ਅਸੀਂ ਅਜ਼ਾਦੀ ਘੁਲਾਟੀਆਂ ਦੇ ਹਮੇਸ਼ਾ ਰਿਣੀ ਰਹਾਂਗੇ : ਡਿਪਟੀ ਕਮਿਸ਼ਨਰ
ਸੁਖਜਿੰਦਰ ਮਾਨ
ਬਠਿੰਡਾ, 12 ਅਪ੍ਰੈਲ : ਦੇਸ਼ ਲਈ ਜਾਨਾਂ ਵਾਰਨ ਵਾਲੇ ਮਹਾਨ ਸ਼ਹੀਦ ਯੋਧਿਆਂ ਦੀ ਲਾਸ਼ਾਨੀ ਕੁਰਬਾਨੀ ਨੂੰ ਕਦੇ ਵੀ ਭੁਲਾਇਆ ਨਹੀਂ ਜਾ ਸਕਦਾ। ਭਾਰਤ ਦੀ ਆਜ਼ਾਦੀ ਲਈ ਜਿੱਥੇ ਸਭ ਤੋਂ ਵੱਧ ਯੋਗਦਾਨ ਪੰਜਾਬੀਆਂ ਦਾ ਰਿਹਾ, ਉੱਥੇ ਹੀ ਜ਼ਿਲ੍ਹਾ ਬਠਿੰਡਾ ਦੇ ਯੋਧਿਆਂ ਵੱਲੋਂ ਵੀ ਆਜ਼ਾਦੀ ਦੀ ਲੜਾਈ ਵਿੱਚ ਭਰਪੂਰ ਯੋਗਦਾਨ ਪਾ ਕੇ ਆਪਣੇ ਦੇਸ਼ ਨੂੰ ਆਜ਼ਾਦ ਕਰਵਾਇਆ। ਇਨ੍ਹਾਂ ਗੱਲਾਂ ਦਾ ਪ੍ਰਗਟਾਵਾਂ ਵਿਧਾਇਕ ਬਠਿੰਡਾ (ਸ਼ਹਿਰੀ) ਸ. ਜਗਰੂਪ ਸਿੰਘ ਗਿੱਲ ਨੇ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿੱਚ ਭਾਰਤ ਦੀ ਆਜ਼ਾਦੀ ਵਿੱਚ ਯੋਗਦਾਨ ਪਾਉਣ ਵਾਲੇ ਆਜ਼ਾਦੀ ਘੁਲਾਟੀਆਂ ਦੀ ਫੋਟੋ ਗੈਲਰੀ ਦਾ ਉਦਘਾਟਨ ਕਰਨ ਮੌਕੇ ਕੀਤਾ। ਇਸ ਮੌਕੇ ਉਨ੍ਹਾਂ ਦੇ ਨਾਲ ਡਿਪਟੀ ਕਮਿਸ਼ਨਰ ਸ਼ੌਕਤ ਅਹਿਮਦ ਪਰੇ ਅਤੇ ਆਜ਼ਾਦੀ ਘੁਲਾਟੀਆਂ ਦੇ ਪਰਿਵਾਰ ਆਦਿ ਹਾਜ਼ਰ ਸਨ। ਸ. ਗਿੱਲ ਨੇ ਆਜ਼ਾਦੀ ਘੁਲਾਟੀਆਂ ਨੂੰ ਯਾਦ ਕਰਦਿਆਂ ਕਿਹਾ ਕਿ ਅਸੀਂ ਉਨ੍ਹਾਂ ਦੇ ਫੋਟੋ ਗੈਲਰੀ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿੱਚ ਰੂਪਮਾਨ ਕਰਕੇ ਮਾਣ ਮਹਿਸੂਸ ਕਰ ਰਹੇ ਹਾਂ। ਇਸ ਮੌਕੇ ਡਿਪਟੀ ਕਮਿਸ਼ਨਰ ਸ਼ੌਕਤ ਅਹਿਮਦ ਪਰੇ ਨੇ ਕਿਹਾ ਕਿ ਫੋਟੋ ਗੈਲਰੀ ਸਥਾਪਿਤ ਕਰਨ ਨਾਲ ਆਉਣ ਵਾਲੀਆਂ ਪੀੜੀਆਂ ਨੂੰ ਇਲਮ ਹੋਵੇਗਾ ਕਿ ਇਹ ਅਜ਼ਾਦੀ ਮੁਫਤ ਵਿੱਚ ਨਹੀਂ ਮਿਲੀ। ਇੰਨ੍ਹਾਂ ਯੋਧਿਆਂ ਦੀ ਕੁਰਬਾਨੀ ਸਦਕਾ ਅਸੀਂ ਅਜ਼ਾਦ ਫਿਜਾ ਵਿੱਚ ਸਾਹ ਲੈ ਰਹੇ ਹਾਂ। ਇਸ ਮੌਕੇ ਉਨ੍ਹਾਂ ਇਹ ਵੀ ਵਿਸ਼ਵਾਸ ਦਿਵਾਇਆ ਕਿ ਅਜ਼ਾਦੀ ਘੁਲਾਟੀਆਂ ਦੇ ਵਾਰਿਸਾਂ ਦੇ ਕੰਮ ਪਹਿਲ ਦੇ ਅਧਾਰ ਤੇ ਕੀਤੇ ਜਾਣਗੇ। ਸਰਕਾਰੀ ਦਫ਼ਤਰਾਂ ਵਿੱਚ ਉਨ੍ਹਾਂ ਦਾ ਮਾਣ-ਸਤਿਕਾਰ ਬਰਕਰਾਰ ਰਹੇਗਾ। ਇਸ ਮੌਕੇ ਡਿਪਟੀ ਕਮਿਸ਼ਨਰ ਨੇ ਜੰਥੇਬੰਦੀ ਨੂੰ ਵਿਸ਼ਵਾਸ਼ ਦਿਵਾਉਂਦਿਆਂ ਕਿਹਾ ਕਿ ਗੈਲਰੀ ਵਿੱਚ ਲਗਾਈਆਂ ਗਈਆਂ ਫੋਟੋਆਂ ਨੂੰ ਸ਼ੀਸ਼ੇ ਨਾਲ ਕਵਰ ਕੀਤਾ ਜਾਵੇਗਾ।ਇਸ ਦੌਰਾਨ ਫਰੀਡਮ ਫਾਈਟਰਾਂ ਦੇ ਵਾਰਿਸਾਂ ਵੱਲੋਂ ਸੂਬਾ ਸਰਕਾਰ ਤੇ ਜ਼ਿਲ੍ਹਾ ਪ੍ਰਸਾਸ਼ਨ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਜੇਕਰ ਇਹ ਕਦਮ ਨਾ ਉਠਾਇਆ ਜਾਂਦਾ ਤਾਂ ਆਉਣ ਵਾਲੀਆਂ ਪੀੜ੍ਹੀਆਂ ਨੇ ਆਜ਼ਾਦੀ ਦੇ ਪ੍ਰਵਾਨਿਆਂ ਨੂੰ ਭੁੱਲ ਜਾਣਾ ਸੀ। ਇਸ ਮੌਕੇ ਸਮੁੱਚੇ ਪਰਿਵਾਰਾਂ ਵੱਲੋਂ ਸੂਬਾ ਸਰਕਾਰ ਤੇ ਜ਼ਿਲ੍ਹਾ ਪ੍ਰਸਾਸ਼ਨ ਦਾ ਵਿਸ਼ੇਸ਼ ਤੌਰ ਤੇ ਧੰਨਵਾਦ ਵੀ ਕੀਤਾ ਗਿਆ। ਇਸ ਮੌਕੇ ਬਲਦੇਵ ਸਿੰਘ ਤੇ ਹੋਰ ਪ੍ਰਮੁੱਖ ਸਖਸ਼ੀਅਤਾਂ ਵਲੋਂ ਵਿਧਾਇਕ ਜਗਰੂਪ ਸਿੰਘ ਗਿੱਲ ਤੇ ਡਿਪਟੀ ਕਮਿਸ਼ਨਰ ਸ਼ੌਕਤ ਅਹਿਮਦ ਪਰੇ ਨੂੰ ਵਿਸ਼ੇਸ਼ ਤੌਰ ਤੇ ਸਨਮਾਨਿਤ ਵੀ ਕੀਤਾ ਗਿਆ।ਇਸ ਦੌਰਾਨ ਫ਼ਰੀਡਮ ਫਾਇਟਰਜ਼ ਉਤਰਾਅਧਿਕਾਰੀ ਸੰਸਥਾ ਪੰਜਾਬ (ਸ੍ਰੀ ਮੁਕਤਸਰ ਸਾਹਿਬ ਇਕਾਈ) ਦੇ ਪ੍ਰਧਾਨ ਸ. ਨਿਰਮਲ ਸਿੰਘ, ਫ਼ਰੀਡਮ ਫਾਇਟਰਜ਼ ਉਤਰਾਅਧਿਕਾਰੀ ਸੰਸਥਾ ਪੰਜਾਬ (ਬਠਿੰਡਾ ਇਕਾਈ) ਦੇ ਖਜਾਨਚੀ ਸ. ਜਸਪਾਲ ਸਿੰਘ, ਮੀਤ ਪ੍ਰਧਾਨ ਸ. ਸੁਰਜੀਤ ਸਿੰਘ, ਸ. ਗੁਰਜੀਵਨ ਸਿੰਘ, ਸ. ਕੁਲਦੀਪ ਸਿੰਘ, ਸ. ਸਵਰਨ ਸਿੰਘ ਆਦਿ ਮੈਂਬਰਾਂ ਤੋਂ ਇਲਾਵਾ ਹੋਰ ਪ੍ਰਮੁੱਖ ਸਖਸ਼ੀਅਤਾਂ ਹਾਜ਼ਰ ਸਨ।
ਦੇਸ਼ ਲਈ ਜਾਨਾਂ ਵਾਰਨ ਵਾਲੇ ਸ਼ਹੀਦ ਯੋਧਿਆਂ ਦੀ ਲਾਸ਼ਾਨੀ ਕੁਰਬਾਨੀ ਨੂੰ ਕਦੇ ਵੀ ਭੁਲਾਇਆ ਨਹੀਂ ਜਾ ਸਕਦਾ : ਜਗਰੂਪ ਸਿੰਘ ਗਿੱਲ
ਬਠਿੰਡਾ ਛਾਉਣੀ ’ਚ ਚਾਰ ਫ਼ੌਜੀ ਜਵਾਨਾਂ ਨੂੰ ਗੋਲੀਆਂ ਨਾਲ ਭੁੰਨਿਆਂ, ਰਾਈਫ਼ਲ ਬਰਾਮਦ ਕਾਤਲ ਫ਼ਰਾਰ
ਸਵੇਰੇ ਪਹੁ-ਫ਼ੁਟਾਲੇ ਵਾਪਰੀ ਘਟਨਾ ਦੇ ਮੁੱਖ ਦੋਸ਼ੀ ਨੂੰ ਲੱਭਣ ਦੀਆਂ ਕੋਸ਼ਿਸ਼ਾਂ ਜਾਰੀ
ਦੋ ਦਿਨ ਪਹਿਲਾਂ ਗੁੰਮ ਹੋਈ ਰਾਈਫ਼ਲ ਨਾਲ ਘਟਨਾ ਨੂੰ ਅੰਜਾਮ ਦੇਣ ਦੀ ਚਰਚਾ
ਸੁਖਜਿੰਦਰ ਮਾਨ
ਬਠਿੰਡਾ, 12 ਅਪ੍ਰੈਲ : ਉੱਤਰੀ ਭਾਰਤ ਦੀ ਸਭ ਤੋਂ ਵੱਡੀ ਫ਼ੌਜੀ ਛਾਉਣੀ ਵਜੋਂ ਜਾਣੀ ਜਾਂਦੀ ਬਠਿੰਡਾ ਛਾਉਣੀ ’ਚ ਅੱਜ ਸਵੇਰੇ ਵਾਪਰੇ ਇੱਕ ਗੋਲੀ ਕਾਂਡ ’ਚ ਚਾਰ ਫ਼ੌਜੀ ਜਵਾਨਾਂ ਦੀ ਮੌਤ ਹੋਣ ਦੀ ਸੂਚਨਾ ਮਿਲੀ ਹੈ। ਮੁਢਲੀ ਪੜਤਾਲ ਮੁਤਾਬਕ ਇਸ ਘਟਨਾ ਨੂੰ ਦੋ ਜਣਿਆਂ ਵਲੋਂ ਅੰਜਾਮ ਦਿੱਤਾ ਗਿਆ ਹੈ, ਜਿੰਨ੍ਹਾਂ ਵਿਚੋਂ ਇੱਕ ਕੋਲ ਚਾਰ ਦਿਨ ਪਹਿਲਾਂ ਫ਼ੌਜ ਦੀ ਚੋਰੀ ਹੋਈ ਇੱਕ ਅਤਿ ਆਧੁਨਿਕ ਰਾਈਫ਼ਲ ਸੀ, ਜਿਸਦੇ ਨਾਲ ਗੋਲੀਆਂ ਚਲਾ ਕੇ ਚਾਰੇਂ ਜਵਾਨਾਂ ਨੂੰ ਕਤਲ ਕੀਤਾ ਗਿਆ ਅਤੇ ਦੂਜੇ ਕੋਲ ਕੋਈ ਕੁਲਾਹੜੀ ਆਦਿ ਤੇਜਧਾਰ ਹਥਿਆਰ ਦਸਿਆ ਜਾ ਰਿਹਾ ਹੈ। ਸੂਤਰਾਂ ਮੁਤਾਬਕ ਦੇਰ ਸ਼ਾਮ ਰਾਈਫ਼ਲ ਨੂੰ ਬਰਾਮਦ ਕਰ ਲਿਆ ਗਿਆ ਹੈ ਪ੍ਰੰਤੂ ਇਸ ਘਟਨਾ ਨੂੰ ਅੰਜਾਮ ਦੇਣ ਵਾਲਿਆਂ ਬਾਰੇ ਪਤਾ ਨਹੀਂ ਚੱਲ ਸਕਿਆ ਹੈ। ਪੁਲਿਸ ਅਧਿਕਾਰੀਆਂ ਮੁਤਾਬਕ ਇਹ ਕੋਈ ਅੱਤਵਾਦੀ ਕਾਰਾ ਨਹੀਂ ਹੈ, ਬਲਕਿ ਇਸ ਘਟਨਾ ਨੂੰ ਇੱਕ ਯੋਜਨਾਵਧ ਤਰੀਕੇ ਨਾਲ ਕੀਤਾ ਗਿਆ ਕਾਰਾ ਦਸਿਆ ਜਾ ਰਿਹਾ ਹੈ। ਇਸਦੇ ਨਾਲ ਹੀ ਇਹ ਕਿਹਾ ਜਾ ਰਿਹਾ ਹੈ ਕਿ ਇਸ ਘਟਨਾ ਨੂੰ ਅੰਜਾਮ ਦੇਣ ਤੋਂ ਬਾਅਦ ਕਾਤਲ ਫ਼ੌਜੀ ਛਾਉਣੀ ਸਥਿਤ ਜੰਗਲ ਵੱਲ ਚਲੇ ਗਏ, ਜਿੰਨ੍ਹਾਂ ਦੀ ਖ਼ਬਰ ਲਿਖੇ ਜਾਣ ਤੱਕ ਭਾਲ ਜਾਰੀ ਸੀ। ਪੁਲਿਸ ਅਧਿਕਾਰੀਆਂ ਨੇ ਦਸਿਆ ਕਿ ਇਸ ਘਟਨਾ ਵਿਚ ਕਿਸੇ ਫ਼ੌਜੀ ਸਾਥੀ ਜਾਂ ਇੱਥੇ ਆਉਣ ਵਾਲੇ ਸ਼ੱਕੀ ਸਿਵਲੀਅਨਾਂ ਦੀ ਭੂਮਿਕਾ ਜਾਂਚ ਕੀਤੀ ਜਾ ਰਹੀ ਹੈ। ਇਸਤੋਂ ਇਲਾਵਾ ਇਸ ਮਾਮਲੇ ਨੂੰ ਨਿੱਜੀ ਰੰਜਿਸ਼ ਨਾਲ ਜੋੜ ਕੇ ਵੀ ਪੜਤਾਲਿਆਂ ਜਾ ਰਿਹਾ ਹੈ। ਉਧਰ ਬਾਅਦ ਦੁਪਿਹਰ ਮ੍ਰਿਤਕ ਜਵਾਨਾਂ ਦੀਆਂ ਲਾਸ਼ਾਂ ਨੂੰ ਪੋਸਟਮਾਰਟਮ ਲਈ ਸਿਵਲ ਹਸਪਤਾਲ ਦੇ ਮੁਰਦਾਘਰ ਵਿਚ ਲਿਆਂਦਾ ਗਿਆ, ਜਿੱਥੇ ਡਾਕਟਰਾਂ ਦੇ ਪੈਨਲ ਵਲੋਂ ਉਨ੍ਹਾਂ ਦਾ ਪੋਸਟਮਾਰਟਮ ਕੀਤਾ ਗਿਆ। ਖਬਰ ਲਿਖੇ ਜਾਣ ਤੱਕ ਪੋਸਟਮਾਰਟਮ ਦੀ ਪ੍ਰਕ੍ਰਿਆ ਜਾਰੀ ਸੀ। ਮ੍ਰਿਤਕਾਂ ਦੀ ਪਹਿਚਾਣ ਹੋ ਗਈ ਹੈ, ਜਿੰਨ੍ਹਾਂ ਵਿਚੋਂ ਸਾਗਰ ਬੰਨੇ (25) ਅਤੇ ਸੰਤੋਸ਼ ਨਰਵਾਲ (25) ਕਰਨਾਟਕ ਅਤੇ ਕਮਾਲੇਸ਼ ਆਰ. (24) ਅਤੇ ਯੋਗੇਸ਼ ਕੁਮਾਰ (24) ਤਾਮਿਲਨਾਡੂ ਸੂਬੇ ਨਾਲ ਸਬੰਧਤ ਸਨ। ਇਹ ਵੀ ਸੂਚਨਾ ਮਿਲੀ ਹੈ ਕਿ ਯੋਗੇਸ਼ ਕੁਮਾਰ ਮਾਪਿਆਂ ਦਾ ਇਕਲੌਤਾ ਪੁੱਤਰ ਸੀ। ਇਹ ਸਾਰੇ ਸਾਲ 2019 ਵਿਚ ਫ਼ੌਜ ’ਚ ਭਰਤੀ ਹੋਏ ਸਨ ਤੇ ਮੌਜੂਦਾ ਸਮੇਂ ਮ੍ਰਿਤਕ ਤੋਪਖ਼ਾਨਾ ਰੈਂਜੀਮੈਂਟ ਦੇ ਗਨਰਜ਼ ਵਜੋਂ ਡਿਊਟੀ ਨਿਭਾ ਰਹੇ ਸਨ। ਸੂਤਰਾਂ ਮੁਤਾਬਕ ਇਹ ਘਟਨਾ ਆਫ਼ੀਸਰਜ਼ ਮੈਸ ਦੇ ਸਾਹਮਣੇ ਬਣੀ ਬੈਰਕ ਵਿਚ ਅੱਜ ਸਵੇਰੇ ਕਰੀਬ ਸਾਢੇ ਚਾਰ ਵਾਪਰੀ ਹੈ। ਹੁਣ ਤੱਕ ਦੀ ਪੜਤਾਲ ਮੁਤਾਬਕ ਇਸ ਘਟਨਾ ਵਿਚ ਲੰਘੀ 9 ਅਪ੍ਰੈਲ ਨੂੰ ਛਾਉਣੀ ਵਿਚੋਂ ਗੁੰਮ ਹੋਈ ਇੱਕ ਅਤਿ-ਆਧੁਨਿਕ ਰਾਈਫ਼ਲ ‘ਇਨਸਾਸ’ ਵਰਤੀ ਗਈ ਹੈ, ਇਸ ਰਾਈਫ਼ਲ ਦੇ ਨਾਲ 28 ਕਾਰਤੂਸ ਵੀ ਚੋਰੀ ਹੋਏ ਸਨ। ਘਟਨਾ ਤੋਂ ਬਾਅਦ ਅੱਜ ਮੌਕੇ ਉਪਰੋਂ ਕਾਰਤੂਸ਼ ਦੇ 18 ਖ਼ੋਲ ਬਰਾਮਦ ਕੀਤੇ ਗਏ ਹਨ। ਦਸਿਆ ਇਹ ਵੀ ਜਾ ਰਿਹਾ ਹੈ ਕਿ ਚੋਰੀ ਹੋਈ ਰਾਈਫ਼ਲ ਤੇ ਕਾਰਤੂਸ਼ਾਂ ਬਾਰੇ ਫ਼ੌਜੀ ਅਧਿਕਾਰੀਆਂ ਵਲੋਂ ਜਾਂਚ ਕੀਤੀ ਜਾ ਰਹੀ ਸੀ ਤੇ ਇਸਦੇ ਬਾਰੇ ਬੀਤੇ ਕੱਲ ਥਾਣਾ ਕੈਂਟ ਦੀ ਪੁਲਿਸ ਨੂੰ ਵੀ ਸੂਚਿਤ ਕੀਤਾ ਗਿਆ ਸੀ। ਪੁਲਿਸ ਅਤੇ ਫ਼ੌਜ ਦੇ ਅਧਿਕਾਰੀਆਂ ਦੀ ਸਾਂਝੀ ਟੀਮ ਵਲੋਂ ਅਪਣੇ ਪੱਧਰ ’ਤੇ ਜਾਂਚ ਕੀਤੀ ਜਾ ਰਹੀ ਹੈ। ਸ਼ੱਕ ਜ਼ਾਹਰ ਕੀਤਾ ਜਾ ਰਿਹਾ ਹੈ ਕਿ ਇਸ ਘਟਨਾ ਨੂੰ ਕਿਸੇ ਛਾਉਣੀ ਦੇ ਹੀ ਵਿਅਕਤੀ ਨੇ ਅੰਜਾਮ ਦਿੱਤਾ ਹੈ, ਜਿਸਦੇ ਚੱਲਦੇ ਫ਼ੌਜ ਦੇ ਅਧਿਕਾਰੀ, ਖੁਫ਼ੀਆ ਏਜੰਸੀਆਂ ਅਤੇ ਪੁਲਿਸ ਵਲੋਂ ਹਰ ਐਂਗਲ ਤਂੋ ਜਾਂਚ ਕੀਤੀ ਜਾ ਰਹੀ ਹੈ।
ਘਟਨਾ ਤੋਂ ਬਾਅਦ ਫ਼ੌਜੀ ਛਾਉਣੀ ਕੀਤੀ ਸੀਲ, ਸਾਬਕਾ ਫ਼ੌਜੀਆਂ ਨੂੰ ਵੀ ਅੰਦਰ ਆਉਣੋਂ ਰੋਕਿਆ
ਬਠਿੰਡਾ: ਉਧਰ ਪਤਾ ਚੱਲਿਆ ਹੈ ਕਿ ਇਸ ਘਟਨਾ ਦੇ ਮੱਦੇਨਜ਼ਰ ਫ਼ੌਜ ਦੇ ਅਧਿਕਾਰੀਆਂ ਵਲੋਂ ਛਾਉਣੀ ਨੂੰ ਪੂਰੀ ਤਰ੍ਹਾਂ ਸੀਲ ਕਰ ਦਿੱਤਾ ਗਿਆ ਤੇ ਰੋਜ਼ਮਰਾ ਦੀ ਤਰ੍ਹਾਂ ਇੱਥੇ ਮਿਲਟਰੀ ਹਸਪਤਾਲ ਵਿਚ ਦਵਾਈਆਂ ਅ੍ਤਤੇ ਫ਼ੌਜੀ ਛਾਉਣੀ ਵਿਚ ਸਥਿਤ ਕੰਟੀਨ ਵਿਚ ਰਾਸ਼ਨ ਆਦਿ ਲੈਣ ਆਉਣ ਵਾਲੇ ਸਾਬਕਾ ਫ਼ੌਜੀਆਂ ਨੂੰ ਵੀ ਰੋਕ ਦਿੱਤਾ ਗਿਆ। ਜਿਸਦੇ ਚੱਲਦੇ ਅੱਜ ਛਾਉਣੀ ਅੰਦਰ ਰੋਜ਼ ਕੰਮ ਕਰਨ ਜਾਣ ਵਾਲੇ ਸਿਵਲੀਅਨਾਂ ਦਾ ਦਾਖ਼ਲਾ ਵੀ ਬੰਦ ਰਿਹਾ।
ਅੱਤਵਾਦੀ ਘਟਨਾ ਨਹੀਂ, ਮਾਮਲੇ ਦੀ ਜਾਂਚ ਜਾਰੀ: ਏਡੀਜੀਪੀ
ਬਠਿੰਡਾ: ਦੂਜੇ ਪਾਸੇ ਬਾਅਦ ਦੁਪਿਹਰ ਇਸ ਘਟਨਾ ਬਾਰੇ ਜਾਣਕਾਰੀ ਦਿੰਦਿਆਂ ਏਡੀਜੀਪੀ ਬਠਿੰਡਾ ਰੇਂਜ ਐਸਪੀਐਸ ਪਰਮਾਰ ਨੇ ਕਿਹਾ ਕਿ ਇਹ ਕੋਈ ਅੱਤਵਾਦੀ ਘਟਨਾ ਨਹੀਂ ਹੈ। ਉਨ੍ਹਾਂ ਕਿਹਾ ਕਿ ਮੁਢਲੀ ਪੜਤਾਲ ਮੁਤਾਬਕ ਚਾਰ ਜਵਾਨਾਂ ਦੀ ਮੌਤ ਹੋਈ ਹੈ। ਇਸਤੋਂ ਇਲਾਵਾ ਹੋਰ ਕੋਈ ਜਖ਼ਮੀ ਨਹੀਂ ਹੋਇਆ ਹੈ। ਪੁਲਿਸ ਅਧਿਕਾਰੀ ਨੇ ਦਸਿਆ ਕਿ ਫ਼ੌਜ ਅਤੇ ਪੁਲਿਸ ਮਿਲਕੇ ਮਾਮਲੇ ਦੀ ਡੂੁੰਘਾਈ ਨਾਲ ਪੜਤਾਲ ਕਰ ਰਹੀ ਹੈ। ਐਸਐਸਪੀ ਗੁਲਨੀਤ ਸਿੰਘ ਖੁਰਾਣਾ ਨੇ ਵੀ ਇੱਕ ਵੀਡੀਓ ਜਾਰੀ ਕਰਕੇ ਦਸਿਆ ਕਿ ਐਸ.ਪੀ ਡੀ ਅਜੈ ਗਾਂਧੀ ਦੀ ਅਗਵਾਈ ਹੇਠ ਟੀਮ ਜਾਂਚ ਕਰ ਰਹੀ ਹੈ ਤੇ ਮੁਢਲੀ ਪੜਤਾਲ ਮੁਤਾਬਕ ਇਹ ਕਿਸੇ ਅੰਦਰਲੇ ਵਿਅਕਤੀ ਦਾ ਹੀ ਕੰਮ ਹੈ। ਜਿਸਨੂੰ ਜਲਦੀ ਹੀ ਕਾਬੂ ਕਰ ਲਿਆ ਜਾਵੇਗਾ।

ਕੇਂਦਰ ਸਰਕਾਰ ਵੱਲੋਂ ਕਣਕ ਖਰੀਦ ਚ ਰੇਟ ਦੀ ਕਟੌਤੀ ਦੇ ਫ਼ੈਸਲੇ ਵਿਰੁਧ ਡਟੇ ਕਿਸਾਨ ਆਗੂ
ਕੇਂਦਰ ਸਰਕਾਰ ਕੁਦਰਤੀ ਆਫ਼ਤ ਦੀ ਮਾਰ ਦਾ ਬੋਝ ਕਿਸਾਨਾਂ ਤੇ ਪਾਉਣ ਦੀ ਬਜਾਏ ਖੁਦ ਝੱਲੇ – ਰਾਮਾ
ਸੁਖਜਿੰਦਰ ਮਾਨ
ਬਠਿੰਡਾ, 11 ਅਪ੍ਰੈਲ: ਦੋ ਹਫ਼ਤੇ ਪਹਿਲਾਂ ਹੋਈ ਭਾਰੀ ਬਾਰਸ਼, ਝੱਖੜ-ਝੋਲੇ ਅਤੇ ਗੜੇਮਾਰੀ ਕਾਰਨ ਪੰਜਾਬ ਵਿੱਚ ਕਣਕ ਦੀ ਫ਼ਸਲ ਦੇ ਹੋਏ ਭਾਰੀ ਨੁਕਸਾਨ ਨੂੰ ਦੇਖਦਿਆਂ ਕੇਂਦਰ ਸਰਕਾਰ ਵਲੋਂ ਕਣਕ ਦੀ ਖ਼ਰੀਦ ਸਮੇਂ ਰੇਟ ’ਚ ਕਟੌਤੀ ਨਾਲ ਦਿੱਤੀਆਂ ਰਿਆਇਤਾਂ ਦਾ ਕਿਸਾਨ ਜਥੈਬੰਦੀਆਂ ਨੇ ਵਿਰੋਧ ਕੀਤਾ ਹੈ। ਇੱਥੇ ਜਾਰੀ ਬਿਆਨ ਵਿਚ ਭਾਰਤੀ ਕਿਸਾਨ ਯੂਨੀਅਨ ਲੱਖੋਵਾਲ ਟਿਕੈਤ ਦੇ ਸੂਬਾ ਜਨਰਲ ਸਕੱਤਰ ਸਰੂਪ ਸਿੰਘ ਰਾਮਾ ਨੇ ਕਿਹਾ ਕਿ ਜਿੱਥੇ ਕਿਸਾਨ ਕਣਕ ਦੀ ਫਸਲ ’ਤੇ ਪਈ ਕੁਦਰਤੀ ਆਫ਼ਤ ਦੀ ਮਾਰ ਨੂੰ ਲੈ ਕੇ ਕੇਂਦਰ ਅਤੇ ਪੰਜਾਬ ਸਰਕਾਰ ਤੋਂ 50 ਹਜ਼ਾਰ ਪ੍ਰਤੀ ਏਕੜ ਮੁਆਵਜੇ ਦੀ ਮੰਗ ਕਰ ਰਹੇ ਸਨ, ਓੱਥੇ ਹੀ ਕੇਂਦਰ ਸਰਕਾਰ ਨੇ ਮੁਆਵਜ਼ਾ ਦੇਣ ਦੀ ਬਜਾਏ ਉਲਟਾ ਕਣਕ ਖਰੀਦ ਚ ਸ਼ਰਤਾਂ ਲਗਾ ਕੇ ਘੱਟੋ ਘੱਟ ਸਮਰਥਨ ਮੁੱਲ ਵਿਚ ਕਟੌਤੀ ਕਰ ਦਿੱਤੀ। ਕਿਸਾਨ ਆਗੂ ਨੇ ਅੱਗੇ ਕਿਹਾ ਕਿ ਕੇਂਦਰ ਸਰਕਾਰ ਨੇ ਕਣਕ ਖਰੀਦ ਵਿੱਚ ਸ਼ਰਤਾਂ ਲਗਾਈਆਂ ਹਨ, ਜਿਸਦੇ ਨਾਲ ਪਹਿਲਾਂ ਹੀ ਆਰਥਿਕ ਤੰਗੀ ਦੀ ਮਾਰ ਝੱਲ ਰਹੇ ਕਿਸਾਨਾਂ ਉਪਰ ਵੱਡਾ ਬੋਝ ਪਏਗਾ। ਉਨ੍ਹਾਂ ਨੇ ਮੰਗ ਕੀਤੀ ਕਿ ਸਰਕਾਰ ਵੱਲੋਂ ਲਗਾਈਆਂ ਬੇਲੋੜੀਆਂ ਕਣਕ ਖਰੀਦ ਸਬੰਧੀ ਸ਼ਰਤਾਂ ਨੂੰ ਤੁਰੰਤ ਹਟਾਇਆ ਜਾਵੇ, ਕੁਦਰਤੀ ਆਫ਼ਤ ਦੀ ਮਾਰ ਦਾ ਬੋਝ ਕਿਸਾਨਾਂ ਉਪਰ ਨਾ ਪਾਇਆ ਜਾਵੇ ਤੇ ਇਸਨੂੰ ਕੇਂਦਰ ਸਰਕਾਰ ਖੁਦ ਝੱਲੇ। ਰਾਮਾ ਨੇ ਕਿਹਾ ਕਿ ਕੁਦਰਤੀ ਆਫਤਾਂ ਨਾਲ ਹੁੰਦੇ ਫਸਲਾਂ ਦੇ ਨੁਕਸਾਨ ਦਾ ਮੁਆਵਜੇ ਦਾ ਪ੍ਰਬੰਧ ਕੇਂਦਰ ਅਤੇ ਪੰਜਾਬ ਸਰਕਾਰ ਬਜਟ ਵਿੱਚ ਵੱਖਰਾ ਰੱਖੇ ਤਾਂ ਜੋ ਹੋਏ ਨੁਕਸਾਨ ਦੀ ਭਰਪਾਈ ਸਮੇਂ ਸਿਰ ਹੋ ਸਕੇ।
ਰਾਏ ਕੱਲਾ ਦੇ ਵੰਸ਼ਜ ਨੇ ਸਿੱਖਾਂ ਨੂੰ ਵਿਸਾਖੀ ਮੌਕੇ ਦਿੱਤੀਆਂ ਵਧਾਈਆਂ
ਸੁਖਜਿੰਦਰ ਮਾਨ
ਬਠਿੰਡਾ, 11 ਅਪ੍ਰੈਲ: ਔਰੰਗਜ਼ੇਬ ਦੇ ਰਾਜ ਦੌਰਾਨ ਆਪਣੀ ਜਾਨ ਜੋਖ਼ਮ ਵਿੱਚ ਪਾ ਕੇ ਗੁਰੂ ਗੋਬਿੰਦ ਸਿੰਘ ਜੀ ਦੀ ਸੇਵਾ ਅਤੇ ਪਰਾਹੁਣਚਾਰੀ ਕਰਨ ਵਾਲੇ ਰਾਏ ਕੱਲ੍ਹਾ ਜੀ ਦੇ ਪ੍ਰਵਾਰ ਨੇ ਸਿੱਖਾਂ ਨੂੰ ਖ਼ਾਲਸਾ ਸਾਜਨਾ ਦਿਵਸ ਮੌਕੇ ਵਧਾਈਆਂ ਦਿੱਤੀਆਂ ਹਨ। ਅੱਜ ਕੱਲ ਪਾਕਿਸਤਾਨ ਵਿਚ ਰਹਿ ਰਹੇ ਰਾਏ ਕੱਲ੍ਹਾ ਦੀ 9ਵੀਂ ਪੀੜ੍ਹੀ ਦੇ ਵੰਸਿਜ਼ ਤੇ ਸਾਬਕਾ ਸੰਸਦ ਮੈਂਬਰ ਰਾਏ ਅਜ਼ੀਜ਼ੁੱਲਾ ਖਾਨ ਨੇ ਵਿਸੇਸ ਗੱਲਬਾਤ ਕਰਦਿਆਂ ਕਿਹਾ ਕਿ ਉਨ੍ਹਾਂ ਨੂੰ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਵਾਰ ਦੀ ਸੇਵਾ ਉਪਰ ਮਾਣ ਹੈ। ਗੌਰਤਲਬ ਹੈ ਕਿ ਛੋਟੇ ਸਾਹਿਬਜ਼ਾਦੇ ਅਤੇ ਮਾਤਾ ਗੁਜਰੀ ਜੀ ਦੀ ਸ਼ਹੀਦੀ ਦੀ ਦੁਖਦਾਈ ਖਬਰ ਵੀ ਰਾਏ ਕੱਲ੍ਹਾ ਦੇ ਸੇਵਕ ਨੂਰਾ ਮਾਹੀ ਰਾਹੀਂ ਗੁਰੂ ਸਾਹਿਬ ਕੋਲ ਭੇਜੀ ਗਈ ਸੀ, ਜੋ ਸਰਹਿੰਦ ਤੋਂ ਇਹ ਖਬਰ ਲੈ ਕੇ ਆਏ ਸਨ। ਗੁਰੂ ਪ੍ਰਵਾਰ ਦੀ ਸੇਵਾ ਦੇ ਸਤਿਕਾਰ ਵਜੋਂ ਗੁਰੂ ਗੋਬਿੰਦ ਸਿੰਘ ਜੀ ਨੇ ਰਾਏਕੋਟ ਰਿਆਸਤ ਜਿਲਾ ਲੁਧਿਆਣਾ ਦੇ ਇਸ ਪ੍ਰਵਾਰ ਨੂੰ ਅਪਣੇ ਹੱਥਾਂ ਨਾਲ ਗੰਗਾ ਸਾਗਰ ਸੌਂਪੀ ਸੀ, ਜਿਸਨੂੰ ਅੱਜ ਤੱਕ ਪ੍ਰਵਾਰ ਨੇ ਅਪਣੇ ਕਲਾਵੇ ਵਿਚ ਰੱਖਿਆ ਹੋਇਆ ਹੈ। ਰਾਏ ਅਜੀਜਖ਼ਾਨ ਨੇ ਵਿਸਾਖੀ 2023 ਦੀਆਂ ਸਮੂਹ ਸਿੱਖ ਸੰਗਤ ਨੂੰ ਵਧਾਈ ਦਿੰਦਿਆਂ ਦਸਿਆ ਕਿ ਗੁਰੂ ਸਾਹਿਬ ਦੀ ਇਸ ਪਵਿੱਤਰ ਗੰਗਾ ਸਾਗਰ ਦੇ ਦਰਸ਼ਨ 13,14 ਅਤੇ 15 ਅਪ੍ਰੈਲ ਨੂੰ ਗੁਰਦੁਆਰਾ ਸਾਹਿਬ ਮਾਲਟਨ ਟੋਰਾਂਟੋ ਵਿਖੇ ਅਤੇ 16 ਅਤੇ 17 ਅਪ੍ਰੈਲ ਨੂੰ ਨਿਸ਼ਾਨ ਸਾਹਿਬ ਸਮਾਗਮ ਮੌਕੇ ਗੁਰਦੁਆਰਾ ਦਸਮੇਸ਼ ਦਰਬਾਰ ਸਰੀ ਕੈਨੇਡਾ ਵਿਖੇ ਕਰਵਾਏ ਜਾ ਰਹੇ ਹਨ।
ਆਂਗਣਵਾੜੀ ਮੁਲਾਜ਼ਮ ਯੂਨੀਅਨ ਨੇ ਮੰਗਾਂ ਸਬੰਧੀ ਪ੍ਰਧਾਨ ਮੰਤਰੀ ਦੇ ਨਾਮ ਡੀਸੀ ਨੂੰ ਦਿੱਤਾ ਮੰਗ ਪੱਤਰ
ਸੁਖਜਿੰਦਰ ਮਾਨ
ਬਠਿੰਡਾ, 11 ਅਪ੍ਰੈਲ: ਆਲ ਪੰਜਾਬ ਆਂਗਣਵਾੜੀ ਮੁਲਾਜ਼ਮ ਯੂਨੀਅਨ ਦੀ ਜ਼ਿਲਾ ਜਥੇਬੰਦੀ ਵੱਲੋਂ ਜ਼ਿਲਾ ਪ੍ਰਧਾਨ ਗੁਰਮੀਤ ਕੌਰ ਗੋਨੇਆਣਾ ਅਤੇ ਜਿਲ੍ਹਾ ਸਰਪ੍ਰਸਤ ਸ਼ਿੰਦਰਪਾਲ ਕੌਰ ਭਗਤਾ ਦੀ ਅਗਵਾਈ ਹੇਠ ਡਿਪਟੀ ਕਮਿਸ਼ਨਰ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਨਾਮ ਮੰਗ ਪੱਤਰ ਦਿੱਤਾ। ਇਸ ਮੌਕੇ ਆਗੂਆਂ ਨੇ ਕਿਹਾ ਕਿ ਆਂਗਣਵਾੜੀ ਵਰਕਰਾਂ ਤੇ ਹੈਲਪਰਾਂ ਨੂੰ ਕੰਮ ਕਰਦਿਆਂ 47 ਸਾਲ ਬੀਤ ਗਏ ਹਨ ਪਰ ਸਮੇਂ ਦੀਆਂ ਸਰਕਾਰਾਂ ਦੀਆਂ ਨਲਾਇਕੀਆਂ ਕਰਕੇ ਐਨੇ ਲੰਮੇ ਸਮੇਂ ਵਿਚ ਆਂਗਣਵਾੜੀ ਵਰਕਰਾਂ ਤੇ ਹੈਲਪਰਾਂ ਨੂੰ ਸਰਕਾਰੀ ਮੁਲਾਜ਼ਮ ਦਾ ਦਰਜਾ ਨਹੀਂ ਦਿੱਤਾ ਗਿਆ। ਉਹਨਾਂ ਕਿਹਾ ਕਿ ਕੇਂਦਰ ਸਰਕਾਰ ਨੇ ਉਹਨਾਂ ਨੂੰ ਸਰਕਾਰੀ ਮੁਲਾਜ਼ਮ ਤਾਂ ਕੀ ਬਣਾਉਣਾ ਸੀ ਸਗੋ ਪਿਛਲੇਂ ਪੰਜ ਸਾਲਾਂ ਤੋਂ ਉਹਨਾਂ ਦੇ ਮਾਣ ਭੱਤੇ ਵਿਚ ਵੀ ਕੋਈ ਵਾਧਾ ਨਹੀਂ ਕੀਤਾ ਗਿਆ । ਜਦੋਂ ਕਿ ਇਸ ਸਮੇਂ ਵਿਚ ਮਹਿੰਗਾਈ ਕਈ ਗੁਣਾ ਵੱਧ ਚੁੱਕੀ ਹੈ । ਉਹਨਾਂ ਕਿਹਾ ਕਿ ਜੇਕਰ ਸਰਕਾਰ ਨੇ ਉਹਨਾਂ ਦੀਆਂ ਮੰਗਾਂ ਨਾ ਮੰਨੀਆਂ ਤਾਂ ਸੰਘਰਸ਼ ਤੇਜ਼ ਕੀਤਾ ਜਾਵੇਗਾ ।ਇਸ ਮੌਕੇ ਸਤਵੰਤ ਕੌਰ ਤਲਵੰਡੀ, ਸਰਬਜੀਤ ਕੌਰ ਮਹਿਰਾਜ, ਆਰਤੀ ਰਾਣੀ ਭਗਤਾ, ਪਰਮਜੀਤ ਕੌਰ ਰੁਲਦੂਵਾਲਾ,ਸੋਮਾ ਰਾਣੀ ਬਠਿੰਡਾ, ਅੰਮ੍ਰਿਤਪਾਲ ਕੌਰ ਬੱਲੂਆਣਾ, ਰੀਤਾ ਰਾਣੀ ਮੌਤ, ਕੁਲਦੀਪ ਕੌਰ ਆਕਲੀਆਂ, ਰਣਜੀਤ ਕੌਰ ਬੀੜ ਤਲਾਬ, ਕੁਲਦੀਪ ਕੌਰ ਝੂੰਬਾ, ਪਰਮਿੰਦਰ ਕੌਰ ਪੱਕਾ ਕਲਾਂ, ਰੁਪਿੰਦਰ ਕੌਰ ਬਠਿੰਡਾ, ਸਤਵੀਰ ਕੌਰ ਬਠਿੰਡਾ,ਰਾਣੀ ਬਠਿੰਡਾ,ਵੀਰਪਾਲ ਕੌਰ ਚੱਕ ਰੂਲਦੁਵਾਲਾ, ਇੰਦਰਜੀਤ ਕੌਰ ਘੁੱਦਾ ਆਦਿ ਆਗੂ ਮੌਜੂਦ ਸਨ ।
ਬੱਚਿਆਂ ਨੂੰ ਮੁਹੱਈਆ ਕਰਵਾਏ ਜਾ ਰਹੇ ਮਿਡ ਡੇਅ ਮੀਲ ਚ ਅਣਗਹਿਲੀ ਨਹੀਂ ਹੋਵੇਗੀ ਬਰਦਾਸ਼ਤ : ਚੇਤਨ ਪ੍ਰਕਾਸ਼ ਧਾਲੀਵਾਲ
ਮੈਂਬਰ ਪੰਜਾਬ ਸਟੇਟ ਫੂਡ ਕਮਿਸ਼ਨ ਨੇ ਜ਼ਿਲ੍ਹੇ ਦੇ ਸਕੂਲਾਂ, ਰਾਸ਼ਨ ਡਿਪੂਆਂ ਅਤੇ ਆਂਗਣਵਾੜੀ ਕੇਂਦਰਾਂ ਦੀ ਕੀਤੀ ਅਚਨਚੇਤ ਚੈਕਿੰਗ
ਸੁਖਜਿੰਦਰ ਮਾਨ
ਬਠਿੰਡਾ, 11 ਅਪ੍ਰੈਲ : ਸਰਕਾਰੀ ਸਕੂਲਾਂ ਅਤੇ ਆਂਗਣਵਾੜੀ ਕੇਂਦਰਾਂ ਵਿੱਚ ਬੱਚਿਆਂ ਨੂੰ ਮੁਹੱਈਆ ਕਰਵਾਏ ਜਾ ਰਹੇ ਮਿਡ ਡੇਅ ਮੀਲ ਚ ਕਿਸੇ ਵੀ ਤਰ੍ਹਾਂ ਦੀ ਅਣਗਹਿਲੀ ਨੂੰ ਬਰਦਾਸ਼ਤ ਨਹੀਂ ਕੀਤੀ ਜਾਵੇਗਾ। ਇਨ੍ਹਾਂ ਗੱਲਾਂ ਦਾ ਪ੍ਰਗਟਾਵਾਂ ਮੈਂਬਰ ਪੰਜਾਬ ਸਟੇਟ ਫੂਡ ਕਮਿਸ਼ਨ ਚੇਤਨ ਪ੍ਰਕਾਸ਼ ਧਾਲੀਵਾਲ ਵਲੋਂ ਜ਼ਿਲ੍ਹੇ ਅਧੀਨ ਪੈਂਦੇ ਵੱਖ-ਵੱਖ ਸਰਕਾਰੀ ਸਕੂਲਾਂ, ਆਂਗਣਵਾੜੀ ਸੈਂਟਰਾਂ ਅਤੇ ਰਾਸ਼ਨ ਡਿਪੂਆਂ ਦੀ ਕੀਤੀ ਗਈ ਅਚਨਚੇਤ ਚੈਕਿੰਗ ਦੌਰਾਨ ਕੀਤਾ। ਇਸ ਮੌਕੇ ਉਨ੍ਹਾਂ ਦੇ ਨਾਲ ਵਧੀਕ ਡਿਪਟੀ ਕਮਿਸ਼ਨਰ ਵਿਕਾਸ ਡਾ. ਆਰਪੀ ਸਿੰਘ ਵਿਸ਼ੇਸ਼ ਤੌਰ ਹਾਜ਼ਰ ਰਹੇ। ਆਪਣੇ ਦੌਰੇ ਦੌਰਾਨ ਮੈਂਬਰ ਫੂਡ ਕਮਿਸ਼ਨ ਪੰਜਾਬ ਚੇਤਨ ਪ੍ਰਕਾਸ਼ ਧਾਲੀਵਾਲ ਨੇ ਸਥਾਨਕ ਘਨੱਈਆ ਨਗਰ ਵਿਖੇ ਸਥਿਤ ਸਰਕਾਰੀ ਪ੍ਰਾਇਮਰੀ ਤੇ ਹਾਈ ਸਕੂਲ, ਚੰਦਰ ਬਸਤੀ ਵਿਖੇ ਬਣੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਚ ਬੱਚਿਆਂ ਨੂੰ ਮੁਹੱਈਆ ਕਰਵਾਏ ਜਾ ਰਹੇ ਮਿਡ ਡੇਅ ਮੀਲ ਦੀ ਚੈਕਿੰਗ ਕੀਤੀ। ਇਸ ਦੌਰਾਨ ਉਨ੍ਹਾਂ ਮਿਡ ਡੇਅ ਮੀਲ ਬਣਾਉਣ ਸਮੇਂ ਵਰਤੀਆਂ ਜਾਣ ਵਾਲੀਆਂ ਵਸਤਾਂ (ਚਾਵਲ, ਆਟਾ, ਨਮਕ, ਪਿਆਜ਼, ਟਮਾਟਰ ਆਦਿ) ਤੋਂ ਇਲਾਵਾ ਇਥੇ ਵਰਤੇ ਜਾਣ ਵਾਲੇ ਬਰਤਨਾਂ ਅਤੇ ਸਾਫ਼-ਸਫ਼ਾਈ ਦੀ ਡੂੰਗਾਈ ਨਾਲ ਜਾਂਚ ਕੀਤੀ। ਇਸ ਦੌਰਾਨ ਉਨ੍ਹਾਂ ਅਧਿਕਾਰੀਆਂ ਨੂੰ ਹਦਾਇਤ ਕਰਦਿਆਂ ਕਿਹਾ ਕਿ ਬੱਚਿਆਂ ਨੂੰ ਸਾਫ਼-ਸੁਥਰਾ ਅਤੇ ਤਾਜ਼ੀਆਂ ਵਸਤਾਂ ਦਾ ਖਾਣਾ ਦਿੱਤਾ ਜਾਵੇ ਤੇ ਇਸ ਵਿੱਚ ਕਿਸੇ ਵੀ ਤਰ੍ਹਾਂ ਦੀ ਅਣਗਹਿਲੀ ਨਾ ਵਰਤੀ ਜਾਵੇ। ਇਸ ਤੋਂ ਇਲਾਵਾ ਉਨਾਂ ਸਕੂਲੀ ਬੱਚਿਆਂ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਨੂੰ ਮਿਲਣ ਵਾਲੇ ਮਿਡ-ਡੇਅ-ਮੀਲ ਸਬੰਧੀ ਵੀ ਜਾਣਕਾਰੀ ਪ੍ਰਾਪਤ ਕੀਤੀ।ਇਸ ਮੌਕੇ ਮੈਂਬਰ ਫੂਡ ਕਮਿਸ਼ਨ ਨੇ ਕਿਹਾ ਕਿ ਮਿਡ-ਡੇਅ-ਮੀਲ ਰਸੋਈ ਵਿੱਚ ਸਾਫ਼-ਸਫ਼ਾਈ ਦਾ ਵਿਸ਼ੇਸ਼ ਧਿਆਨ ਰੱਖਿਆ ਜਾਵੇ ਤਾਂ ਜੋ ਗੰਦਗੀ ਕਾਰਨ ਸਕੂਲੀ ਬੱਚਿਆਂ ਦੀ ਸਿਹਤ ’ਤੇ ਮਾੜਾ ਪ੍ਰਭਾਵ ਨਾ ਪਵੇ। ਉਨਾਂ ਮਿਡ ਡੇਅ ਮੀਲ ਦੇ ਇੰਚਾਰਜਾਂ ਨੂੰ ਹਦਾਇਤ ਕਰਦਿਆਂ ਕਿਹਾ ਕਿ ਖਾਣੇ ਨੂੰ ਤਿਆਰ ਕਰਨ ਇਸ ਦੀ ਗੁਣਵੱਤਾ ਤੇ ਮਾਤਰਾ ਵਿੱਚ ਕੋਈ ਕਮੀ ਨਾ ਰਹਿਣ ਦਿੱਤੀ ਜਾਵੇ।ਇਸ ਦੌਰਾਨ ਉਨ੍ਹਾਂ ਤਿੰਨੋਕਨੀ ਪਾਰਕ ਚ ਬਣੀ 266 ਨੰਬਰ ਆਂਗਣਵਾੜੀ ਸੈਂਟਰ ਦੀ ਵੀ ਚੈਕਿੰਗ ਕੀਤੀ। ਇਸ ਮੌਕੇ ਉਨ੍ਹਾਂ ਇੱਥੇ ਬੱਚਿਆਂ ਨੂੰ ਮੁਹੱਈਆ ਕਰਵਾਏ ਜਾਣ ਵਾਲੇ ਪੌਸਟਿਕ ਆਹਾਰ ਸਬੰਧੀ ਜਾਣਕਾਰੀ ਹਾਸਲ ਕੀਤੀ ਅਤੇ ਉਨ੍ਹਾਂ ਵਿਸ਼ੇਸ਼ ਤੌਰ ਤੇ ਆਂਗਣਵਾੜੀ ਸੈਂਟਰ ਵਿਖੇ ਪੜ੍ਹ ਰਹੇ ਬੱਚਿਆਂ ਦੇ ਮਾਪਿਆਂ ਨਾਲ ਵੀ ਵਿਸ਼ੇਸ਼ ਗੱਲਬਾਤ ਕੀਤੀ। ਇਸ ਤੋਂ ਉਪਰੰਤ ਮੈਂਬਰ ਫੂਡ ਕਮਿਸ਼ਨ ਵੱਲੋਂ ਸ਼ਹਿਰ ਅੰਦਰ ਚੱਲ ਰਹੇ ਰਾਸ਼ਨ ਡਿਪੂਆਂ ਦੀ ਚੈਕਿੰਗ ਦੌਰਾਨ ਉਨ੍ਹਾਂ ਵਲੋਂ ਡਿਪੂਆਂ ਤੇ ਪਏ ਆਨਾਜ਼ ਦੀ ਵੀ ਬਾਰੀਕੀ ਨਾਲ ਜਾਂਚ ਕੀਤੀ। ਇਸ ਮੌਕੇ ਉਨ੍ਹਾਂ ਸਬੰਧਤ ਅਧਿਕਾਰੀਆਂ ਨੂੰ ਹਦਾਇਤ ਕਰਦਿਆਂ ਕਿਹਾ ਕਿ ਯੋਗ ਲਾਭਪਾਤਰੀਆਂ ਨੂੰ ਸਰਕਾਰ ਵੱਲੋਂ ਪ੍ਰਾਪਤ ਸਮੱਗਰੀ ਦੀ ਵੰਡ ਸਮੇਂ-ਸਿਰ ਤੇ ਸਹੀ ਮਾਤਰਾਂ ਵਿੱਚ ਮੁਹੱਈਆ ਕਰਵਾਉਣੀ ਯਕੀਨੀ ਬਣਾਈ ਜਾਵੇ। ਉਨ੍ਹਾਂ ਕਿਹਾ ਕਿ ਰਾਸ਼ਨ ਦੀ ਵੰਡ ਦੌਰਾਨ ਸਬੰਧਤ ਇੰਸਪੈਕਟਰ ਡਿਪੂ ’ਤੇ ਮੌਜੂਦ ਰਹਿਣਾ ਲਾਜ਼ਮੀ ਬਣਾਵੇ।ਇਸ ਤੋਂ ਪਹਿਲਾਂ ਉਨ੍ਹਾਂ ਸਥਾਨਕ ਜ਼ਿਲ੍ਹਾ ਪ੍ਰੀਸ਼ਦ ਵਿਖੇ ਸਥਿਤ ਵਧੀਕ ਡਿਪਟੀ ਕਮਿਸ਼ਨਰ ਵਿਕਾਸ ਤੇ ਦਫ਼ਤਰ ਵਿਖੇ ਵੱਖ-ਵੱਖ ਵਿਭਾਗ ਦੇ ਅਧਿਕਾਰੀਆਂ ਨਾਲ ਖੁਰਾਕੀ ਵਸਤਾਂ ਸਬੰਧੀ ਇੱਕ ਵਿਸ਼ੇਸ਼ ਬੈਠਕ ਕਰਦਿਆਂ ਅਧਿਕਾਰੀਆਂ ਨੂੰ ਲੋੜੀਂਦੇ ਦਿਸ਼ਾ-ਨਿਰਦੇਸ਼ ਦਿੱਤੇ। ਇਸ ਮੌਕੇ ਜ਼ਿਲ੍ਹਾ ਖੁਰਾਕ ਤੇ ਸਪਲਾਈ ਕੰਟਰੋਲਰ ਸਰਤਾਜ ਸਿੰਘ ਚੀਮਾ, ਜ਼ਿਲ੍ਹਾ ਸਿਹਤ ਅਫ਼ਸਰ ਮੈਡਮ ਊਸ਼ਾ ਗੋਇਲ, ਜ਼ਿਲ੍ਹਾ ਪ੍ਰੀਸ਼ਦ ਦੇ ਉਪ ਮੁੱਖ ਕਾਰਜਕਾਰੀ ਅਫ਼ਸਰ ਜਗਤਾਰ ਸਿੰਘ, ਜ਼ਿਲ੍ਹਾ ਪ੍ਰੀਸ਼ਦ ਦੇ ਸਹਾਇਕ ਪ੍ਰੋਜੈਕਟ ਅਫ਼ਸਰ ਜਸਵਿੰਦਰ ਸਿੰਘ ਵਾਲੀਆ, ਜ਼ਿਲ੍ਹਾ ਸਿੱਖਿਆ ਅਫ਼ਸਰ ਪ੍ਰਾਇਮਰੀ ਮੇਵਾ ਸਿੰਘ, ਉਪ ਜ਼ਿਲ੍ਹਾ ਸਿੱਖਿਆ ਅਫ਼ਸਰ ਸੈਕੰਡਰੀ ਇਕਬਾਲ ਸਿੰਘ ਬੁੱਟਰ ਤੋਂ ਇਲਾਵਾ ਸੀਡੀਪੀਓ ਬਠਿੰਡਾ ਮੈਡਮ ਊਸ਼ਾ ਰਾਣੀ ਆਦਿ ਹਾਜ਼ਰ ਸਨ।
ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਨੇ ਵੀ ਜਲੰਧਰ ਉਪ ਚੋਣ ਲਈ ਉਮੀਦਵਾਰ ਐਲਾਨਿਆਂ
ਸਿਮਰਨਜੀਤ ਸਿੰਘ ਮਾਨ ਨੇ ਕੇਂਦਰ ਤੇ ਪੰਜਾਬ ਸਰਕਾਰ ਨੂੰ ਵਿਸਾਖ਼ੀ ਮੌਕੇ ਕੋਈ ਪਾਬੰਦੀਆਂ ਲਗਾਉਣ ਵਿਰੁਧ ਦਿੱਤੀ ਚੇਤਾਵਨੀ
ਸੁਖਜਿੰਦਰ ਮਾਨ
ਬਠਿੰਡਾ, 11 ਅਪ੍ਰੈਲ: ਆਗਾਮੀ 10 ਮਈ ਨੂੰ ਹੋਣ ਜਾ ਰਹੀ ਜਲੰਧਰ ਲੋਕ ਸਭਾ ਉਪ ਚੋਣ ਲਈ ਹੁਣ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਵੀ ਮੈਦਾਨ ਵਿਚ ਨਿੱਤਰ ਆਇਆ ਹੈ। ਅੱਜ ਬਠਿੰਡਾ ਦੇ ਸਰਕਟ ਹਾਊਸ ’ਚ ਕੀਤੀ ਇੱਕ ਪ੍ਰੈਸ ਕਾਨਫਰੰਸ ਦੌਰਾਨ ਪਾਰਟੀ ਪ੍ਰਧਾਨ ਸਿਮਰਨਜੀਤ ਸਿੰਘ ਮਾਨ ਨੇ ਪਾਰਟੀ ਆਗੂ ਗੁਰਜੰਟ ਸਿੰਘ ਕੱਟੂ ਨੂੰ ਅਪਣਾ ਉਮੀਦਵਾਰ ਐਲਾਨਿਆ ਹੈ। ਸ: ਮਾਨ ਨੇ ਦਾਅਵਾ ਕੀਤਾ ਕਿ ਸੂਬੇ ਦੇ ਲੋਕ ਹਾਲੇ ਵੀ ਇੰਨ੍ਹਾਂ ਰਿਵਾਇਤੀ ਪਾਰਟੀਆਂ ਦੇ ਨਾਲ-ਨਾਲ ਸੱਤਾਧਾਰੀ ਧਿਰ ਤੋਂ ਦੁਖੀ ਹਨ, ਜਿਸਦੇ ਚੱਲਦੇ ਉਹ ਸੰਗਰੂਰ ਉਪ ਚੋਣ ਦੀ ਤਰਜ਼ ’ਤੇ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੀ ਹਿਮਾਇਤ ਕਰਨਗੇ। ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸਿਮਨਜੀਤ ਸਿੰਘ ਮਾਨ ਨੇ ਕੇਂਦਰ ਸਰਕਾਰ ਉਪਰ ਸਿੱਖਾਂ ਵਿਰੁਧ ਵੱਖਵਾਦੀ ਤੇ ਖ਼ਾਲਿਸਤਾਨੀ ਹੋਣ ਦਾ ਝੂਠਾ ਪਰਚਾਰ ਕਰਨ ਦਾ ਦੋਸ਼ ਲਗਾਉਂਦਿਆਂ ਕਿਹਾ ਕਿ ਜੇਕਰ ਸਿੱਖਾਂ ਨੂੰ ਪ੍ਰੇਸ਼ਾਨ ਕਰਨਾ ਜਾਰੀ ਰੱਖਿਆ ਤਾਂ ਹੁਣ ਵਿਦੇਸ਼ਾਂ ’ਚ ਬੈਠੇ ਸਿੱਖ ਚੁੱਪ ਨਹੀਂ ਰਹਿਣਗੇ। ਇਸਤੋਂ ਇਲਾਵਾ ਉਨ੍ਹਾਂ ਵਿਸਾਖੀ ਮੌਕੇ ਪੰਜਾਬ ਦੇ ਧਾਰਮਿਕ ਸਥਾਨਾਂ ’ਤੇ ਭਾਰੀ ਗਿਣਤੀ ’ਚ ਪੁਲਿਸ ਸੁਰੱਖਿਆ ਲਗਾਉਣ ਦੀ ਨਿੰਦਾ ਕਰਦਿਆਂ ਐਲਾਨ ਕੀਤਾ ਕਿ ਜੇਕਰ ਸਿੱਖਾਂ ਦੇ ਪਵਿੱਤਰ ਤਿਊਹਾਰ ਵਿਸਾਖੀ ਮੌਕੇ ਉਨ੍ਹਾਂ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਤਾਂ ਉਹ ਸਖ਼ਤ ਵਿਰੋਧ ਕਰਨਗੇ ਅਤੇ ਸੰਭਵ ਹੈ ਕਿ ਵਿਦੇਸ਼ਾਂ ’ਚ ਸਿੱਖ ਭਾਰਤੀ ਸਫ਼ਾਰਤਖ਼ਾਨਿਆਂ ਨੂੰ ਘੇਰ ਸਕਦੇ ਹਨ। ਅਕਾਲੀ ਦਲ ਦੇ ਪ੍ਰਧਾਨ ਨੇ ਪੱਤਰਕਾਰਾਂ ਵਿਰੁਧ ਪਰਚੇ ਦਰਜ਼ ਕਰਨ ਤੇ ਚੈਨਲਾਂ ਨੂੰ ਬੰਦ ਕਰਨ ਦਾ ਵੀ ਸਖ਼ਤ ਵਿਰੋਧ ਕਰਦਿਆਂ ਐਲਾਨ ਕੀਤਾ ਕਿ ਇਸ ਸਬੰਧ ਵਿਚ ਇੱਕ ਰੀਪੋਰਟ ਨਿਊਯਾਰਕ ਸਥਿਤ ਪੱਤਰਕਾਰਾਂ ਦੀ ਸੰਸਥਾ ਨੂੰ ਭੇਜ ਰਹੇ ਹਨ। ਭਾਈ ਅੰਮ੍ਰਿਤਪਾਲ ਸਿੰਘ ਨੂੰ ਮੁੜ ਆਤਮਸਮਰਪਣ ਨਾ ਕਰਨ ਦੀ ਸਲਾਹ ਦਿੰਦਿਆਂ ਸਿਮਰਨਜੀਤ ਸਿੰਘ ਮਾਨ ਨੇ ਕਿਹਾ ਕਿ ਉਹ ਪੰਜਾਬ ਸਰਕਾਰ ਵਲੋਂ ਐਨਐਸਏ ਲਗਾ ਕੇ ਸਿੱਖਾਂ ਨੂੰ ਆਸਾਮ ਦੀ ਡਿਬਰੂਗੜ੍ਹ ਜੇਲ੍ਹ ਭੇਜਣ ਦਾ ਵੀ ਵਿਰੋਧ ਕੀਤਾ। ਉਨ੍ਹਾਂ ਐਲਾਨ ਕੀਤਾ ਕਿ ਜਲਦ ਹੀ ਉਹ ਡਿਬਰੂਗੜ੍ਹ ਜੇਲ੍ਹ ਦਾ ਦੌਰਾ ਕਰਨਗੇ ਤੇ ਉਥੇ ਦੇ ਮੁੱਖ ਮੰਤਰੀ ਨੂੰ ਵੀ ਮਿਲਣਗੇ। ਸ: ਮਾਨ ਨੇ ਇਸ ਮੌਕੇ ਭਾਜਪਾ ਦੀ ਭ੍ਰਿਸਟਾਚਾਰ ਵਿਰੋਧੀ ਮੁਹਿੰਮ ਦੀ ਹਿਮਾਇਤ ਕਰਦਿਆਂ ਨਾਲ ਹੀ ਕਿਹਾ ਕਿ ਕਾਰੋਬਾਰੀ ਅਡਾਨੀ ਦੇ ਮਸਲੇ ’ਤੇ ਵਿਰੋਧੀ ਧਿਰ ਦੀ ਮੰਗ ਸਾਂਝੀ ਪਾਰਲੀਮਾਨੀ ਕਮੇਟੀ ਬਣਾਉਣੀ ਚਾਹੀਦੀ ਹੈ। ਇਸ ਮੌਕੇ ਉਨ੍ਹਾਂ ਨਾਲ ਪਾਰਟੀ ਆਗੂ ਪ੍ਰੋ ਮਹਿੰਦਰਪਾਲ ਸਿੰਘ, ਗੁਰਸੇਵਕ ਸਿੰਘ ਜਵਾਹਰਕੇ, ਗੁਰਜੰਟ ਸਿੰਘ ਕੱਟੂ, ਪਰਵਿੰਦਰ ਸਿੰਘ ਬਾਲਿਆਵਾਲੀ, ਸੁਖਦੇਵ ਸਿੰਘ ਕਾਲਾ, ਸਿਮਰਨਜੋਤ ਸਿੰਘ ਖ਼ਾਲਸਾ, ਗੁਰਚਰਨ ਸਿੰਘ ਕੋਟਲੀ ਤੇ ਯਾਦਵਿੰਦਰ ਸਿੰਘ ਭਾਗੀਵਾਦਰ ਆਦਿ ਹਾਜ਼ਰ ਸਨ।
ਖੇਤੀ ਵਿਭੰਨਤਾ: ਨਰਮਾ ਪੱਟੀ ਨੂੰ ਮੁੜ ਸੁਰਜੀਤ ਕਰਨ ਲਈ ਬਠਿੰਡਾ ’ਚ ਖੇਤੀ ਮਾਹਰਾਂ ਦੀ ਹੋਈ ਅੰਤਰਰਾਜ਼ੀ ਮੀਟਿੰਗ
ਖੇਤੀ ਅਧਿਕਾਰੀਆਂ ਨੂੰ ਕਿਸਾਨਾਂ ਤੱਕ ਪਹੁੰਚ ਕਰਨ ਤੇ ਘਟੀਆਂ ਬੀਜ਼ਾਂ ਤੇ ਦਵਾਈਆਂ ’ਤੇ ਨਿਗ੍ਹਾਂ ਰੱਖਣ ਦੀਆਂ ਦਿੱਤੀਆਂ ਹਿਦਾਇਤਾਂ
ਸੁਖਜਿੰਦਰ ਮਾਨ
ਬਠਿੰਡਾ, 11 ਅਪ੍ਰੈਲ: ਪੰਜਾਬ ਸਰਕਾਰ ਵਲੋਂ ਖੇਤੀ ਵਿਭੰਨਤਾ ਯੋਜਨਾ ਤਹਿਤ ਦੱਖਣੀ ਮਾਲਵਾ ਦੇ ਜ਼ਿਲ੍ਹਿਆਂ ’ਚ ਨਰਮਾ ਪੱਟੀ ਨੂੰ ਮੁੜ ਬਹਾਲ ਕਰਨ ਲਈ ਅੱਜ ਤਿੰਨ ਸੂਬਿਆਂ ਦੇ ਖੇਤੀ ਮਾਹਰਾਂ ਵਲੋਂ ਸਥਾਨਕ ਖੇਤੀ ਭਵਨ ’ਚ ਉਚ ਪੱਧਰੀ ਮੀਟਿੰਗ ਕੀਤੀ ਗਈ। ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਉਪ ਕੁਲਪਤੀ ਡਾ ਸਤਿਬੀਰ ਸਿੰਘ ਗੋਸਲ ਦੀ ਅਗਵਾਈ ਹੇਠ ਹੋਈ ਇਸ ਮੀਟਿੰਗ ਵਿਚ ਪੰਜਾਬ ਦੇ ਅੱਧੀ ਦਰਜ਼ਨ ਜ਼ਿਲ੍ਹਿਆਂ ਦੇ ਖੇਤੀ ਅਧਿਕਾਰੀਆਂ ਤੋਂ ਇਲਾਵਾ ਰਾਜਸਥਾਨ ਤੇ ਹਰਿਆਣਾ ਦੇ ਖੇਤੀ ਮਾਹਰਾਂ ਨੇ ਵੀ ਸਮੂਲੀਅਤ ਕੀਤੀ। ਮੀਟਿੰਗ ਵਿਚ ਖੇਤੀ ਅਧਿਕਾਰੀਆਂ ਨੂੰ ਕਿਸਾਨਾਂ ਤੱਕ ਪਹੁੰਚ ਕਰਨ ਅਤੇ ਘਟੀਆਂ ਬੀਜ਼ਾਂ ਤੇ ਦਵਾਈਆਂ ’ਤੇ ਰੋਕ ਲਗਾਉਣ ਲਈ ਸਖ਼ਤੀ ਨਾਲ ਪਹਿਰਾਂ ਦੇਣ ਦੀਆਂ ਹਿਦਾਇਤਾਂ ਵੀ ਦਿੱਤੀਆਂ ਗਈਆਂ। ਸੂਚਨਾ ਮੁਤਾਬਕ ਮੀਟਿੰਗ ਵਿਚ ਪੰਜਾਬ ਸਰਕਾਰ ਵਲੋਂ ਕਿਸਾਨਾਂ ਨੂੰ ‘ਚਿੱਟੇ ਸੋਨੇ’ ਨਾਲ ਜੋੜਣ ਲਈ ਨਰਮੇ ਦੇ ਬੀਜ਼ ਉੱਪਰ 33 ਫ਼ੀਸਦੀ ਸਬਸਿਡੀ ਦੇਣ ਅਤੇ ਨਰਮੇ ਦੀ ਬੀਜਾਈ ਲਈ ਵਿਸਾਖੀ ਤੋਂ ਨਹਿਰੀ ਪਾਣੀ ਮੁਹੱਈਆਂ ਕਰਵਾਉਣ ਦੇ ਫੈਸਲੇ ’ਤੇ ਲੰਮੀ ਚਰਚਾ ਕਰਦਿਆਂ ਖੇਤੀ ਅਧਿਕਾਰੀਆਂ ਨੂੰ ਨਹਿਰਾਂ ਦੀ ਸਾਫ਼-ਸਫ਼ਾਈ ਆਦਿ ਸਬੰਧੀ ਸਬੰਧਤ ਵਿਭਾਗ ਦੇ ਅਧਿਕਾਰੀਆਂ ਨਾਲ ਤਾਲਮੇਲ ਕਰਨ ਲਈ ਕਿਹਾ ਗਿਆ। ਅਧਿਕਾਰੀਆਂ ਨੇ ਕਿਹਾ ਕਿ ਪੀਏਯੂ ਵਲੋਂ ਸਿਫ਼ਾਰਿਸ਼ ਬੀਟੀ ਕਾਟਨ ਬੀਜ਼ਾਂ ਦੀ ਕਿਸਮਾਂ ਜ਼ਿਲ੍ਹਾ ਪੱਧਰ ’ਤੇ ਪੁੱਜ ਗਈਆਂ ਹਨ, ਜਿਸਦੇ ਚੱਲਦੇ ਗੁਜਰਾਤੀ ਬੀਟੀ ਕਾਟਨ ਨੂੰ ਰੋਕਣ ਲਈ ਵਿਸੇਸ ਧਿਆਨ ਦੇਣ ਦੀ ਲੋੜ ਹੈ। ਉਪ ਕੁਲਪਤੀ ਡਾ ਗੋਸਲ ਅਤੇ ਖੇਤੀਬਾੜੀ ਵਿਭਾਗ ਦੇ ਸੰਯੁਕਤ ਡਾਇਰੈਕਟਰ ਡਾ ਰਾਜ ਕੁਮਾਰ ਨੇ ਕਿਹਾ ਕਿ ਹੁਣ ਖੇਤੀ ਅਧਿਕਾਰੀਆਂ ਤੇ ਮਾਹਰਾਂ ਨੂੰ ਹੇਠਲੇ ਪੱਧਰ ਤੋਂ ਛੋਟੀ ਤੋਂ ਛੋਟੀ ਜਾਣਕਾਰੀ ਪ੍ਰਾਪਤ ਕਰਨ ਦੀ ਲੋੜ ਹੈ ਤਾਂ ਕਿ ਕਿਸਾਨਾਂ ਨੂੰ ਕੋਈ ਮੁਸ਼ਕਿਲ ਆਉਣ ’ਤੇ ਤੁਰੰਤ ਇਸਦਾ ਹੱਲ ਕੀਤਾ ਜਾ ਸਕੇ। ਇਸਤੋਂ ਇਲਾਵਾ ਪੰਜਾਬ ਸਰਕਾਰ ਵਲੋਂ ਰੱਖੇ ਕਿਸਾਨ ਮਿੱਤਰਾਂ ਤੇ ਸੁਪਰਵਾਈਜ਼ਰਾਂ ਨਾਲ ਨਿਰੰਤਰ ਤਾਲਮੇਲ ਬਣਾਉਣ ਦੀਆਂ ਵੀ ਹਿਦਾਇਤਾਂ ਦਿੱਤੀਆਂ ਗਈਆਂ। ਪਿਛਲੇ ਸਮੇਂ ਦੌਰਾਨ ਚਿੱਟੀ ਮੱਖੀ ਤੇ ਗੁਲਾਬੀ ਸੁੰਡੀ ਕਾਰਨ ਹੋਏ ਭਵਿੱਖੀ ਨੁਕਸਾਨ ਨੂੰ ਰੋਕਣ ਲਈ ਵੀ ਤਿਆਰੀਆਂ ਤੇ ਹੁਣ ਤੱਕ ਹੋਏ ਕੰਮਾਂ ਦਾ ਜਾਇਜ਼ਾ ਲਿਆ ਗਿਆ। ਮੀਟਿੰਗ ਵਿਚ ਯੂਨੀਵਰਸਿਟੀ ਦੇ ਡਾਇਰੈਕਟਰ ਪ੍ਰਸਾਰ ਸਿੱਖਿਆ ਡਾ ਗੁਰਮੀਤ ਸਿੰਘ ਬੁੱਟਰ, ਜ਼ਿਲ੍ਹਾ ਖੇਤੀਬਾੜੀ ਅਫ਼ਸਰ ਡਾ ਦਿਲਬਾਗ ਸਿੰਘ ਹੀਰ, ਖੇਤਰੀ ਖੋਜ ਕੇਂਦਰ ਦੇ ਡਾਇਰੈਕਟਰ ਡਾ ਜਗਦੀਸ ਗਰੋਵਰ, ਡਾ ਪਰਮਜੀਤ ਸਿੰਘ, ਖੇਤੀਬਾੜੀ ਅਫ਼ਸਰ ਡਾ ਬਲਜਿੰਦਰ ਸਿੰਘ, ਡਾ ਜਸਕਰਨ ਸਿੰਘ, ਡਾ ਡੂੰਘਰ ਸਿੰਘ ਬਰਾੜ, ਡਾ ਬਲਜੀਤ ਸਿੰਘ ਬਰਾੜ ਆਦਿ ਹਾਜ਼ਰ ਰਹੇ।
ਮਹਾਰਾਜਾ ਰਣਜੀਤ ਸਿੰਘ ਪੰਜਾਬ ਟੈਕਨੀਕਲ ਯੂਨੀਵਰਸਿਟੀ ਵਿਖੇ ਮੁਫਤ ਸਿਹਤ ਜਾਂਚ ਕੈਂਪ ਦਾ ਆਯੋਜਨ
ਸੁਖਜਿੰਦਰ ਮਾਨ
ਬਠਿੰਡਾ, 11 ਅਪ੍ਰੈਲ: ਮਹਾਰਾਜਾ ਰਣਜੀਤ ਸਿੰਘ ਪੰਜਾਬ ਟੈਕਨੀਕਲ ਯੂਨੀਵਰਸਿਟੀ ਦੇ ਫਾਰਮਾਸਿਊਟੀਕਲ ਸਾਇੰਸਜ਼ ਅਤੇ ਟੈਕਨਾਲੋਜੀ ਵਿਭਾਗ ਵੱਲੋਂ ਆਈ.ਵੀ.ਵਾਈ ਹਸਪਤਾਲ, ਬਠਿੰਡਾ ਦੇ ਸਹਿਯੋਗ ਨਾਲ ਯੂਨੀਵਰਸਿਟੀ ਵਿਖੇ ‘ਮੁਫ਼ਤ ਸਿਹਤ ਜਾਂਚ ਕੈਂਪ’ ਦਾ ਆਯੋਜਨ ਕੀਤਾ ਗਿਆ।ਇਸ ਕੈਂਪ ਦਾ ਆਯੋਜਨ ਭਾਰਤ ਸਰਕਾਰ ਦੇ ਵਾਤਾਵਰਣ, ਜੰਗਲਾਤ ਅਤੇ ਜਲਵਾਯੂ ਪਰਿਵਰਤਨ ਮੰਤਰਾਲੇ ਅਤੇ ਪੰਜਾਬ ਸਟੇਟ ਕੌਂਸਲ ਫਾਰ ਸਾਇੰਸ ਐਂਡ ਟੈਕਨਾਲੋਜੀ ਦੇ ਸਹਿਯੋਗ ਨਾਲ ਚੱਲ ਰਹੇ ਪ੍ਰੋਗਰਾਮ ਮਿਸ਼ਨ ਲਾਈਫ ਤਹਿਤ ਕੀਤਾ ਗਿਆ ਸੀ। ਰਜਿਸਟਰਾਰ ਡਾ: ਗੁਰਿੰਦਰ ਪਾਲ ਸਿੰਘ ਬਰਾੜ ਅਤੇ ਡੀਨ ਫੈਕਲਟੀ ਆਫ਼ ਫਾਰਮੇਸੀ ਪ੍ਰੋ: ਆਸ਼ੀਸ਼ ਬਾਲਦੀ ਵੱਲੋਂ ਇਸ ਕੈਂਪ ਦਾ ਉਦਘਾਟਨ ਕੀਤਾ ਗਿਆ, ਜਿਸ ਵਿੱਚ ਮੁਫਤ ਡਾਕਟਰੀ ਸਲਾਹ, ਗੈਸਟਰਿਕ ਸਲਾਹ, ਕਾਰਡੀਓਲੋਜੀ ਜਾਂਚ, ਅੱਖਾਂ ਦੀ ਜਾਂਚ, ਖੁਰਾਕ ਅਤੇ ਪੋਸ਼ਣ ਸੰਬੰਧੀ ਸਲਾਹ ਸ਼ਾਮਲ ਸਨ। ਇਸ ਤੋਂ ਇਲਾਵਾ ਯੂਨੀਵਰਸਿਟੀ ਵਿਖੇ ਹੈਲਥ ਬੱਡੀਜ਼ ਕਲੱਬ ਦਾ ਵੀ ਉਦਘਾਟਨ ਕੀਤਾ ਗਿਆ। ਆਈ.ਵੀ.ਵਾਈ ਹਸਪਤਾਲ ਦੇ ਮਾਹਿਰ ਡਾਕਟਰਾਂ ਦੀ ਟੀਮ ਵਿੱਚ ਡਾ. ਸੰਗੀਤਾ ਗਿੱਲ, ਡਾ. ਮਨਵਿੰਦਰ ਸਿੰਘ, ਡਾਈਟੀਸ਼ੀਅਨ ਕੋਮਲ ਜੈਨ ਅਤੇ ਸ੍ਰੀਮਤੀ ਸਿੰਮੀ ਸ਼ਰਮਾ (ਐਡਮਿਨ ਕੋਆਰਡੀਨੇਟਰ) ਸਮੇਤ ਉਨ੍ਹਾਂ ਦਾ ਪੈਰਾ ਮੈਡੀਕਲ ਸਟਾਫ਼ ਸ਼ਾਮਲ ਸੀ। ਫਾਰਮੇਸੀ ਵਿਭਾਗ ਦੇ ਮੁਖੀ ਡਾ: ਅਮਿਤ ਭਾਟੀਆ, ਡਾ: ਰਾਹੁਲ ਦੇਸ਼ਮੁਖ ਅਤੇ ਸ੍ਰੀਮਤੀ ਸਿਮਰਨ ਨੇ ਯੂਨੀਵਰਸਿਟੀ ਟੀਮ ਦੀ ਅਗਵਾਈ ਕੀਤੀ।ਇਸ ਕੈਂਪ ਵਿਚ ਕੁੱਲ 170 ਵਿਅਕਤੀਆਂ ਦਾ ਮੁਲਾਂਕਣ ਕੀਤਾ ਗਿਆ ਅਤੇ ਸਲਾਹ ਦਿੱਤੀ ਗਈ। ਕੈਂਪ ਦਾ ਹਿੱਸਾ ਬਣਨ ਵਾਲੇ ਵੱਡੀ ਗਿਣਤੀ ਵਿੱਚ ਅੱਧਖੜ ਉਮਰ ਦੇ ਉਹ ਵਿਅਕਤੀ ਸ਼ਾਮਲ ਸਨ ਜਿਨ੍ਹਾਂ ਨੂੰ ਕਾਰਡੀਓਵੈਸਕੁਲਰ ਆਦਿ ਨਾਲ ਸਬੰਧਤ ਬੁਨਿਆਦੀ ਤੰਦਰੁਸਤੀ ਸਮੱਸਿਆਵਾਂ ਸਨ।ਯੂਨੀਵਰਸਿਟੀ ਦੇ ਵਾਈਸ ਚਾਂਸਲਰ ਪ੍ਰੋ: ਬੂਟਾ ਸਿੰਘ ਸਿੱਧੂ ਨੇ ਇਸ ਮੁਫ਼ਤ ਸਿਹਤ ਜਾਂਚ ਕੈਂਪ ਦੇ ਸਫ਼ਲਤਾਪੂਰਵਕ ਆਯੋਜਨ ਲਈ ਫਾਰਮੇਸੀ ਵਿਭਾਗ ਦੇ ਯਤਨਾਂ ਦੀ ਸ਼ਲਾਘਾ ਕੀਤੀ ੍ਟ ਉਨ੍ਹਾਂ ਇਸ ਗੱਲ ’ਤੇ ਵੀ ਜ਼ੋਰ ਦਿੱਤਾ ਕਿ ਲੋਕਾਂ ਦੀ ਸਿਹਤ ਦੇ ਸੁਧਾਰ ਲਈ ਭਵਿੱਖ ਵਿੱਚ ਵੀ ਇਸ ਤਰ੍ਹਾਂ ਦੇ ਕੈਂਪ ਲਗਾਏ ਜਾਣੇ ਚਾਹੀਦੇ ਹਨ।
ਪੰਜਾਬ ਕੇਂਦਰੀ ਯੂਨੀਵਰਸਿਟੀ ਦੇ 98 ਵਿਦਿਆਰਥੀਆਂ ਨੇ ਗੇਟ 2023 ਦੀ ਪ੍ਰੀਖਿਆ ਵਿੱਚ ਸਫਲਤਾ ਪ੍ਰਾਪਤ ਕੀਤੀ
ਸੁਖਜਿੰਦਰ ਮਾਨ
ਬਠਿੰਡਾ, 11 ਅਪਰੈਲ: ਪੰਜਾਬ ਕੇਂਦਰੀ ਯੂਨੀਵਰਸਿਟੀ ਦੇ 98 ਵਿਦਿਆਰਥੀਆਂ ਨੇ ਗੇਟ 2023 ਦੇ ਨਤੀਜੇ ਵਿੱਚ ਸ਼ਾਨਦਾਰ ਪ੍ਰਦਰਸ਼ਨ ਕੀਤਾ ਹੈ। ਇੰਜੀਨੀਅਰਿੰਗ ਵਿੱਚ ਗ੍ਰੈਜੂਏਟ ਐਪਟੀਟਿਊਡ ਟੈਸਟ (ਗੇਟ ) ਇੱਕ ਰਾਸ਼ਟਰੀ ਪੱਧਰ ਦਾ ਟੈਸਟ ਹੈ ਜਿਸ ਵਿੱਚ ਸਫਲ ਵਿਦਿਆਰਥੀਆਂ ਲਈ ਦੇਸ਼ ਦੇ ਵੱਖ-ਵੱਖ ਉੱਚ ਵਿਦਿਅਕ ਅਦਾਰਿਆਂ ਵਿੱਚ ਇੰਜੀਨੀਅਰਿੰਗ/ਤਕਨਾਲੋਜੀ/ਆਰਕੀਟੈਕਚਰ/ਫਾਰਮੇਸੀ ਵਿੱਚ ਪੋਸਟ ਗ੍ਰੈਜੂਏਟ ਕੋਰਸ ਕਰਨ ਲਈ ਆਕਰਸ਼ਕ ਵਜ਼ੀਫ਼ੇ ਪ੍ਰਾਪਤ ਕਰਨ ਦੇ ਮੌਕੇ ਪ੍ਰਦਾਨ ਕੀਤੇ ਜਾਂਦੇ ਹਨ।ਯੂਨੀਵਰਸਿਟੀ ਦੇ ਪ੍ਰਤੀਯੋਗੀ ਪ੍ਰੀਖਿਆ ਸੈੱਲ ਦੇ ਅਨੁਸਾਰ, ਪੰਜਾਬ ਕੇਂਦਰੀ ਯੂਨੀਵਰਸਿਟੀ ਦੇ 12 ਵੱਖ-ਵੱਖ ਵਿਭਾਗਾਂ ਦੇ 98 ਵਿਦਿਆਰਥੀਆਂ ਨੇ ਮਾਰਚ ਵਿੱਚ ਐਲਾਨੇ ਗਏ ਗੇਟ 2023 ਦੇ ਨਤੀਜਿਆਂ ਵਿੱਚ ਚੰਗਾ ਰੈਂਕ ਪ੍ਰਾਪਤ ਕਰਕੇ ਯੋਗਤਾ ਪੂਰੀ ਕੀਤੀ ਹੈ। ਇਸ ਪ੍ਰੀਖਿਆ ਵਿੱਚ ਯੂਨੀਵਰਸਿਟੀ ਦੇ ਵੱਖ ਵੱਖ ਵਿਭਾਗਾਂ ਵਿਚੋਂ ਜ਼ੂਆਲੋਜੀ ਵਿਭਾਗ ਦੇ ਸਭ ਤੋਂ ਵੱਧ 24 ਵਿਦਿਆਰਥੀਆਂ ਨੇ ਗੇਟ 2023 ਦੀ ਪ੍ਰੀਖਿਆ ਪਾਸ ਕੀਤੀ ਹੈ। ਇਸ ਤੋਂ ਬਾਅਦ ਹਿਊਮਨ ਜੈਨੇਟਿਕਸ ਅਤੇ ਮੋਲੀਕਿਊਲਰ ਮੈਡੀਸਨ ਵਿਭਾਗ ਦੇ 12 ਵਿਦਿਆਰਥੀ, ਮਾਈਕਰੋਬਾਇਓਲੋਜੀ ਵਿਭਾਗ ਦੇ 11 ਵਿਦਿਆਰਥੀ, ਬੋਟਨੀ ਵਿਭਾਗ ਦੇ 10 ਵਿਦਿਆਰਥੀਆਂ, ਭੌਤਿਕ ਵਿਗਿਆਨ ਵਿਭਾਗ ਦੇ 9 ਵਿਦਿਆਰਥੀਆਂ ਅਤੇ ਅੰਗਰੇਜ਼ੀ ਅਤੇ ਭੂ-ਵਿਗਿਆਨ ਵਿਭਾਗ ਦੇ 8-8 ਵਿਦਿਆਰਥੀਆਂ ਨੇ ਗੇਟ 2023 ਦੀ ਪ੍ਰੀਖਿਆ ਪਾਸ ਕੀਤੀ। ਯੂਨੀਵਰਸਿਟੀ ਦੇ ਹੋਰ ਵਿਭਾਗ, ਜਿਨ੍ਹਾਂ ਦੇ ਵਿਦਿਆਰਥੀਆਂ ਨੇ ਗੇਟ 2023 ਦੀ ਪ੍ਰੀਖਿਆ ਪਾਸ ਕੀਤੀ ਹੈ, ਵਿੱਚ ਬਾਇਓਕੈਮਿਸਟਰੀ ਵਿਭਾਗ (7 ਵਿਦਿਆਰਥੀ), ਕੈਮਿਸਟਰੀ ਵਿਭਾਗ (5 ਵਿਦਿਆਰਥੀ), ਵਾਤਾਵਰਣ ਵਿਗਿਆਨ ਅਤੇ ਤਕਨਾਲੋਜੀ ਵਿਭਾਗ (2 ਵਿਦਿਆਰਥੀ) ਅਤੇ ਕੰਪਿਊਟਰ ਵਿਗਿਆਨ ਅਤੇ ਤਕਨਾਲੋਜੀ ਵਿਭਾਗ ਅਤੇ ਫਾਰਮਾਕੋਲੋਜੀ ਵਿਭਾਗ ਦੇ ਇੱਕ-ਇੱਕ ਵਿਦਿਆਰਥੀ ਸ਼ਾਮਲ ਹਨ।ਇਸ ਮੌਕੇ ਵਾਈਸ ਚਾਂਸਲਰ ਪ੍ਰੋ. ਰਾਘਵੇਂਦਰ ਪ੍ਰਸਾਦ ਤਿਵਾਰੀ ਨੇ ਵਿਦਿਆਰਥੀਆਂ ਨੂੰ ਯੂਨੀਵਰਸਿਟੀ ਦਾ ਨਾਂ ਰੌਸ਼ਨ ਕਰਨ ਲਈ ਵਧਾਈ ਦਿੱਤੀ। ਉਨ੍ਹਾਂ ਕਿਹਾ ਕਿ ਇਹ ਸਾਡੇ ਲਈ ਬਹੁਤ ਮਾਣ ਵਾਲੀ ਗੱਲ ਹੈ ਕਿ ਇੰਨੀ ਵੱਡੀ ਗਿਣਤੀ ਵਿੱਚ ਵਿਦਿਆਰਥੀਆਂ ਨੇ ਗੇਟ 2023 ਦੀ ਪ੍ਰੀਖਿਆ ਪਾਸ ਕੀਤੀ ਹੈ। ਉਨ੍ਹਾਂ ਯੂਨੀਵਰਸਿਟੀ ਦੇ ਅਧਿਆਪਕਾਂ ਦੀ ਸ਼ਲਾਘਾ ਕੀਤੀ ਜਿਨ੍ਹਾਂ ਦੀ ਅਗਵਾਈ ਹੇਠ ਸੀਯੂਪੀਬੀ ਦੇ ਵਿਦਿਆਰਥੀਆਂ ਨੇ ਇਹ ਉਪਲਬਧੀ ਹਾਸਲ ਕੀਤੀ ਹੈ।ਗੇਟ 2023 ਪ੍ਰੀਖਿਆ ਵਿੱਚ ਯੋਗਤਾ ਪੂਰੀ ਕਰਨ ਨਾਲ ਵਿਦਿਆਰਥੀਆਂ ਨੂੰ ਪ੍ਰਮੁੱਖ ਉੱਚ ਵਿਦਿਅਕ ਸੰਸਥਾਵਾਂ ਵਿੱਚ ਪੋਸਟ ਗ੍ਰੈਜੂਏਟ ਕੋਰਸਾਂ ਅਤੇ ਖੋਜ ਕਾਰਜਾਂ ਲਈ ਸਕਾਲਰਸ਼ਿਪ ਪ੍ਰਾਪਤ ਕਰਨ ਦਾ ਮੌਕਾ ਮਿਲੇਗਾ। ਇਸ ਤੋਂ ਇਲਾਵਾ, ਵਿਦਿਆਰਥੀਆਂ ਨੂੰ ਪਬਲਿਕ ਸੈਕਟਰ ਅੰਡਰਟੇਕਿੰਗ ਵਿੱਚ ਮੁੱਖ ਅਹੁਦਿਆਂ ਲਈ ਅਪਲਾਈ ਕਰਨ ਦਾ ਮੌਕਾ ਵੀ ਮਿਲੇਗਾ ਕਿਉਂਕਿ ਓਐਨਜੀਸੀ, ਐਨਈਪੀਸੀ ਲਿਮਿਟੇਡ, ਗੇਲ ਇੰਡੀਆ ਲਿਮਿਟੇਡ ਆਦਿ ਵਰਗੀਆਂ ਕੰਪਨੀਆਂ ਆਪਣੀ ਭਰਤੀ ਪ੍ਰਕਿਰਿਆ ਵਿੱਚ ਗੇਟ ਪ੍ਰੀਖਿਆ ਸਕੋਰ ਨੂੰ ਪਹਿਲ ਦਿੰਦੀਆਂ ਹਨ।




