿਤ ਕੀਤੀ ਸਰਟੀਫ਼ਿਕੇਟਾਂ ਦੀ ਵੰਡ
ਸੁਖਜਿੰਦਰ ਮਾਨ
ਬਠਿੰਡਾ, 2 ਮਈ:ਸਥਾਨਕ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਦੇ ਮੀਟਿੰਗ ਹਾਲ ਚ ਜ਼ਿਲ੍ਹਾ ਪੱਧਰੀ ਸਲਾਹਕਾਰ (ਫੂਡ) ਕਮੇਟੀ ਦੀ ਮੀਟਿੰਗ ਹੋਈ, ਜਿਸਦੀ ਪ੍ਰਧਾਨਵੀ ਏਡੀਸੀ ਪੱਲਵੀ ਚੌਧਰੀ ਨੇ ਕੀਤੀ। ਇਸ ਮੌਕੇ ਉਨ੍ਹਾਂ ਮਾਰਚ ਤੇ ਅਪ੍ਰੈਲ (2023) ਮਹੀਨਿਆਂ ਦੌਰਾਨ ਕੀਤੇ ਗਏ ਕਾਰਜਾਂ ਦੀ ਸਮੀਖਿਆ ਕੀਤੀ। ਬੈਠਕ ਦੀ ਪ੍ਰਧਾਨਗੀ ਕਰਦਿਆਂ ਮੈਡਮ ਚੌਧਰੀ ਨੇ ਕਿਹਾ ਕਿ ਛੋਟੇ ਬੱਚੇ, ਗਰਭਵਤੀ ਔਰਤਾਂ, ਦੁੱਧ ਪਿਲਾਉਣ ਵਾਲੀਆਂ ਮਾਵਾਂ, ਬਜ਼ੁਰਗਾਂ ਨੂੰ ਐਨਰਜੀ ਡਰਿੰਕਸ ਦੀ ਵਰਤੋਂ ਤੋਂ ਗੁਰੇਜ਼ ਕਰਨ ਪ੍ਰਤੀ ਵੱਧ ਤੋਂ ਵੱਧ ਜਾਗਰੂਕ ਕਰਨਾ ਯਕੀਨੀ ਬਣਾਉਣ।ਉਨ੍ਹਾਂ ਜ਼ਿਲ੍ਹਾ ਸਿਹਤ ਅਫ਼ਸਰ ਵਲੋਂ ਫੂਡ ਸੇਫਟੀ ਸਬੰਧੀ ਕੀਤੇ ਜਾ ਰਹੇ ਕੰਮਾਂ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਭਵਿੱਖ ਵਿਚ ਵੀ ਅਜਿਹੇ ਉਪਰਾਲੇ ਲਗਾਤਾਰ ਵੱਧ ਤੋਂ ਵੱਧ ਜਾਰੀ ਰੱਖੇ ਜਾਣ। ਉਨ੍ਹਾਂ ਸਿੱਖਿਆ ਵਿਭਾਗ ਦੇ ਅਧਿਕਾਰੀਆਂ ਨੂੰ ਹਦਾਇਤ ਦਿੰਦਿਆਂ ਕਿਹਾ ਕਿ ਸਾਰੇ ਸਕੂਲਾਂ ਵਿੱਚ ਐਨਰਜੀ ਡਰਿੰਕਸ ਸਬੰਧੀ ਐਡਵਾਈਜ਼ਰੀ ਜਾਰੀ ਕੀਤੀ ਜਾਵੇ ਅਤੇ ਬੱਚਿਆਂ ਨੂੰ ਇਨ੍ਹਾਂ ਦੇ ਹੋਣ ਵਾਲੇ ਨੁਕਸਾਨਾਂ ਬਾਰੇ ਵੱਧ ਤੋਂ ਵੱਧ ਜਾਣੂ ਕਰਵਾਇਆ ਜਾਵੇ। ਇਸ ਮੌਕੇ ਜ਼ਿਲ੍ਹਾ ਸਿਹਤ ਅਫ਼ਸਰ ਮੈਡਮ ਊਸ਼ਾ ਗੋਇਲ ਨੇ ਦੱਸਿਆ ਕਿ ਐਨਰਜੀ ਡਰਿੰਕਸ ਵਿੱਚ ਕੈਫੀਨ ਦੀ ਮਾਤਰਾ ਜ਼ਿਆਦਾ ਹੁੰਦੀ ਹੈ ਜੋ ਸਿਹਤ ਲਈ ਬਹੁਤ ਹਾਨੀਕਾਰਕ ਹੈ। ਇਸ ਐਨਰਜੀ ਡਰਿੰਕਸ ਨੂੰ ਲਗਾਤਾਰ ਪੀਣ ਨਾਲ ਆਦਤ ਬਣ ਸਕਦੀ ਹੈ, ਜੋ ਕਿ ਸਿਹਤ ਲਈ ਬਹੁਤ ਹਾਨੀਕਾਰਕ ਹੈ। ਇਸ ਮੌਕੇ ਉਨ੍ਹਾਂ ਜ਼ਿਲ੍ਹਾ ਸਿੱਖਿਆ ਅਫ਼ਸਰ ਐਲੀਮੈਂਟਰੀ ਤੇ ਸੈਕੰਡਰੀ ਨੂੰ ਕਿਹਾ ਕਿ ਗਰਮੀਆਂ ਦੀਆਂ ਛੁੱਟੀਆਂ ਤੋਂ ਪਹਿਲਾਂ-ਪਹਿਲਾਂ ਜ਼ਿਲ੍ਹੇ ਅਧੀਨ ਪੈਂਦੇ ਵੱਖ-ਵੱਖ ਸਕੂਲਾਂ ਵਿੱਚ ਫੂਡ ਸੇਫ਼ਟੀ ਟੀਮਾਂ ਦਾ ਦੌਰਾ ਕਰਵਾਇਆ ਜਾਵੇ ਤਾਂ ਜੋ ਸਕੂਲੀ ਬੱਚਿਆਂ ਨੂੰ ਖਾਣ-ਪੀਣ ਦੀਆਂ ਵਸਤਾਂ ਦੇ ਸਿਹਤ ਨੂੰ ਹੋਣ ਵਾਲੇ ਫਾਇਦਿਆਂ ਅਤੇ ਨੁਕਸਾਨਾਂ ਬਾਰੇ ਵਿਸਥਾਰਪੂਰਵਕ ਤਰੀਕੇ ਨਾਲ ਜਾਣੂ ਕਰਵਾਇਆ ਜਾਵੇ। ਇਸ ਮੌਕੇ ਈਟ ਰਾਈਟ ਇਨੀਸੇਟਿਵ ਮੁਹਿੰਮ ਤਹਿਤ ਜ਼ਿਲ੍ਹੇ ਦੇ ਕਾਲਜ, ਰੇਲਵੇ ਸਟੇਸ਼ਨ, ਹੋਟਲ, ਰੈਸਟੋਰੈਂਟ ਜੋ ਫੂਡ ਸੇਫ਼ਟੀ ਸਟੈਂਡਰਡ ਅਥਾਰਟੀ ਆਫ਼ ਇੰਡੀਆ ਦੇ ਮਾਪ-ਦੰਡਾਂ ਤੇ ਖਰੇ ਉਤਰਦੇ ਸਨ, ਉਨ੍ਹਾਂ ਨੂੰ ਸਰਟੀਫ਼ਿਕੇਟਾਂ ਦੀ ਵੀ ਵੰਡ ਕੀਤੀ ਗਈ। ਇਸ ਦੌਰਾਨ ਜ਼ਿਲ੍ਹਾ ਸਿੱਖਿਆ ਅਫ਼ਸਰ (ਸੈਕੰਡਰੀ) ਸ਼ਿਵਪਾਲ ਗੋਇਲ, ਜ਼ਿਲ੍ਹਾ ਸਿੱਖਿਆ ਅਫ਼ਸਰ (ਐਲੀਮੈਂਟਰੀ) ਮੇਵਾ ਸਿੰਘ ਸਿੱਧੂ,ਐਸਐਸਡੀ ਗਰਲਜ਼ ਕਾਲਜ ਦੇ ਪ੍ਰਿੰਸੀਪਲ ਮੈਡਮ ਨੀਰੂ ਅਤੇ ਬਠਿੰਡਾ ਰੇਲਵੇ ਸਟੇਸ਼ਨ ਦੇ ਸੁਪਰਡੈਂਟ ਰਾਜੇਸ਼ ਸ਼ਰਮਾ ਆਦਿ ਹਾਜ਼ਰ ਸਨ।

ਬੀ.ਐਫ.ਜੀ.ਆਈ. ਵਿਖੇ ’ਅੰਤਰਰਾਸ਼ਟਰੀ ਮਜ਼ਦੂਰ ਦਿਵਸ’ ਮਨਾਇਆ ਗਿਆ

0

ਸੁਖਜਿੰਦਰ ਮਾਨ
ਬਠਿੰਡਾ, 2 ਮਈ: ਬਾਬਾ ਫ਼ਰੀਦ ਗਰੁੱਪ ਆਫ਼ ਇੰਸਟੀਚਿਊਸ਼ਨਜ਼ ਵਿਖੇ ’ਅੰਤਰਰਾਸ਼ਟਰੀ ਮਜ਼ਦੂਰ ਦਿਵਸ’ ਮਨਾਇਆ ਗਿਆ ਜਿਸ ਦੇ ਸੰਬੰਧ ਵਿੱਚ ਸੰਸਥਾ ਦੇ ਦਰਜਾ ਚਾਰ ਕਰਮਚਾਰੀਆਂ ਲਈ ਇੱਕ ਵਿਸ਼ੇਸ਼ ਪ੍ਰੋਗਰਾਮ ਆਯੋਜਿਤ ਕੀਤਾ ਗਿਆ। ਇਸ ਪ੍ਰੋਗਰਾਮ ਵਿੱਚ ਬੀ.ਐਫ.ਜੀ.ਆਈ. ਦੇ ਚੇਅਰਮੈਨ ਡਾ. ਗੁਰਮੀਤ ਸਿੰਘ ਧਾਲੀਵਾਲ ਅਤੇ ਮੈਨੇਜਿੰਗ ਡਾਇਰੈਕਟਰ ਸ੍ਰੀਮਤੀ ਪਰਮਜੀਤ ਕੌਰ ਧਾਲੀਵਾਲ ਨੇ ਵਿਸ਼ੇਸ਼ ਤੌਰ ’ਤੇ ਸ਼ਿਰਕਤ ਕੀਤੀ। ਇਸ ਮੌਕੇ ਸੰਸਥਾ ਦੇ ਡਿਪਟੀ ਡਾਇਰੈਕਟਰ (ਸਹੂਲਤਾਂ) ਹਰਪਾਲ ਸਿੰਘ, ਡਿਪਟੀ ਡਾਇਰੈਕਟਰ (ਕੈਰੀਅਰ ਗਾਈਡੈਂਸ ਐਂਡ ਕਾਊਂਸਲਿੰਗ) ਬੀ.ਡੀ. ਸ਼ਰਮਾ, ਮੈਨੇਜਰ ਲੀਗਲ ਰਵੇਲ ਸਿੰਘ ਬਰਾੜ, ਮੈਨੇਜਰ (ਸਹੂਲਤਾਂ) ਅਜੀਤਪਾਲ ਸਿੰਘ ਤੋਂ ਇਲਾਵਾ ਸੰਸਥਾ ਦੇ ਵੱਖ-ਵੱਖ ਵਿਭਾਗਾਂ ਦੇ ਮੁਖੀ ਹਾਜ਼ਰ ਸਨ। ਇਸ ਪ੍ਰੋਗਰਾਮ ਦੌਰਾਨ ਦਰਜਾ ਚਾਰ ਕਰਮਚਾਰੀਆਂ ਵੱਲੋਂ ਆਪਣੇ ਸੁਝਾਅ, ਆਪਣੀਆਂ ਮੰਗਾਂ ਅਤੇ ਆਪਣੀ ਡਿਊਟੀ ਨੂੰ ਵਧੀਆ ਢੰਗਾਂ ਨਾਲ ਕਰਨ ਬਾਰੇ ਵਿਚਾਰ ਚਰਚਾ ਕੀਤੀ ਗਈ। ਇਸ ਤੋਂ ਇਲਾਵਾ ਕਰਮਚਾਰੀਆਂ ਨੇ ਗੀਤ ਅਤੇ ਕਵਿਤਾਵਾਂ ਰਾਹੀਂ ਸਾਰਿਆਂ ਦਾ ਮਨੋਰੰਜਨ ਕੀਤਾ ਅਤੇ ਮਜ਼ਦੂਰ ਅੰਦੋਲਨਾਂ ਦੌਰਾਨ ਮਾਰੇ ਗਏ ਮਜ਼ਦੂਰ ਸਾਥੀਆਂ ਦੀ ਕੁਰਬਾਨੀ ਨੂੰ ਵੀ ਯਾਦ ਕੀਤਾ। ਇਸ ਪ੍ਰੋਗਰਾਮ ਦੌਰਾਨ ਹਰ ਮਹੀਨੇ ਦੇ ਮੁਲਾਂਕਣ ਅਨੁਸਾਰ ਵੱਖ-ਵੱਖ ਵਿਭਾਗਾਂ ਦੇ ਵਧੀਆ ਕਾਰਗੁਜ਼ਾਰੀ ਦਿਖਾਉਣ ਵਾਲੇ ਕਰਮਚਾਰੀਆਂ ਨੂੰ ਇਨਾਮ ਵਜੋਂ ਪ੍ਰਸੰਸਾ ਪੱਤਰ ਦੇ ਕੇ ਸਨਮਾਨਿਤ ਕੀਤਾ ਗਿਆ। ਬੀ.ਐਫ.ਜੀ.ਆਈ. ਦੇ ਚੇਅਰਮੈਨ ਡਾ. ਗੁਰਮੀਤ ਸਿੰਘ ਧਾਲੀਵਾਲ ਨੇ ‘ਅੰਤਰਰਾਸ਼ਟਰੀ ਮਜ਼ਦੂਰ ਦਿਵਸ’ ਦੀ ਵਧਾਈ ਦਿੱਤੀ। ਉਨ੍ਹਾਂ ਨੇ ਦਰਜਾ ਚਾਰ ਕਰਮਚਾਰੀਆਂ ਦੀ ਭਲਾਈ ਲਈ ਪੰਜਾਬ ਸਰਕਾਰ ਅਤੇ ਕੇਂਦਰ ਸਰਕਾਰ ਦੀਆਂ ਸਕੀਮਾਂ ਬਾਰੇ ਉਨ੍ਹਾਂ ਨੂੰ ਜਾਗਰੂਕ ਕਰਨ ਅਤੇ ਇਨ੍ਹਾਂ ਸਕੀਮਾਂ ਦਾ ਲਾਭ ਲੈਣ ਲਈ ਸੰਸਥਾ ਵੱਲੋਂ ਹਰ ਸੰਭਵ ਮਦਦ ਦੇਣ ਦੀ ਗੱਲ ਕਹੀ ਅਤੇ ਇਨ੍ਹਾਂ ਭਲਾਈ ਸਕੀਮਾਂ ਨੂੰ ਸੰਸਥਾ ਵਿਖੇ ਲਾਗੂ ਕਰਨ ਬਾਰੇ ਹਦਾਇਤਾਂ ਦਿੱਤੀਆਂ। ਉਨ੍ਹਾਂ ਨੇ ਕਰਮਚਾਰੀਆਂ ਦੀ ਤਨਖ਼ਾਹ ਵਿੱਚ ਜਨਵਰੀ ਮਹੀਨੇ ਤੋਂ ਵਾਧਾ ਕਰਨ ਦਾ ਵਾਅਦਾ ਕਰਦਿਆਂ ਕਈ ਹੋਰ ਵੀ ਤਰੱਕੀਆਂ ਦੇਣ ਬਾਰੇ ਜਾਣਕਾਰੀ ਦਿੱਤੀ। ਉਨ੍ਹਾਂ ਨੂੰ ਆਪਣੇ ਹੱਕਾਂ ਪ੍ਰਤੀ ਜਾਗਰੂਕ ਕਰਦਿਆਂ ਡਾ. ਧਾਲੀਵਾਲ ਨੇ ਕਿਹਾ ਕਿ ਸੰਸਥਾ ਵੱਲੋਂ ਹਰ ਤਰ੍ਹਾਂ ਦੇ ਸਹਿਯੋਗ ਲਈ ਸੰਸਥਾ ਦੇ ਦਰਜਾ ਚਾਰ ਕਰਮਚਾਰੀਆਂ ਨੂੰ ਪਹਿਲ ਦਿੱਤੀ ਜਾਂਦੀ ਹੈ ਅਤੇ ਉਹ ਕਰਮਚਾਰੀਆਂ ਦੀਆਂ ਆਰਥਿਕ ਸਮੱਸਿਆਵਾਂ ਅਤੇ ਹੋਰ ਕਿਸੇ ਵੀ ਤਰਾਂ ਦੇ ਔਖੇ ਸਮੇਂ ਹਮੇਸ਼ਾ ਉਨ੍ਹਾਂ ਦੇ ਨਾਲ ਖੜ੍ਹੇ ਹਨ।